ਮਸਜਿਦਾਂ ਵਿਚ ਸਿਵਲਿੰਗ ਹੋਣ ਦਾ ਪ੍ਰਚਾਰ ਹਿੰਦੂਤਵ ਸੋਚ, ਦਰਬਾਰ ਸਾਹਿਬ ਵਿਖੇ ‘ਰਾਮ ਨਾਮ’ ਦੀਆਂ ਲੱਗ ਰਹੀਆ ਇੱਟਾਂ ਵੀ ਇਸੇ ਸਾਜਿ਼ਸ ਦੀ ਕੜੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 21 ਮਈ ( ) “ਬੀਜੇਪੀ-ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਸੰਗਠਨ ਜੋ ਇਥੇ ਮਨੁੱਖਤਾ ਤੇ ਇਨਸਾਨੀਅਤ ਦਾ ਕਤਲੇਆਮ ਕਰਕੇ ਸਮੁੱਚੀਆਂ ਘੱਟ ਗਿਣਤੀਆਂ ਉਤੇ ਦਹਿਸਤ ਪਾ ਕੇ, ਕਾਨੂੰਨੀ ਪ੍ਰਕਿਰਿਆ ਅਤੇ ਅਦਾਲਤੀ ਇਨਸਾਫ ਦੀ ਗਰਦਨ ਮਰੋੜਕੇ ‘ਹਿੰਦੂਰਾਸਟਰ’ ਨੂੰ ਜ਼ਬਰੀ ਕਾਇਮ ਕਰਨ ਉਤੇ ਅਮਲ ਕਰ ਰਹੇ ਹਨ, ਉਹ ਮਸਜਿਦਾਂ ਵਿਚ ਸਿਵਲਿੰਗ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਮੁਸਲਿਮ ਕੌਮ ਅਤੇ ਉਨ੍ਹਾਂ ਦੀਆਂ ਮਸਜਿਦਾਂ ਨੂੰ ਨਿਸ਼ਾਨਾਂ ਬਣਾਕੇ ਗਿਰਾਉਣ ਅਤੇ ਉਥੇ ਬਾਬਰੀ ਮਸਜਿਦ ਦੀ ਤਰ੍ਹਾਂ ਮੰਦਰ ਸਥਾਪਿਤ ਕਰਨ ਦੀ ਮੰਦਭਾਵਨਾ ਨਾਲ ਕਰ ਰਹੇ ਹਨ । ਇਸ ਸਾਜਿ਼ਸ ਵਿਚ ਹਿੰਦੂਤਵ ਮੋਦੀ ਹਕੂਮਤ, ਇਥੋ ਦੀਆਂ ਅਦਾਲਤਾਂ ਅਤੇ ਜੱਜ ਇਸ ਕੱਟੜਵਾਦੀ ਸੋਚ ਨੂੰ ਅਮਲੀ ਰੂਪ ਦੇਣ ਲਈ ਇਕ-ਦੂਜੇ ਦੀਆਂ ਪੂਰਕ ਬਣਦੀਆ ਜਾ ਰਹੀਆ ਹਨ । ਇਹ ਫਿਰਕੂ ਰੁਝਾਨ ਇੰਡੀਆ ਦੇ ਜਮਹੂਰੀਅਤ ਅਤੇ ਅਮਨ-ਚੈਨ ਵਾਲੇ ਮਾਹੌਲ ਨੂੰ ਕਾਇਮ ਰੱਖਣ ਲਈ ਅਤੇ ਇਥੇ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਬਹਾਲ ਰੱਖਣ ਲਈ ਬਹੁਤ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ । ਇਸ ਹੋ ਰਹੇ ਅਤਿ ਦੁੱਖਦਾਇਕ ਸਮਾਜ ਵਿਰੋਧੀ ਵਰਤਾਰੇ ਨਾਲ ਕੇਵਲ ਘੱਟ ਗਿਣਤੀ ਮੁਸਲਿਮ ਕੌਮ ਵਿਚ ਹੀ ਨਹੀ ਬਲਕਿ ਸਮੁੱਚੀਆਂ ਘੱਟ ਗਿਣਤੀ ਕੌਮਾਂ ਵਿਚ ਚਿੰਤਾ ਅਤੇ ਡਰ ਵੱਧੇਗਾ । ਜਿਸ ਨਾਲ ਇਥੋ ਦੀ ਕਾਨੂੰਨੀ ਵਿਵਸਥਾਂ ਤੇ ਸਮਾਜਿਕ ਸਹਿਣਸੀਲਤਾਂ ਨੂੰ ਕਾਇਮ ਰੱਖਣਾ ਹੁਕਮਰਾਨਾਂ ਲਈ ਵੱਡਾ ਪ੍ਰਸ਼ਨ ਚਿੰਨ੍ਹ ਬਣ ਜਾਵੇਗਾ । ਇਸ ਲਈ ਮੁਤੱਸਵੀ ਸੋਚ ਅਧੀਨ ਹੁਕਮਰਾਨਾਂ ਨੂੰ ਅਜਿਹੀ ਚੰਗਿਆੜੀ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ, ਜਿਸ ਨਾਲ ਫਿਰ ਭਾਬੜ ਬਣਕੇ ਸਭ ਕੁਝ ਸੁਆਹ ਹੋ ਜਾਵੇ ਅਤੇ ਮਨੁੱਖਤਾ ਦਾ ਅਜਾਈ ਖੂਨ ਵਹੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਾਰਨਸੀ ਵਿਖੇ ਗਿਆਨਵਾਪੀ ਮਸਜਿਦ ਵਿਖੇ ਫਿਰਕੂ ਸੰਗਠਨਾਂ ਤੇ ਹੁਕਮਰਾਨਾਂ ਵੱਲੋ ਸਿਵਲਿੰਗ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਉਥੇ ਮੰਦਭਾਵਨਾ ਅਧੀਨ ਬਾਬਰੀ ਮਸਜਿਦ ਦੀ ਤਰ੍ਹਾਂ ਜ਼ਬਰੀ ਮੰਦਰ ਸਥਾਪਿਤ ਕਰਨ ਦੀ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਸਾਜਿਸ ਤੋਂ ਸਮੁੱਚੇ ਇੰਡੀਆ ਨਿਵਾਸੀਆ ਨੂੰ ਸੁਚੇਤ ਕਰਦੇ ਹੋਏ ਅਤੇ ਇਸ ਖਤਰਨਾਕ ਸਿਆਸੀ ਖੇਡ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅੱਜ ਸਿੱਖ ਕੌਮ ਦੇ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਸੀਵਰੇਜ ਵਿਚ ‘ਰਾਮ ਨਾਮ’ ਦੀਆਂ ਇੱਟਾਂ ਲਗਾਈਆ ਜਾ ਰਹੀਆ ਹਨ, ਆਉਣ ਵਾਲੇ ਸਮੇਂ ਵਿਚ ਇਨ੍ਹਾਂ ਰਾਮ ਨਾਮ ਦੀਆਂ ਇੱਟਾਂ ਦਾ ਹਵਾਲਾ ਦੇ ਕੇ ਇਹ ਫਿਰਕੂ ਜਮਾਤਾਂ ਤੇ ਹੁਕਮਰਾਨ ਸ੍ਰੀ ਦਰਬਾਰ ਸਾਹਿਬ ਨੂੰ ਵੀ ਹਿੰਦੂ ਧਰਮ ਦਾ ਅਸਥਾਂਨ ਗਰਦਾਨਕੇ ਸਿੱਖ ਕੌਮ ਨਾਲ ਆਡਾ ਲੈਣ ਤੋ ਗੁਰੇਜ ਨਹੀ ਕਰਨਗੇ । ਕਿਉਂਕਿ ਇਸੇ ਮੰਦਭਾਵਨਾ ਭਰੀ ਸੋਚ ਨੂੰ ਲੈਕੇ ਪਹਿਲੇ ਵੀ ਸ੍ਰੀ ਰਾਮਚੰਦਰ ਦੇ ਲਵ-ਕੁਸ ਪੁੱਤਰਾਂ ਦੇ ਸਥਾਂਨ ਦਾ ਯਾਦਗਰੀ ਸਥਾਂਨ ਹੋਣ ਦਾ ਨਿਰਆਧਾਰ ਰੌਲਾ ਪਾਇਆ ਗਿਆ ਸੀ । ਦੁੱਖ ਅਤੇ ਅਫ਼ਸੋਸ ਹੈ ਕਿ ਅਜਿਹੀ ਫਿਰਕੂ ਸਾਜਿਸ ਵਿਚ ਕੁਝ ਸਿੱਖ ਵਿਦਵਾਨ ਵੀ ਲਾਲਚਵੱਸ ਅਧੀਨ ਜਾਂ ਹਕੂਮਤੀ ਡਰ ਅਧੀਨ ਇਸ ਸਾਜਿਸ ਵਿਚ ਸਾਮਿਲ ਹੋ ਗਏ ਸਨ । ਇਸੇ ਤਰ੍ਹਾਂ ਦਰਸ਼ਨੀ ਡਿਊੜ੍ਹੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਮਨਾਥ ਮੰਦਰ ਦੇ ਲੱਗੇ ਇਤਿਹਾਸਿਕ ਦਰਵਾਜਿਆ ਨੂੰ ਲੈਕੇ ਵੀ ਸਿੱਖ ਕੌਮ ਦੇ ਇਸ ਮਹਾਨ ਅਸਥਾਂਨ ਨੂੰ ਨਿਸ਼ਾਨਾਂ ਬਣਾਉਣ ਦੀਆਂ ਸਾਜਿ਼ਸਾਂ ਹੋ ਚੁੱਕੀਆ ਹਨ । ਇਸ ਲਈ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਅਤੇ ਅਗਜੈਕਟਿਵ ਕਮੇਟੀ ਮੈਬਰਾਨ ਨੂੰ ਚਾਹੀਦਾ ਹੈ ਕਿ ਦਰਬਾਰ ਸਾਹਿਬ ਵਿਖੇ ਰਾਮ ਨਾਮ ਦੀਆਂ ਲੱਗ ਰਹੀਆ ਇੱਟਾਂ ਦੇ ਸਾਜ਼ਸੀ ਵਰਤਾਰੇ ਨੂੰ ਹਲਕੇ ਵਿਚ ਨਾ ਲੈਕੇ ਇਸਨੂੰ ਫੌਰੀ ਬੰਦ ਕਰਵਾਉਣ ਤਾਂ ਕਿ ਸਿੱਖ ਕੌਮ ਦੀਆਂ ਆਉਣ ਵਾਲੀਆ ਪੀੜ੍ਹੀਆ ਤੇ ਨਸ਼ਲਾਂ ਨੂੰ ਬਿਨ੍ਹਾਂ ਵਜਹ ਮੁਕਾਰਤਾ ਅਤੇ ਸਾਜਿਸ ਨਾਲ ਭਰੇ ਹਿੰਦੂਵਾਦੀਆ ਨਾਲ ਟਕਰਾਉਣ ਦਾ ਮਾਹੌਲ ਪੈਦਾ ਨਾ ਹੋਵੇ । ਜੇਕਰ ਇਸ ਵਿਸ਼ੇ ਉਤੇ ਅਮਲੀ ਕਾਰਵਾਈ ਨਾ ਕੀਤੀ ਗਈ ਤਾਂ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੌਜੂਦਾ ਅਧਿਕਾਰੀ ਵੀ ਕਿਸੇ ਵਿਸੇਸ ਪ੍ਰਭਾਵ ਜਾਂ ਸਾਜਿਸ ਤਹਿਤ ਇਸ ਕੜੀ ਦਾ ਹਿੱਸਾ ਹਨ । ਉਨ੍ਹਾਂ ਕਿਹਾ ਕਿ ਬੇਸ਼ੱਕ ਸਿੱਖ ਕੌਮ ਹਰ ਤਰ੍ਹਾਂ ਦੇ ਜ਼ਬਰ ਤੇ ਬੇਇਨਸਾਫੀ ਵਿਰੁੱਧ ਜੂਝਣ, ਬਦੀ ਉਤੇ ਨੇਕੀ ਦੀ ਫਤਹਿ ਪ੍ਰਾਪਤ ਕਰਨ ਦੀ ਇਕ ਸੰਸਾਰ ਪੱਧਰ ਦੀ ਸਤਿਕਾਰਿਤ ਕੌਮ ਹੈ । ਪਰ ਸਿੱਖ ਕੌਮ ਨੂੰ ਬਿਨ੍ਹਾਂ ਕਿਸੇ ਵਜਹ ਦੇ ਇਸ ਤਰ੍ਹਾਂ ਦੇ ਕਿਸੇ ਟਕਰਾਅ ਵਿਚ ਖੜ੍ਹੇ ਹੋਣ ਦਾ ਦੁਸ਼ਮਣਾਂ ਨੂੰ ਮੌਕਾ ਨਹੀ ਦੇਣਾ ਚਾਹੀਦਾ ਅਤੇ ਨਾ ਹੀ ਅਜਿਹੇ ਦੁੱਖਦਾਇਕ ਅਮਲ ਨੂੰ ਕਿਸੇ ਤਰ੍ਹਾਂ ਮੁਨਾਸਿਬ ਕਿਹਾ ਜਾ ਸਕਦਾ ਹੈ । ਇਸ ਲਈ ਤੁਰੰਤ ਰਾਮ ਨਾਮ ਵਾਲੀਆ ਇੱਟਾਂ ਲਗਾਉਣ ਦੇ ਅਮਲ ਬੰਦ ਹੋਣ ਅਤੇ ਉਨ੍ਹਾਂ ਲੱਗੀਆ ਇੱਟਾਂ ਨੂੰ ਕੱਢਵਾਕੇ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਤੋ ਬਾਹਰ ਕੀਤਾ ਜਾਵੇ ਤਾਂ ਕਿ ਹਿੰਦੂਤਵੀ ਲੋਕ ਸਿਵਲਿੰਗ ਦੇ ਬਹਾਨੇ ਦੀ ਤਰ੍ਹਾਂ ਸਾਡੇ ਮਹਾਨ ਧਾਰਮਿਕ ਸਥਾਨਾਂ ਉਤੇ ਆਉਣ ਵਾਲੇ ਸਮੇ ਵਿਚ ਬੁਰੀ ਨਜਰ ਨਾਲ ਕੋਈ ਕਾਰਵਾਈ ਕਰਨ ਦੀ ਜੁਰਅਤ ਨਾ ਕਰ ਸਕਣ ।

ਦੂਸਰਾ ਜੋ ਬੱਚਿਆ ਦੇ ਸਿਲੇਬਸ ਦੀਆਂ ਕਿਤਾਬਾਂ ਵਿਚ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਇਤਿਹਾਸਿਕ ਨਾਇਕਾਂ ਬਾਰੇ ਗਲਤ ਲਿਖਿਆ ਜਾ ਰਿਹਾ ਹੈ, ਉਸ ਵਿਰੁੱਧ ਐਸ.ਜੀ.ਪੀ.ਸੀ. ਦਾ ਡੈਪੂਟੇਸਨ ਫੌਰੀ ਸੈਟਰ ਤੇ ਪੰਜਾਬ ਦੇ ਹੁਕਮਰਾਨਾਂ ਨੂੰ ਮਿਲਕੇ ਸਖਤ ਸਟੈਡ ਲਵੇ । ਇਹ ਜਿ਼ੰਮੇਵਾਰੀ ਕੇਵਲ ਸ. ਬਲਦੇਵ ਸਿੰਘ ਸਿਰਸਾ ਜਾਂ ਹੋਰ ਕੁਝ ਪੰਥਦਰਦੀਆਂ ਦੀ ਹੀ ਨਹੀ ਹੈ, ਬਲਕਿ ਸਮੁੱਚੀ ਸਿੱਖ ਕੌਮ ਨਾਲ ਸੰਬੰਧਤ ਸਿਆਸੀ, ਧਾਰਮਿਕ, ਸਮਾਜਿਕ ਲੀਡਰਸਿ਼ਪ ਦੀ ਹੈ ਤਾਂ ਕਿ ਇਹ ਸਾਜਿਸਕਾਰ ਸਾਡੇ ਕੌਮਾਂਤਰੀ ਪੱਧਰ ਦੇ ਫਖ਼ਰ ਵਾਲੇ ਇਤਿਹਾਸ ਨੂੰ ਗਲਤ ਰੰਗਤ ਦੇ ਕੇ ਕਲੰਕਿਤ ਕਰਨ ਵਿਚ ਕਾਮਯਾਬ ਨਾ ਹੋ ਸਕਣ ਅਤੇ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਵੱਲੋ ਕਾਇਮ ਕੀਤੀਆ ਗਈਆ ਰਵਾਇਤਾ ਉਤੇ ਪਹਿਰਾ ਦਿੰਦੀ ਹੋਈ ਕੌਮਾਂਤਰੀ ਪੱਧਰ ਤੇ ਆਪਣੀ ਆਨ-ਸਾਨ ਨੂੰ ਅਤੇ ਅਣਖ ਨੂੰ ਕਾਇਮ ਰੱਖ ਸਕੇ ।

Leave a Reply

Your email address will not be published. Required fields are marked *