ਸ੍ਰੀ ਰਾਮਾਚੰਦਰਨ ਵਰਗੇ ਐਡੀਟਰ, ਲੇਖਕ ਤੇ ਸਟੇਟ ਦਹਿਸਤਗਰਦੀ ਦਾ ਪੱਖ ਪੂਰਨ ਵਾਲੇ ਚੈਨਲਾਂ ਤੇ ਮੀਡੀਆ ਹੀ ਪੰਜਾਬ ਦੇ ਮਾਹੌਲ ਨੂੰ ਗਲਤ ਰੰਗਤ ਦੇ ਕੇ ਬਦਨਾਮ ਕਰ ਰਹੇ ਹਨ : ਮਾਨ

ਟ੍ਰਿਬਿਊਨ ਦੇ ਪ੍ਰੇਮ ਭਾਟੀਆ, ਟਾਈਮਜ਼ ਆਫ ਇੰਡੀਆ ਦੇ ਗਿਰੀ ਲਾਲ ਜੈਨ ਅਤੇ ਇੰਡੀਅਨ ਐਕਸਪ੍ਰੈਸ ਦੇ ਅਰੂਣ ਸੋਰੀ ਨੇ ਹੀ ਬਲਿਊ ਸਟਾਰ ਤੇ ਕਤਲੇਆਮ ਦਾ ਮਾਹੌਲ ਸਿਰਜਿਆ ਸੀ

ਫ਼ਤਹਿਗੜ੍ਹ ਸਾਹਿਬ, 04 ਮਾਰਚ ( ) “ਪੰਜਾਬ ਸੂਬਾ ਅਤੇ ਇਥੋ ਦੇ ਸਭ ਵਰਗਾਂ ਨਾਲ ਸੰਬੰਧਤ ਨਿਵਾਸੀਆ ਵਿਚੋਂ ਫਿਰਕੂ ਸੰਗਠਨਾਂ ਆਰ.ਐਸ.ਐਸ, ਸਿਵ ਸੈਨਾ ਆਦਿ ਦੇ ਗਿਣਤੀ ਦੇ ਕੁਝ ਕਾਰਕੁੰਨਾ ਤੋ ਇਲਾਵਾ ਇਥੇ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ, ਨਫਰਤ ਅਤੇ ਈਰਖਾ ਨਹੀ ਹੈ । ਸਭ ਵਰਗ ਹਮੇਸ਼ਾਂ ਦੀ ਤਰ੍ਹਾਂ ਇਕ-ਦੂਸਰੇ ਦੀ ਖੁਸ਼ੀਆਂ-ਗਮੀਆਂ ਵਿਚ ਹਿੱਸਾ ਲੈਕੇ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸਾਂ ਦੀ ਇਸ ਪੰਜਾਬ ਦੀ ਪਵਿੱਤਰ ਅਮਨਮਈ ਧਰਤੀ ਉਤੇ ਜਿੰਦਗੀ ਜੀ ਰਹੇ ਹਨ । ਪਰ ਇੰਡੀਆ ਸਟੇਟ ਉਤੇ ਰਾਜ ਕਰਨ ਵਾਲੀਆ, ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਉਨ੍ਹਾਂ ਦੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਜੀ-ਹਜੂਰੀਏ ਬਣਦੇ ਆ ਰਹੇ ਬਾਦਲ ਦਲੀਏ, ਕਾਂਮਰੇਡ ਅਤੇ ਹੋਰਨਾਂ ਵੱਲੋ ਪੰਜਾਬ ਸੂਬੇ ਦੀ ਛੋਟੀ ਤੋ ਛੋਟੀ ਆਮ ਵਾਪਰਨ ਵਾਲੀ ਘਟਨਾ ਨੂੰ ਤੁੱਲ ਦੇਕੇ ਗੁੰਮਰਾਹਕੁੰਨ ਪ੍ਰਚਾਰ ਰਹੀ ਇਹ ਸਭ ਇੰਝ ਪੇਸ਼ ਕਰ ਰਹੇ ਹਨ ਜਿਵੇ ਪੰਜਾਬ ਸੂਬੇ ਵਿਚ ਅੱਗ ਲੱਗ ਗਈ ਹੋਵੇ, ਭਾਂਬੜ ਮੱਚ ਗਿਆ ਹੋਵੇ । ਇਹ ਸਭ ਫਿਰਕੂ ਜਮਾਤਾਂ, ਚੈਨਲ, ਐਡੀਟਰ, ਲੇਖਕ, ਮੀਡੀਆ, ਸਿਆਸਤਦਾਨ ਬੀਤੇ 15 ਦਿਨਾਂ ਤੋ ਅਜਨਾਲਾ ਅਤੇ ਮੋਹਾਲੀ ਵਿਖੇ ਸਿੱਖਾਂ ਵੱਲੋਂ ਕੀਤੇ ਜਾ ਰਹੇ ਰੋਸ਼ ਵਿਖਾਵਿਆ ਨੂੰ ਇੰਝ ਪੇਸ਼ ਕਰ ਰਹੇ ਹਨ ਕਿ ਸੈਟਰ ਸਰਕਾਰ ਤੇ ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਅਤੇ ਮੋਹਾਲੀ ਵਿਖੇ ਬੰਦੀ ਛੋੜ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਅਤੇ ਸਿੱਖ ਕੌਮ ਵਿਰੁੱਧ ਕਾਰਵਾਈ ਕੀਤੀ ਜਾਵੇ। ਬਹਾਨਾ ਇਹ ਬਣਾਇਆ ਜਾ ਰਿਹਾ ਹੈ ਕਿ ਕਾਨੂੰਨੀ ਵਿਵਸਥਾਂ ਬਹੁਤ ਖਰਾਬ ਹੋ ਗਈ ਹੈ । ਜਦੋਕਿ ਮੋਹਾਲੀ ਬੰਦੀ ਛੋੜ ਮੋਰਚਾ ਅਤੇ ਅਜਨਾਲੇ ਦੇ ਰੋਸ਼ ਵਿਖਾਵੇ ਦੇ ਦ੍ਰਿਸ਼ ਕੇਵਲ 8 ਸੈਕਿੰਟ ਜਾਂ 10-12 ਸੈਕਿੰਟ ਦੇ ਹੀ ਸਨ । ਜਿਸ ਵਿਚ ਦੋਵਾਂ ਥਾਵਾਂ ਉਤੇ ਅਮਨਮਈ ਢੰਗ ਨਾਲ ਜੇਲ੍ਹਾਂ ਵਿਚ ਬੰਦੀਆਂ ਦੀ ਜਮਹੂਰੀ ਪ੍ਰਣਾਲੀ ਰਾਹੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ । ਜੋ ਕਿ ਸਿੱਖ ਕੌਮ ਤੇ ਸਿੱਖ ਜਥੇਬੰਦੀਆਂ ਦਾ ਵਿਧਾਨਿਕ, ਜਮਹੂਰੀ ਤੇ ਕਾਨੂੰਨੀ ਹੱਕ ਹੈ । ਲੇਕਿਨ ਦੋਵਾਂ ਥਾਵਾਂ ਉੱਤੇ ਪੁਲਿਸ ਨੇ ਹੀ ਲਾਠੀਚਾਰਜ ਕਰਕੇ ਭੜਕਾਊ ਅਮਲ ਕੀਤੇ ਅਤੇ ਅਮਨਮਈ ਮਾਹੌਲ ਨੂੰ ਗੰਧਲਾ ਕਰਨ ਵਿਚ ਭੂਮਿਕਾ ਨਿਭਾਈ ਗਈ । ਇਨ੍ਹਾਂ ਦੋਵਾਂ ਜਮਹੂਰੀ ਵਰਤਾਰਿਆ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ, ਮਾਲੀ ਨੁਕਸਾਨ ਨਹੀ ਹੋਇਆ ਅਤੇ ਨਾ ਹੀ ਕੋਈ ਲਾਬੂ ਲੱਗਿਆ ਹੈ । ਫਿਰ ਇਨ੍ਹਾਂ ਦੋਵਾਂ ਸਿੱਖ ਕੌਮ ਦੇ ਹੱਕੀ ਵਰਤਾਰਿਆ ਨੂੰ ਇਥੋ ਦੇ ਐਡੀਟਰਾਂ, ਲੇਖਕਾਂ, ਚੈਨਲਾਂ, ਮੀਡੀਏ ਅਤੇ ਹੁਕਮਰਾਨਾਂ ਦੇ ਜੀ-ਹਜੂਰੀਏ ਬਣੇ ਸਿਆਸਤਦਾਨਾਂ ਵੱਲੋ ਕਿਉਂ ਹਊਆ ਬਣਾਕੇ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ ਰਾਜੇਸ ਰਾਮਾਚੰਦਰਨ ਵੱਲੋ ਅੱਜ ਦੇ ਟ੍ਰਿਬਿਊਨ ਵਿਚ ‘For Punjab’s  Sake’ ਦੇ ਸਿਰਲੇਖ ਹੇਠ ਲਿਖੇ ਲੇਖ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਬਹੁਤ ਵੱਡੇ ਖੈਰ-ਗਵਾਹ ਬਣਦੇ ਹੋਏ ਅਸਲੀਅਤ ਵਿਚ ਮੁਤੱਸਵੀ ਹੁਕਮਰਾਨਾਂ ਦੀ ਸੋਚ ਨੂੰ ਪ੍ਰਫੁੱਲਿਤ ਕਰਦੇ ਹੋਏ ਅਮਨਮਈ ਪੰਜਾਬ ਵਿਚ ਸਰਕਾਰੀ ਦਹਿਸਤਗਰਦੀ ਨੂੰ ਹਵਾ ਦੇਣ, ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰ ਜੁਲਮ ਢਾਹੁਣ ਲਈ ਜ਼ਮੀਨ ਤਿਆਰ ਕਰਨ ਦੀ ਪ੍ਰਤੱਖ ਹੋ ਰਹੀ ਬੇਈਮਾਨੀ ਕਰਾਰ ਦਿੰਦੇ ਹੋਏ, ਅਜਿਹੇ ਐਡੀਟਰਾਂ, ਲੇਖਕਾਂ, ਮੀਡੀਏ ਅਤੇ ਪੰਜਾਬ ਵਿਰੋਧੀ ਮੁਤੱਸਵੀ ਤਾਕਤਾਂ ਦੀ ਮੰਦਭਾਵਨਾ ਭਰੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਸਭਨਾਂ ਨੂੰ ਪੰਜਾਬ ਸੂਬੇ ਦੇ ਹਾਲਾਤਾਂ ਨੂੰ ਜਾਣਬੁੱਝ ਕੇ ਵਿਸਫੋਟਕ ਬਣਾਉਣ ਦੀ ਸਾਜਿਸ ਨੂੰ ਨੰਗਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਉਪਰੋਕਤ ਵਰਗਾਂ ਤੇ ਏਜੰਸੀਆ ਵੱਲੋਂ ਸਮੂਹਿਕ ਤੌਰ ਤੇ ਪੰਜਾਬ ਵਿਚ ਘਿਣੋਨੀ ਖੇਡ ਖੇਡੀ ਜਾ ਰਹੀ ਹੈ ਇਨ੍ਹਾਂ ਤਾਕਤਾਂ ਦਾ ਇਕੋ ਇਕ ਮਿਸ਼ਨ ਹੈ ਕਿ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕਿਵੇ ਇੰਡੀਆ ਤੇ ਕੌਮਾਂਤਰੀ ਪੱਧਰ ਤੇ ਬਦਨਾਮ ਕਰਕੇ, ਪੰਜਾਬ ਵਿਚ ਮਰਹੂਮ ਇੰਦਰਾ ਗਾਂਧੀ ਦੇ ਸਮੇ ਦੀ ਤਰ੍ਹਾਂ ਹਊਆ ਖੜ੍ਹਾ ਕਰਕੇ 2024 ਦੀਆਂ ਆਉਣ ਵਾਲੀਆ ਪਾਰਲੀਮੈਟ ਚੋਣਾਂ ਤੱਕ ਪੰਜਾਬ ਵਿਚ ਬਣਾਉਟੀ ਅੱਗ ਲਗਾਕੇ ਰੱਖੀ ਜਾਵੇ ਅਤੇ ਅਜਿਹੇ ਭੜਕਾਊ ਮੁੱਦਿਆ ਨੂੰ ਚੱਲਦਾ ਰੱਖਕੇ ਭਾਂਬੜ ਬਣਾਇਆ ਜਾਵੇ ਤੇ ਸਿਆਸੀ ਮਨੋਰਥਾ ਦੀ ਪੂਰਤੀ ਕੀਤੀ ਜਾਵੇ । ਇਸ ਤੋ ਵੱਧ ਪੰਜਾਬ ਵਿਚ ਨਾ ਕੋਈ ਅੱਗ ਲੱਗੀ ਹੈ, ਨਾ ਕੋਈ ਭਾਂਬੜ ਮੱਚਿਆ ਹੈ ਅਤੇ ਨਾ ਹੀ ਪੰਜਾਬ ਦੇ ਅਮਨ-ਚੈਨ ਤੇ ਆਪਸੀ ਸਦਭਾਵਨਾ ਨੂੰ ਕੋਈ ਕਿਸੇ ਤਰ੍ਹਾਂ ਦਾ ਖ਼ਤਰਾ ਹੈ । ਬੱਸ ਸ੍ਰੀ ਰਾਮਾਚੰਦਰਨ ਵਰਗੇ ਲੇਖਕ, ਸਰਕਾਰੀ ਮੀਡੀਆ, ਹੁਕਮਰਾਨਾਂ ਦੇ ਦਿਮਾਗ ਵਿਚ ਪੰਜਾਬ ਸੂਬੇ ਨੂੰ ਅੱਗ ਲਗਾਉਣ ਤੇ ਭਾਂਬੜ ਬਣਾਉਣ ਦੇ ਮਨਸੂਬੇ ਚੱਲ ਰਹੇ ਹਨ । ਇਸ ਕਰਕੇ ਹੀ ਸਭ ਚੈਨਲਾਂ, ਮੀਡੀਏ, ਹੁਕਮਰਾਨਾਂ, ਸਿਆਸਤਦਾਨਾਂ ਨੇ ਹਾਹਾਕਾਰ ਮਚਾਈ ਹੋਈ ਹੈ । ਬਿਨ੍ਹਾਂ ਪਾਣੀ ਤੋ ਮੌਜੇ ਖੋਲਕੇ ਭੱਜੇ ਫਿਰਦੇ ਹਨ । 

ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਹਿਲੇ ਵੀ 1984 ਵਿਚ ਦਾ ਟ੍ਰਿਬਿਊਨ ਦੇ ਪ੍ਰੇਮ ਭਾਟੀਆ, ਟਾਈਮਜ਼ ਆਫ ਇੰਡੀਆ ਦੇ ਗਿਰੀ ਲਾਲ ਜੈਨ, ਇੰਡੀਅਨ ਐਕਸਪ੍ਰੈਸ ਦੇ ਅਰੂਣ ਸੋਰੀ ਅਤੇ ਫਿਰਕੂ ਸੋਚ ਅਧੀਨ ਚੱਲਣ ਵਾਲੇ ਸਟੇਟ ਦੇ ਹੱਥਠੋਕੇ ਬਣੇ ਚੈਨਲਾਂ ਤੇ ਮੀਡੀਏ ਨੇ ਹੀ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਲਈ, 