ਮਿਸਟਰ ਐਨਥੋਨੀ ਅਲਬਨੀਸ ਨੂੰ ਆਸਟ੍ਰੇਲੀਆ ਦੇ ਵਜ਼ੀਰ-ਏ-ਆਜਮ ਬਣਨ ਉਤੇ ਸਮੁੱਚੀ ਸਿੱਖ ਕੌਮ ਵੱਲੋਂ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 23 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਮਿਸਟਰ ਐਨਥੋਨੀ ਅਲਬਨੀਸ ਨੇ ਆਸਟ੍ਰੇਲੀਆ ਮੁਲਕ ਦੇ ਨਵੇ ਵਜ਼ੀਰ-ਏ-ਆਜਮ ਦੀ ਗੱਦੀ ਉਤੇ ਬਿਰਾਜਮਾਨ ਹੋਣ ਤੇ ਸੌਹ ਚੁੱਕੀ ਹੈ । ਇਸ ਮੌਕੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਮਿਸਟਰ ਐਨਥੋਨੀ ਅਲਬਨੀਸ ਅਤੇ ਆਸਟ੍ਰੇਲੀਅਨ ਨਿਵਾਸੀਆ ਅਤੇ ਉਥੇ ਵੱਸਣ ਵਾਲੇ ਸਿੱਖਾਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੀ ਹੋਈ ਇਹ ਜਾਣਕਾਰੀ ਦਿੰਦੇ ਹੋਏ ਫਖ਼ਰ ਮਹਿਸੂਸ ਕਰਦੀ ਹੈ ਕਿ ਸੰਸਾਰ ਜੰਗ ਪਹਿਲੀ ਅਤੇ ਸੰਸਾਰ ਜੰਗ ਦੂਜੀ ਸਮੇ ਸਿੱਖ ਕੌਮ ਨੇ ਆਸਟ੍ਰੇਲੀਆ ਨਾਲ ਮੋਢੇ ਨਾਲ ਮੋਢਾ ਲਗਾਕੇ ਇਹ ਜੰਗਾਂ ਲੜੀਆ ਸਨ ਅਤੇ ਸਾਡਾ ਆਸਟ੍ਰੇਲੀਆ ਮੁਲਕ ਅਤੇ ਉਥੋ ਦੇ ਨਿਵਾਸੀਆ ਨਾਲ ਇਕ ਪੁਰਾਤਨ ਡੂੰਘਾਂ ਰਿਸਤਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਵੀਅਤਨਾਮ ਦੀ ਲੜਾਈ ਵੇਲੇ ਅਸੀ ਮਦਦ ਨਹੀਂ ਭੇਜ ਸਕੇ । ਇਸੇ ਤਰ੍ਹਾਂ ਅਫ਼ਗਾਨੀਸਤਾਨ ਦੀ ਲੜਾਈ ਸਮੇਂ ਨਹੀਂ ਭੇਜ ਸਕੇ ਕਿਉਂਕਿ ਅਸੀ ਸਟੇਟਲੈਸ ਸਿੱਖ ਕੌਮ ਹਾਂ, ਆਜਾਦ ਨਹੀਂ ਹਾਂ । ਉਸ ਤੋ ਬਾਅਦ 1984 ਵਿਚ ਸਾਡੀ ਸਿੱਖ ਕੌਮ ਦੀ ਹਿੰਦੂਤਵ ਹੁਕਮਰਾਨਾਂ ਨੇ ਨਸ਼ਲਕੁਸੀ ਕੀਤੀ । ਜਦੋਕਿ ਅਸੀ ਆਪਣੀ ਕੌਮੀ ਅਸੂਲਾਂ, ਨਿਯਮਾਂ ਤੇ ਅਧਾਰਿਤ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਿਤਹਰੀ ਲਈ ਨਿਰੰਤਰ ਉਦਮ ਕਰਦੇ ਆ ਰਹੇ ਹਾਂ । ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਲਈ ਵੀ ਅਸੀ ਕੇਵਲ ਪੰਜਾਬ, ਇੰਡੀਆ ਵਿਚ ਹੀ ਨਹੀਂ ਬਲਕਿ ਜਿਥੇ ਵੀ ਸਿੱਖ ਵਿਚਰਦੇ ਹਨ ਸਮੁੱਚੇ ਸੰਸਾਰ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਆਪਣੇ ਫਰਜਾਂ ਦੀ ਪੂਰਤੀ ਕਰਕੇ ਫਖ਼ਰ ਮਹਿਸੂਸ ਕਰਦੇ ਹਾਂ । ਆਸਟ੍ਰੇਲੀਆ ਵਿਚ ਵੱਸਣ ਵਾਲੇ ਸਿੱਖ ਉਥੇ ਵੱਡੇ ਪੱਧਰ ਤੇ ਖੇਤੀਬਾੜੀ ਕਰਦੇ ਹਨ ਅਤੇ ਦੂਸਰੇ ਕਾਰੋਬਾਰਾਂ ਵਿਚ ਵੀ ਯੋਗਦਾਨ ਪਾਉਦੇ ਆ ਰਹੇ ਹਨ । ਆਸਟ੍ਰੇਲੀਆ ਦੀ ਤਰੱਕੀ ਲਈ ਅਤੇ ਉਥੋਂ ਦੇ ਕਾਨੂੰਨਾਂ, ਨਿਯਮਾਂ ਦਾ ਪਾਲਣ ਕਰਦੇ ਹੋਏ ਜਿੰਦਗੀ ਬਸਰ ਕਰਦੇ ਹਨ । ਸਾਡਾ ਇਹ ਰਿਸਤਾ ਜਿੰਨਾ ਪੁਰਾਣਾ ਹੈ, ਉਨ੍ਹਾਂ ਹੀ ਸਹਿਜ ਭਰਿਆ ਅਤੇ ਸਕੂਨ ਦੇਣ ਵਾਲਾ ਹੈ । ਅਸੀ ਇਹ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੀ ਇੱਛਾ ਅਨੁਸਾਰ ਸਿੱਖ ਕੌਮ ਨਾਲ ਆਸਟ੍ਰੇਲੀਆ ਮੁਲਕ ਦੇ ਸੰਬੰਧਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਚੰਗੇਰੇ ਅਤੇ ਸਦਭਾਵਨਾ ਭਰੇ ਕਾਇਮ ਰੱਖਣ ਵਿਚ ਆਪਣੀ ਭੂਮਿਕਾ ਨਿਭਾਉਗੇ । ਇਸਦੇ ਨਾਲ ਹੀ ਇੰਡੀਆ ਸਥਿਤ ਆਸਟ੍ਰੇਲੀਅਨ ਅੰਬੈਸੀ ਵਿਚ ਸਿੱਖ ਕੌਮ ਲਈ ਇਕ ਵੱਖਰਾਂ ‘ਸਿੱਖ ਡੈਸਕ’ ਕਾਇਮ ਕਰ ਦੇਵੋਗੇ ਜਿਥੇ ਸਿੱਖ ਆਪਣੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾ ਸਕਣ ।”

ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਮਿਸਟਰ ਐਨਥੋਨੀ ਅਲਬਨੀਸ ਨੂੰ ਆਸਟ੍ਰੇਲੀਆ ਦੇ ਵਜ਼ੀਰ-ਏ-ਆਜਮ ਦੀ ਗੱਦੀ ਉਤੇ ਬਿਰਾਜਮਾਨ ਹੋਣ ਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ, ਸਿੱਖ ਕੌਮ ਅਤੇ ਆਸਟ੍ਰੇਲੀਅਨ ਸਰਕਾਰ ਦੇ ਆਪਸੀ ਸੰਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਹੋਣ ਦੀ ਉਮੀਦ ਰੱਖਦੇ ਹੋਏ ਦਿੱਤੀ ।

Leave a Reply

Your email address will not be published. Required fields are marked *