ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਉਸਦੀ ਪੁਲਿਸ ਆਮ ਸਿੱਖਾਂ ਦੇ ਘਰਾਂ ਵਿਚ ਘੁਸਪੈਠ ਕਰਕੇ, ਉਨ੍ਹਾਂ ਤੋਂ ਸਭ ਦਸਤਾਵੇਜ਼ ਲੈਣ ਅਤੇ ਪ੍ਰੇਸ਼ਾਨ ਕਰਨਾ ਤੁਰੰਤ ਬੰਦ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 24 ਮਾਰਚ ( ) “ਮੈਨੂੰ ਅਤੇ ਮੇਰੇ ਦਫਤਰ ਨੂੰ ਬੀਤੇ 3 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜਿ਼ਲ੍ਹਿਆਂ, ਸ਼ਹਿਰਾਂ, ਪਿੰਡਾਂ ਵਿਚੋਂ ਸੈਕੜੇ ਹੀ ਫੋਨ ਆ ਚੁੱਕੇ ਹਨ ਕਿ ਪੰਜਾਬ ਪੁਲਿਸ ਨਾਲ ਸੰਬੰਧਤ ਥਾਣਿਆਂ ਤੋਂ ਪੁਲਿਸ ਮੁਲਾਜਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ, ਮੈਬਰਾਂ ਅਤੇ ਆਮ ਸਿੱਖਾਂ ਦੇ ਘਰਾਂ ਵਿਚ ਤੜਕੇ ਸਵੇਰੇ ਅਤੇ ਰਾਤ ਦੇ ਹਨ੍ਹੇਰੇ ਵਿਚ ਘੁਸਪੈਠ ਤੇ ਛਾਪੇਮਾਰੀ ਕਰਕੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗ ਨਾਲ ਪ੍ਰੇਸ਼ਾਨ ਕਰਦੇ ਹੋਏ ਦਹਿਸਤ ਹੀ ਨਹੀ ਪਾਈ ਜਾ ਰਹੀ, ਬਲਕਿ ਉਨ੍ਹਾਂ ਕੋਲੋ ਉਨ੍ਹਾਂ ਦੇ ਦਸਤਾਵੇਜ, ਆਧਾਰ ਕਾਰਡ, ਪਾਸਪੋਰਟ, ਬੈਂਕ ਦੇ ਨਿੱਜੀ ਖਾਤਾ ਨੰਬਰ, ਸਰਕਾਰ ਵੱਲੋ ਮੰਨੂਜਸੁਦਾ ਅਸਲਾ ਲਾਈਸੈਸ, ਅਸਲਾ, ਉਹ ਵਿਆਹੇ ਹਨ ਜਾਂ ਨਹੀ, ਕਿੰਨੇ ਬੱਚੇ ਹਨ, ਕਿਥੇ ਵਿਆਹੇ ਹੋਏ ਹੋ, ਤੁਹਾਡੇ ਮਾਂ-ਬਾਪ, ਭੈਣ-ਭਰਾ ਕੀ ਕਰਦੇ ਹਨ, ਕਿੰਨੀ ਜਮੀਨ-ਜਾਇਦਾਦ ਹੈ ਆਦਿ ਸਭ ਨਿੱਜੀ ਜਿੰਦਗੀ ਨਾਲ ਸੰਬੰਧਤ ਉਹ ਬਿਊਰਾ ਪੁਲਿਸ ਦਬਾਅ ਨਾਲ ਮੰਗਿਆ ਜਾ ਰਿਹਾ ਹੈ ਜੋ ਕਿ ਪੁਲਿਸ ਜਾਂ ਕਿਸੇ ਹੋਰ ਵੀ ਵਿਭਾਗ ਨੂੰ ਬਿਨ੍ਹਾਂ ਕਿਸੇ ਅਦਾਲਤੀ ਹੁਕਮਾਂ ਜਾਂ ਵਾਰੰਟਾਂ ਤੋਂ ਨਹੀ ਮੰਗਿਆ ਜਾ ਸਕਦਾ । ਅਜਿਹਾ ਦਹਿਸਤ ਪੈਦਾ ਕਰਨ ਵਾਲਾ ਅਤੇ ਹਰ ਇਨਸਾਨ ਦੀ ਜਿੰਦਗੀ ਵਿਚ ਪੁਲਿਸ ਅਤੇ ਸਰਕਾਰ ਦੀ ਦਖਲ ਦੇਣ ਵਾਲੀ ਕਾਰਵਾਈ ਸਰਕਾਰ ਅਤੇ ਪੁਲਿਸ ਕਿਸ ਮੰਦਭਾਵਨਾ ਭਰੇ ਮਕਸਦ ਨਾਲ ਕਰ ਰਹੀ ਹੈ ਅਤੇ ਪੰਜਾਬ ਵਿਚ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਅਜਿਹਾ ਵਿਸਫੋਟਕ ਮਾਹੌਲ ਕਿਉਂ ਬਣਾ ਰਹੀਆ ਹਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਸਰਕਾਰ ਅਤੇ ਸੈਟਰਲ ਏਜੰਸੀਆ, ਮੀਡੀਏ ਵਿਚ ਬਦਨਾਮ ਕਰ ਰਹੀਆ ਹਨ । ਜਦੋਕਿ ਇਨ੍ਹਾਂ ਏਜੰਸੀਆ, ਆਈ.ਬੀ, ਰਾਅ, ਸੀ.ਆਈ.ਡੀ, ਐਨ.ਆਈ.ਏ. ਕੋਲ ਇਸ ਤਰ੍ਹਾਂ ਪ੍ਰੇਸ਼ਾਨ ਕਰਨ ਵਾਲਿਆ ਕੋਲ ਸਾਡੀ ਸਿੱਖ ਕੌਮ ਵਿਰੁੱਧ ਕਿਸੇ ਤਰ੍ਹਾਂ ਦਾ ਕੋਈ ਸਬੂਤ ਹੀ ਨਹੀ । ਜਿਸ ਨਾਲ ਕਿਸੇ ਵੀ ਨਾਗਰਿਕ ਦੀ ਨਿੱਜੀ ਜਿੰਦਗੀ ਨੂੰ ਉਹ ਖੌਫਨਾਕ ਅਤੇ ਚਿੰਤਤ ਬਣਾਉਣ ਦੀਆਂ ਕਾਰਵਾਈਆ ਕਰ ਰਹੇ ਹਨ ?”

ਇਹ ਗੱਲ ਅੱਜ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਤੌਰ ਪਾਰਲੀਮੈਂਟ ਮੈਂਬਰ ਅਤੇ ਪੰਜਾਬ ਸਟੇਟ ਦੀ ਚੋਣ ਕਮਿਸਨ ਕੋਲ ਰਜਿਸਟਰਡ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਇਕ ਸਿੱਖ ਚਿੰਤਕ ਆਗੂ ਵੱਜੋ, ਪੰਜਾਬ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਲਿਖੇ ਅਤਿ ਚਿੰਤਾਜਨਕ ਪੱਤਰ ਅਤੇ ਪੰਜਾਬ ਦੀ ਸਥਿਤੀ ਨੂੰ ਅਤਿ ਗੰਭੀਰ ਬਣਾਉਣ ਦੇ ਪ੍ਰਸ਼ਨ ਪੁੱਛਦੇ ਹੋਏ ਇਕ ਲਿਖੀ ਚਿੱਠੀ ਵਿਚ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਬੀਤੇ ਸਮੇ ਵਿਚ ਸੈਟਰ ਦੀਆਂ ਅਤੇ ਪੰਜਾਬ ਦੀਆਂ ਕਾਂਗਰਸ ਹਕੂਮਤਾਂ ਸਮੇ ਪੰਜਾਬੀਆਂ ਅਤੇ ਸਿੱਖਾਂ ਉਤੇ ਅਸਹਿ ਤੇ ਅਕਹਿ ਜ਼ਬਰ ਜੁਲਮ ਹੋਏ ਹਨ ਜਿਨ੍ਹਾਂ ਦੇ ਜਖ਼ਮਾਂ ਦੀ ਪੀੜ੍ਹਾ ਅੱਜ ਵੀ ਸਿੱਖ ਕੌਮ ਤੇ ਪੰਜਾਬੀਆਂ ਦੇ ਮਨ ਵਿਚ ਉਸੇ ਤਰ੍ਹਾਂ ਹੈ, ਪਰ ਉਪਰੋਕਤ ਗੈਰ ਕਾਨੂੰਨੀ, ਜਬਰ ਢਾਹੁਣ ਵਾਲੀਆ ਅਤੇ ਹਰ ਸਿੱਖ ਘਰ ਦੇ ਵਿਚ ਦਹਿਸਤ ਪਾਉਣ ਵਾਲੀਆ ਕਾਰਵਾਈਆ ਅਤਿ ਦੁੱਖਦਾਇਕ ਅਤੇ ਨਾ ਸਹਿਣਯੋਗ ਹਨ । ਜਿਸਦੇ ਨਤੀਜੇ ਕਦਾਚਿੱਤ ਪੰਜਾਬ ਤੇ ਇੰਡੀਆ ਦੇ ਅਮਨ ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਲਈ ਲਾਹੇਵੰਦ ਸਾਬਤ ਨਹੀ ਹੋਣਗੇ । ਇਸ ਲਈ ਆਪ ਜੀ ਵੀ ਐਮ.ਪੀ ਰਹੇ ਹੋ ਅਤੇ ਮੈਂ ਵੀ ਅੱਜ ਪਾਰਲੀਮੈਟ ਮੈਬਰ ਹਾਂ ਅਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਬੀਤੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਬੇਇਨਸਾਫ਼ੀਆਂ ਨੂੰ ਨਿਰੰਤਰ ਬਾਦਲੀਲ ਢੰਗ ਨਾਲ ਉਠਾਉਦੇ ਆ ਰਹੇ ਹਾਂ ਅਤੇ ਉਠਾਉਦੇ ਰਹਾਂਗੇ । ਪਰ ਅਜਿਹੀਆ ਦਹਿਸਤ ਵਾਲੀਆ ਪੁਲਿਸ ਅਤੇ ਸਰਕਾਰੀ ਕਾਰਵਾਈਆ ਤਾਂ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਬੀਤੇ ਸਮੇ ਤੋ ਖੜ੍ਹੀਆ ਮੁਸਕਿਲਾਂ ਵਿਚ ਵਾਧਾ ਕਰ ਰਹੀਆ ਹਨ ਨਾ ਕਿ ਉਨ੍ਹਾਂ ਦੇ ਮਨ ਵਿਚੋ ਰੋਸ਼ ਨੂੰ ਖਤਮ ਕਰ ਰਹੀਆ ਹਨ । 

ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜੋ ਪੰਜਾਬੀਆਂ ਤੇ ਸਿੱਖ ਕੌਮ ਦੇ 2015 ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਜਸੀ ਢੰਗ ਨਾਲ ਹੋਏ ਅਪਮਾਨ, 328 ਪਾਵਨ ਸਰੂਪਾਂ ਨੂੰ ਐਸ.ਜੀ.ਪੀ.ਸੀ ਤੇ ਹੁਕਮਰਾਨਾਂ ਵੱਲੋ ਸਾਜਸੀ ਢੰਗ ਨਾਲ ਲਾਪਤਾ ਕਰਨ ਦੇ ਕੌਮ ਵਿਚ ਪੈਦਾ ਹੋਈ ਪੀੜ੍ਹਾ, ਬੀਤੇ 12 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਰੋਕੀਆ ਗਈਆ ਜਰਨਲ ਚੋਣਾਂ ਕਰਵਾਉਣ, 25-25, 30-30 ਸਾਲਾਂ ਤੋ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਏ ਗਏ ਸਿੱਖ ਬੰਦੀਆਂ ਦੀ ਖੁੱਲ੍ਹਦਿਲੀ ਨਾਲ ਰਿਹਾਈ, ਪੰਜਾਬ ਦੇ ਦਰਿਆਵਾ ਤੇ ਨਹਿਰਾਂ ਦੇ ਲੰਮੇ ਸਮੇ ਤੋਂ ਖੋਹੇ ਜਾ ਰਹੇ ਕੀਮਤੀ ਪਾਣੀਆਂ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਵਾਪਸ ਕਰਨ, ਪੰਜਾਬ ਦੀ 46 ਲੱਖ ਦੀ ਬੇਰੁਜਗਾਰੀ ਦੇ ਮੂੰਹ ਅੱਡੀ ਖੜ੍ਹੇ ਦੈਂਤ ਦੇ ਹੱਲ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਖੋਲ੍ਹਕੇ ਕਿਸਾਨੀ ਅਤੇ ਵਪਾਰੀ ਵਸਤਾਂ ਦਾ ਕੌਮਾਂਤਰੀ ਵਪਾਰ ਸੁਰੂ ਕਰਨ, ਪੰਜਾਬ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਦੇ ਹਵਾਲੇ ਕਰਨ ਆਦਿ ਗੰਭੀਰ ਮਸਲਿਆ ਨੂੰ ਹੱਲ ਕਰਨਾ ਬਣਦਾ ਸੀ । ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਵਿਚ ਹੁਕਮਰਾਨਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਤੇਜ਼ੀ ਨਾਲ ਉੱਠ ਰਹੀ ਨਮੋਸੀ ਤੇ ਬੇਚੈਨੀ ਨੂੰ ਖ਼ਤਮ ਕਰਨ ਦੀ ਹੁਕਮਰਾਨ ਜਿੰਮੇਵਾਰੀ ਨਿਭਾਉਦੇ। ਪਰ ਇਹ ਬਣਦੀਆਂ ਜਿੰਮੇਵਾਰੀਆ ਪੂਰੀਆ ਕਰਨ ਦੀ ਬਜਾਇ ਸਿੱਖਾਂ ਦੇ ਘਰਾਂ ਵਿਚ ਪੁਲਿਸ ਵੱਲੋ ਜ਼ਬਰੀ ਦਖਲ ਹੋ ਕੇ ਉਨ੍ਹਾਂ ਦੀ ਨਿੱਜੀ ਜਿੰਦਗੀ ਨਾਲ ਸੰਬੰਧਤ ਦਸਤਾਵੇਜ, ਕਾਗਜ ਪ੍ਰਾਪਤ ਕਰਨੇ, ਉਨ੍ਹਾਂ ਦੇ ਬੈਂਕ ਖਾਤਿਆ ਦੇ ਨੰਬਰ ਦੇਣ ਲਈ ਕਹਿਣਾ ਪੈਨ ਕਾਰਡ, ਆਧਾਰ ਕਾਰਡ ਦੀਆਂ ਨਕਲਾਂ ਜਮ੍ਹਾ ਕਰਵਾਉਣ ਦੇ ਹੁਕਮ ਕਰਕੇ ਦਹਿਸਤ ਪਾਉਦੇ ਹੋਏ ਪੰਜਾਬ ਦੇ ਅਮਨਮਈ ਮਾਹੌਲ ਨੂੰ ਖੁਦ ਆਪ ਜੀ ਦੀ ਸਰਕਾਰ ਅਤੇ ਪੁਲਿਸ ਬੱਜਰ ਗੁਸਤਾਖੀ ਕਰ ਰਹੀ ਹੈ । ਜੇਕਰ ਆਪ ਜੀ ਨੇ ਬਤੌਰ ਮੁੱਖ ਮੰਤਰੀ ਹੁੰਦੇ ਹੋਏ ਆਮ ਸ਼ਹਿਰੀਆ ਤੇ ਪਿੰਡ ਨਿਵਾਸੀਆ ਨੂੰ ਬਿਨ੍ਹਾਂ ਵਜਹ ਪ੍ਰੇਸ਼ਾਨ ਕਰਨ, 15-15, 16 ਸਾਲ ਦੀ ਅੰਮ੍ਰਿਤਧਾਰੀ ਸਿੱਖ ਨੌਜਵਾਨੀ ਵਿਚ ਦਹਿਸਤ ਪਾਉਣ ਦੀਆਂ ਕਾਰਵਾਈਆ ਤੁਰੰਤ ਬੰਦ ਨਾ ਕਰਵਾਈਆ ਤਾਂ ਜੋ ਆਉਣ ਵਾਲੇ ਸਮੇ ਵਿਚ ਪੰਜਾਬ ਸੂਬੇ ਤੇ ਇੰਡੀਆ ਦੇ ਹਾਲਾਤ ਅਤਿ ਵਿਸਫੋਟਕ ਸਥਿਤੀ ਤੇ ਪਹੁੰਚ ਜਾਣਗੇ, ਉਸ ਲਈ ਆਪ ਜੀ ਦੀ ਪੰਜਾਬ ਦੀ ਸਰਕਾਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ, ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਜਿੰਮੇਵਾਰ ਹੋਵੇਗੀ ਅਤੇ ਇਹ ਸਥਿਤੀ ਹੁਕਮਰਾਨ ਅਤੇ ਆਪ ਜੀ ਸੰਭਾਲਣ ਤੋ ਅਸਮਰੱਥ ਹੋ ਜਾਵੋਗੇ ਅਤੇ ਹੋਣ ਵਾਲੇ ਮਨੁੱਖੀ, ਜਾਨੀ, ਮਾਲੀ ਨੁਕਸਾਨ ਲਈ ਆਪ ਸਭ ਜਿੰਮੇਵਾਰ ਹੋਵੋਗੇ । ਇਸ ਲਈ ਬਿਹਤਰ ਹੋਵੇਗਾ ਕਿ ਜੋ ਪੰਜਾਬ ਦੀ ਪੁਲਿਸ ਅਤੇ ਸਰਕਾਰ ਵੱਲੋ ਇਹ ਦਹਿਸਤ ਵਾਲੀਆ ਤੇ ਗੈਰ ਕਾਨੂੰਨੀ ਤੌਰ ਤੇ ਬਿਨ੍ਹਾਂ ਵਜਹ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਕਾਰਵਾਈਆ ਬੰਦ ਕੀਤੀਆ ਜਾਣ ਤਾਂ ਜੋ ਇਸ ਸਰਹੱਦੀ ਸੂਬੇ ਦਾ ਅਮਨ ਚੈਨ ਸਥਿਰ ਰਹਿ ਸਕੇ ਅਤੇ ਕਿਸੇ ਵੀ ਇਨਸਾਨ ਦੀ ਜਾਨ-ਮਾਲ ਦਾ ਨਾ ਤਾਂ ਕੋਈ ਨੁਕਸਾਨ ਹੋ ਸਕੇ ਅਤੇ ਨਾ ਹੀ ਮਾਹੌਲ ਦਹਿਸਤ ਵਾਲਾ ਬਣ ਸਕੇ । ਸ. ਮਾਨ ਨੇ ਆਪਣੇ ਵੱਲੋ ਲਿਖੇ ਇਸ ਪੱਤਰ ਤੋ ਇਲਾਵਾ ਪੰਜਾਬ ਦੇ ਸਭ ਵਰਗਾਂ ਦੇ ਸਮੁੱਚੇ ਬਸਿੰਦਿਆ, ਵਿਸੇਸ ਤੌਰ ਤੇ ਸਿੱਖ ਪਰਿਵਾਰਾਂ ਤੇ ਨੌਜਵਾਨਾਂ ਨੂੰ ਇਹ ਦ੍ਰਿੜਤਾ ਤੇ ਸੰਜੀਦਗੀ ਭਰੀ ਅਪੀਲ ਕੀਤੀ ਕਿ ਕੋਈ ਵੀ ਸਿੱਖ ਪਰਿਵਾਰ ਪੁਲਿਸ ਵੱਲੋ ਜ਼ਬਰੀ ਕੋਈ ਦਸਤਾਵੇਜ ਮੰਗਣ ਜਾਂ ਉਨ੍ਹਾਂ ਦੇ ਖਾਤਾ ਨੰਬਰ ਮੰਗਣ ਜਾ ਕੋਈ ਹੋਰ ਨਿੱਜੀ ਵਸਤੂ ਮੰਗਣ ਉਤੇ ਬਿਲਕੁਲ ਨਾ ਦੇਣ, ਜਮਹੂਰੀਅਤ ਅਤੇ ਅਮਨਮਈ ਤਰੀਕੇ ਵਿਰੋਧ ਵੀ ਕਰਨ ਅਤੇ ਮੇਰੇ ਦਫਤਰ ਦੇ ਬੀਤੀ ਦਿਨੀ ਪ੍ਰੈਸ ਨੂੰ ਦਿੱਤੇ ਗਏ ਨੰਬਰਾਂ ਉਤੇ ਸਾਨੂੰ ਸੂਚਿਤ ਕਰਨ ਅਤੇ ਜੋ ਸਾਡੇ ਜਿਲ੍ਹਿਆ ਵਿਚ ਵਕੀਲ ਹਨ, ਉਹ ਆਪਣੇ ਲੋਕਾਂ ਦੀ ਇਸ ਵਿਚ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਮਦਦ ਕਰਨ ।

Leave a Reply

Your email address will not be published. Required fields are marked *