ਕਾਤਲ ਅਤੇ ਬਲਾਤਕਾਰੀ ਸਾਧ ਨੂੰ ਚੋਣਾਂ ਦੇ ਸਮੇਂ ਪੇਰੋਲ ਦੇਣ ਦਾ ਹਕੂਮਤੀ ਅਮਲ, ਮੁਤੱਸਵੀ ਤਾਕਤਾਂ ਦੀ ਇਕ ਗੁੱਝੀ ਸਾਜਿ਼ਸ : ਮਾਨ

ਫ਼ਤਹਿਗੜ੍ਹ ਸਾਹਿਬ, 08 ਫਰਵਰੀ ( ) “ਜੋ ਸਿਰਸੇਵਾਲੇ ਸਾਧ ਗੁਰਮੀਤ ਰਾਮ ਰਹੀਮ ਅਤਿ ਸੰਗੀਨ ਜੁਰਮਾਂ ਕਤਲ ਅਤੇ ਬਲਾਤਕਾਰੀ ਕੇਸਾਂ ਵਿਚ ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿਚ ਸੀ.ਬੀ.ਆਈ. ਵੱਲੋ ਲਗਾਏ ਦੋਸ਼ਾਂ ਤਹਿਤ ਸਜ਼ਾਯਾਫਤਾ ਹੈ, ਉਸਨੂੰ ਪੰਜਾਬ ਦੇ ਸਰਹੱਦੀ ਸੂਬੇ ਦੀਆਂ ਹੋ ਰਹੀਆ ਅਸੈਬਲੀ ਚੋਣਾਂ ਦੇ ਅਤਿ ਗੰਭੀਰ ਸਮੇ ਵਿਚ ਪੇਰੋਲ ਤੇ ਰਿਹਾਅ ਕਰਨ ਦੀ ਦੁੱਖਦਾਇਕ ਕਾਰਵਾਈ ਹੋਈ ਹੈ ਇਹ ਕੋਈ ਕਾਨੂੰਨ ਜਾਂ ਨਿਆ ਦੇ ਬਿਨ੍ਹਾਂ ਤੇ ਨਹੀਂ, ਬਲਕਿ ਸੈਂਟਰ ਦੇ ਹਿੰਦੂਤਵ ਹੁਕਮਰਾਨਾਂ ਅਤੇ ਪੰਜਾਬ ਵਿਰੋਧੀ ਤਾਕਤਾਂ ਦੀਆਂ ਚੋਣਾਂ ਪ੍ਰਤੀ ਮੰਦਭਾਵਨਾਵਾ ਅਤੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਅਜਿਹਾ ਕਰਵਾਇਆ ਗਿਆ ਹੈ । ਜੋ ਕਿ ਅਜਿਹੇ ਸਮੇ ਤੇ ਉਸ ਦੋਸ਼ੀ ਨੂੰ ਪੇਰੋਲ ਦੇਣ ਦੀ ਕਾਰਵਾਈ ਨੂੰ ਸੰਸਾਰ ਦਾ ਕੋਈ ਵੀ ਬੁੱਧੀਜੀਵੀ, ਅਮਨ-ਚੈਨ ਦੀ ਚਾਹਨਾ ਰੱਖਣ ਵਾਲੇ ਇਨਸਾਨ ਦਰੁਸਤ ਕਰਾਰ ਨਹੀਂ ਦੇ ਸਕੇਗਾ । ਹੁਕਮਰਾਨਾਂ ਨੇ ਆਪਣੇ ਵੋਟ ਬੈਂਕ ਨੂੰ ਵਧਾਉਣ ਲਈ, ਇਸ ਸਿਰਸੇਵਾਲੇ ਸਾਧ ਦੇ ਚੇਲਿਆ ਦੀ ਜੋ ਮਾਲਵੇ ਇਲਾਕੇ ਵਿਚ ਗਿਣਤੀ ਹੈ, ਉਨ੍ਹਾਂ ਦੀ ਦੁਰਵਰਤੋ ਕਰਨ ਲਈ, ਦੂਸਰਾ ਪੰਜਾਬ ਦੀ ਚੋਣ ਸਥਿਤੀ ਨੂੰ ਸਾਜ਼ਸੀ ਢੰਗ ਨਾਲ ਵਿਸਫੋਟਕ ਬਣਾਉਣ ਦੀ ਸੋਚ ਅਧੀਨ ਇਸ ਅਤਿ ਗੰਭੀਰ ਮੌਕੇ ਤੇ ਅਦਾਲਤਾਂ ਤੋ ਅਜਿਹਾ ਫੈਸਲਾ ਕਰਵਾਇਆ ਗਿਆ ਹੈ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਨਿਖੇਧੀ ਕਰਦਾ ਹੈ, ਉਥੇ ਇਨ੍ਹਾਂ ਹੁਕਮਰਾਨਾਂ ਅਤੇ ਅਦਾਲਤਾਂ ਨੂੰ ਕੌਮਾਂਤਰੀ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਪੁੱਛਣਾ ਚਾਹੇਗਾ ਕਿ ਜਿਨ੍ਹਾਂ ਸਿੱਖ ਨੌਜ਼ਵਾਨਾਂ ਨੇ ਆਪਣੀਆ 25-25 ਸਾਲਾਂ ਤੋ ਵੀ ਉਪਰ ਸਜਾਵਾਂ ਭੁਗਤ ਚੁੱਕੇ ਹਨ, ਉਨ੍ਹਾਂ ਨੂੰ ਪੂਰਨ ਰੂਪ ਵਿਚ ਇਥੋ ਦਾ ਨਿਜਾਮ ਰਿਹਾਅ ਕਿਉਂ ਨਹੀਂ ਕਰਦਾ ਹੈ ਅਤੇ ਦੂਸਰੇ ਨੌਜ਼ਵਾਨਾਂ ਨੂੰ ਪੇਰੋਲ ਤੇ ਭੇਜਣ ਉਤੇ ਨਿਰੰਤਰ ਰੁਕਾਵਟਾਂ ਕਿਉਂ ਬਣਦਾ ਆ ਰਿਹਾ ਹੈ ? ਅਜਿਹੇ ਦੋਹਰੇ ਮਾਪਦੰਡ ਸਿੱਖ ਕੌਮ ਨਾਲ ਕਿਉਂ ਅਪਣਾਏ ਜਾ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਸੁਨਾਰੀਆ ਜੇਲ੍ਹ ਹਰਿਆਣਾ ਵਿਚੋਂ ਸੰਗੀਨ ਜੁਰਮਾਂ ਕਤਲ ਤੇ ਬਲਾਤਕਾਰੀ ਕੇਸਾਂ ਵਿਚ ਸਜ਼ਾਯਾਫਤਾ ਸਿੱਖ ਕੌਮ ਦੇ ਵੱਡੇ ਦੋਸ਼ੀ ਸਿਰਸੇਵਾਲੇ ਸਾਧ ਗੁਰਮੀਤ ਰਾਮ ਰਹੀਮ ਨੂੰ ਚੋਣਾਂ ਦੇ ਗੰਭੀਰ ਸਮੇ ਪੇਰੋਲ ਤੇ ਰਿਹਾਅ ਕਰਨ ਦੀ ਸਰਾਰਤਪੂਰਨ ਕਾਰਵਾਈ ਲਈ ਇਸ ਮੁਲਕ ਦੇ ਮੁਤੱਸਵੀ ਹੁਕਮਰਾਨਾਂ ਅਤੇ ਪੰਜਾਬ ਵਿਰੋਧੀ ਤਾਕਤਾਂ ਦੀ ਆਪਸੀ ਸਾਂਝ ਦੇ ਰਾਹੀ ਹੋਏ ਅਮਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਵਿਸ਼ੇ ਤੇ ਸਿੱਖ ਕੌਮ ਦੇ ਬੰਦੀਆ ਨਾਲ ਲੰਮੇ ਸਮੇ ਤੋ ਹੁਕਮਰਾਨਾਂ ਵੱਲੋ ਅਪਣਾਏ ਜਾਂਦੇ ਆ ਰਹੇ ਦੋਹਰੇ ਮਾਪਦੰਡ ਨੂੰ ਅਤਿ ਸ਼ਰਮਨਾਕ ਹੁਕਮਰਾਨਾਂ ਦੇ ਮੱਥੇ ਉਤੇ ਕਾਲਾ ਧੱਬਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਦੁੱਖਦਾਇਕ ਅਮਲ ਉਚੇਚੇ ਤੌਰ ਤੇ ਮਾਲਵੇ ਦੀਆਂ ਸੰਗਰੂਰ, ਦ੍ਰਿੜਬਾ, ਸੁਨਾਮ, ਧੂਰੀ, ਬਰਨਾਲਾ, ਭਦੌੜ, ਮਹਿਲਕਲਾਂ, ਮਾਨਸਾ, ਸਰਦੂਲਗੜ੍ਹ, ਪਟਿਆਲਾ, ਰਾਜਪੁਰਾ, ਸਮਾਣਾ, ਬਠਿੰਡਾ ਸ਼ਹਿਰੀ, ਤਲਵੰਡੀ ਸਾਬੋ, ਭੁੱਚੋ, ਰਾਮਪੁਰਾ, ਬਠਿੰਡਾ ਦਿਹਾਤੀ, ਬੁੱਡਲਾਢਾ, ਕੋਟਕਪੂਰਾ, ਜੈਤੋ, ਮੁਕਤਸਰ, ਪਟਿਆਲਾ ਦਿਹਾਤੀ, ਗਿੱਦੜਬਾਹਾ, ਸਨੌਰ, ਮੋਗਾ, ਫਰੀਦਕੋਟ 27 ਸੀਟਾਂ ਉਤੇ ਬੀਜੇਪੀ ਅਤੇ ਉਸਦੇ ਗੱਠਜੋੜ ਵੱਲੋ ਵੋਟਾਂ ਪ੍ਰਾਪਤ ਕਰਨ ਦੀ ਸਿਆਸੀ ਲਾਲਸਾ ਅਧੀਨ ਸਿਆਸੀ ਫੈਸਲਾ ਕੀਤਾ ਗਿਆ ਹੈ । ਪਰ ਅਜਿਹਾ ਕਰਨ ਦੇ ਬਾਵਜੂਦ ਵੀ ਪੰਜਾਬ ਨਿਵਾਸੀ ਤੇ ਸਿੱਖ ਕੌਮ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇਣਗੇ । ਇਸ ਬਦੀ ਅਤੇ ਨੇਕੀ ਦੀ ਚੱਲ ਰਹੀ ਜੰਗ ਵਿਚ ਫ਼ਤਹਿ ਸਾਡੀ ਨੇਕੀ ਦੀ ਹੋਵੇਗੀ । ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਅਤੇ ਵਿਤਕਰੇ ਵਾਲੇ ਅਮਲ ਹੋ ਰਹੇ ਹਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਕਰ ਰਹੀ ਸਿੱਟ ਦੀਆਂ ਰਿਪੋਰਟਾਂ ਨੂੰ ਤਾਂ ਪੰਜਾਬ-ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਵੀਰ ਸੇਰਾਵਤ, ਜਸਟਿਸ ਅਰਵਿੰਦ ਸਾਂਗਵਾਨ, ਜਸਟਿਸ ਅਨਿਲ ਬਜਾਜ ਇਨ੍ਹਾਂ ਰਿਪੋਰਟਾਂ ਨੂੰ ਤਾਨਾਸਾਹੀ ਅਮਲਾਂ ਰਾਹੀ ਰੱਦ ਕਰ ਰਹੇ ਹਨ । ਇਥੋ ਤੱਕ ਬਿਕਰਮ ਮਜੀਠੀਆ ਵਰਗੇ ਨਸ਼ੀਲੀਆ ਵਸਤਾਂ ਦੇ ਕਾਰੋਬਾਰਾਂ ਵਿਚ ਸਾਮਿਲ ਦੋਸ਼ੀਆ ਨੂੰ ਜ਼ਮਾਨਤਾਂ ਦੇਣ ਦੇ ਦੁੱਖਦਾਇਕ ਅਮਲ ਵੀ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੋ ਬੀਜੇਪੀ ਦੇ ਪ੍ਰਧਾਨ, ਪੀ.ਐਲ.ਸੀ. ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਦਿ ਗੱਠਜੋੜ ਪੰਜਾਬੀਆ ਤੇ ਸਿੱਖਾਂ ਉਤੇ ਹਕੂਮਤੀ ਰੋਹਬ ਨੂੰ ਕਾਇਮ ਰੱਖਣ ਲਈ ਕਹਿ ਰਹੇ ਹਨ ਕਿ ਜੇਕਰ ਪੰਜਾਬ ਵਿਚ ਗੱਠਜੋੜ ਦੀ ਹਕੂਮਤ ਨਾ ਆਈ, ਤਾਂ ਪਾਕਿਸਤਾਨ ਪੰਜਾਬ ਵਿਚ ਦਾਖਲ ਹੋ ਜਾਵੇਗਾ, ਇਹ ਮੁਤੱਸਵੀ ਹੁਕਮਰਾਨਾਂ ਦੀ ਪੰਜਾਬ, ਪੰਜਾਬੀਆ, ਸਿੱਖ ਕੌਮ ਪ੍ਰਤੀ ਮਾਰੂ ਸੋਚ ਹੈ । ਜਦੋਕਿ ਲਦਾਖ ਵਿਚ ਤਾਂ ਚੀਨ ਦੀ ਪੀ.ਐਲ.ਏ. ਫ਼ੌਜ ਨੂੰ ਸਿੱਖਾਂ ਦੇ ਇਲਾਕੇ ਵਿਚ ਦਾਖਲ ਹੋਣ ਤੋ ਨਹੀਂ ਰੋਕ ਸਕੇ ਅਤੇ ਨਾ ਹੀ 1962 ਵਿਚ ਚੀਨ ਦੇ ਕਬਜੇ ਹੇਠ ਲਦਾਖ ਦੇ 39000 ਸਕੇਅਰ ਵਰਗ ਕਿਲੋਮੀਟਰ ਆਏ ਇਲਾਕੇ ਨੂੰ ਅੱਜ ਤੱਕ ਇਹ ਖਾਲੀ ਕਰਵਾ ਸਕੇ ਹਨ । ਉਨ੍ਹਾਂ ਕਿਹਾ ਇਨ੍ਹਾਂ ਦੀ ਸੋਚ ਮੁਸਲਿਮ, ਸਿੱਖ, ਇਸਾਈਆ ਅਤੇ ਦਲਿਤਾਂ ਨੂੰ ਜ਼ਬਰੀ ਕੁੱਚਲਣ ਅਤੇ ਗੁਲਾਮ ਬਣਾਉਣ ਵਾਲੀ ਹੈ । ਇਸੇ ਸੋਚ ਨੂੰ ਲੈਕੇ ਕਰਨਾਟਕ ਵਿਚ ਮੁਸਲਿਮ ਬੀਬੀਆਂ ਨੂੰ ਸਕੂਲਾਂ ਵਿਚ ਉਨ੍ਹਾਂ ਦੇ ਧਰਮ ਨਾਲ ਸੰਬੰਧਤ ਹਿਜਾਬ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ । ਇਹ ਇਨ੍ਹਾਂ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦੀ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰਨਗੇ ਅਤੇ ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਇਨ੍ਹਾਂ ਤਾਕਤਾਂ ਵਿਰੁੱਧ ਨਿਸ਼ਾਨੇ ਦੀ ਪ੍ਰਾਪਤੀ ਤੱਕ ਜੂਝਣਗੇ ਅਤੇ ਪੰਜਾਬ ਦੀ ਲੜੀ ਜਾ ਰਹੀ ਸਿਆਸੀ ਚੋਣਾਂ ਦੀ ਜੰਗ ਨੂੰ ਅਸੀ ਅਵੱਸ ਜਿਤਾਂਗੇ ।

Leave a Reply

Your email address will not be published. Required fields are marked *