ਕਾਮਰੇਡਾਂ, ਕਿਸਾਨਾਂ ਸਭਨਾਂ ਨੂੰ ਵਾਹਗਾ ਸਰਹੱਦ ਖੁੱਲਵਾਉਣ ਲਈ ਸੁਹਿਰਦ ਉਦਮ ਕਰਨੇ ਚਾਹੀਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਜਦੋਂ ਫ਼ੌਜਾਂ ਦਾ ਜਰਨੈਲ ਤੇ ਫ਼ੌਜ ਫੱਸ ਜਾਵੇ ਤਾਂ ਜਰਨੈਲ ਨੂੰ ਕਿਸੇ ਦੂਜੇ ਫਰੰਟ ਤੇ ਵੀ ਉਦਮ ਕਰਨ ਦੀ ਪਲਾਨਿੰਗ ਹੋਣੀ ਚਾਹੀਦੀ ਹੈ ਤਾਂ ਕਿ ਉਸ ਪਾਸਿਓ ਉਹ ਫਤਹਿ ਵੀ ਪ੍ਰਾਪਤ ਕਰ ਸਕਣ ਅਤੇ ਉਸ ਮੁਸਕਿਲ ਵਿਚੋ ਬਚਕੇ ਵੀ ਨਿਕਲ ਸਕਣ । ਹੁਣ ਜਦੋ ਸਮੁੱਚੇ ਸੰਸਾਰ ਵਿਚ ਕਾਮਰੇਡੀ ਸੋਚ ਖਤਮ ਹੋ ਰਹੀ ਹੈ, ਰੂਸ ਵਿਚ ਖਤਮ ਹੋ ਚੁੱਕੀ ਹੈ ਤਾਂ ਹੁਣ ਕਾਮਰੇਡ ਕਿਸਾਨੀ ਆਗੂਆਂ ਵੱਲੋ ਸੱਪ ਲੰਘਣ ਤੋ ਲੀਕ ਨੂੰ ਕੁੱਟਣ ਦਾ ਕੋਈ ਅਰਥ ਨਹੀ ਰਹਿ ਜਾਦਾ । ਇਸ ਲਈ ਸਿਆਣੇ ਜਰਨੈਲ ਦੀ ਤਰ੍ਹਾਂ ਸਾਨੂੰ ਇਕ ਦੀ ਬਜਾਇ ਦੋ ਫਰੰਟਾਂ ਉਤੇ ਆਪਣੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਅਤੇ ਪੰਜਾਬ ਸੂਬੇ ਨੂੰ ਪ੍ਰਗਤੀ ਵੱਲ ਲਿਜਾਣ ਲਈ ਉਨ੍ਹਾਂ ਪੁਰਾਤਨ ਘਿਸੀਆ-ਪਿੱਟੀਆ ਗੱਲਾਂ ਨੂੰ ਛੱਡਕੇ ਆਪਣੀ ਪੰਜਾਬ ਦੀ ਆਰਥਿਕਤਾ ਨੂੰ ਮਜਬੂਤ ਕਰਨ ਹਿੱਤ ਵਾਹਗਾ, ਅਟਾਰੀ ਤੇ ਹੋਰ ਸਰਹੱਦਾਂ ਨੂੰ ਆਪਣੀਆ ਕਿਸਾਨੀ ਜਿਨਸਾ ਅਤੇ ਪੰਜਾਬ ਵਿਚ ਵਪਾਰੀਆ ਵੱਲੋ ਉਤਪਾਦ ਕੀਤੀਆ ਜਾ ਰਹੀਆ ਵਸਤਾਂ ਦੇ ਵਪਾਰ ਲਈ ਇਹ ਸਰਹੱਦਾਂ ਖੁਲਵਾਉਣ ਲਈ ਪਹਿਲ ਦੇ ਆਧਾਰ ਤੇ ਸਮੂਹਿਕ ਤੌਰ ਤੇ ਦ੍ਰਿੜਤਾ ਪੂਰਵਕ ਉਦਮ ਕਰਨੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨੀ ਕਾਮਰੇਡ ਆਗੂਆਂ ਵੱਲੋ, ਸਮੁੱਚੇ ਸੰਸਾਰ ਵਿਚ ਕਾਮਰੇਡੀ ਸੋਚ ਦਾ ਅੰਤ ਹੋਣ ਉਪਰੰਤ ਵੀ ਉਨ੍ਹਾਂ ਪੁਰਾਤਨ ਲੀਹਾਂ ਉਤੇ ਚੱਲਦੇ ਰਹਿਣ ਦੀ ਬਜਾਇ ਨਵੀਆ ਨਿਰੋਈਆ ਯੋਜਨਾਵਾ ਅਤੇ ਉੱਦਮਾਂ ਉਤੇ ਅਮਲ ਕਰਨ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅਮਰੀਕਾ ਹੁਣ ਇੰਡੀਆ ਵਿਚ ਆਪਣੀਆ ਵਸਤਾਂ ਭੇਜਣ ਲਈ ਟੈਰਿਫ ਘੱਟ ਕਰਨ ਦੀ ਗੱਲ ਨੂੰ ਉਠਾ ਰਿਹਾ ਹੈ ਤਾਂ ਕਾਮਰੇਡ ਕਿਸਾਨ ਆਗੂ ਇਹ ਟੈਰਿਫ ਵਧਾਉਣ ਦੀ ਹਾਮੀ ਭਰਕੇ ਖੁਦ ਹੀ ਜੰਗ ਨੂੰ ਅਸਫਲਤਾ ਵੱਲ ਵਧਾਉਣ ਦੇ ਅਮਲ ਹੀ ਕਰ ਰਹੇ ਹਨ । ਜਦੋਕਿ ਸਾਡੇ ਇਥੇ ਇਸ ਸਮੇ ਬਾਸਮਤੀ ਦੀ ਕੀਮਤ 24-25 ਸੌ ਰੁਪਏ ਪ੍ਰਤੀ ਕੁਇੰਟਲ ਹੈ ਅਤੇ ਪਾਕਿਸਤਾਨ ਵਿਚ 8000 ਰੁਪਏ ਪ੍ਰਤੀ ਕੁਇੰਟਲ ਹੈ । ਪਾਕਿਸਤਾਨ ਰੂਸ ਤੋ ਕਣਕ ਮੰਗਵਾ ਰਿਹਾ ਹੈ ਜਦੋਕਿ ਸਾਡੇ ਇਥੇ ਕਣਕ ਦੇ ਨਾਲ ਗੌਦਾਮ ਨੱਕੋ ਨੱਕ ਭਰੇ ਪਏ ਹਨ ਅਤੇ ਉਪਰੋ ਨਵੀ ਕਣਕ ਆਉਣੀ ਸੁਰੂ ਹੋਣ ਜਾ ਰਹੀ ਹੈ । ਫਿਰ ਤਾਂ ਇਸ ਕਣਕ ਦੀ ਫਸਲ ਨੂੰ ਸਾਂਭਣ ਲਈ ਹੋਰ ਅਤਿ ਗੁੰਝਲਦਾਰ ਸਥਿਤੀ ਬਣ ਜਾਵੇਗੀ । ਇਸਦੇ ਬਾਵਜੂਦ ਵੀ ਕਾਮਰੇਡ ਗੈਰ ਦਲੀਲ ਬਿਆਨਬਾਜੀ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜਦੋ ਬਰਨਾਲਾ ਦੀ ਟਰਾਈਡੈਟ ਫੈਕਟਰੀ ਦਾ ਸੰਘਰਸ ਚੱਲ ਰਿਹਾ ਸੀ ਅਤੇ ਧਰਨਕਾਰੀ ਕਿਸਾਨਾਂ ਉਤੇ ਜ਼ਬਰ ਹੋ ਰਿਹਾ ਸੀ, ਤਾਂ ਇਹ ਕਾਮਰੇਡ ਕਿਸਾਨ ਆਗੂ ਜੋਗਿੰਦਰ ਉਗਰਾਹਾ ਇਸ ਸੰਘਰਸ ਨੂੰ ਵਿਚਾਲੇ ਛੱਡਕੇ ਹੀ ਭੱਜ ਗਏ ਸਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੱਲਦੀਆ ਗੋਲੀਆ ਵਿਚ ਵੀ ਇਸ ਸੰਘਰਸ ਵਿਚ ਡੱਟੇ ਰਹੇ ਅਤੇ ਕਿਸਾਨਾਂ ਦਾ ਅਸੀ ਜਿੰਮੇਵਾਰੀ ਨਾਲ ਸਾਥ ਦਿੱਤਾ । ਫਿਰ ਇਨ੍ਹਾਂ ਨੇ ਭਗਵੰਤ ਸਿੰਘ ਮਾਨ ਨੂੰ ਹੀ ਵੋਟਾਂ ਪਾਈਆ । ਜਿਵੇ ਉਹ ਕਿਸਾਨਾਂ ਨੂੰ ਜਲੀਲ ਕਰ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ । ਚੰਡੀਗੜ੍ਹ ਯੂਟੀ ਵਿਚ ਹੈ ਉਥੇ ਭਗਵੰਤ ਮਾਨ ਨੇ ਕਿਸਾਨਾਂ ਦੇ ਦਾਖਲੇ ਉਤੇ ਪਾਬੰਦੀ ਕਿਵੇ ਲਗਾਈ । ਜਦੋਕਿ ਉਥੋ ਦੇ ਐਡਮਿਸਨਸਟ੍ਰੇਟਰ ਤਾਂ ਗਵਰਨਰ ਹਨ । ਇਹ ਕੀ ਦਲੀਲ ਹੈ ਕਿ ਜੋ ਆਪਣੇ ਲੋਕਾਂ, ਕਿਸਾਨਾਂ, ਮਜਦੂਰਾਂ ਦੇ ਲਈ ਸੰਘਰਸ ਕਰ ਰਿਹਾ ਹੋਵੇ, ਉਸ ਨੂੰ ਹਰਾ ਦਿਓ ਤੇ ਦੁਸਮਣਾਂ ਨੂੰ ਜਿਤਾ ਦਿਓ ? ਇਹ ਲੋਕ ਅਜੇ ਤੱਕ ਉਸੇ ਪੁਰਾਣੀ ਸੋਚ ਅਤੇ ਨਹਿਰੂ ਜੈਕਟ ਪਹਿਨਕੇ ਹੀ ਅਮਲ ਕਰ ਰਹੇ ਹਨ ਜਿਸਨੇ ਪੰਜਾਬੀਆਂ, ਪੰਜਾਬ ਤੇ ਸਿੱਖ ਕੌਮ ਨੂੰ ਕੁਝ ਨਹੀ ਦਿੱਤਾ । ਚੰਗਾਂ ਜਰਨੈਲ ਉਹੀ ਸਾਬਤ ਹੁੰਦਾ ਹੈ ਜੋ ਸਮੇ ਦੀ ਨਜਾਕਤ ਅਤੇ ਦੁਸਮਣ ਦੀ ਚਾਲ ਨੂੰ ਸਮਝਕੇ ਆਪਣੇ ਪੈਤੜੇ ਅਤੇ ਹਮਲੇ ਕਰਨ ਦੀ ਵਿਧੀ ਵਿਧਾਨ ਨੂੰ ਤਬਦੀਲ ਕਰਕੇ ਫਤਹਿ ਵੱਲ ਵੱਧ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਪੁਰਾਤਨ ਸੋਚ ਉਤੇ ਚੱਲਣ ਵਾਲੇ ਕਾਮਰੇਡ ਕਿਸਾਨ ਆਗੂ ਆਪਣੀ ਸੋਚ ਵਿਚ ਤਬਦੀਲੀ ਲਿਆਕੇ ਉਸ ਨੂੰ ਸਮੇ ਦੇ ਹਾਣ ਦਾ ਬਣਾਕੇ ਪੰਜਾਬ ਦੇ ਕਿਸਾਨਾਂ, ਮਜਦੂਰਾਂ, ਵਪਾਰੀਆ, ਸਮੁੱਚੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪਾਕਿਸਤਾਨ ਨਾਲ ਲੱਗਦੇ ਆਪਣੇ ਵਾਹਗਾ, ਅਟਾਰੀ ਆਦਿ ਸਰਹੱਦਾਂ ਨੂੰ ਖੁੱਲਵਾਉਣ ਲਈ ਸੁਹਿਰਦ ਉਦਮ ਕਰਨਗੇ ਅਤੇ ਪੰਜਾਬ ਦੀ ਦਸ਼ਾ ਤੇ ਦਿਸ਼ਾ ਨੂੰ ਚੰਗੇਰਾ ਬਣਾਉਣ ਵਿਚ ਯੋਗਦਾਨ ਪਾਉਣਗੇ ।