ਸੁਖਬੀਰ ਬਾਦਲ ਅਤੇ ਉਸਦੇ ਸਾਥੀਆ ਵੱਲੋ ਮੁਤੱਸਵੀ ਹੁਕਮਰਾਨਾਂ ਦੇ ਦਲਾਲ ਬਣਕੇ ਕੰਮ ਕਰਨ ਦੀ ਬਦੌਲਤ ਹੀ ਪੰਥਕ ਸਥਿਤੀ ਗੁੰਝਲਦਾਰ ਬਣੀ : ਮਾਨ
ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਬਰਤਾਨੀਆ ਦੇ ਬੀਤੇ ਸਮੇ ਦੇ ਵਜੀਰ ਏ ਆਜਮ ਪਾਲਮਸਟਨ ਨੇ ਆਪਣੇ ਤੁਜਰਬੇ ਦੀ ਜਿੰਦਗੀ ਤੋਂ ਕਿਹਾ ਸੀ ਕਿ “ਹਰ ਮੁਲਕ ਦੇ ਆਪੋ ਆਪਣੇ ਮੁਫਾਦ ਹੁੰਦੇ ਹਨ, ਲੇਕਿਨ ਦੋਸਤੀ ਨਹੀ ਹੁੰਦੀ” । ਇੰਡੀਆ ਦੇ ਮੁਫਾਦ ਸਿੱਖਾਂ ਦੀਆਂ ਸਭ ਮਹੱਤਵਪੂਰਨ ਸੰਸਥਾਵਾਂ ਨੂੰ ਖਤਮ ਕਰਕੇ ਹਿੰਦੂਤਵ ਸੋਚ ਨੂੰ ਪ੍ਰਣਾਉਣਾ ਤੇ ਪ੍ਰਫੁੱਲਿਤ ਕਰਨਾ ਹੈ । ਸ. ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀ ਨਿਰੰਤਰ ਲੰਮੇ ਸਮੇ ਤੋ ਇਨ੍ਹਾਂ ਮੁਤੱਸਵੀ ਸਿੱਖ ਵਿਰੋਧੀ ਹੁਕਮਰਾਨਾਂ ਦੇ ਦਲਾਲ ਬਣਕੇ ਹੀ ਕੰਮ ਕਰਦੇ ਆ ਰਹੇ ਹਨ । ਜਿਸ ਵਿਚ ਇਹ ਆਪਣੀਆ ਨਿੱਜੀ, ਮਾਲੀ ਅਤੇ ਸਿਆਸੀ ਇਛਾਵਾ ਦੀ ਪੂਰਤੀ ਕਰਨ ਦੀ ਤਾਕ ਵਿਚ ਰਹਿੰਦੇ ਹਨ । ਇਹੀ ਵਜਹ ਹੈ ਕਿ ਬੀਤੇ 14 ਸਾਲਾਂ ਤੋ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀ ਇਨ੍ਹਾਂ ਨੇ ਜਰਨਲ ਚੋਣ ਹੀ ਨਹੀ ਹੋਣ ਦਿੱਤੀ । ਪੰਜਾਬ, ਪੰਜਾਬੀ, ਪੰਜਾਬੀਅਤ ਦਾ ਭਗਵਾਕਰਨ ਕਰਨ ਵਾਲੇ ਹੋ ਰਹੇ ਅਮਲਾਂ ਵਿਚ ਇਹ ਲੋਕ ਖ਼ਾਲਸਾ ਪੰਥ ਦੇ ਸਭ ਤੋ ਵੱਡੇ ਦੋਸ਼ੀ ਹਨ । ਇਨ੍ਹਾਂ ਦੀਆਂ ਮੰਦਭਾਵਨਾ ਤੇ ਸਵਾਰਥੀ ਨੀਤੀਆ ਦੀ ਬਦੌਲਤ ਹੀ ਜਥੇਦਾਰ ਸਾਹਿਬਾਨ ਨੂੰ ਸਰਬਉੱਚ ਅਹੁਦਿਆ ਤੋ ਅਪਮਾਨਿਤ ਤਰੀਕੇ ਪਾਸੇ ਕੀਤੇ ਗਏ ਹਨ । ਕਿਉਂਕਿ ਹਿੰਦੂਆਂ ਨੇ ਕਦੀ ਵੀ ਰਾਜ ਨਹੀ ਕੀਤਾ ਅਤੇ ਨਾ ਹੀ ਇਨ੍ਹਾਂ ਨੂੰ ਰਾਜ ਭਾਗ ਦੇ ਨਿਯਮਾਂ, ਕਦਰਾਂ ਕੀਮਤਾਂ ਤੇ ਮਾਣ-ਸਨਮਾਨ ਦੀ ਕੋਈ ਕੌਮਾਂਤਰੀ ਪੱਧਰ ਦੀ ਜਾਣਕਾਰੀ ਹੈ । ਨਹਿਰੂ ਅਤੇ ਗਾਂਧੀ ਸਮੇ ਸਾਤੁਰ ਭਰੀ ਸੋਚ ਅਧੀਨ ਹਿੰਦੂਆਂ ਨੇ ਆਪਣਾ ਰਾਜ ਇੰਡੀਆ ਲੈ ਲਿਆ ਅਤੇ ਜਿਨਾਹ ਨੇ ਮੁਸਲਿਮ ਰਾਜ ਪਾਕਿਸਤਾਨ ਲੈ ਲਿਆ । ਇੰਡੀਆ ਵਿਚ ਸਿੱਖ ਹਿੰਦੂਆ ਦੇ ਗੁਲਾਮ ਹਨ ਅਤੇ ਪਾਕਿਸਤਾਨ ਵਿਚ ਮੁਸਲਮਾਨਾਂ ਦੇ ਗੁਲਾਮ ਹਨ । ਲੇਕਿਨ ਤੀਸਰੀ ਸਿੱਖ ਕੌਮ ਜੋ ਕੇਵਲ ਇਨ੍ਹਾਂ ਲਈ ਹੀ ਲੜਦੀ ਰਹੀ ਅਤੇ ਇਥੋ ਅੰਗੇਰਜ਼ਾਂ ਨੂੰ ਭਜਾਉਣ ਵਿਚ ਮੋਹਰੀ ਰਹੀ, ਉਸ ਨੂੰ ਕੁਝ ਨਾ ਮਿਲਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਲਕਾਂ ਅਤੇ ਕੌਮਾਂ ਦੇ ਆਪਣੇ ਮੁਫਾਦਾਂ ਪ੍ਰਤੀ ਸੰਜ਼ੀਦਾ ਰਹਿਣ ਦੀ ਗੱਲ ਕਰਦੇ ਹੋਏ ਅਤੇ ਆਪਣੀ ਕੌਮੀ ਮੁਫਾਦਾਂ ਨੂੰ ਪਿੱਠ ਦੇ ਕੇ ਨਿੱਜੀ ਤੇ ਮਾਲੀ ਸਵਾਰਥਾਂ ਲਈ ਕੌਮੀ ਨੁਕਸਾਨ ਕਰਵਾਉਣ ਵਾਲੇ ਰਵਾਇਤੀਆ ਵੱਲੋ ਖ਼ਾਲਸਾ ਪੰਥ ਦਾ ਵੱਡੇ ਪੱਧਰ ਤੇ ਨੁਕਸਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵੱਡਮੁੱਲੀ ਸੋਚ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸਾਹੀ’ ਦਿੱਤੀ ਸੀ, ਉਸ ਉਤੇ ਸਾਡੀ ਰਵਾਇਤੀ ਲੀਡਰਸਿਪ ਵੱਲੋਂ ਕੋਈ ਅਮਲ ਨਾ ਕਰਨ ਦੀ ਗੱਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨੇ ਵੀ ਅੰਗਰੇਜ਼ਾਂ ਨੂੰ ਇਥੋ ਕੱਢਣ ਲਈ ਕਾਲੇਪਾਣੀ ਦੀਆਂ ਸਜਾਵਾਂ ਕੱਟੀਆ । ਉਨ੍ਹਾਂ ਕਿਹਾ ਕਿ ਜਿਥੇ ਸਾਡੀ ਦਿਸ਼ਾਹੀਣ ਗੈਰ ਸਿਧਾਤਿਕ ਕੰਮਜੋਰ ਲੀਡਰਸਿਪ ਨੇ ਸਾਡੀਆ ਸਿੱਖੀ ਸੰਸਥਾਵਾਂ ਤੇ ਉੱਚ ਮਰਿਯਾਦਾਵਾ ਦਾ ਘਾਣ ਕੀਤਾ ਹੈ, ਉਥੇ ਜੋ ਮੌਜੂਦਾ ਸਮੇ ਵਿਚ ਟਰੈਵਲ ਏਜੰਟ ਹਨ ਉਹ ਆਪਣੇ ਮਾਲੀ ਹਾਲਾਤਾਂ ਨੂੰ ਮਜਬੂਤ ਕਰਨ ਲਈ ਪੰਜਾਬੀ ਅਤੇ ਸਿੱਖ ਬੱਚਿਆਂ ਨੂੰ ਦਾੜੀ ਅਤੇ ਕੇਸ ਮੁਨਵਾਕੇ ਬਾਹਰ ਭੇਜਣ ਦੀ ਸਲਾਹ ਦਿੰਦੇ ਹੋਏ ਸਾਡੀ ਸਿੱਖੀ ਨੂੰ ਖਤਮ ਕਰਨ ਦੇ ਵੱਡੇ ਦੋਸ਼ੀ ਬਣ ਰਹੇ ਹਨ ਅਤੇ ਸਾਡੀ ਨੌਜਵਾਨੀ ਨੂੰ ਆਪਣੀ ਸਿੱਖੀ ਸੋਚ ਤੋ ਥਿੜਕਾਉਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਜਦੋ ਅਸੀ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਅਤੇ ਸੰਤ ਜੀ ਦੀ ਆਜਾਦੀ ਪੱਖੀ ਸੋਚ ਦੇ ਹਾਮੀ ਹਾਂ ਫਿਰ ਇਹ ਬਾਦਲ ਦਲੀਏ ਹਿੰਦੂਵ ਸੋਚ ਦੇ ਗੁਲਾਮ ਕਿਉਂ ਬਣ ਗਏ ਹਨ ? ਜੋ ਆਪਣੇ ਆਪ ਨੂੰ ਸ. ਕਰਨੈਲ ਸਿੰਘ ਪੀਰਮੁਹੰਮਦ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ ਤੇ ਭਾਈ ਰਾਮ ਸਿੰਘ ਵਰਗੇ ਕਹਿੰਦੇ ਹਨ ਕਿ ਅਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਲਿਆ ਦੇ ਸਾਥ ਦਾ ਨਿੱਘ ਮਾਣਿਆ ਹੈ, ਅੱਜ ਉਹ ਇਨ੍ਹਾਂ ਹਿੰਦੂਤਵ ਜਮਾਤਾਂ ਦੇ ਗੁਲਾਮ ਬਾਦਲ ਦਲੀਆ ਦੇ ਗੁਲਾਮ ਕਿਵੇ ਬਣ ਗਏ ? ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ । ਜਿਨ੍ਹਾਂ ਨੇ ਸਾਡੇ ਗੁਰਧਾਮਾਂ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਉਹ ਅਤੇ ਕਾਮਰੇਡਾਂ ਸਿੱਖਾਂ ਨੂੰ ਇਹ ਸਮਝ ਹੀ ਨਹੀ ਕਿ ਸਾਡੇ ਦੋਸਤ ਕੌਣ ਹਨ ਅਤੇ ਦੁਸਮਣ ਕੌਣ ਹਨ।
ਜੋ ਕਾਮਰੇਡ ਸੋਚ ਵਾਲੇ ਕਿਸਾਨ ਹਨ, ਉਨ੍ਹਾਂ ਨੇ 2024 ਦੀ ਪਾਰਲੀਮੈਟ ਚੋਣਾਂ ਵਿਚ ਜੋ ਕਿਸਾਨਾਂ, ਮਜਦੂਰਾਂ, ਪੰਜਾਬ, ਪੰਜਾਬੀਆਂ ਦੇ ਹਿੱਤਾ ਲਈ ਅਸੀ ਲੜਦੇ ਆ ਰਹੇ ਹਾਂ, ਸਾਨੂੰ ਇਨ੍ਹਾਂ ਕਿਸਾਨਾਂ ਨੇ ਹਰਾ ਦਿੱਤਾ ਅਤੇ ਉਸ ਆਮ ਆਦਮੀ ਪਾਰਟੀ ਨੂੰ ਜਿਤਾ ਦਿੱਤਾ ਜੋ ਅੱਜ ਸ਼ਾਂਤਮਈ ਰੋਸ ਧਰਨੇ ਕਰਨ ਵਾਲੇ ਕਿਸਾਨਾਂ ਨੂੰ ਚੰਡੀਗੜ੍ਹ ਵਿਚ ਦਾਖਲ ਨਹੀ ਹੋਣ ਦਿੱਤਾ । ਜਦੋਕਿ ਚੰਡੀਗੜ੍ਹ ਤਾਂ ਯੂਟੀ ਖੇਤਰ ਹੈ । ਉਥੇ ਸ. ਭਗਵੰਤ ਸਿੰਘ ਮਾਨ ਦੇ ਹੁਕਮ ਨਹੀ ਚੱਲ ਸਕਦੇ, ਉਥੇ ਤਾਂ ਗਵਰਨਰ ਦੇ ਅਧੀਨ ਹੀ ਕੋਈ ਅਮਲ ਹੁੰਦੇ ਹਨ । ਇਸ ਗੱਲ ਨੂੰ ਕਾਮਰੇਡ ਸੋਚ ਵਾਲੇ ਕਿਸਾਨ ਸਮਝ ਨਹੀ ਸਕੇ । ਉਨ੍ਹਾਂ ਕਿਹਾ ਕਿ ਇਹ ਵੀ ਹੈਰਾਨੀ ਤੇ ਦੁੱਖ ਵਾਲੀ ਗੱਲ ਹੈ ਕਿ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਹੁਣੇ ਹੀ ਕੁੰਭ ਮੇਲੇ ਵਿਚ ਗੰਗਾ ਇਸਨਾਨ ਕਰਨ ਦੇ ਨਾਲ-ਨਾਲ ਜਲ ਵੀ ਪੀਕੇ ਆਏ ਹਨ । ਜਦੋਕਿ ਗੰਗਾ ਦਾ ਪਾਣੀ ਲੈਬ ਵਿਚ ਟੈਸਟ ਕੀਤਾ ਗਿਆ ਹੈ, ਜਿਸ ਵਿਚ ਇਨਸਾਨੀ ਮਲ-ਮੂਤਰ ਅਤੇ ਤੇਜਾਬੀ ਗੰਧਲਾ ਪਾਣੀ ਵੱਡੀ ਮਾਤਰਾ ਵਿਚ ਪਾਇਆ ਗਿਆ ਹੈ । ਹੁਣ ਜਦੋ ਫੈਕਟਰੀਆਂ, ਸੀਵਰੇਜ ਅਤੇ ਹੋਰ ਗੰਧਲੇ ਪਾਣੀ ਗੰਗਾ ਵਿਚ ਜਾ ਰਿਹਾ ਹੈ ਅਤੇ ਇਹ ਜਲ ਉਨ੍ਹਾਂ ਦੇ ਪੇਟ ਵਿਚ ਚਲੇ ਗਿਆ ਹੈ । ਤਾਂ ਉਨ੍ਹਾਂ ਦੇ ਪੇਟ, ਖੂਨ, ਪੇਸ਼ਾਬ ਦਾ ਨਿਰੀਖਣ ਕਰਨਾ ਜਰੂਰੀ ਹੈ ਕਿ ਉਨ੍ਹਾਂ ਦੇ ਪੇਟ ਵਿਚ ਬਿਮਾਰੀਆ ਨੇ ਘਰ ਤਾਂ ਨਹੀ ਕਰ ਲਿਆ । ਸਾਡੀ ਗੰਗਾ ਤਾਂ ਗੋਇੰਦਵਾਲ ਸਾਹਿਬ ਦੀ ਬਾਊਲੀ ਅਤੇ ਸ੍ਰੀ ਰਾਮਦਾਸ ਸਰੋਵਰ ਅੰਮ੍ਰਿਤਸਰ ਹਨ । ਲੇਕਿਨ ਦੁੱਖ ਤੇ ਅਫਸੋਸ ਹੈ ਕਿ ਹੁਣ ਅੰਮ੍ਰਿਤਸਰ ਦੇ ਭਗਤਾਵਾਲਾ ਡੰਪ ਜਿਥੇ ਬਣਾਇਆ ਗਿਆ ਹੈ, ਉਸਦੇ ਥੱਲ੍ਹੇ ਲੀਕੇਜ ਹੋ ਕੇ ਬਿਮਾਰੀਆ ਵਾਲੇ ਸਭ ਤੱਤ ਧਰਤੀ ਹੇਠਲੇ ਪਾਣੀ ਵਿਚ ਸਮਾਅ ਜਾਣ ਨੂੰ, ਬੰਦ ਕਰਨ ਲਈ ਕਿਸੇ ਤਰ੍ਹਾਂ ਦੀ ਪਲਾਸਟਿਕ ਸੀਟ ਵਗੈਰਾਂ ਨਹੀ ਵਿਛਾਈ ਗਈ । ਜਿਸ ਨਾਲ ਇਸ ਡੰਪ ਦੇ ਸਭ ਖਤਰਨਾਕ ਕੈਮੀਕਲ, ਭਾਰੀ ਧਾਤਾ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਭ ਤੱਤ ਧਰਤੀ ਹੇਠਲੇ ਪਾਣੀ ਵਿਚ ਜਾ ਰਹੇ ਹਨ । ਬੇਸੱਕ ਅਸੀ ਰਾਮਦਾਸ ਸਰੋਵਰ ਦੇ ਆਲੇ ਦੁਆਲੇ ਤਾਂ ਕੰਧਾ ਹਨ, ਪਰ ਉਸਦੀ ਸਤ੍ਹਾ ਥੱਲ੍ਹੇ ਧਰਤੀ ਵਾਲੀ ਹੀ ਹੈ ਜਿਸ ਨਾਲ ਇਹ ਸਭ ਕੈਮੀਕਲ ਅਤੇ ਗੰਧਲਾ ਪਾਣੀ ਸਰੋਵਰ ਦੇ ਪਵਿੱਤਰ ਜਲ ਵਿਚ ਵੀ ਸਾਮਿਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸੇ ਤਰ੍ਹਾਂ ਲੁਧਿਆਣੇ ਦੇ ਬੁੱਢੇ ਨਾਲੇ ਦੇ ਗੰਦ ਦਾ ਵੀ ਕੋਈ ਪ੍ਰਬੰਧ ਨਹੀ ਕੀਤਾ ਜਾ ਰਿਹਾ ਜੋ ਪੰਜਾਬ ਸਰਕਾਰ ਤੇ ਸੈਟਰ ਸਰਕਾਰ ਦੇ ਇਨਸਾਨੀਅਤ ਵਿਰੋਧੀ ਅਮਲ ਹਨ ।