ਹਿੰਦੂਤਵ ਸੋਚ ਵਾਲਾ ਹਰ ਆਗੂ ਆਖਿਰ ਨਾਗਪੁਰ ਦੇ ਆਪਣੇ ਧੂਰੇ ਨਾਲ ਜੁੜਦਾ ਹੈ, ਪਰ ਸਿੱਖ ਕੌਮ ਆਪਣੀ ਕੌਮੀਅਤ ਨੂੰ ਸਮਝਦੀ ਹੀ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 23 ਮਈ ( ) “ਜੋ ਹਿੰਦੂਤਵ ਸੋਚ ਵਾਲੇ ਇੰਡੀਆਂ ਦੇ ਆਗੂ ਹਨ, ਭਾਵੇ ਉਹ ਕਿਸੇ ਵੀ ਪਾਰਟੀ, ਜਮਾਤ ਸੰਗਠਨ ਵਿਚ ਕਿਉਂ ਨਾ ਹੋਣ, ਉਹ ਆਖਿਰ ਆਪਣੇ ਬੀਜੇਪੀ-ਆਰ.ਐਸ.ਐਸ. ਦੇ ਹੈੱਡਕੁਆਰਟਰ ਨਾਗਪੁਰ ਨਾਲ ਹੀ ਜੁੜਦੇ ਹਨ ਅਤੇ ਆਪਣੀ ਕੌਮੀਅਤ ਨੂੰ ਮੁੱਖ ਰੱਖਦੇ ਹਨ । ਪਰ ਸਿੱਖ ਕੌਮ ਨੂੰ ਇਹ ਸਮਝ ਹੀ ਨਹੀਂ ਆਈ ਕਿ ਸਾਡੀ ਕੌਮੀਅਤ ਦੀ ਭਾਵਨਾ ਨੂੰ ਮੁੱਖ ਰੱਖਣ ਤੋਂ ਬਿਨ੍ਹਾਂ ਅਸੀ ਆਪਣੀ ਕੌਮ ਲਈ ਕੁਝ ਨਹੀਂ ਕਰ ਸਕਦੇ । ਸਿੱਖ ਲੀਡਰਸਿ਼ਪ ਅਤੇ ਸਿੱਖ ਤਾਂ ਆਪਣੀ ਕੌਮੀਅਤ ਨੂੰ ਹੀ ਭੁੱਲ ਜਾਂਦੀ ਹੈ । ਜਿੰਨਾ ਚਿਰ ਅਸੀ ਆਪਣੀ ਕੌਮੀਅਤ ਲਈ ਸੰਜ਼ੀਦਾ ਨਹੀਂ ਹੁੰਦੇ ਅਤੇ ਆਪਣੀ ਕੌਮੀਅਤ ਵਿਚ ਵਾਪਸ ਨਹੀ ਆਉਦੇ, ਉਨਾ ਸਮਾਂ ਹਿੰਦੂਤਵ ਕੱਟੜਵਾਦੀ ਸੋਚ ਸਿੱਖ ਕੌਮ ਨੂੰ ਉਸੇ ਤਰ੍ਹਾਂ ਅਜਗਰ ਬਣਕੇ ਖਾਈ ਜਾਵੇਗੀ ਜਿਵੇ ਬੀਤੇ ਸਮੇ ਵਿਚ ਇਸਨੇ ਬੁੱਧ ਅਤੇ ਜੈਨ ਧਰਮ ਨੂੰ ਨਿਘਲਿਆ ਹੈ । ਇਸ ਲਈ ਸਿੱਖ ਕੌਮ ਤੇ ਸਿੱਖ ਲੀਡਰਸਿ਼ਪ ਨੂੰ ਆਪਣੀ ਕੌਮੀਅਤ ਅਤੇ ਮਿੱਥੇ ਆਜਾਦੀ ਦੇ ਨਿਸਾਨੇ ਉਤੇ ਦ੍ਰਿੜ ਹੋਣਾ ਪਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸੀ ਆਗੂ ਸ੍ਰੀ ਸੁਨੀਲ ਜਾਖੜ ਵੱਲੋ ਬੀਜੇਪੀ-ਆਰ.