ਜੇਕਰ ਮੁੱਖ ਮੰਤਰੀ ਪੰਜਾਬ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਾਉਣ ਸੰਬੰਧੀ, ਸਾਡੇ ਕੋਲ ਆਈ ਤਜਵੀਜ ਨੂੰ ਪ੍ਰਵਾਨ ਕਰ ਲੈਣ ਤਾਂ ਇਹ ਉੱਠਿਆ ਵਿਵਾਦ ਸਹੀ ਢੰਗ ਨਾਲ ਹੱਲ ਹੋ ਸਕੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 31 ਜਨਵਰੀ ( ) “ਗੁਰਦੁਆਰਾ ਮਸਤੂਆਣਾ ਸਾਹਿਬ ਦੀ ਧਰਤੀ ਇਕ ਪਵਿੱਤਰ ਨੇਕ ਆਤਮਾ ਨਾਲ ਸੰਬੰਧਤ ਹੈ । ਮੈਂ ਵੀ ਅਕਸਰ ਇਸ ਸਥਾਂਨ ਤੇ ਨਤਮਸਤਕ ਹੋਣ ਨੂੰ ਆਪਣਾ ਸੁਭਾਗ ਸਮਝਦਾ ਆਇਆ ਹਾਂ । ਦੂਸਰਾ ਆਪ ਜੀ ਦੀ ਤਰ੍ਹਾਂ ਇਸ ਸਮੇਂ ਮੈਂ ਵੀ ਇਸ ਇਲਾਕੇ ਦੀ ਬਤੌਰ ਐਮ.ਪੀ ਨੁਮਾਇੰਦਗੀ ਕਰਦਾ ਹਾਂ । ਜੋ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਸਥਾਪਿਤ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ ਜਾ ਰਹੀ ਹੈ ਅਤੇ ਇਸ ਦਿਸ਼ਾ ਵੱਲ ਇਮਾਨਦਾਰੀ ਨਾਲ ਅਮਲ ਕਰਨ ਲਈ ਵੀ ਕਦਮ ਉਠਾਏ ਜਾ ਰਹੇ ਹਨ, ਇਹ ਸਲਾਘਾਯੋਗ ਉਦਮ ਹੈ । ਪਰ ਕਿਉਂਕਿ ਜਿਸ ਸਥਾਂਨ ਤੇ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ ਆਈ ਸੀ, ਇਹ ਕਾਲਜ ਉਸੇ ਸਮੇ ਤੋ ਵਿਵਾਦਾ ਵਿਚ ਘਿਰਿਆ ਹੋਇਆ ਹੈ । ਜਿਸ ਲਈ ਇਸ ਸਥਾਂਨ ਤੇ ਮੈਡੀਕਲ ਸਥਾਪਿਤ ਕਰਨ ਵਿਚ ਸਰਕਾਰ ਨੂੰ ਕਾਨੂੰਨੀ ਤੇ ਹੋਰ ਅੜਚਣਾ ਤੇ ਰੁਕਾਵਟਾ ਪੈਦਾ ਹੋ ਸਕਦੀਆ ਹਨ । ਇਸ ਲਈ ਜੋ ਸ੍ਰੀ ਮਸਤੂਆਣਾ ਸਾਹਿਬ ਟਰੱਸਟ ਵੱਲੋ ਇਕ ਨਿਰਵਿਵਾਦਿਤ ਜਮੀਨ ਨੂੰ ਇਸ ਮੈਡੀਕਲ ਕਾਲਜ ਨੂੰ ਸਥਾਪਿਤ ਕਰਨ ਲਈ ਨਵੀ ਤਜਵੀਜ ਭੇਜੀ ਗਈ ਹੈ, ਉਸ ਸਥਾਂਨ ਤੇ ਜੇਕਰ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਇਸ ਇਲਾਕੇ ਲਈ ਸੰਤ ਬਾਬਾ ਅਤਰ ਸਿੰਘ ਜੀ ਦੀ ਸਖਸ਼ੀਅਤ ਅਤੇ ਨੇਕ ਆਤਮਾ ਨੂੰ ਸਮਰਪਿਤ ਮੈਡੀਕਲ ਕਾਲਜ ਸਥਾਪਿਤ ਕਰਨ ਵਿਚ ਜਿੰਮੇਵਾਰੀ ਨਿਭਾਏ ਤਾਂ ਗੁਰਦੁਆਰਾ ਮਸਤੂਆਣਾ ਸਾਹਿਬ ਟਰੱਸਟ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇਲਾਕੇ ਦੇ ਸਭ ਸਿਰਕੱਢ ਤੇ ਸੂਝਵਾਨ ਵਿਦਵਾਨ ਇਸ ਨੇਕ ਕੰਮ ਲਈ ਸਮੂਹਿਕ ਤੌਰ ਤੇ ਸਹਿਯੋਗ ਵੀ ਕਰਨਗੇ ਅਤੇ ਇਹ ਮੈਡੀਕਲ ਕਾਲਜ ਸਥਾਪਿਤ ਹੋਣ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਵੀ ਖੜ੍ਹੀ ਨਹੀ ਹੋ ਸਕੇਗੀ ।”

ਇਹ ਵਿਚਾਰ ਅਤੇ ਸੁਝਾਅ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਇਸ ਇਲਾਕੇ ਦੀ ਵਿਦਵਤਾ ਪੱਖੋ ਕੀਤੀ ਜਾਣ ਵਾਲੀ ਤਰੱਕੀ ਨੂੰ ਮੁੱਖ ਰੱਖਦੇ ਹੋਏ ਅਤੇ ਸੰਤ ਬਾਬਾ ਅਤਰ ਸਿੰਘ ਜੀ ਦੀ ਸਖਸ਼ੀਅਤ ਨੂੰ ਸਮਰਿਪਤ ਇਸ ਦਿਸ਼ਾ ਵੱਲ ਤੁਰੰਤ ਨੇਕ ਉਦਮ ਕਰਨ ਦੀ ਅਪੀਲ ਕਰਦੇ ਹੋਏ ਦਿੱਤੇ । ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਮੈਂ ਅੱਜ ਹੀ ਮੁੱਖ ਮੰਤਰੀ ਪੰਜਾਬ ਨੂੰ ਸਮੁੱਚੇ ਕਾਗਜਾਤ ਅਤੇ ਸੁਝਾਅ ਲਿਖਤੀ ਰੂਪ ਵਿਚ ਭੇਜੇ ਹਨ ਤਾਂ ਕਿ ਸ. ਭਗਵੰਤ ਸਿੰਘ ਮਾਨ ਇਸ ਸਥਾਂਨ ਤੇ ਮੈਡੀਕਲ ਕਾਲਜ ਨੂੰ ਸਥਾਪਿਤ ਕਰਨ ਵਿਚ ਆਪਣੀ ਜਿੰਮੇਵਾਰੀ ਨਿਭਾਉਦੇ ਹੋਏ ਇਸ ਇਲਾਕੇ ਦੇ ਬੱਚਿਆ ਨੂੰ ਸਿਹਤਕ ਪੱਖੋ ਉੱਚ ਤਾਲੀਮ ਹਾਸਿਲ ਡਿਗਰੀ ਪ੍ਰਾਪਤ ਕਰਨ ਦੇ ਯੋਗ ਬਣਾਉਦੇ ਹੋਏ ਮਨੁੱਖਤਾ ਦੀ ਸੇਵਾ ਵਿਚ ਲਗਾ ਸਕਣ ਅਤੇ ਇਹ ਨੌਜਵਾਨੀ ਇਸ ਖੇਤਰ ਵਿਚ ਸੇਵਾ ਕਰਦੀ ਹੋਈ ਜਿਥੇ ਆਪਣੇ ਪਰਿਵਾਰਿਕ ਤੌਰ ਤੇ ਅੱਗੇ ਵੱਧ ਸਕੇ, ਉਥੇ ਸੰਗਰੂਰ ਦੇ ਇਸ ਇਲਾਕੇ ਦੇ ਨਾਮ ਨੂੰ ਵੀ ਬੁਲੰਦੀਆ ਵੱਲ ਲਿਜਾਣ ਵਿਚ ਭੂਮਿਕਾ ਨਿਭਾਅ ਸਕੇ । ਸ. ਮਾਨ ਨੇ ਇਹ ਵੱਡੀ ਉਮੀਦ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਹਿਯੋਗੀ ਮਸਤੂਆਣਾ ਸਾਹਿਬ ਦੀ ਮੇਨ ਮੁੱਖ ਸੜਕ ਉਤੇ ਟਰੱਸਟ ਵੱਲੋ ਨਿਰਵਿਵਾਦ ਜਮੀਨ ਦੀ ਇਸ ਨੇਕ ਉਦਮ ਲਈ ਕੀਤੀ ਪੇਸ਼ਕਸ ਨੂੰ ਪ੍ਰਵਾਨ ਕਰਕੇ ਇਸ ਸਥਾਂਨ ਤੇ ਮੈਡੀਕਲ ਕਾਲਜ ਬਣਾਉਣ ਵਿਚ ਆਪਣੀਆ ਜਿੰਮੇਵਾਰੀਆ ਨਿਭਾਉਣਗੇ ਅਤੇ ਇਲਾਕੇ ਦੀ ਚਹੁਪੱਖੀ ਤਰੱਕੀ ਕਰਨ ਵਿਚ ਯੋਗਦਾਨ ਪਾਉਣਗੇ ।

Leave a Reply

Your email address will not be published. Required fields are marked *