ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਤੇ ਜਿ਼ਲ੍ਹਾ ਪ੍ਰਸ਼ਾਸ਼ਨ, ਡਿਪਟੀ ਕਮਿਸਨਰ, ਐਸ.ਐਸ.ਪੀ, ਮੈਨੇਜਰ ਗੁਰਦੁਆਰਾ ਅਤੇ ਸੰਗਤਾਂ ਦਾ ਧੰਨਵਾਦ : ਮਾਨ
ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਬੀਤੇ ਦਿਨੀਂ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋ 12 ਫਰਵਰੀ ਦੇ ਦਿਹਾੜੇ ਨੂੰ ਬਤੌਰ ਜਨਮ ਦਿਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਮਨਾਇਆ ਜਾਂਦਾ ਹੈ, ਉਸ ਦਿਨ ਦੇ ਮਹੱਤਵ ਵਿਚ ਉਸ ਸਮੇ ਹੋਰ ਵਾਧਾ ਹੋਇਆ ਕਿ ਇਸੇ ਦਿਨ ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਗਿਆ । ਪਾਰਟੀ ਨੇ ਇਸ ਦਿਨ ਨੂੰ ‘ਬੇਗਮਪੁਰਾ ਪੰਥਕ ਇਕੱਠ’ ਦਾ ਨਾਮ ਦੇ ਕੇ ਉਪਰੋਕਤ ਦੋਵਾਂ ਸਖਸ਼ੀਅਤਾਂ ਦੇ ਜਨਮ ਦਿਹਾੜੇ ਨੂੰ ਪੂਰਨ ਸਤਿਕਾਰ ਅਤੇ ਧੂੰਮਧਾਮ ਨਾਲ ਮਨਾਇਆ ਗਿਆ । ਇਸ ਪ੍ਰੋਗਰਾਮ ਨੂੰ ਪੂਰਨ ਸਫਲ ਕਰਨ ਵਿਚ ਜਿਵੇ ਜਿ਼ਲ੍ਹਾ ਪ੍ਰਸ਼ਾਸਨ ਦੇ ਮੁੱਖੀ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ, ਐਸ.ਐਸ.ਪੀ ਫਤਹਿਗੜ੍ਹ ਸਾਹਿਬ, ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਸਮੁੱਚੇ ਪੰਜਾਬ ਦੀਆਂ ਸੰਗਤਾਂ ਨੇ ਜਿਸ ਨੇਕ ਨੀਤੀ ਤੇ ਇਮਾਨਦਾਰੀ ਨਾਲ ਸਾਡੇ ਪ੍ਰਬੰਧ ਨੂੰ ਹੋਰ ਚੰਗੇਰਾ ਬਣਾਉਣ ਵਿਚ ਭੂਮਿਕਾ ਨਿਭਾਈ, ਉਸ ਲਈ ਦਾਸ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਉਪਰੋਕਤ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸਭ ਅਫਸਰਾਨ, ਐਸ.ਜੀ.ਪੀ.ਸੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਐਡਵੋਕੇਟ, ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੇ ਸਟਾਫ ਦੇ ਨਾਲ-ਨਾਲ ਸਮੁੱਚੇ ਖਾਲਸਾ ਪੰਥ ਅਤੇ ਖਾਲਸਾ ਪੰਥ ਵਿਚ ਵਿਚਰ ਰਹੇ ਵੱਖ-ਵੱਖ ਸਿਆਸੀ, ਧਾਰਮਿਕ ਸੰਗਠਨਾਂ ਨਾਲ ਸਟੇਜ ਤੇ ਪਹੁੰਚੀ ਲੀਡਰਸਿਪ ਤੇ ਸ਼ਹੀਦ ਪਰਿਵਾਰਾਂ ਦੇ ਧੰਨਵਾਦੀ ਹਾਂ । ਜਿਨ੍ਹਾਂ ਨੇ ਇਸ ਦਿਹਾੜੇ ਦੇ ਮਹੱਤਵ ਨੂੰ ਵਧਾਉਦੇ ਹੋਏ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਇਸ ਇਕੱਠ ਵਿਚ ਪਹੁੰਚਾਉਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਲੀਡਰਸਿਪ ਵੱਲੋ ਦਿੱਤੇ ਕੌਮੀ ਸੰਦੇਸ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਕੀਤਾ । ਆਉਣ ਵਾਲੇ ਸਮੇ ਵਿਚ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਲਈ ਹਰ ਤਰ੍ਹਾਂ ਯੋਗਦਾਨ ਪਾਉਣ ਦੇ ਬਚਨ ਕੀਤੇ ਹਨ ।”
ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੀ ਸਮੁੱਚੀ ਅਫਸਰਸਾਹੀ, ਪ੍ਰਸਾਸਨ, ਪੁਲਿਸ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਪ੍ਰਬੰਧਕਾਂ ਤੇ ਸਮੁੱਚੀ ਸੰਗਤਾਂ ਦੇ ਨਾਲ-ਨਾਲ ਪਾਰਟੀ ਦੇ ਜਿ਼ਲ੍ਹਾ ਜਥੇਦਾਰ ਸਾਹਿਬਾਨ, ਪੀਏਸੀ ਮੈਬਰਾਨ, ਸਰਕਲ ਪ੍ਰਧਾਨਾਂ ਤੇ ਸਮੁੱਚੇ ਅਹੁਦੇਦਾਰਾਂ ਦਾ ਵੀ ਇਸ ਨੇਕ ਉਦਮ ਲਈ ਕੀਤੇ ਗਏ ਅਮਲਾਂ ਲਈ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਇਹ ਉਮੀਦ ਪ੍ਰਗਟ ਕੀਤੀ ਕਿ ਪਾਰਟੀ ਵੱਲੋ ਆਉਣ ਵਾਲੇ ਸਮੇ ਵਿਚ ਵੀ ਜੋ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਅਤੇ ਦਰਪੇਸ ਆ ਰਹੀਆ ਮੁਸਕਿਲਾਂ ਨੂੰ ਹੱਲ ਕਰਨ ਲਈ ਜਨਤਕ ਤੌਰ ਤੇ ਅਤੇ ਸਮਾਜਿਕ ਤੌਰ ਤੇ ਜੋ ਵੀ ਪ੍ਰੋਗਰਾਮ ਉਲੀਕੇ ਜਾਣਗੇ, ਉਸ ਵਿਚ ਇਸੇ ਤਰ੍ਹਾਂ ਸਮੁੱਚੇ ਪੰਜਾਬ ਦੇ ਨਿਵਾਸੀ, ਵੱਖ-ਵੱਖ ਧਾਰਮਿਕ ਸਿਆਸੀ ਸੰਸਥਾਵਾਂ, ਜਮਾਤਾਂ ਤੇ ਸੋਸਾਇਟੀਆਂ ਸਹਿਯੋਗ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਕੌਮੀ ਨਿਸਾਨੇ ਜੋ ‘ਸਰਬੱਤ ਦੇ ਭਲੇ’ ਦੇ ਮਿਸਨ ਅਧੀਨ ਹੋਵੇਗਾ ਉਸ ਵਿਚ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ।
ਉਨ੍ਹਾਂ ਇਕ ਵੱਖਰੇ ਬਿਆਨ ਵਿਚ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਹੁਕਮਰਾਨਾਂ ਦੇ ਹਰ ਜ਼ਬਰ ਦਾ ਸਿੱਖੀ ਰਵਾਇਤਾ ਸਬਰ ਦੇ ਨਾਲ ਟਾਕਰਾ ਕਰਦੇ ਹੋਏ ਸਿੱਖ ਕੌਮ ਆਪਣੀ ਆਜਾਦੀ ਦੇ ਮਿਸਨ ਨੂੰ ਨਹੀ ਭੁੱਲੀ । ਇਸਦੇ ਨਾਲ ਹੀ ਉਨ੍ਹਾਂ ਇੰਡੀਅਨ ਹੁਕਮਰਾਨਾਂ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਜੋ ਖਾਲਸਾ ਰਾਜ ਦਰਬਾਰ ਦੇ ਕਸਮੀਰ ਅਤੇ ਲਦਾਖ ਹਿੱਸਾ ਸਨ, ਜਿਨ੍ਹਾਂ ਨੂੰ ਕ੍ਰਮਵਾਰ 1819 ਅਤੇ 1834 ਵਿਚ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਫਤਹਿ ਕਰਕੇ ਆਪਣੇ ਖਾਲਸਾ ਰਾਜ ਦਾ ਹਿੱਸਾ ਬਣਾਇਆ ਸੀ, ਉਸ ਇਲਾਕੇ ਬਾਰੇ ਆਪਣਾ ਸਟੈਡ ਸਪੱਸਟ ਕਰੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਸੁਭਾਸ ਚੰਦਰ ਬੋਸ ਜੋ ਆਜਾਦ ਹਿੰਦ ਫੌਜ ਦੀ ਅਗਵਾਈ ਕਰਦੇ ਸਨ ਅਤੇ ਜੋ ਬਾਅਦ ਵਿਚ ਜਪਾਨ, ਇਟਲੀ ਨਾਲ ਮਿਲ ਗਏ ਸਨ, ਤਾਂ ਫਿਰ ਇਨ੍ਹਾਂ ਨੇ ਅੰਡੇਮਾਨ ਦੀ ਕੈਦ ਵਿਚੋ ਜਪਾਨੀਆ ਨੂੰ ਤਾਂ ਛੁਡਵਾ ਲਿਆ ਸੀ, ਆਜਾਦੀ ਲਈ ਲੜਨ ਵਾਲੇ ਗਦਰੀ ਬਾਬਿਆਂ ਨੂੰ ਕਾਲੇਪਾਣੀ ਦੀ ਸਜ਼ਾ ਤੋ ਕਿਉਂ ਨਹੀ ਛੁਡਵਾਇਆ ? ਕਿਉਂਕਿ ਇਹ ਕੈਦੀ ਅੰਗਰੇਜ਼ਾਂ ਖਿਲਾਫ ਸਨ ਜੋ ਐਕਸਿਸ ਫਰੰਟ ਸੀ । ਬੀਤੇ ਸਮੇ ਦੇ ਇਤਿਹਾਸ ਦੇ ਸੱਚ ਨੂੰ ਸਾਹਮਣੇ ਲਿਆਉਣਾ ਸਾਡਾ ਫਰਜ ਹੈ ਅਤੇ ਜੇਕਰ ਹਿੰਦੂਤਵ ਆਗੂਆਂ ਅਤੇ ਜਰਨੈਲਾਂ ਨੇ ਆਜਾਦੀ ਦੇ ਸੰਘਰਸ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਗਦਰੀ ਬਾਬਿਆ ਤੇ ਅੰਡੇਮਾਨ ਦੇ ਕੈਦੀਆ ਨੂੰ ਰਿਹਾਅ ਕਰਵਾਉਣ ਵਿਚ ਇਮਾਨਦਾਰੀ ਨਹੀ ਦਿਖਾਈ ਤਾਂ ਇਸ ਇਤਿਹਾਸ ਤੋ ਵੀ ਸਮੁੱਚੇ ਇੰਡੀਆ ਨਿਵਾਸੀਆ, ਪੰਜਾਬੀਆਂ, ਸਿੱਖਾਂ, ਸਭ ਕੌਮਾਂ ਧਰਮਾਂ ਨੂੰ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਅਤੇ ਆਪਣੇ ਜੰਗਜੂ ਕੈਦੀਆਂ ਪ੍ਰਤੀ ਫਰਜ ਨਾ ਨਿਭਾਉਣ ਵਾਲੇ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਕੀਤੇ ਗਏ ਅਮਲਾਂ ਤੋ ਵੀ ਸਭਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ।