ਜੇਕਰ ਗੋਦੀ ਮੀਡੀਆ ਹਿੰਦੂਰਾਸਟਰ ਤੇ ਹਿੰਦੂਤਵ ਦੀ ਗੱਲ ਕਰ ਸਕਦਾ ਹੈ, ਤਾਂ ਯੂ-ਟਿਊਬ ਚੈਨਲ ਸਿੱਖ ਕੌਮ ਦੇ ਹੱਕ-ਹਕੂਕਾ ਅਤੇ ਇਨਸਾਫ਼ ਦੀ ਗੱਲ ਕਿਉਂ ਨਹੀਂ ਕਰ ਸਕਦੈ ? : ਮਾਨ

ਫ਼ਤਹਿਗੜ੍ਹ ਸਾਹਿਬ, 11 ਮਾਰਚ ( ) “ਜਦੋਂ ਇੰਡੀਅਨ ਵਿਧਾਨ ਦੇ ਆਰਟੀਕਲ 19 ਰਾਹੀ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਅਤੇ ਸਭ ਨਿਵਾਸੀਆ ਨੂੰ ਆਪਣੇ ਨਾਲ ਹੋ ਰਹੇ ਹਕੂਮਤੀ ਵਿਤਕਰਿਆ, ਬੇਇਨਸਾਫ਼ੀਆਂ, ਜ਼ਬਰ-ਜੁਲਮ ਦੀ ਆਵਾਜ ਉਠਾਉਣ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਨ ਦੇ ਹੱਕ ਪ੍ਰਦਾਨ ਕਰਦਾ ਹੈ, ਤਾਂ ਘੱਟ ਗਿਣਤੀ ਸਿੱਖ ਕੌਮ ਦੇ ਹੱਕ-ਹਕੂਕਾ ਦੀ ਗੱਲ ਕਰਨ ਵਾਲੇ ਯੂ-ਟਿਊਬ ਚੈਨਲਾਂ ਪ੍ਰਤੀ ਈਰਖਾਵਾਦੀ ਸੋਚ ਅਧੀਨ ਜ਼ਬਰੀ ਰੋਕਾਂ ਲਗਾਉਣ ਪਿੱਛੇ ਹੁਕਮਰਾਨ ਦਾ ਮੰਦਭਾਵਨਾ ਭਰਿਆ ਉਹ ਮਕਸਦ ਹੈ ਜਿਸ ਨਾਲ ਹਿੰਦੂਰਾਸਟਰ ਤੇ ਹਿੰਦੂਤਵ ਤਾਕਤਾਂ ਘੱਟ ਗਿਣਤੀ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਆਪਣੇ ਪ੍ਰਚਾਰ ਸਾਧਨਾਂ ਤੇ ਗੋਦੀ ਮੀਡੀਆ ਦੀ ਦੁਰਵਰਤੋ ਕਰ ਸਕਣ ਪਰ ਸਿੱਖ ਕੌਮ ਆਪਣੇ ਵਿਰੁੱਧ ਹੋ ਰਹੇ ਪ੍ਰਚਾਰ ਦਾ ਦਲੀਲ ਪੂਰਵਕ ਜੁਆਬ ਦੇਣ ਤੇ ਸੰਸਾਰ ਨੂੰ ਆਪਣੀਆ ਨੀਤੀਆ ਅਤੇ ਸੋਚ ਬਾਰੇ ਜਾਣੂ ਕਰਵਾਉਣ ਦੀ ਗੱਲ ਕਰੇ ਤਾਂ ਇਹ ਹੁਕਮਰਾਨ ਖ਼ਾਲਿਸਤਾਨ ਦਾ ਹਊਆ ਖੜ੍ਹਾ ਕਰਕੇ ਸਾਡੇ ਪ੍ਰਚਾਰ ਸਾਧਨਾਂ ਉਤੇ ਜ਼ਬਰੀ ਬੈਨ ਕਰਨ ਦਾ ਬਹਾਨਾ ਬਣਾ ਲੈਣ । ਇਹ ਤਾਂ ਜ਼ਮਹੂਰੀਅਤ ਕਦਰਾਂ-ਕੀਮਤਾਂ ਅਤੇ ਇੰਡੀਅਨ ਵਿਧਾਨ ਦੀ ਧਾਰਾ 19 ਨੂੰ ਕੁੱਚਲਣ ਵਾਲੇ ਅਤਿ ਨਿੰਦਣਯੋਗ ਕਾਰਵਾਈਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਸਾਡੀ ਘੱਟ ਗਿਣਤੀ ਸਿੱਖ ਕੌਮ ਦੀ ਹੱਕ-ਸੱਚ ਦੀ ਆਵਾਜ਼ ਨੂੰ ਸੰਸਾਰ ਪੱਧਰ ਤੇ ਬੁਲੰਦ ਕਰਨ ਵਾਲੇ ਯੂ-ਟਿਊਬ ਦੇ 6-7 ਚੈਨਲਾਂ ਉਤੇ ਗੈਰ-ਕਾਨੂੰਨੀ ਅਤੇ ਅਣਮਨੁੱਖੀ ਢੰਗ ਨਾਲ ਕਾਨੂੰਨੀ ਰੋਕ ਲਗਾਉਣ ਦੇ ਜ਼ਮਹੂਰੀਅਤ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਸਿੱਖ ਕੌਮ ਦੀ ਹੱਕ-ਸੱਚ ਦੀ ਆਵਾਜ ਨੂੰ ਬੰਦ ਕਰਨ ਲਈ ਅਤਿ ਸ਼ਰਮਨਾਕ ਹੱਥਕੰਡੇ ਅਪਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇੰਡੀਆ ਵਿਚ ਤਾਂ ਪਹਿਲੋ ਹੀ ਸਮੁੱਚੇ ਮੀਡੀਏ ਨੂੰ ਹੁਕਮਰਾਨਾਂ ਨੇ ਆਪਣਾ ਗੁਲਾਮ ਬਣਾਇਆ ਹੋਇਆ ਹੈ । ਲੇਕਿਨ ਜੋ ਬਾਹਰਲੇ ਮੁਲਕਾਂ ਵਿਚ ਯੂ-ਟਿਊਬ ਚੈਨਲ ਨਿਰਪੱਖਤਾ ਤੇ ਆਜਾਦੀ ਨਾਲ ਚੱਲ ਰਹੇ ਹਨ, ਜੋ ਉਥੋ ਦੇ ਕਾਨੂੰਨਾਂ, ਨਿਯਮਾਂ ਦੀ ਪਾਲਣਾਂ ਕਰਦੇ ਹੋਏ ਸਿੱਖ ਕੌਮ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ, ਉਨ੍ਹਾਂ ਸੰਬੰਧੀ ਹੁਕਮਰਾਨਾਂ ਵੱਲੋਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਕਾਨੂੰਨੀ ਰੋਕ ਲਗਾ ਦੇਣ ਦੀ ਕਾਰਵਾਈ ਤਾਂ ਘੱਟ ਗਿਣਤੀ ਸਿੱਖ ਕੌਮ ਦੀ ਆਵਾਜ ਨੂੰ ਕੁੱਚਲਣ ਦੀ ਤਾਨਾਸਾਹੀ ਸਾਜਿਸ ਹੈ । ਜਿਸਨੂੰ ਇਨ੍ਹਾਂ ਚੈਨਲਾਂ ਅਤੇ ਬਾਹਰਲੀਆਂ ਹਕੂਮਤਾਂ ਨੂੰ ਇੰਡੀਆ ਦੀ ਇਸ ਗੈਰ-ਦਲੀਲ ਧੋਸ ਨੂੰ ਬਿਲਕੁਲ ਪ੍ਰਵਾਨ ਨਹੀ ਕਰਨਾ ਚਾਹੀਦਾ । ਕਿਉਂਕਿ ਇਹ ਮਨੁੱਖੀ ਹੱਕਾਂ ਦਾ ਗੰਭੀਰ ਵਿਸ਼ਾ ਹੈ । ਨਿਰਪੱਖਤਾ ਤੇ ਦ੍ਰਿੜਤਾ ਨਾਲ ਲੋਕ ਆਵਾਜ ਬਣਕੇ ਗੱਲ ਕਰਨ ਵਾਲੇ ਕਿਸੇ ਪ੍ਰਚਾਰ ਸਾਧਨ ਦੀ ਆਵਾਜ ਨੂੰ ਦਬਾਉਣਾ ਤਾਂ ਜਮਹੂਰੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਦੇ ਤੁੱਲ ਕਾਰਵਾਈਆ ਹਨ । ਅਜਿਹੇ ਦਿਸ਼ਾਹੀਣ ਅਤੇ ਬੁਖਲਾਹਟ ਵਿਚ ਆ ਕੇ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆ ਕਾਰਵਾਈਆ ਨੂੰ ਤਾਂ ਖ਼ਾਲਸਾ ਪੰਥ ਨੇ ਕਦੀ ਵੀ ਨਾ ਤਾਂ ਪਹਿਲੇ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਰਾਂਗੇ । ਬਲਕਿ ਸਾਨੂੰ ਤਾਂ ਗੁਰੂ ਸਾਹਿਬਾਨ ਨੇ ਹਰ ਕੀਮਤ ਤੇ ਹੱਕ-ਸੱਚ ਦੀ ਗੱਲ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ, ਹਰ ਲੋੜਵੰਦ, ਮਜਲੂਮ, ਲਤਾੜੇ ਵਰਗਾਂ ਅਤੇ ਔਖੇ ਸਮੇ ਵਿਚ ਮਦਦ ਕਰਨ ਦੇ ਮਨੁੱਖਤਾ ਪੱਖੀ ਸੰਦੇਸ਼ ਦਿੱਤੇ ਹੋਏ ਹਨ । ਜਿਨ੍ਹਾਂ ਤੇ ਖ਼ਾਲਸਾ ਪੰਥ ਆਪਣੇ ਜਨਮ ਤੋ ਹੀ ਪਹਿਰਾ ਦਿੰਦਾ ਆ ਰਿਹਾ ਹੈ ਅਤੇ ਪਹਿਰਾ ਦਿੰਦਾ ਰਹੇਗਾ । ਹੁਕਮਰਾਨਾਂ ਦੀਆਂ ਅਜਿਹੀਆ ਘਿਣੋਨੀਆ ਸਾਜਿਸਾਂ ਸਾਡੀ ਆਵਾਜ ਨੂੰ ਕਤਈ ਬੰਦ ਨਹੀ ਕਰ ਸਕਣਗੀਆ । ਆਖਿਰ ਖ਼ਾਲਸਾ ਪੰਥ ਨੂੰ ਬਣਦਾ ਇਨਸਾਫ਼ ਦੇ ਕੇ ਹੀ ਉਸ ਸੰਸਾਰ ਪੱਧਰ ਦੇ ਕੌਮਾਂਤਰੀ ਚੌਰਾਹੇ ਦੀ ਅਦਾਲਤ ਵਿਚ ਸਰੂਖਰ ਹੋ ਸਕਣਗੇ ਨਾ ਕਿ ਸਾਜਿਸਾਂ ਰਚਕੇ ।

ਸ. ਮਾਨ ਨੇ ਕਿਹਾ ਕਿ ਜੇਕਰ ਹੁਕਮਰਾਨਾਂ ਨੂੰ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਅਤੇ ਸਾਡੇ ਹਲੀਮੀ ਰਾਜ ਖ਼ਾਲਿਸਤਾਨ ਤੋਂ ਕੋਈ ਬਿਨ੍ਹਾਂ ਵਜਹ ਈਰਖਾ ਹੈ ਤਾਂ ਉਹ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੀ ਬਜਾਇ ਦਰਪੇਸ਼ ਆ ਰਹੇ ਸਭ ਧਾਰਮਿਕ, ਸਮਾਜਿਕ ਮਸਲਿਆ ਨੂੰ ਸਹੀ ਰੂਪ ਵਿਚ ਹੱਲ ਕਰ ਦੇਣ । ਕਿਉਂਕਿ ਸਿੱਖਾਂ ਨੂੰ ਦਰਪੇਸ਼ ਆ ਰਹੇ ਮਸਲੇ ਜਿਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣਾ, ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ, ਲਾਪਤਾ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਸਜਾਵਾਂ, 12 ਸਾਲ ਤੋਂ ਸਾਡੀ ਐਸ.ਜੀ.ਪੀ.ਸੀ. ਦੀ ਜਮਹੂਰੀਅਤ ਬਹਾਲ ਨਾ ਕਰਨ, ਸਾਡੇ ਕੀਮਤੀ ਪਾਣੀਆਂ, ਹੈੱਡਵਰਕਸਾਂ, ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਪਣ ਦੇ ਮਸਲੇ ਅਜੇ ਤੱਕ ਹੱਲ ਨਹੀ ਹੋਏ । ਜੋ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਹੁਣ ਬਜਰ ਗੁਸਤਾਖੀਆ ਕਰਨ ਉਪਰੰਤ ਜਮਾਨਤਾਂ ਲੈਣ ਦੀਆਂ ਗੱਲਾਂ ਕਰ ਰਹੇ ਹਨ, ਉਹ ਹੁਣ ਜ਼ਮਾਨਤਾਂ ਕਿਉਂ ਲੈ ਰਹੇ ਹਨ ? ਜਦੋਕਿ ਚੱਬੇ ਵਿਖੇ 2015 ਵਿਚ ਹੋਏ ਸਰਬੱਤ ਖ਼ਾਲਸਾ ਦੀ ਰਾਤ ਨੂੰ 1 ਵਜੇ ਮੈਨੂੰ ਮੇਰੇ ਫਲੈਟ ਵਿਚੋਂ ਜ਼ਬਰੀ ਪੁਲਿਸ ਚੁੱਕ ਕੇ ਲੈ ਗਈ ਸੀ ਅਤੇ ਸਰੀਰਕ, ਮਾਨਸਿਕ ਤੌਰ ਤੇ ਸ. ਬਾਦਲ ਦੀ ਪੁਲਿਸ ਨੇ ਤਸੱਦਦ ਕੀਤਾ ਸੀ । ਦੂਸਰੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਜੇਲ੍ਹਾਂ ਵਿਚ ਵੀ.ਆਈ.ਪੀ. ਵਿਵਹਾਰ ਹੁੰਦਾ ਹੈ । ਜਦੋ ਅਸੀ ਯੂ.ਐਨ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ 1992 ਵਿਚ ਯਾਦ-ਪੱਤਰ ਦੇਣ ਗਏ ਸੀ ਜਿਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਸ. ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ ਅਤੇ ਦਾਸ ਤੇ ਹੋਰ ਸਿੱਖ ਹਾਜਰ ਸਨ ਤਾਂ ਸਾਨੂੰ ਤਿਹਾੜ ਜੇਲ੍ਹ ਵਿਚ ਬੰਦੀ ਬਣਾ ਦਿੱਤਾ ਗਿਆ ਸੀ ਅਤੇ ਜੇਲ੍ਹ ਦੇ ਇਕ ਅਧਿਕਾਰੀ ਨੇ ਸਾਡੇ ਕੋਲ ਆ ਕੇ ਕਿਹਾ ਕਿ ਬਾਦਲ ਸਾਹਿਬ ਨੂੰ ਮੱਛਰ ਲੜ ਰਹੇ ਹਨ ਅਤੇ ਬਹੁਤ ਪ੍ਰੇਸ਼ਾਨ ਹਨ ਤਾਂ ਮੈਂ ਆਪਣੇ ਕੋਲੋ ਓਡੋਮਾਸ ਦੀ ਨਵੀ ਟਿਊਬ ਕੱਢਕੇ ਉਨ੍ਹਾਂ ਨੂੰ ਦਿੱਤੀ ਜੋ ਉਨ੍ਹਾਂ ਨੇ ਲਗਾਈ ਅਤੇ ਥੋੜ੍ਹੀ ਦੇਰ ਬਾਅਦ ਉਹ ਘਰਾੜੇ ਮਾਰਨੇ ਸੁਰੂ ਹੋ ਗਏ ਜੋ ਨਾਲ ਦੀ ਬੈਰਕ ਵਾਲਿਆ ਨੂੰ ਸੁਣ ਰਹੇ ਸਨ । ਸਾਨੂੰ ਜ਼ਬਰੀ ਜੇਲ੍ਹਾਂ ਵਿਚ ਭੇਜਣ ਵਾਲੇ ਅਤੇ ਸਾਡੇ ਉਤੇ ਮਾਨਸਿਕ ਤੇ ਸਰੀਰਕ ਤਸੱਦਦ ਢਾਹੁਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਹੁਣ ਜੇਲ੍ਹਾਂ ਤੇ ਕਾਲਕੋਠੜੀਆ ਵਿਚ ਜਾਣ ਤੋ ਕਿਉਂ ਘਬਰਾ ਰਹੇ ਹਨ ਅਤੇ ਜ਼ਮਾਨਤਾਂ ਕਿਉਂ ਕਰਵਾ ਰਹੇ ਹਨ ?

Leave a Reply

Your email address will not be published. Required fields are marked *