ਕੌਮ ਵਿਚ ਵਿਚਰਣ ਵਾਲੇ ਪਹਾੜਾਂ ਸਿੰਘਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਾਰਚ ( ) “ਜੋ ਅੱਜ ਸਿੱਖ ਕੌਮ ਦੀ ਮੀਰੀ-ਪੀਰੀ ਨਾਲ ਸੰਬੰਧਤ ਸਰਬਉੱਚ ਮਹਾਨ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾਂ ਤੇ ਮਾਣ-ਸਨਮਾਨ ਨੂੰ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ, ਇਹ ਕੌਮ ਵਿਚ ਵਿਚਰ ਰਹੇ ਕੁਝ ਪਹਾੜਾਂ ਸਿੰਘਾਂ ਵੱਲੋ ਆਪਣੇ ਸਵਾਰਥੀ ਸਿਆਸੀ ਹਿੱਤਾ ਦੀ ਪੂਰਤੀ ਲਈ ਇਨ੍ਹਾਂ ਸੰਸਥਾਵਾਂ ਦੇ ਵਿਕਾਰ ਨੂੰ ਖੋਰਾ ਲਗਾਇਆ ਜਾ ਰਿਹਾ ਹੈ । ਇਸ ਸਮੇ ਬੀਜੇਪੀ-ਆਰ.ਐਸ.ਐਸ. ਦੀ ਗੁੱਝੀ ਭੂਮਿਕਾ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਜੋ ਲੋਕ ਅਜਿਹੇ ਗੈਰ ਸਿਧਾਤਿਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਕਰ ਰਹੇ ਹਨ । ਉਹ ਅੱਜ ਵੀ ਬੀਜੇਪੀ-ਆਰ.ਐਸ.ਐਸ ਦੇ ਗੁਲਾਮ ਬਣੇ ਨਜਰ ਆ ਰਹੇ ਹਨ ਅਤੇ ਇਹ ਫਿਰਕੂ ਜਮਾਤਾਂ ਖਾਲਸਾ ਪੰਥ ਦੇ ਉੱਚੇ-ਸੁੱਚੇ ਕਿਰਦਾਰ ਤੇ ਕੌਮਾਂਤਰੀ ਅਕਸ ਨੂੰ ਸੱਟ ਮਾਰਨ ਹਿੱਤ ਅਜਿਹੇ ਪਹਾੜਾਂ ਸਿੰਘਾਂ ਦੀ ਦੁਰਵਰਤੋ ਕਰ ਰਹੀਆ ਹਨ । ਜਿਸ ਤੋ ਸਿੱਖ ਕੌਮ ਨੂੰ ਸੁਚੇਤ ਰਹਿਕੇ ਆਪਣੀਆ ਮਹਾਨ ਕੌਮੀ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਨੂੰ ਸੂਝਵਾਨਤਾ ਨਾਲ ਦੂਰ ਕਰਕੇ ਦੁਸਮਣ ਤਾਕਤਾਂ ਤੇ ਉਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਦਾ ਹਿੱਸਾ ਬਣਨ ਵਾਲੀਆ ਕਾਲੀਆ ਭੇਡਾਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਖਾਤਮਾ ਕਰਨ ਲਈ ਸਮੂਹਿਕ ਰੂਪ ਵਿਚ ਸਾਂਝੇ ਉਦਮ ਕਰਨੇ ਪੈਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਮੀਰੀ-ਪੀਰੀ ਦੀ ਸੰਸਥਾਂ ਉਤੇ ਕਾਬਜ ਧਿਰ ਵੱਲੋ ਕੀਤੀਆ ਜਾ ਰਹੀਆ ਗੈਰ ਸਿਧਾਤਿਕ ਅਤੇ ਮਰਿਯਾਦਾਵਾ ਦਾ ਘਾਣ ਕਰਨ ਵਾਲੀਆ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਅਮਲ ਵਿਚ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਦੀਆਂ ਮੰਦਭਾਵਨਾਵਾ ਨੂੰ ਵੀ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਵਰਗੀਆ ਫਿਰਕੂ ਜਮਾਤਾਂ ਦੀਆਂ ਸਿੱਖ ਵਿਰੌਧੀ ਨੀਤੀਆ ਤੇ ਅਮਲਾਂ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਦੀ ਬਦੌਲਤ ਇਹ ਲੋਕ ਇਨ੍ਹਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਹੀ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲਿਆ ਨੂੰ ਕਾਨੂੰਨੀ ਮਾਰ ਤੋ ਬਚਾਉਦੇ ਹੀ ਨਹੀ ਆ ਰਹੇ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾਂ ਦੀ ਦੁਰਵਰਤੋ ਕਰਕੇ ਦੋਸ਼ੀ ਸਿਰਸੇਵਾਲੇ ਸਾਧ ਤੇ ਉਨ੍ਹਾਂ ਦੇ ਚੇਲਿਆ ਨੂੰ ਬਰੀ ਕਰਦੇ ਰਹੇ ਹਨ । ਫਿਰ ਇਨ੍ਹਾਂ ਵੱਲੋ ਆਪਣੀ ਜਾਲਮ ਜਾਬਰ ਪੁਲਿਸ ਅਫਸਰਾਂ ਰਾਹੀ ਕੋਟਕਪੂਰਾ ਵਿਖੇ 2 ਸਿੱਖ ਨੌਜਵਾਨ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਕਤਲ ਕਰਵਾਇਆ ਗਿਆ । ਇਨ੍ਹਾਂ ਦੇ ਹੀ ਹੁਕਮਾਂ ਅਧੀਨ ਜਸਪਾਲ ਸਿੰਘ ਚੌੜਸਿੱਧਵਾ, ਦਰਸ਼ਨ ਸਿੰਘ ਲੋਹਾਰਾ ਵਰਗੇ ਸਿੱਖਾਂ ਦੇ ਕਤਲ ਹੋਏ । ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਵੱਡੀ ਗਿਣਤੀ ਵਿਚ ਮਾਰਨ ਲਈ ਮੌਜੂਦਾ ਐਸ.ਜੀ.ਪੀ.ਸੀ ਤੇ ਕਾਬਜ ਬਾਦਲ ਪਰਿਵਾਰ ਮੋਹਰੀ ਰਿਹਾ ਹੈ । ਇਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਹੋਏ । ਜਿਨ੍ਹਾਂ ਦਾ ਅੱਜ ਤੱਕ ਸਿੱਖ ਕੌਮ ਨੂੰ ਕੋਈ ਇਨਸਾਫ ਨਹੀ ਮਿਲਿਆ । ਇਨ੍ਹਾਂ ਗੈਰ ਸਿਧਾਤਿਕ ਅਤੇ ਫਿਰਕੂ ਲੋਕਾਂ ਦੇ ਗੁਲਾਮ, ਸਿਆਸਤਦਾਨਾਂ ਵੱਲੋ ਐਸ.ਜੀ.ਪੀ.ਸੀ ਵਿਚ ਰੁਮਾਲਿਆ, ਚੰਦੋਇਆ ਦੇ ਵੱਡੇ ਘਪਲੇ ਹੋਏ । ਗੁਰੂਘਰਾਂ ਲਈ ਦੇਸ਼ੀ ਘੀ ਅਤੇ ਹੋਰ ਵਸਤਾਂ ਦੀ ਖਰੀਦੋ ਫਰੋਖਤ ਸਮੇ ਗਬਨ ਹੋਏ । ਐਸ.ਜੀ.ਪੀ.ਸੀ ਦੀਆਂ ਕੌਮੀ ਜਮੀਨਾਂ ਨੂੰ ਇਨ੍ਹਾਂ ਵੱਲੋ ਕੌਡੀਆ ਦੇ ਭਾਅ ਆਪਣੇ ਰਿਸਤੇਦਾਰਾਂ ਨੂੰ ਠੇਕਿਆ ਤੇ ਦਿੱਤੀਆ ਗਈਆ । ਵੱਖ-ਵੱਖ ਵਿਦਿਅਕ ਤੇ ਸਿਹਤਕ ਸੰਸਥਾਵਾਂ ਦੇ ਇਨ੍ਹਾਂ ਵੱਲੋ ਆਪਣੇ ਪਰਿਵਾਰਿਕ ਮੈਬਰਾਂ ਦੇ ਨਾਮ ਟਰੱਸਟ ਬਣਾਕੇ ਕੌਮੀ ਸਰਮਾਏ ਦੀ ਲੁੱਟ ਖਸੁੱਟ ਕੀਤੀ ਜਾਂਦੀ ਰਹੀ ਹੈ ।
ਫਿਰ ਜਦੋ 1994 ਵਿਚ ਪ੍ਰੋ. ਮਨਜੀਤ ਸਿੰਘ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸਮੁੱਚੇ ਧੜਿਆ ਦੀ ਏਕਤਾ ਕਰਵਾਉਦੇ ਹੋਏ ਅੰਮ੍ਰਿਤਸਰ ਐਲਾਨਨਾਮੇ ਅਧੀਨ ਖਾਲਸਾ ਪੰਥ ਦੀ ਅਗਲੀ ਆਨ ਸਾਨ ਵਾਲੀ ਲੜਾਈ ਲੜਨ ਲਈ ਦਸਤਾਵੇਜ ਤਿਆਰ ਕੀਤੇ ਗਏ । ਜਿਸ ਉਤੇ ਜਥੇਦਾਰ ਗੁਰਚਰਨ ਸਿੰਘ ਟੋਹੜਾ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕੈਪਟਨ ਅਮਰਿੰਦਰ ਸਿੰਘ, ਦਾਸ ਸਭ ਨੇ ਦਸਤਖਤ ਕੀਤੇ ਸਨ ਤਾਂ ਉਸ ਸਮੇ ਵੀ ਇਸ ਬਾਦਲ ਪਰਿਵਾਰ ਦੇ ਕਰਤਾ-ਧਰਤਾ ਸ. ਪ੍ਰਕਾਸ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਤਿਆਰ ਕੀਤੇ ਗਏ ਅੰਮ੍ਰਿਤਸਰ ਐਲਾਨਨਾਮੇ ਦੀ ਏਕਤਾ ਤੋ ਭਗੌੜੇ ਹੋ ਗਏ ਸਨ । ਫਿਰ 14 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਹੀ ਹੋ ਰਹੀਆ । ਜਿਸ ਲਈ ਇਹ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ । ਕਿਉਂਕਿ ਇਹ ਚੋਣਾਂ ਕਰਵਾਕੇ ਖਾਲਸਾ ਪੰਥ ਦਾ ਫਿਰ ਤੋ ਫਤਵਾ ਲੈਣ ਤੋ ਮੁਨਕਰ ਹੁੰਦੇ ਆ ਰਹੇ ਹਨ । ਅਸਲੀਅਤ ਵਿਚ ਇਹ ਲੋਕ ਹੀ ਸਿੱਖ ਕੌਮ ਦੀਆਂ ਉੱਚ ਮਰਿਯਾਦਾਵਾਂ ਅਤੇ ਸੰਸਥਾਵਾਂ ਦਾ ਨੁਕਸਾਨ ਕਰਨ ਦੇ ਭਾਗੀ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਦੀਆਂ ਅਜਿਹੀਆ ਖਾਲਸਾ ਪੰਥ ਵਿਰੋਧੀ ਕਾਰਵਾਈਆ ਤੇ ਅਮਲਾਂ ਦੀ ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੀ ਦੁਰਵਰਤੋ ਕਰਨ ਦੇ ਅਮਲਾਂ ਨੂੰ ਅਤਿ ਸਰਮਨਾਕ ਕਰਾਰ ਦਿੰਦੇ ਹੋਏ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕਰਦਾ ਹੈ ਕਿ ਸਮਾਂ ਆ ਚੁੱਕਾ ਹੈ ਕਿ ਅਜਿਹੀਆ ਗੈਰ ਪੰਥਕ, ਗੈਰ ਸਿਧਾਤਿਕ ਅਮਲਾਂ ਤੇ ਕਾਰਵਾਈਆ ਨੂੰ ਬਰਦਾਸਤ ਨਾ ਕਰਕੇ ਆਉਣ ਵਾਲੇ ਸਮੇ ਵਿਚ ਆਪਣੀਆ ਮਹਾਨ ਸੰਸਥਾਵਾਂ ਦੇ ਸੰਸਾਰ ਪੱਧਰ ਦੇ ਉੱਚੇ ਸੁੱਚੇ ਸਤਿਕਾਰ, ਮਾਣ ਸਨਮਾਨ ਅਤੇ ਜਥੇਦਾਰ ਸਾਹਿਬਾਨ ਦੇ ਰੁਤਬਿਆ ਨੂੰ ਬਰਕਰਾਰ ਰੱਖਣ ਲਈ ਵਿਦਵਾਨ, ਬੁੱਧੀਜੀਵੀ ਅਤੇ ਪੰਥਦਰਦੀ ਅੱਗੇ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮੀ ਨਿਸਾਨੇ ਪ੍ਰਤੀ ਕੀਤੀ ਜਾ ਰਹੀ ਜੱਦੋ ਜਹਿਦ ਨੂੰ ਵੀ ਸਹਿਯੋਗ ਕਰਨ ।