ਜੇਕਰ ਅਮਰੀਕਾ ਤੋ ਵਾਪਸ ਆਏ ਪੰਜਾਬੀ ਸਿੱਖੀ ਸਰੂਪ ਵਿਚ ਹੁੰਦੇ, ਅਮਰੀਕਾ ਵੱਲੋ ਅਜਿਹਾ ਵਿਵਹਾਰ ਕਦਾਚਿੱਤ ਨਹੀ ਸੀ ਹੋਣਾ : ਮਾਨ
ਫ਼ਤਹਿਗੜ੍ਹ ਸਾਹਿਬ, 08 ਫਰਵਰੀ ( ) “ਜਿਹੜੇ ਪੰਜਾਬੀ ਸਿੱਖ ਅਮਰੀਕਾ ਨੇ ਇੰਡੀਆਂ-ਪੰਜਾਬ ਵਾਪਸ ਭੇਜੇ ਹਨ, ਉਨ੍ਹਾਂ ਨਾਲ ਹੋਇਆ ਦੁਰਵਿਵਹਾਰ ਜਿਥੇ ਨਿੰਦਣਯੋਗ ਹੈ, ਉਥੇ ਇਹ ਅਮਲ ਇਹ ਵੀ ਪ੍ਰਤੱਖ ਕਰਦਾ ਹੈ ਕਿ ਇਨ੍ਹਾਂ ਪੰਜਾਬੀ ਸਿੱਖ ਨੌਜਵਾਨਾਂ ਨੇ ਸਿੱਖੀ ਸਰੂਪ ਨੂੰ ਤਿਲਾਜਲੀ ਦਿੱਤੀ ਹੋਈ ਸੀ । ਜੇਕਰ ਉਹ ਸਿੱਖੀ ਸਰੂਪ ਵਿਚ ਹੁੰਦੇ ਤਾਂ ਉਨ੍ਹਾਂ ਨਾਲ ਅਮਰੀਕਾ ਨੇ ਅਜਿਹਾ ਵਿਵਹਾਰ ਬਿਲਕੁਲ ਨਹੀ ਸੀ ਕਰਨਾ । ਇਹ ਹੋਰ ਵੀ ਦੁੱਖਦਾਇਕ ਅਮਲ ਹੈ ਕਿ ਟਰੈਵਲ ਏਜੰਟਾਂ ਦੇ ਕਹਿਣ ਉਤੇ ਇਹ ਸਿੱਖ ਨੌਜਵਾਨ ਆਪਣੇ ਕੇਸ-ਦਾੜੀ ਕਟਵਾ ਦਿੰਦੇ ਹਨ । ਜੋ ਆਪਣੇ ਅਣਖੀ ਤੇ ਸਤਿਕਾਰਿਤ ਸਿੱਖ ਧਰਮ ਨੂੰ ਪਿੱਠ ਦੇਣ ਵਾਲੇ ਅਮਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਤੋ ਵਾਪਸ ਆਏ ਉਨ੍ਹਾਂ ਪੰਜਾਬੀਆਂ ਜਿਨ੍ਹਾਂ ਨੇ ਆਪਣੀ ਸਿੱਖੀ ਨੂੰ ਏਜੰਟਾਂ ਦੇ ਕਹਿਣ ਉਤੇ ਪਿੱਠ ਦੇ ਕੇ ਅਮਰੀਕਾ ਵਿਚ ਗਏ ਸਨ ਅਤੇ ਅਮਰੀਕਾ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਹੈ, ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆ ਪਹਿਨਣ ਦਾ ਕਾਰਨ ਸਿੱਖੀ ਸਰੂਪ ਵਿਚ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ 1962 ਵਿਚ ਚੀਨ ਨਾਲ ਇੰਡੀਆ ਦੀ ਜੰਗ ਲੱਗੀ ਸੀ ਤਾਂ ਜਿਨ੍ਹਾਂ ਸਿੱਖ ਫ਼ੌਜੀਆਂ ਤੇ ਅਫਸਰਾਂ ਨੂੰ ਚੀਨ ਨੇ ਆਪਣੇ ਕਬਜੇ ਵਿਚ ਲੈ ਲਿਆ ਸੀ, ਉਨ੍ਹਾਂ ਨੂੰ ਬਹੁਤ ਹੀ ਅੱਛੇ ਸਲੀਕੇ ਤੇ ਤਹਿਜੀਬ ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਰੱਖਿਆ ਗਿਆ ਸੀ । ਕਿਉਂਕਿ ਉਹ ਆਪਣੇ ਸਿੱਖੀ ਸਰੂਪ ਵਿਚ ਸਨ ਅਤੇ ਉਨ੍ਹਾਂ ਨੂੰ ਆਪਣੇ ਵੱਡੇ ਸਹਿਰ ਘੁਮਾਕੇ ਵੀ ਮਨੋਰੰਜਨ ਕਰਵਾਉਦੇ ਰਹੇ ਹਨ । ਜਦੋ ਬਾਹਰਲੇ ਮੁਲਕਾਂ ਵਿਚ ਸਿੱਖ ਆਪਣੇ ਸਿੱਖੀ ਸਰੂਪ ਨੂੰ ਕਾਇਮ ਨਹੀ ਰੱਖਦੇ ਤਾਂ ਉਨ੍ਹਾਂ ਨੂੰ ਅਜਿਹੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸੁਭਾਵਿਕ ਹੈ । ਜਦੋਂ ਮੈਨੂੰ ਭਾਗਲਪੁਰ ਜੇਲ੍ਹ ਵਿਚ ਬੰਦੀ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਦਿੱਲੀ ਹੁੰਦੇ ਹੋਏ ਬੰਬੇ ਦੇ ਪੁਲਿਸ ਸਟੇਸਨ ਵਿਚ ਲਿਜਾਣਾ ਸੀ । ਤਾਂ ਪੁਲਿਸ ਵਾਲਿਆ ਨੇ ਮੈਨੂੰ ਹੱਥਕੜੀਆਂ ਤੇ ਬੇੜੀਆ ਲਗਾਈਆ । ਜਦੋ ਮੈਂ ਇਸ ਸੰਬੰਧੀ ਬੀ.