ਐਸ.ਐਸ ਵਿਚ ਚਲੇ ਜਾਣ ਅਤੇ ਆਪਣੇ ਹੈੱਡਕੁਆਰਟਰ ਨਾਗਪੁਰ ਨੂੰ ਸਮਰਪਿਤ ਹੋ ਜਾਣ ਉਤੇ ਹਿੰਦੂਤਵ ਆਗੂਆਂ ਦੀ ਸੋਚ ਤੋ ਜਾਣੂ ਕਰਵਾਉਦੇ ਹੋਏ ਅਤੇ ਸਿੱਖ ਕੌਮ ਤੇ ਸਿੱਖ ਲੀਡਰਸਿ਼ਪ ਵੱਲੋ ਆਪਣੀ ਕੌਮੀਅਤ ਨੂੰ ਭੁੱਲ ਜਾਣ ਦੇ ਹੋ ਰਹੇ ਵਰਤਾਰੇ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਮੁਸਲਿਮ ਕੌਮ ਹੈ, ਉਸਨੂੰ ਹਿੰਦੂਤਵ ਅਜਗਰ ਨੇ ਪਾਕਿਸਤਾਨ, ਬੰਗਲਾਦੇਸ਼ ਵਿਚ ਧਕੇਲ ਦਿੱਤਾ ਹੈ । ਕਸ਼ਮੀਰ ਵਿਚ ਨਿਰੰਤਰ ਸਿਵਲ ਜੰਗ ਚੱਲ ਰਹੀ ਹੈ । ਉਥੇ ਇਨ੍ਹਾਂ ਹਿੰਦੂਤਵੀਆ ਨੇ ਜ਼ਬਰੀ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕੀਤਾ ਹੋਇਆ ਹੈ । ਜਿਸ ਅਨੁਸਾਰ ਫ਼ੌਜ, ਅਰਧ ਸੈਨਿਕ ਬਲ ਅਤੇ ਪੁਲਿਸ ਕਿਸੇ ਵੀ ਕਸ਼ਮੀਰੀ ਨਾਗਰਿਕ ਨੂੰ ਜਦੋ ਚਾਹੇ ਹਨ੍ਹੇਰੇ-ਸਵੇਰੇ ਚੁੱਕ ਕੇ ਲਿਜਾ ਸਕਦੀ ਹੈ, ਉਸ ਉਤੇ ਤਸੱਦਦ ਕਰਕੇ ਲੱਤ-ਬਾਹ ਤੋੜ ਸਕਦੀ ਹੈ, ਉਸ ਨਾਲ ਜ਼ਬਰ-ਜਨਾਹ ਕਰ ਸਕਦੀ ਹੈ, ਉਸਨੂੰ ਅਗਵਾਹ ਕਰ ਸਕਦੀ ਹੈ ਅਤੇ ਉਸਨੂੰ ਤਸੱਦਦ ਕਰਕੇ ਜਾਨ ਤੋ ਖਤਮ ਵੀ ਕਰ ਸਕਦੀ ਹੈ । ਜਿਹੜੇ ਹਿੰਦੂਤਵ ਆਗੂ ਇੱਧਰ-ਉੱਧਰ ਵਿਚਰ ਰਹੇ ਹਨ ਉਨ੍ਹਾਂ ਵਿਚ ਵੀ ਆਰ.ਐਸ.ਐਸ. ਦੀ ਸੋਚ ਦਾ ਬਰੂਦ ਭਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਕੌਮੀਅਤ ਦੇ ਨਾਗਪੁਰ ਦੇ ਧੂਰੇ ਨਾਲ ਜੋੜਨ ਲਈ ਹਰ ਤਰ੍ਹਾਂ ਦੀ ਸ਼ਕਤੀ, ਵਿਊਤ, ਢੰਗ-ਤਰੀਕੇ ਵਰਤੇ ਜਾ ਰਹੇ ਹਨ । ਪਰ ਸਿੱਖ ਕੌਮ ਅਤੇ ਸਿੱਖ ਲੀਡਰਸਿ਼ਪ ਜਿਸ ਉਤੇ 1947 ਤੋਂ ਅੱਜ ਤੱਕ ਜ਼ਬਰ ਜੁਲਮ, ਵਿਤਕਰੇ, ਬੇਇਨਸਾਫ਼ੀਆਂ ਹੋ ਰਹੀਆ ਹਨ, ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਨੂੰ ਕੁੱਚਲਿਆ ਗਿਆ ਹੈ, ਉਨ੍ਹਾਂ ਦੇ ਵਿਧਾਨਿਕ, ਸਮਾਜਿਕ, ਭੂਗੋਲਿਕ ਅਤੇ ਧਾਰਮਿਕ ਹੱਕਾਂ ਨੂੰ ਹੁਕਮਰਾਨ ਉਲੰਘਣ ਕਰਕੇ ਉਨ੍ਹਾਂ ਨੂੰ ਦੂਸਰੇ ਦਰਜੇ ਦੇ ਸਹਿਰੀ ਬਣਾਉਣ ਦੀਆਂ ਸਾਜਿ਼ਸਾਂ ਰਚੀਆ ਜਾ ਰਹੀਆ ਹਨ । ਪਰ ਫਿਰ ਵੀ ਸਿੱਖ ਕੌਮ ਅਤੇ ਸਿੱਖ ਲੀਡਰਸਿ਼ਪ ਦਾ ਕੌਮੀਅਤ ਉਤੇ ਦ੍ਰਿੜਤਾ ਨਾਲ ਇਕ ਨਾ ਹੋਣਾ ਅਤੇ ਆਪਣੀ ਆਜਾਦੀ ਦੇ ਨਿਸ਼ਾਨੇ ਨੂੰ ਸਮਰਪਿਤ ਹੋ ਕੇ ਮੰਜਿਲ ਵੱਲ ਨਾ ਵੱਧਣਾ ਅਤਿ ਦੁੱਖਦਾਇਕ ਹੈ । ਜਿੰਨਾ ਸਮਾਂ ਇਹ ਸਿੱਖ ਕੌਮੀਅਤ ਦੀ ਭਾਵਨਾ ਵਾਪਸ ਨਹੀ ਆਉਦੀ, ਉਸ ਸਮੇ ਤੱਕ ਹਿੰਦੂਤਵ ਅਜਗਰ ਇਨ੍ਹਾਂ ਨੂੰ ਖਾਂਣ ਤੇ ਲੱਗਿਆ ਰਹੇਗਾ । ਇਸਦਾ ਇਕੋ ਇਕ ਸਹੀ ਅਤੇ ਗੁਰੂ ਸਾਹਿਬਾਨ ਵੱਲੋ ਦਰਸਾਇਆ ਰਾਹ ਸਿੱਖ ਕੌਮ ਦੀ ਸੰਪੂਰਨ ਆਜਾਦੀ ਅਤੇ ਆਪਣੀ ਕੌਮੀਅਤ ਨੂੰ ਹਰ ਪੱਖੋ ਸਮਰਪਿਤ ਹੋਣਾ ਹੈ । ਅਜਿਹਾ ਕਰਕੇ ਹੀ ਅਸੀ ਇਸ ਕੱਟੜਵਾਦੀ ਹਿੰਦੂਤਵ ਰੂਪੀ ਅਜਗਰ ਤੋ ਸਿੱਖ ਕੌਮ ਨੂੰ ਅਤੇ ਸਿੱਖ ਕੌਮੀਅਤ ਨੂੰ ਬਚਾਅ ਸਕਾਂਗੇ ।

Leave a Reply

Your email address will not be published. Required fields are marked *