ਏ.ਜੀ. ਦੇ ਅਹੁਦੇ ਤੋਂ ਸ. ਅਨਮੋਲਰਤਨ ਸਿੱਧੂ ਦਾ ਅਸਤੀਫਾ ਅਤੇ ਸਿਰਸੇਵਾਲੇ ਸਾਧ ਦਾ ਕੇਸ ਲੜਨ ਵਾਲੇ ਵਿਨੋਦ ਘਈ ਦੀ ਨਿਯੁਕਤੀ, ਕੇਜਰੀਵਾਲ ਦੀ ਦਖਲਅੰਦਾਜੀ ਦਾ ਸਿੱਟਾ : ਮਾਨ

ਫ਼ਤਹਿਗੜ੍ਹ ਸਾਹਿਬ, 28 ਜੁਲਾਈ ( ) “ਵੈਸੇ ਤਾਂ ਪੰਜਾਬ ਵਿਚ ਬੀਤੇ 4 ਮਹੀਨਿਆ ਤੋਂ ਹਕੂਮਤ ਤੇ ਆਈ ਆਮ ਆਦਮੀ ਪਾਰਟੀ ਦੇ ਗੈਰ-ਤੁਜਰਬੇਕਾਰ ਵਿਧਾਨਕਾਰਾਂ ਅਤੇ ਵਜ਼ੀਰਾਂ ਦੀ ਦਿਸ਼ਾਹੀਣ ਕਾਰਗੁਜਾਰੀ ਦੀ ਬਦੌਲਤ ਪੰਜਾਬ ਸੂਬੇ ਦੇ ਨਿਜਾਮੀ ਪ੍ਰਬੰਧ ਦੀਆਂ ਅਸਫਲਤਾਵਾਂ ਹਰ ਸ਼ਹਿਰ-ਪਿੰਡ ਵਿਚ ਇਨ੍ਹਾਂ ਵਿਰੁੱਧ ਹੋ ਰਹੇ ਮੁਜਾਹਰੇ ਅਤੇ ਧਰਨਿਆ ਰਾਹੀ ਪ੍ਰਤੱਖ ਹੋ ਰਹੀਆ ਹਨ । ਪਰ ਸਭ ਤੋ ਵੱਡੀ ਨਿਜਾਮੀ ਕੰਮਜੋਰੀ ਉਦੋ ਪ੍ਰਤੱਖ ਹੋ ਜਾਂਦੀ ਹੈ ਜਦੋ ਇਸ ਸਰਕਾਰ ਨੂੰ ਬਾਹਰੀ ਰੂਪ ਵਿਚ ਚਲਾ ਰਹੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹਰ ਛੋਟੇ-ਛੋਟੇ ਫੈਸਲੇ ਕਰਨ ਲਈ ਦਿੱਲੀ ਦੇ ਸ੍ਰੀ ਕੇਜਰੀਵਾਲ ਅਤੇ ਪੰਜਾਬ, ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲੇ ਨਿਰਾਰਥਕ ਸ੍ਰੀ ਕੇਜਰੀਵਾਲ ਦੇ ਬਣਨ ਜਾ ਰਹੇ ਜਵਾਈ ਰਾਘਵ ਚੱਢਾ ਅੱਗੇ ਉਸ ਤਰ੍ਹਾਂ ਕੰਮ ਕਰਦੇ ਨਜ਼ਰ ਆ ਰਹੇ ਹਨ ਜਿਵੇ ਇਕ ਬੱਚਿਆਂ ਨੂੰ ਖੁਸ਼ ਕਰਨ ਵਾਲਾ ਤਮਾਸਗਿਰੀ ਕੱਠਪੁਤਲੀਆ ਨੂੰ ਨਚਾਕੇ ਬੱਚਿਆਂ ਦਾ ਮਨ-ਪ੍ਰਚਾਵਾ ਕਰਦਾ ਹੈ । ਮੁੱਖ ਮੰਤਰੀ ਵੱਲੋ ਹਰ ਹਫਤੇ ਵਿਚ ਦੋ ਵਾਰ ਦਿੱਲੀ ਕੇਜਰੀਵਾਲ ਕੋਲ ਭੱਜਣਾ ਅਤੇ ਪੰਜਾਬ ਦੇ ਹਰ ਕੰਮ ਵਿਚ ਰਾਘਵ ਚੱਢਾ ਵਰਗੇ ਬੀਜੇਪੀ-ਆਰ.ਐਸ.ਐਸ. ਦੀ ਸੋਚ ਦੇ ਮਾਲਕ ਦੀਆਂ ਹਦਾਇਤਾ ਅਨੁਸਾਰ ਕੰਮ ਕਰਨ ਨੇ ਪੰਜਾਬ ਦੀ ਨਿਜਾਮੀ ਸਥਿਤੀ ਨੂੰ ਜਿਥੇ ਹਾਸੋਹੀਣੀ ਬਣਾ ਰੱਖਿਆ ਹੈ, ਉਥੇ ਬੀਤੇ ਇਤਿਹਾਸ ਤੋ ਲੈਕੇ ਅੱਜ ਤੱਕ ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ ਗੈਰਤ ਦੀ ਸੰਸਾਰ ਵਿਚ ਗੱਲ ਹੋ ਰਹੀ ਹੈ, ਸ. ਭਗਵੰਤ ਸਿੰਘ ਮਾਨ ਨੇ ਸ੍ਰੀ ਕੇਜਰੀਵਾਲ ਅਤੇ ਰਾਘਵ ਚੱਢਾ ਅੱਗੇ ਕੱਠਪੁਤਲੀ ਬਣਕੇ ਸਾਡੀ ਕੌਮੀ ਤੇ ਪੰਜਾਬੀਆਂ ਦੀ ਅਣਖ ਗੈਰਤ ਉਤੇ ਵੀ ਧੱਬਾ ਲਗਾਇਆ ਹੈ । ਅਜਿਹੇ ਅਮਲਾ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸ. ਭਗਵੰਤ ਸਿੰਘ ਮਾਨ ਦੇ ਬਤੌਰ ਮੁੱਖ ਮੰਤਰੀ ਦੇ ਅਹੁਦੇ ਤੇ ਲੰਮਾਂ ਸਮਾਂ ਬਣੇ ਰਹਿਣਾ ਅਸੰਭਵ ਹੈ । ਕਿਉਂਕਿ ਸ੍ਰੀ ਕੇਜਰੀਵਾਲ ਅਤੇ ਰਾਘਵ ਚੱਢਾ ਖੁਦ ਹੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਨੂੰ ਪ੍ਰਾਪਤ ਕਰਨ ਲਈ ਅਜਿਹਾ ਮਾਹੌਲ ਸਿਰਜ ਰਹੇ ਹਨ ਜਿਸ ਨਾਲ ਭਗਵੰਤ ਮਾਨ ਦੀ ਸਖਸ਼ੀਅਤ ਦਾਗੀ ਹੋ ਜਾਵੇ ਅਤੇ ਇਨ੍ਹਾਂ ਦੋਵਾਂ ਵਿਚੋਂ ਇਕ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਨਿਜਾਮੀ ਪ੍ਰਬੰਧ ਵਿਚ ਆਰ.ਐਸ.ਐਸ. ਦੀ ਸੋਚ ਦੇ ਮਾਲਕ ਸ੍ਰੀ ਕੇਜਰੀਵਾਲ ਅਤੇ ਰਾਘਵ ਚੱਢਾ ਦੀ ਗੈਰ ਵਿਧਾਨਿਕ, ਗੈਰ-ਇਖਲਾਕੀ ਦਿਨੋ-ਦਿਨ ਵੱਧਦੇ ਜਾ ਰਹੇ ਪੰਜਾਬ ਸੂਬੇ ਵਿਰੋਧੀ ਦਖਲ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਅਤੇ ਸ. ਭਗਵੰਤ ਸਿੰਘ ਮਾਨ ਵੱਲੋ ਇਨ੍ਹਾਂ ਨਿਰਾਰਥਕ ਦਿੱਲੀ ਸ਼ਕਤੀਆਂ ਦੇ ਹੱਥਠੋਕੇ ਅੱਗੇ ਆਤਮ ਸਮਰਪਨ ਕਰ ਦੇਣ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਕੁਝ ਦਿਨ ਪਹਿਲੇ 4 ਮਹੀਨੇ ਪਹਿਲਾ ਆਮ ਆਦਮੀ ਪਾਰਟੀ ਵੱਲੋ ਪੰਜਾਬ-ਹਰਿਆਣਾ ਹਾਈਕੋਰਟ ਦੇ ਲਗਾਏ ਗਏ ਐਡਵੋਕੇਟ ਜਰਨਲ ਸ. ਅਨਮੋਲਰਤਨ ਸਿੰਘ ਸਿੱਧੂ ਨੂੰ ਇਨ੍ਹਾਂ ਥੋੜੇ ਸਮੇ ਬਾਅਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਹੈ । ਦੂਸਰਾ ਜਿਸ ਵਿਨੋਦ ਘਈ ਐਡਵੋਕੇਟ ਨੂੰ ਇਸ ਅਹੁਦੇ ਤੇ ਲਗਾਇਆ ਗਿਆ ਹੈ, ਉਸਦੇ ਜੀਵਨ ਦਾ ਇਤਿਹਾਸ ਇਸ ਲਈ ਦਾਗੀ ਹੈ ਕਿਉਂਕਿ ਉਨ੍ਹਾਂ ਨੇ ਕੇਵਲ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਅਮਲ ਕਰਨ ਵਾਲੀ ਪੰਜਾਬ ਦੀ ਦਾਗੀ ਅਫਸਰਸਾਹੀ ਦੇ ਹੀ ਕੇਸ ਨਹੀ ਲੜ ਰਹੇ, ਬਲਕਿ ਜਿਸ ਬਲਾਤਕਾਰੀ ਅਤੇ ਕਾਤਲ ਸਾਧ ਨੇ ਆਪਣੇ ਡੇਰੇ ਵਿਚ ਮਾਸੂਮ ਬੀਬੀਆਂ ਨਾਲ ਵੱਡੀ ਗਿਣਤੀ ਵਿਚ ਜ਼ਬਰ-ਜਨਾਹ ਕੀਤੇ, ਕਤਲ ਕੀਤੇ ਉਨ੍ਹਾਂ ਦੇ ਪਿੰਜਰ ਡੇਰੇ ਵਿਚ ਹੀ ਦੱਬੇ, ਉਪਰੰਤ ਸਮੁੱਚੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਲਾਬੂ ਲਗਾਉਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਵਾਈਆ, ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ ਦੀ ਬਜਰ ਗੁਸਤਾਖੀ ਕੀਤੀ ਅਤੇ ਹੁਕਮਰਾਨਾ ਦੀ ਸਰਪ੍ਰਸਤੀ ਰਾਹੀ ਗੈਰ ਇਨਸਾਨੀਅਤ ਕਾਰਵਾਈਆ ਕਰਦਾ ਰਿਹਾ ਹੈ, ਉਪਰੋਕਤ ਸ੍ਰੀ ਵਿਨੋਦ ਘਈ ਉਸ ਖੂੰਖਾਰ ਚਿਹਰੇ ਦੇ ਕੇਸਾਂ ਦੀ ਵੀ ਪੈਰਵੀ ਕਰਦੇ ਆ ਰਹੇ ਹਨ । ਜਿਸਦੇ ਕਾਨੂੰਨੀ ਤੇ ਸਮਾਜਿਕ ਅਮਲ ਖਲਨਾਇਕਾਂ ਦੀ ਰਖਵਾਲੀ ਕਰਨ ਵਾਲੇ ਰਹੇ ਹੋਣ, ਅਜਿਹੇ ਸਖਸ ਤੋ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸਰਕਾਰ ਸੂਬੇ ਤੇ ਨਿਵਾਸੀਆ ਨੂੰ ਇਨਸਾਫ਼ ਦਿਵਾਉਣ ਦੀ ਕਿਵੇ ਉਮੀਦ ਰੱਖ ਸਕਦੀ ਹੈ ? ਉਨ੍ਹਾਂ ਕਿਹਾ ਕਿ ਜੋ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਕੀਮਤੀ ਪਾਣੀ, ਹੈੱਡਵਰਕਸ ਤੋ ਪੈਦਾ ਹੋਣ ਵਾਲੀ ਬਿਜਲੀ, ਪੰਜਾਬ ਯੂਨੀਵਰਸਿਟੀ ਅਤੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਖੋਹੇ ਜਾ ਰਹੇ ਪੰਜਾਬ ਦੇ ਹੱਕਾਂ, ਪੰਜਾਬੀ ਬੋਲੀ, ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਸੈਟਰ ਦੇ ਅਧੀਨ ਪੂਰਨ ਰੂਪ ਵਿਚ ਕਰਨ ਦੇ ਅਮਲ, ਹਰਿਆਣੇ ਨੂੰ ਆਪਣੀ ਹਾਈਕੋਰਟ ਬਣਾਉਣ ਲਈ ਚੰਡੀਗੜ੍ਹ ਵਿਚ ਪੰਜਾਬ ਦੀ ਮਲਕੀਅਤ ਜ਼ਮੀਨ ਦੇਣ ਦੀ ਸਾਜਿਸ ਆਦਿ ਗੰਭੀਰ ਮਸਲਿਆ ਉਤੇ ਅਜਿਹੇ ਏ.ਜੀ. ਤਾਂ ਬੀਜੇਪੀ-ਆਰ.ਐਸ.ਐਸ. ਤੇ ਦਿੱਲੀ ਦੀਆਂ ਤਾਕਤਾਂ ਦੇ ਹੱਥ ਵਿਚ ਭੁਗਤਣਗੇ ਅਤੇ ਪੰਜਾਬ ਦੇ ਸਮੁੱਚੇ ਕੇਸ ਨੂੰ ਕੰਮਜੋਰ ਕਰਨਗੇ। ਇਸ ਲਈ ਵਿਨੋਦ ਘਈ ਵਰਗੇ ਦਾਗੀ ਬਣਾਏ ਗਏ ਏ.ਜੀ. ਨੂੰ ਪੰਜਾਬੀ ਅਤੇ ਸਿੱਖ ਕੌਮ ਆਪਣਾ ਰਖਵਾਲਾ ਕਿਵੇ ਪ੍ਰਵਾਨ ਕਰ ਸਕਦੇ ਹਨ ?