1984 ਦਾ ਸਿੱਖ ਕਤਲੇਆਮ ਕਰਵਾਉਣ ਲਈ ਮੰਦਭਾਵਨਾ ਅਧੀਨ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ । ਜਦੋਕਿ ਉਸ ਸਮੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਅੱਗ, ਭਾਂਬੜ ਨਹੀ ਸੀ ਲੱਗਾ । ਕੇਵਲ ਸਿੱਖ ਕੌਮ ਵੱਲੋਂ ਉੱਚੀ ਆਵਾਜ਼ ਵਿਚ ਇਨਸਾਫ਼ ਪ੍ਰਾਪਤੀ ਦੀ ਜ਼ਮਹੂਰੀਅਤ ਢੰਗ ਨਾਲ ਗੱਲ ਹੋ ਰਹੀ ਸੀ । ਜੋ ਕਿ ਹੁਕਮਰਾਨ ਅਤੇ ਮੁਤੱਸਵੀ ਸਿਆਸਤਦਾਨ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਤੋ ਉਸ ਸਮੇ ਵੀ ਮੁੰਨਕਰ ਹੋ ਗਏ ਸਨ ਅਤੇ ਅੱਜ ਵੀ ਮੁੰਨਕਰ ਹੋ ਚੁੱਕੇ ਹਨ । ਅਜਿਹੇ ਐਡੀਟਰਾਂ, ਲੇਖਕਾਂ, ਸ੍ਰੀ ਅਡਵਾਨੀ ਤੇ ਵਾਜਪਾਈ ਵਰਗੇ ਮੁਤੱਸਵੀਆ ਨੇ ਹੀ ਮਰਹੂਮ ਇੰਦਰਾ ਗਾਂਧੀ ਨੂੰ ਉਕਸਾਕੇ ਸਿੱਖਾਂ ਨੂੰ ਕੁੱਚਲਣ ਲਈ ਪੰਜਾਬ ਵਿਚ ਮਨੁੱਖਤਾ ਦਾ ਕਤਲੇਆਮ ਕਰਨ ਹਿੱਤ ਲਹੂ-ਲੁਹਾਨ ਕਰਵਾਉਣ ਲਈ ਸਾਰਾ ਮਾਹੌਲ ਤਿਆਰ ਕੀਤਾ ਸੀ । ਉਸੇ ਸੋਚ ਨੂੰ ਫਿਰ ਇਹ ਸਭ ਹਿੰਦੂਤਵ ਤਾਕਤਾਂ ਵੱਲੋ ਇਕ ਡੂੰਘੀ ਸਾਜਿਸ ਤਹਿਤ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਐਕਸਨ ਕਰਨ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ । ਜਿਸ ਲਈ ਸ੍ਰੀ ਰਾਮਾਚੰਦਰਨ ਵਰਗੇ ਇੰਡੀਅਨ ਸਟੇਟ ਦੇ ਗੁਲਾਮ ਬਣੇ ਲੇਖਕ, ਟੀ.