ਜੋ ਸ੍ਰੀ ਟਰੰਪ ਵੱਲੋ ਇੰਡੀਆ ਨੂੰ ਟੈਰਿਫ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਇਸ ਨਾਲ ਆਮ ਆਦਮੀ ਨੂੰ ਵੱਡਾ ਫਾਇਦਾ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਾਰਚ ( ) “ਜੋ ਅਮਰੀਕਾ ਵਰਗੇ ਮੁਲਕਾਂ ਤੋ ਵੱਖ-ਵੱਖ ਤਰ੍ਹਾਂ ਦੀਆਂ ਖਾਣ ਪੀਣ, ਬਿਜਲਈ ਅਤੇ ਹੋਰ ਘਰੇਲੂ ਵਰਤੋ ਵਿਚ ਆਉਣ ਵਾਲੀਆ ਵਸਤਾਂ ਇੰਡੀਆਂ ਆ ਰਹੀਆ ਹਨ, ਉਨ੍ਹਾਂ ਤੇ ਜੋ ਇੰਡੀਆ ਨੇ ਟੈਰਿਫ ਲਗਾਇਆ ਹੋਇਆ ਹੈ, ਉਸ ਨੂੰ ਜੋ ਘੱਟ ਕਰਨ ਦੀ ਸ੍ਰੀ ਟਰੰਪ ਗੱਲ ਕਰ ਰਹੇ ਹਨ, ਇਸ ਨਾਲ ਜਿਥੇ ਇੰਡੀਆ ਦੇ ਆਮ ਲੋਕਾਂ ਨੂੰ ਮਾਲੀ ਤੌਰ ਤੇ ਵੱਡਾ ਫਾਇਦਾ ਹੋਵੇਗਾ, ਉਥੇ ਇਥੋ ਦੇ ਨਿਵਾਸੀਆ ਨੂੰ ਉਹ ਹਰ ਤਰ੍ਹਾਂ ਦੀਆਂ ਆਧੁਨਿਕ ਵਸਤਾਂ ਸਹੀ ਕੀਮਤਾਂ ਤੇ ਪ੍ਰਾਪਤ ਹੋਣਗੀਆ । ਜਿਨ੍ਹਾਂ ਉਤੇ ਬੀਤੇ ਸਮੇ ਦੇ ਨਹਿਰੂ ਵਰਗੇ ਹੁਕਮਰਾਨਾਂ ਨੇ ਰੋਕ ਲਗਾਈ ਹੋਈ ਸੀ । ਜੇਕਰ ਟੈਰਿਫ ਘੱਟ ਹੋ ਰਹੇ ਹਨ, ਫਿਰ ਚੀਨ ਇੰਡੀਆ ਨਾਲ ਟਰੇਡ ਕਿਵੇ ਕਰ ਰਿਹਾ ਹੈ? ਉਨ੍ਹਾਂ ਨੇ 1962 ਵਿਚ 39000 ਸਕੇਅਰ ਵਰਗ ਕਿਲੋਮੀਟਰ ਅਤੇ 2020 ਅਤੇ 2022 ਵਿਚ 8000 ਵਰਗ ਕਿਲੋਮੀਟਰ ਲਦਾਖ ਦੇ ਵੱਡੇ ਖੇਤਰਫਲ ਉਤੇ ਕਬਜਾ ਕੀਤਾ ਹੋਇਆ ਹੈ । ਜਦੋਕਿ ਦੁਸਮਣੀ ਤਾਂ ਹਿੰਦੂਆਂ ਤੇ ਮੁਸਲਮਾਨਾਂ ਵਿਚ ਹੈ । ਸਾਡੀ ਦੁਸਮਣੀ ਨਾ ਤਾਂ ਮੁਸਲਮਾਨਾਂ ਨਾਲ ਨਾ ਹੀ ਹਿੰਦੂਆ ਨਾਲ ਹੈ । ਫਿਰ ਹੁਕਮਰਾਨ ਸਾਡੀ ਤੀਜੀ ਧਿਰ ਸਿੱਖ ਕੌਮ ਦਾ ਹਰ ਖੇਤਰ ਵਿਚ ਕਚੂਮਰ ਕਿਉਂ ਕੱਢ ਰਹੇ ਹਨ ਅਤੇ ਸਰਹੱਦਾਂ ਨਾ ਖੋਲ੍ਹਕੇ ਸਾਡੀ ਮਾਲੀ ਹਾਲਤ ਤੇ ਵਪਾਰ ਨੂੰ ਕਿਉਂ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ? ਜੇਕਰ ਇਹ ਸਾਡੀਆ ਸੁਲੇਮਾਨਕੀ, ਅਟਾਰੀ, ਵਾਹਗਾ, ਹੁਸੈਨੀਵਾਲਾ ਸਰਹੱਦਾਂ ਵਪਾਰ ਲਈ ਖੋਲ ਦੇਣ ਤਾਂ ਇਸ ਨਾਲ ਸਾਡੇ ਹਰ ਤਰ੍ਹਾਂ ਦੇ ਉਤਪਾਦ ਦੂਸਰੇ ਮੁਲਕਾਂ ਵਿਚ ਜਾਣਗੇ ਅਤੇ ਸਾਨੂੰ ਚੰਗੀਆ ਕੀਮਤਾਂ ਪ੍ਰਾਪਤ ਹੋਣਗੀਆ ਜਿਸ ਨਾਲ ਪੰਜਾਬੀਆ ਤੇ ਸਿੱਖ ਕੌਮ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ । ਫਿਰ ਸਾਡੀ ਜੁਬਾਨ, ਬੋਲੀ, ਭਾਸਾ, ਸੱਭਿਆਚਾਰ, ਵਿਰਸਾ-ਵਿਰਾਸਤ, ਪਾਕਿਸਤਾਨ ਨਾਲ ਇਕਮਿਕ ਹਨ । ਉਥੇ ਸਾਡੇ ਵੱਡੀ ਗਿਣਤੀ ਵਿਚ ਗੁਰੂਘਰ ਜਿਨ੍ਹਾਂ ਵਿਛੜੇ ਗੁਰਧਾਮਾਂ ਦੇ ਦਰਸਨਾਂ ਲਈ ਅਸੀ ਦੋਵੇ ਸਮੇ ਅਰਦਾਸ ਕਰਦੇ ਹਾਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਵੱਲੋ ਆਪਣੀਆ ਅਮਰੀਕਨ ਵਸਤਾਂ ਇੰਡੀਆ ਵਿਚ ਖੁੱਲ੍ਹੇਆਮ ਭੇਜਣ ਹਿੱਤ ਇੰਡੀਆ ਨੂੰ ਟੈਰਿਫ ਘੱਟ ਕਰਨ ਦੀ ਗੱਲ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਇਸ ਨਾਲ ਸਮੁੱਚੇ ਇੰਡੀਅਨ ਨਿਵਾਸੀਆ ਨੂੰ ਵੱਡਾ ਆਰਥਿਕ ਫਾਇਦਾ ਹੋਣ ਦਾ ਦਾਅਵਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਪੰਜਾਬ ਦੇ ਜਿੰਮੀਦਾਰਾਂ ਉਤੇ ਆਪਣੇ ਪਣ ਦਾ ਤੰਜ ਕੱਸਦੇ ਹੋਏ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੇ ਜਿੰਮੀਦਾਰਾਂ, ਮਜਦੂਰਾਂ ਦੇ ਹੱਕ-ਹਕੂਕਾ ਲਈ ਅਤੇ ਉਨ੍ਹਾਂ ਨਾਲ ਹੋ ਰਹੀ ਬੇਇਨਸਾਫ਼ੀ ਲਈ ਹਮੇਸ਼ਾਂ ਆਵਾਜ ਉਠਾਉਦਾ ਹੈ, ਉਸ ਨੂੰ ਕਿਸਾਨਾਂ ਵੱਲੋ ਵੋਟਾਂ ਨਾ ਪਾ ਕੇ ਅਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਬਜਰ ਗੁਸਤਾਖੀ ਕਿਉਂ ਕੀਤੀ ਹੈ, ਸਾਨੂੰ ਕਿਉਂ ਹਰਾਇਆ ਹੈ ? ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਤੇ ਜਿੰਮੀਦਾਰਾਂ ਨੇ ਸ. ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ ਹੁਣ ਉਹ ਸੈਟਰ ਦੀ ਬੀਜੇਪੀ ਨਾਲ ਮਿਲਕੇ ਸਾਡੀ ਰਾਜਧਾਨੀ ਚੰਡੀਗੜ੍ਹ ਵਿਚ ਇਨ੍ਹਾਂ ਕਿਸਾਨਾਂ ਨੂੰ ਸਾਤਮਈ ਰੋਸ ਮੁਜਾਹਰੇ ਕਰਨ ਦੀ ਵੀ ਇਜਾਜਤ ਨਹੀ ਦੇ ਰਿਹਾ । ਫਿਰ ਇਥੇ ਚੰਡੀਗੜ੍ਹ ਵਿਚ ਸਾਡੇ ਕਿਸੇ ਵੀ ਪੰਜਾਬੀ ਜਾਂ ਸਿੱਖ ਦੀ ਭਰਤੀ ਨਹੀ ਕੀਤੀ ਜਾ ਰਹੀ । ਜੋ ਸਾਡੇ ਨਾਲ ਵੱਡਾ ਘੋਰ ਵਿਤਕਰਾ ਹੈ । ਜਿਥੋ ਤੱਕ ਕਾਮਰੇਡ ਕਿਸਾਨ ਆਗੂਆ ਦੀ ਗੱਲ ਹੈ, ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਕਾਮਰੇਡਾ ਦੇ ਆਗੂ ਸ੍ਰੀ ਕਾਰਲ ਮਾਰਕਸ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੋ ਸੇਧ ਲੈਕੇ ਹੀ ਆਪਣਾ ਸੰਘਰਸ ਸੁਰੂ ਕੀਤਾ ਅਤੇ ਜੋ ਸ੍ਰੀ ਕਾਰਲ ਮਾਰਕਸ ਨੇ ਡੈਸ ਕੈਪੀਟਲ ਕਿਤਾਬ ਲਿਖੀ ਹੈ ਉਹ ਵੀ ਸਾਡੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਹੈ । ਫਿਰ ਇਨ੍ਹਾਂ ਨੂੰ ਹੁਣ ਡੂੰਘਾਈ ਨਾਲ ਸੋਚਣ ਦੀ ਲੋੜ ਹੈ ਕਿ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਇਨ੍ਹਾਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਸਪੋਰਟ ਕਿਉ ਕੀਤਾ, ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਿਚ ਸਹਿਯੋਗ ਕਿਉ ਕੀਤਾ, ਇਥੋ ਤੱਕ ਸਾਡੇ ਬੇਸਕੀਮਤੀ ਤੋਸਾਖਾਨਾ ਵਿਚ ਸਥਿਤ ਅਮੁੱਲ ਵਸਤਾਂ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚ ਇਤਿਹਾਸਿਕ ਮਹਾਨ ਦਸਤਾਵੇਜ ਵੀ ਅੱਜ ਤੱਕ ਸਾਨੂੰ ਵਾਪਸ ਨਹੀ ਕੀਤੇ ਗਏ । ਸਾਡੇ ਲਈ ਨਾ ਕੋਈ ਜੱਜ ਹੈ, ਨਾ ਇਨਸਾਫ ਹੈ । ਗ੍ਰਹਿ,ਰੱਖਿਆ, ਵਿਦੇਸ ਅਤੇ ਵਿੱਤ ਵਿਭਾਗ ਜਿਨ੍ਹਾਂ ਵਿਚੋ ਇਕ ਵਿਚ ਸਾਡੀ ਸਿੱਖਾਂ ਦੀ ਸਰਦਾਰੀ ਹੁੰਦੀ ਸੀ, ਉਹ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੇ ਬਿਲਕੁਲ ਖਤਮ ਕਰ ਦਿੱਤਾ ਹੈ । ਜਿਸ ਤੋ ਇਹ ਪ੍ਰਤੱਖ ਹੁੰਦਾ ਹੈ ਕਿ ਜਿਥੇ ਘਰ ਵਿਚ ਹੀ ਦਰਿਆ ਚੱਲ ਰਿਹਾ ਹੈ, ਉਥੇ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ ਵਾਲੀ ਕਹਾਵਤ ਪ੍ਰਤੱਖ ਹੋ ਰਹੀ ਹੈ ।
ਸ. ਮਾਨ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ, ਕੌਮਾਂ, ਧਰਮਾਂ, ਵਰਗਾਂ ਤੇ ਫਿਰਕਿਆ ਨੂੰ ਬਰਾਬਰਤਾ ਦੇ ਆਧਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਿਸਾਵਾ ਵੱਲ 4 ਦਰਵਾਜੇ ਰੱਖਕੇ ਸਭ ਭੇਦਭਾਵ ਤੇ ਊਚ ਨੀਚ ਮਿਟਾਉਣ ਦੇ ਅਮਲ ਕੀਤੇ ਹਨ । ਜਦੋਕਿ ਇਨ੍ਹਾਂ ਕਾਮਰੇਡਾਂ ਦੇ ਦਫਤਰ ਦਾ ਇਕੋ ਦਰਵਾਜਾ ਹੈ ਜਿਥੋ ਆਉਣਾ ਤੇ ਜਾਣਾ ਪੈਦਾ ਹੈ । ਜਦੋਕਿ ਇਕ ਸੂਝਵਾਨ ਜਰਨੈਲ ਇਕ ਪਾਸੇ ਤੋ ਹਮਲਾ ਨਹੀ ਕਰਦਾ, ਬਲਕਿ ਹੋਰ ਗੁਜਾਇਸ ਰੱਖਦਾ ਹੈ ਤਾਂ ਕਿ ਜੇਕਰ ਇਕ ਹਮਲਾ ਫੇਲ ਹੋ ਜਾਵੇ ਤਾਂ ਦੂਸਰੇ ਪਾਸਿਓ ਆਪਣੇ ਮਿਸਨ ਦੀ ਪ੍ਰਾਪਤੀ ਕੀਤੀ ਜਾ ਸਕੇ ।