ਦੂਸਰਾ ਜਿਸ ਗੈਰ-ਵਿਧਾਨਿਕ ਅਤੇ ਗੈਰ-ਦਲੀਲ ਢੰਗ ਨਾਲ ਸ੍ਰੀ ਕੇਜਰੀਵਾਲ ਨੂੰ ਕਾਗਜਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਦਾ ਕੰਨਵੀਨਰ ਦਿਖਾਕੇ ਪੰਜਾਬ ਦੇ ਖਾਤੇ ਅਤੇ ਖਰਚੇ ਵਿਚੋਂ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਰਾਘਵ ਚੱਢੇ ਵਰਗੇ ਪੰਜਾਬ ਵਿਰੋਧੀ ਨੂੰ ਅਜਿਹੀਆ ਸੁਰੱਖਿਆਵਾ ਪ੍ਰਦਾਨ ਕਰਕੇ ਪੰਜਾਬ ਦੇ ਖਜਾਨੇ ਉਤੇ ਬੋਝ ਪਾ ਕੇ ਉਸਨੂੰ ਪੰਜਾਬੀਆਂ ਅਤੇ ਸਿੱਖ ਕੌਮ ਦਾ ਨਾਇਕ ਸਾਬਤ ਕਰਨ ਦਾ ਢਕੌਜ ਰਚਿਆ ਜਾ ਰਿਹਾ ਹੈ, ਅਜਿਹੇ ਹਕੂਮਤੀ ਅਮਲਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਨਾ ਤਾਂ ਕਤਈ ਪ੍ਰਵਾਨ ਕਰਨਗੇ ਅਤੇ ਨਾ ਹੀ ਦਿੱਲੀ ਦੇ ਇਨ੍ਹਾਂ ਕੇਜਰੀਵਾਲ ਤੇ ਚੱਢੇ ਵਰਗੇ ਚਿਹਰਿਆ ਨੂੰ ਆਪਣਾ ਆਗੂ ਪ੍ਰਵਾਨ ਕਰਨਗੇ । ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬੀਆਂ ਤੇ ਸਿੱਖ ਕੌਮ ਨੇ ਕਦੀ ਵੀ ਦਿੱਲੀ ਵਾਲਿਆ ਜਾਂ ਬਾਹਰੀ ਤਾਕਤਾਂ ਦੀ ਗੁਲਾਮੀ ਤੇ ਅਧੀਨਗੀ ਨੂੰ ਪ੍ਰਵਾਨ ਹੀ ਨਹੀ ਕੀਤਾ। ਲੇਕਿਨ ਸ. ਭਗਵੰਤ ਸਿੰਘ ਮਾਨ ਆਪਣੀਆ ਕੰਮਜੋਰੀਆ ਦੀ ਬਦੌਲਤ ਜੋ ਉਲਟੀ ਗੰਗਾਂ ਵਹਾਉਣ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ, ਅਸਲੀਅਤ ਵਿਚ ਉਹ ਆਪਣੇ ਮੁੱਖ ਮੰਤਰੀ ਅਹੁਦੇ ਦੀ ਸਾਜਸੀ ਢੰਗ ਨਾਲ ਮਿਆਦ ਘਟਾਉਣ ਦਾ ਹਿੱਸਾ ਬਣ ਰਹੇ ਹਨ । ਪੰਜਾਬੀਆਂ ਅਤੇ ਸਿੱਖ ਕੌਮ ਦੇ ਇਖਲਾਕ ਨੂੰ ਦਾਗੀ ਕਰਨ ਦੀ ਗੁਸਤਾਖੀ ਕਰ ਰਹੇ ਹਨ ।

Leave a Reply

Your email address will not be published. Required fields are marked *