ਵੀ ਚੈਨਲ ਅਤੇ ਮੀਡੀਆ ਹੀ ਮੁੱਖ ਤੌਰ ਤੇ ਦੋਸ਼ੀ ਹੈ । ਜਿਨ੍ਹਾਂ ਦੇ ਦਿਮਾਗ ਵਿਚ ਭਾਂਬੜ ਤੇ ਅੱਗ ਮਚੀ ਹੋਈ ਹੈ ਨਾ ਕਿ ਪੰਜਾਬ ਸੂਬੇ ਵਿਚ । ਜਦੋਕਿ ਪੰਜਾਬ ਵਿਚ ਕਿਸੇ ਤਰ੍ਹਾਂ ਦਾ ਕੋਈ ਧਰਮ, ਜਾਤ, ਵਰਗ ਆਦਿ ਨੂੰ ਲੈਕੇ ਕੋਈ ਰਤੀਭਰ ਵੀ ਨਾ ਤਾਂ ਤਨਾਅ ਹੈ, ਨਾ ਹੀ ਨਫਰਤ ਹੈ, ਨਾ ਹੀ ਆਪਸੀ ਕੋਈ ਵੈਰ-ਵਿਰੋਧ ਹੈ । ਸਿੱਖ ਕੌਮ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੁਪਰੀਮ ਕੋਰਟ ਇੰਡੀਆ, ਪੰਜਾਬ-ਹਰਿਆਣਾ ਹਾਈਕੋਰਟ ਵੱਲੋ ਕਾਨੂੰਨੀ ਤੌਰ ਤੇ ਮਿਲੇ ਅਧਿਕਾਰ ਅਤੇ ਹੋਏ ਫੈਸਲੇ ਅਨੁਸਾਰ ਆਪਣੇ ਖ਼ਾਲਿਸਤਾਨ ਸਟੇਟ ਦੀ ਗੱਲ ਜ਼ਰੂਰ ਕਰ ਰਹੀ ਹੈ । ਜੋ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਅਤੇ ਕਾਨੂੰਨਾਂ ਦਾ ਵੀ ਵਿਸ਼ਾ ਹੈ। ਫਿਰ ਇਹ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਬਿਨ੍ਹਾਂ ਵਜਹ ਨਫ਼ਰਤ ਰੱਖਣ ਵਾਲੇ ਹੁਕਮਰਾਨ, ਲੇਖਕ, ਟੀ.ਵੀ ਚੈਨਲ ਅਤੇ ਵੱਖ-ਵੱਖ ਪਾਰਟੀਆ ਵਿਚ ਵਿਚਰ ਰਹੇ ਮੁਤੱਸਵੀ ਸਿਆਸਤਦਾਨ, ਸਿੱਖੀ ਰੂਪ ਵਿਚ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਨਫ਼ਰਤ ਭਰਿਆ ਮਾਹੌਲ ਸਿਰਜਣ ਵਾਲੇ ਸਿੱਖ ਸਿਆਸਤਦਾਨ, ਸੁਪਰੀਮ ਕੋਰਟ ਇੰਡੀਆ ਤੋ ਅਤੇ ਕੌਮਾਂਤਰੀ ਕਾਨੂੰਨਾਂ ਤੋਂ ਉਪਰ ਕਿਵੇ ਹੋ ਗਏ ਜੋ ਜਾਣਬੁੱਝ ਕੇ ਇਥੇ ਅੱਗ ਲੱਗਣ, ਭਾਂਬੜ ਬਣਨ ਦਾ ਗੁੰਮਰਾਹਕੁੰਨ ਗੈਰ ਦਲੀਲ ਪ੍ਰਚਾਰ ਕਰਕੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਥੇ ਫ਼ੌਜ, ਪੈਰਾਮਿਲਟਰੀ ਫੋਰਸਾਂ ਲਗਾਉਣ ਤੇ ਜਮਹੂਰੀਅਤ ਪਸ਼ੰਦ ਪੰਜਾਬੀਆਂ ਤੇ ਸਿੱਖਾਂ ਉਤੇ ਤਸੱਦਦ-ਜੁਲਮ ਢਾਹੁਣ ਦੀਆਂ ਦਿਸ਼ਾਹੀਣ ਬੇਨਤੀਜਾ ਗੱਲਾਂ ਕਰ ਰਹੇ ਹਨ ? 