ਐਸ.ਐਫ. ਦੇ ਡਕੋਟਾ ਹਵਾਈ ਜਹਾਜ ਵਿਚ ਸਵਾਰ ਹੋਇਆ ਤਾਂ ਉਸਦੇ ਪਾਈਲਟ ਸੁਕਆਰਡਨ ਲੀਡਰ ਜੋ ਸਿੱਖ ਸੀ, ਉਨ੍ਹਾਂ ਨੂੰ ਆਪਣੀਆ ਹੱਥਕੜੀਆ ਤੇ ਬੇੜੀਆ ਉਤਰਵਾਉਣ ਲਈ ਕਿਹਾ ਕਿ ਮੇਰੇ ਜਹਾਜ ਵਿਚ ਮੇਰੇ ਹੁਕਮ ਹੀ ਚੱਲਣਗੇ । ਤਾਂ ਉਨ੍ਹਾਂ ਨੇ ਪੁਲਿਸ ਨੂੰ ਇਨ੍ਹਾਂ ਨੂੰ ਖੋਲਣ ਦੀ ਹਦਾਇਤ ਕੀਤੀ ਤਾਂ ਡੀ.ਐਸ.ਪੀ ਤੇ ਇੰਸਪੈਕਟਰ ਨੇ ਕਿਹਾ ਕਿ ਇਹ ਖਤਰਨਾਕ ਕੈਦੀ ਹੈ ਅਜਿਹਾ ਨਹੀ ਕੀਤਾ ਜਾ ਸਕਦਾ । ਤਾਂ ਸੁਕਆਰਡਨ ਲੀਡਰ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਇਹ ਹੱਥਕੜੀਆ ਤੇ ਬੇੜੀਆ ਤੁਹਾਨੂੰ ਲਗਵਾ ਦੇਵਾਂਗਾ । ਤਾਂ ਉਨ੍ਹਾਂ ਨੇ ਮੇਰੀਆ ਹੱਥਕੜੀਆ ਤੇ ਬੇੜੀਆ ਖੋਲ੍ਹ ਦਿੱਤੀਆ । ਜੇਕਰ ਅਸੀ ਬਾਹਰਲੇ ਮੁਲਕਾਂ ਵਿਚ ਵਿਚਰਦੇ ਹੋਏ ਆਪਣੀ ਸਿੱਖੀ ਆਨ-ਸਾਨ ਨੂੰ ਕਾਇਮ ਰੱਖਾਂਗੇ ਤਾਂ ਸਾਨੂੰ ਕੈਦੀ ਹੁੰਦੇ ਹੋਏ ਵੀ ਪੂਰਾ ਸਤਿਕਾਰ ਤੇ ਆਦਰ ਮਿਲਦਾ ਰਹੇਗਾ । ਕਿਉਂਕਿ ਜੋ ਵੀ ਆਜਾਦੀ ਦੀ ਲੜਾਈ ਲੜਨ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਦੇ ਪ੍ਰੀਜਨਰਸ ਆਫ ਵਾਰ ਦੇ ਕੈਦੀ ਦਾ ਰੁਤਬਾ ਹੁੰਦਾ ਹੈ ਅਤੇ ਉਨ੍ਹਾਂ ਨਾਲ ਕੋਈ ਵੀ ਮੁਲਕ ਅਪਰਾਧੀਆ ਦੀ ਤਰ੍ਹਾਂ ਵਿਵਹਾਰ ਨਹੀ ਕਰ ਸਕਦਾ । ਜਦੋਂ ਅਸੀ ਆਪਣੇ ਸਿਰ-ਮੂੰਹ ਮੁਨਾ ਦਿੰਦੇ ਹਾਂ ਫਿਰ ਬਾਹਰਲੇ ਮੁਲਕਾਂ ਦੇ ਹੁਕਮਰਾਨਾਂ ਨੂੰ ਪਤਾ ਹੀ ਨਹੀ ਲੱਗਦਾ ਕਿ ਇਹ ਸਿੱਖ ਹਨ ਜਾਂ ਕੋਈ ਹੋਰ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਆਪਣੇ ਗੁਆਢੀ ਮੁਲਕਾਂ, ਅਮਰੀਕਾ ਤੇ ਕੈਨੇਡਾ ਵਰਗੇ ਯੂਰਪਿੰਨ ਮੁਲਕਾਂ ਨਾਲ ਸਾਡੇ ਬਹੁਤ ਅੱਛੇ ਸੰਬੰਧ ਹਨ ਅਤੇ ਕੋਈ ਵੀ ਗੁਆਢੀ ਮੁਲਕ ਜਾਂ ਜਮਹੂਰੀਅਤ ਪਸ਼ੰਦ ਮੁਲਕ ਸਿੱਖ ਕੌਮ ਨਾਲ ਅਜਿਹਾ ਵਿਵਹਾਰ ਕਰਕੇ ਇਨਸਾਨੀ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਤਈ ਨਹੀ ਕਰਦੇ ।