ਸ. ਮਾਨ ਨੇ ਸੂਝਵਾਨ ਲੇਖਕਾਂ, ਐਡੀਟਰਾਂ, ਸਿਆਸਤਦਾਨਾਂ, ਇਥੋ ਤੱਕ ਸਭ ਵਰਗਾਂ ਹਿੰਦੂ, ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ ਆਦਿ ਵਿਚ ਵਿਚਰਣ ਵਾਲੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਖਸ਼ੀਅਤਾਂ, ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਜੋ ਸੈਟਰ, ਉਸਦੀਆਂ ਖੂਫੀਆ ਏਜੰਸੀਆ, ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲੀਆ ਵੱਲੋ ਬਿਨ੍ਹਾਂ ਕਿਸੇ ਦਲੀਲ ਦੇ ਪੰਜਾਬ ਦੀ ਕਾਨੂੰਨੀ ਵਿਵਸਥਾ ਦਾ ਝੂਠਾ ਰੌਲਾ ਪਾ ਕੇ ਸਖ਼ਤੀ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਵਿਰੁੱਧ ਸਮੂਹਿਕ ਤੌਰ ਤੇ ਜੋਰਦਾਰ ਆਵਾਜ ਵੀ ਉਠਾਉਣ ਅਤੇ ਆਪੋ ਆਪਣੇ ਸਾਧਨਾਂ ਰਾਹੀ ਸੋਸਲ ਮੀਡੀਏ ਅਤੇ ਚੈਨਲਾਂ ਉਤੇ ਦ੍ਰਿੜਤਾ ਨਾਲ ਆ ਕੇ, ਸਰਕਾਰ ਵੱਲੋ ਪੰਜਾਬ ਤੇ ਸਿੱਖ ਕੌਮ ਵਿਰੋਧੀ ਫਿਰ ਤੋ ਰਚੀਆਂ ਜਾ ਰਹੀਆ ਸਾਜਿਸਾਂ ਦਾ ਪਰਦਾਫਾਸ ਕਰਦੇ ਹੋਏ ਸਮੁੱਚੇ ਹਿੰਦੂ, ਮੁਸਲਿਮ, ਇਸਾਈਆ ਅਤੇ ਸਿੱਖਾਂ ਨੂੰ ਅਮਨਮਈ ਢੰਗ ਨਾਲ ਸਰਕਾਰ ਦੀ ਇਸ ਸਾਜਿਸ ਨੂੰ ਅਸਫਲ ਬਣਾਉਣ ਦੀ ਜਿੰਮੇਵਾਰੀ ਨਿਭਾਉਣ । ਤਾਂ ਕਿ ਇਨ੍ਹਾਂ ਮੁਤੱਸਵੀਆਂ ਦੇ ਦਿਮਾਗਾਂ ਵਿਚ ਮੱਚ ਚੁੱਕੇ ਭਾਂਬੜ ਅਤੇ ਲੱਗੀ ਹੋਈ ਅੱਗ ਪੰਜਾਬ ਨੂੰ ਫਿਰ ਤੋ ਕਿਸੇ ਵੱਡੇ ਦੁੱਖਾਂਤ ਵਿਚ ਸੁੱਟਣ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਪੰਜਾਬੀ ਆਪੋ ਆਪਣੀਆ ਪੰਜਾਬ ਸੂਬੇ ਪ੍ਰਤੀ, ਆਪਸੀ ਪਿਆਰ ਤੇ ਮਿਲਵਰਣਨ ਨੂੰ ਕਾਇਮ ਰੱਖਦੇ ਹੋਏ ਇਹ ਜਿੰਮੇਵਾਰੀਆ ਨਿਭਾਉਣਗੇ ਤੇ ਸਰਕਾਰੀ ਦਹਿਸਤਗਰਦੀ ਅਤੇ ਖੂਫੀਆ ਏਜੰਸੀਆ ਦੀਆਂ ਸਾਜਿਸਾਂ ਨੂੰ ਪੰਜਾਬ ਵਿਚ ਬਿਲਕੁਲ ਵੀ ਕਾਮਯਾਬ ਨਹੀ ਹੋਣ ਦੇਣਗੇ

Leave a Reply

Your email address will not be published. Required fields are marked *