ਹੁਕਮਨਾਮਿਆ ਦਾ ਨਿਰੰਤਰ ਉਲੰਘਣਾ ਕਰਕੇ ਭੰਬਲਭੂਸਾ ਖੜ੍ਹਾ ਕਰਨ ਵਾਲਿਆ ਵਿਰੁੱਧ ਦ੍ਰਿੜਤਾ ਅਤੇ ਸਪੱਸਟਤਾਂ ਨਾਲ ਅਮਲ ਕੀਤਾ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਜੇਕਰ ਅੱਜ ਖ਼ਾਲਸਾ ਪੰਥ ਦੀ ਮਹਾਨ ਮੀਰੀ-ਪੀਰੀ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋ ਸਥਾਪਿਤ ਕੀਤੀ ਗਈ ਸੰਸਥਾਂ ਵੱਲੋਂ 2 ਦਸੰਬਰ ਨੂੰ ਹੋਏ ਹੁਕਮਾਂ ਦੀ ਅਵੱਗਿਆ ਕਰਕੇ ਕੁਝ ਸ਼ਰਾਰਤੀ ਤੇ ਗੈਰ ਸਿਧਾਤਹੀਣ ਦਾਗੀ ਲੋਕਾਂ ਵੱਲੋਂ ਖ਼ਾਲਸਾ ਪੰਥ ਦੀ ਕੌਮਾਂਤਰੀ ਆਨ-ਸਾਨ ਨੂੰ ਠੇਸ ਪਹੁੰਚਾਉਣ ਅਤੇ ਮੀਰੀ-ਪੀਰੀ ਦੇ ਸਿਧਾਂਤ ਤੇ ਮਰਿਯਾਦਾਵਾ ਦੀ ਤੋਹੀਨ ਕਰਨ ਦੇ ਅਤਿ ਦੁੱਖਦਾਇਕ ਅਮਲ ਹੋ ਰਹੇ ਹਨ ਤਾਂ ਕੱਚਰਘੜ ਸਿਆਸਤਦਾਨਾਂ ਦੀਆਂ ਸਵਾਰਥੀ ਨਿੱਜੀ ਹਊਮੈ ਭਰੀ ਸੋਚ ਦੇ ਦੋਸ਼ੀ ਹੋਣ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਹੀ ਸਮੇ ਉਤੇ ਸਿੱਖੀ ਮਰਿਯਾਦਾਵਾ ਅਨੁਸਾਰ ਸਹੀ ਐਕਸਨ ਨਾ ਹੋਣ ਦੀ ਗੱਲ ਵੀ ਕੁਝ ਹੱਦ ਤੱਕ ਜਿੰਮੇਵਾਰ ਹੈ । ਕਿਉਂਕਿ ਜਦੋ 2 ਦਸੰਬਰ ਦੇ ਹੋਏ ਹੁਕਮਨਾਮਿਆ ਤਹਿਤ ਸਿੰਘ ਸਾਹਿਬਾਨ ਨੇ ਫੈਸਲਿਆ ਦੀ ਮੱਦਾ ਵਿਚ ਇਹ ਦਰਜ ਕਰ ਦਿੱਤਾ ਸੀ “ਕਿ ਬਾਦਲ ਧੜੇ ਤੇ ਬਾਗੀ ਧੜੇ ਵਿਚ ਸਾਮਿਲ ਕੌਮ ਦੇ ਸਭ ਗੁਨਾਹਕਾਰ ਆਗੂਆਂ ਨੂੰ ਅੱਜ ਤੋ ਬਾਅਦ ਖ਼ਾਲਸਾ ਪੰਥ ਦੀ ਕਿਸੇ ਤਰ੍ਹਾਂ ਦੀ ਸਿਆਸੀ ਜਾਂ ਧਾਰਮਿਕ ਅਗਵਾਈ ਕਰਨ ਦਾ ਇਖਲਾਕੀ ਹੱਕ ਨਹੀ ਰਹਿ ਗਿਆ”, ਫਿਰ ਇਸ ਹੋਏ ਸਹੀ ਫੈਸਲੇ ਉਪਰੰਤ ਇਨ੍ਹਾਂ ਦੋਸ਼ੀ ਗੁਨਾਹਗਾਰਾਂ ਤੇ ਆਗੂਆਂ ਵਿਚੋ ਹੀ 7 ਮੈਬਰੀ ਭਰਤੀ ਕਮੇਟੀ ਬਣਾਉਣ ਦੀ ਕੋਈ ਦਲੀਲ ਨਹੀ ਸੀ ਬਣਦੀ । ਫਿਰ ਸਿੰਘ ਸਾਹਿਬਾਨ ਨੇ ਫੈਸਲਿਆ ਦੀ ਮੱਦ ਵਿਚ ਦੋਵੇ ਧੜਿਆਂ ਦੇ ਦੋਸ਼ੀ ਆਗੂਆਂ ਨੂੰ 3 ਦਿਨਾਂ ਵਿਚ ਆਪੋ ਆਪਣੇ ਸਿਆਸੀ ਚੂਲੇ ਖਤਮ ਕਰਕੇ ਆਪੋ ਆਪਣੇ ਅਸਤੀਫੇ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕਰਨ ਦੇ ਹੁਕਮ ਵੀ ਕੀਤੇ ਸਨ । ਜਦੋ ਸ. ਸੁਖਬੀਰ ਸਿੰਘ ਬਾਦਲ ਤੇ ਦੂਸਰੇ ਬਾਦਲ ਦਲੀਆ ਨੇ 3 ਦਿਨਾਂ ਤੱਕ ਅਸਤੀਫੇ ਨਹੀ ਸਨ ਦਿੱਤੇ, ਕਾਨੂੰਨੀ ਅਤੇ ਤਕਨੀਕੀ ਬਹਾਨੇਬਾਜੀਆ ਨੂੰ ਆਧਾਰ ਬਣਾਕੇ ਅਸਤੀਫੇ ਦੇਣ ਲਈ 20 ਦਿਨ ਹੋਰ ਮੰਗੇ ਗਏ ਸਨ, ਤਾਂ 20 ਦਿਨ ਹੋਰ ਦੇਣ ਦੇ ਅਮਲ ਤਾਂ ਆਪਣੇ ਆਪ ਵਿਚ ਸਾਡੀ ਮੀਰੀ-ਪੀਰੀ ਦੀ ਰੁਹਾਨੀਅਤ ਸੰਸਥਾਂ ਦੇ ਹੁਕਮਾਂ ਨੂੰ ਕੰਮਜੋਰ ਕਰਨ ਵਾਲੇ ਅਤੇ ਇਸ ਦਿੱਤੀ ਗਈ ਢਿੱਲ੍ਹ ਵਿਚ ਸਿਆਸੀ ਦਬਾਅ ਨੂੰ ਕਬੂਲਣ ਦੀ ਗੱਲ ਪ੍ਰਤੱਖ ਨਜਰ ਆ ਰਹੀ ਹੈ । ਜੋ ਕਿ ਮੀਰੀ ਪੀਰੀ ਦੇ ਤਖਤ ਉਤੇ ਬਿਰਾਜਮਾਨ ਕਿਸੇ ਵੀ ਸਤਿਕਾਰਯੋਗ ਸਖਸ਼ੀਅਤ ਵੱਲੋ ਨਹੀ ਸੀ ਹੋਣੀ ਚਾਹੀਦੀ ।”
ਇਹ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਸਾ ਪੰਥ ਦੇ ਮੀਰੀ-ਪੀਰੀ ਦੇ ਤਖ਼ਤ ਉਤੇ ਬਿਰਾਜਮਾਨ ਸਤਿਕਾਰਯੋਗ ਸਿੰਘ ਸਾਹਿਬਾਨ ਵੱਲੋਂ 28 ਜਨਵਰੀ ਨੂੰ 5 ਪਿਆਰਿਆ ਜਾਂ ਸਿੰਘ ਸਾਹਿਬਾਨ ਦੀ ਰੱਖੀ ਗਈ ਐਮਰਜੈਸੀ ਇਕੱਤਰਤਾ ਤੋਂ ਪਹਿਲੇ ਸਮੁੱਚੇ ਸਿੰਘ ਸਾਹਿਬਾਨ ਨੂੰ ਕੌਮ ਨੂੰ ਭੰਬਲਭੂਸੇ ਵਿਚੋ ਦ੍ਰਿੜਤਾ ਨਾਲ ਤੇ ਮੀਰੀ ਪੀਰੀ ਦੇ ਮਹਾਨ ਸਿਧਾਤਾਂ ਦੀ ਅਗਵਾਈ ਹੇਠ ਕੌਮੀ ਭਾਵਨਾਵਾ ਅਨੁਸਾਰ ਫੈਸਲਾ ਕਰਕੇ ਕੌਮ ਦੇ ਉੱਚੇ ਸੁੱਚੇ ਮਨੁੱਖਤਾ ਪੱਖੀ ਇਖਲਾਕ ਉਤੇ ਆਏ ਬੱਦਲਾਂ ਨੂੰ ਸਾਫ ਕਰਨ ਦੀ ਅਤਿ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਅੱਗੇ ਚੱਲਕੇ ਆਪਣੇ ਕੌਮੀ ਵਿਚਾਰਾਂ ਦੀ ਲੜੀ ਨੂੰ ਵਧਾਉਦੇ ਹੋਏ ਕਿਹਾ ਕਿ ਜੇਕਰ ਬਾਦਲ ਦਲੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਬਣਾਈ 7 ਮੈਬਰੀ ਭਰਤੀ ਕਮੇਟੀ ਨੂੰ ਅਪ੍ਰਵਾਨ ਕਰਕੇ ਆਪਣੇ ਤੌਰ ਤੇ ਕਮੇਟੀਆ ਬਣਾਕੇ ਭਰਤੀ ਸੁਰੂ ਕਰਨ ਦੀ ਗੁਸਤਾਖੀ ਕੀਤੀ, ਤਾਂ ਉਸ ਸਮੇ ਹੀ ਸਿੰਘ ਸਾਹਿਬਾਨ ਨੂੰ ਇਹ ਐਮਰਜੈਸੀ ਇਕੱਤਰਤਾ ਬੁਲਾਕੇ ਹੁਕਮਨਾਮਿਆ ਦੀ ਤੋਹੀਨ ਕਰਨ ਵਾਲੀ ਲੀਡਰਸਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਸਖਤ ਚੇਤਾਵਨੀ ਦਿੰਦੇ ਹੋਏ 2-3 ਦਿਨ ਦਾ ਵਕਫਾ ਦੇ ਕੇ ਉਸ ਦੋਸ਼ੀ ਲੀਡਰਸਿਪ ਵਿਰੁੱਧ ਕਾਰਵਾਈ ਕਰਨੀ ਵੀ ਬਣਦੀ ਸੀ । ਜਿਸ ਵਿਚ ਅਜਿਹੇ ਗੁਨਾਹਗਾਰਾਂ ਨੂੰ ਪੰਥ ਵਿਚੋ ਛੇਕੇ ਜਾਣ ਦੇ ਹੁਕਮ ਵੀ ਜਥੇਦਾਰ ਸਾਹਿਬਾਨ ਵੱਲੋ ਕੀਤੇ ਜਾ ਸਕਦੇ ਸਨ । ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਵਿਚ ਆਉਦੇ ਹਨ । ਫਿਰ ਜਿਸ ਗੁਨਾਹਗਾਰ ਦਾਗੋ ਦਾਗ ਹੋਈ ਦੋਵੇ ਧੜਿਆ ਦੀ ਲੀਡਰਸਿਪ ਨੂੰ ਸਜ਼ਾ ਸੁਣਾਈ ਗਈ ਸੀ ਜੋ ਕਿ ਕੌਮ ਦੇ ਨਾ ਬਖਸਣਯੋਗ ਦੋਸ਼ੀ ਹਨ, ਫਿਰ ਦੋਵਾਂ ਧੜਿਆ ਦੀ ਦੋਸ਼ੀ ਲੀਡਰਸਿਪ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਵੱਲੋ ਇਕ ਵਾਰ ਨਹੀ ਅਨੇਕਾ ਵਾਰ ਇਕੱਤਰਤਾ ਕਰਨ ਪਿੱਛੇ ਮੀਰੀ-ਪੀਰੀ ਦੇ ਸਿਧਾਂਤ ਨੂੰ ਕਿਵੇ ਮਜਬੂਤ ਕੀਤਾ ਜਾ ਸਕਦਾ ਸੀ ? ਫਿਰ ਮੁਲਾਕਾਤ ਕਰਨ ਵਾਲੀ ਦੋਸ਼ੀ ਲੀਡਰਸਿਪ ਵੱਲੋ ਮੁਲਾਕਾਤਾਂ ਕਰਨ ਉਪਰੰਤ ਆਪਣੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਨਾਮ ਦੀ ਦੁਰਵਰਤੋ ਕਰਕੇ ਆਪਣੇ ਨਿੱਜੀ ਮੁਫਾਦਾ ਨੂੰ ਪੂਰਤੀ ਕਰਨ ਹਿੱਤ ਪ੍ਰੈਸ ਨੂੰ ਗੁੰਮਰਾਹਕੁੰਨ ਜਾਣਕਾਰੀ ਦੇਣ ਦੇ ਹੁੰਦੇ ਰਹੇ ਅਮਲਾਂ ਵਿਰੁੱਧ ਨੋਟਿਸ ਕਿਉਂ ਨਹੀ ਲਿਆ ਗਿਆ ਅਤੇ ਅਜਿਹੀ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੀ ਕਿਉਂ ਹੋਣ ਦਿੱਤੀ ? ਸਮੁੱਚਾ ਖਾਲਸਾ ਪੰਥ ਇਸ ਉਤਪੰਨ ਹੋਈ ਗਹਿਰੀ ਆਤਮਿਕ ਦੁਖਾਂਤ ਭਰੀ ਸਥਿਤੀ ਵਿਚ ਗੁਜਰ ਰਿਹਾ ਹੈ, ਜਿਸ ਵਿਚ ਖਾਲਸਾ ਪੰਥ ਦਾ ਰਤੀਭਰ ਵੀ ਕੋਈ ਕਸੂਰ ਨਹੀ ।
ਹੁਣ ਜਦੋ ਦਾਗੋ ਦਾਗ ਹੋਏ ਗੁਨਾਹਗਾਰ ਅਤੇ ਗੈਰ ਸਿਧਾਂਤਿਕ ਲੀਡਰਸਿਪ ਦੇ ਨਿੱਜੀ ਮੁਫਾਦਾਂ ਦੀ ਬਦੌਲਤ ਸਥਿਤੀ ਅਤਿ ਗੁੰਝਲਦਾਰ ਟੀਸੀ ਤੇ ਪਹੁੰਚ ਗਈ ਹੈ ਤਾਂ ਹੁਣ 28 ਜਨਵਰੀ ਨੂੰ ਸਤਿਕਾਰਯੋਗ 5 ਪਿਆਰਿਆ, ਸਿੰਘ ਸਾਹਿਬਾਨਾਂ ਵੱਲੋ ਰੱਖੀ ਗਈ ਇਕੱਤਰਤਾ ਉਤੇ ਇਕ ਵਾਰ ਫਿਰ 2 ਦਸੰਬਰ ਦੇ ਮਹਾਨ ਵਰਤਾਰੇ ਦੀ ਤਰ੍ਹਾਂ ਸਮੁੱਚੇ ਸੰਸਾਰ ਦੇ ਸਿੱਖਾਂ ਦੇ ਆਤਮਿਕ ਅਤੇ ਸਰੀਰਕ ਸਾਹ ਹੀ ਨਹੀ ਬਲਕਿ ਦੂਸਰੀਆ ਕੌਮਾਂ ਤੇ ਦੂਸਰੇ ਮੁਲਕਾਂ ਦੇ ਹੁਕਮਰਾਨਾਂ ਦੀ ਨਬਜ ਵੀ 28 ਤਰੀਕ ਨੂੰ ਹੋਣ ਵਾਲੇ ਮੀਰੀ ਪੀਰੀ ਦੇ ਤਖਤ ਦੇ ਫੈਸਲਿਆ ਤੇ ਅਟਕ ਗਈ ਹੈ । ਇਸ ਲਈ ਹੁਣ ਸਤਿਕਾਰਯੋਗ ਸਿੰਘ ਸਾਹਿਬਾਨ ਜਿਨ੍ਹਾਂ ਦੀ ਜਿੰਮੇਵਾਰੀ ਇਸ ਸੰਕਟ ਦੀ ਘੜੀ ਵਿਚ ਦ੍ਰਿੜਤਾ ਤੇ ਗੁਰੂ ਮਰਿਯਾਦਾ ਅਨੁਸਾਰ ਫੈਸਲੇ ਕਰਦੇ ਹੋਏ ਉਨ੍ਹਾਂ ਨੂੰ ਲਾਗੂ ਕਰਕੇ ਕੌਮ ਨੂੰ ਸੰਕਟ ਦੀ ਘੜੀ ਵਿਚੋ ਸਰੂਖਰ ਕਰਨ ਦੇ ਨਾਲ-ਨਾਲ ਮੀਰੀ ਪੀਰੀ ਦੇ ਮਹਾਨ ਤਖਤ ਦੀ ਸੰਸਾਰਿਕ ਮਾਣ ਸਨਮਾਨ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੀ ਵੀ ਹੈ। ਉਹ ਹੁਣ ਮੀਰੀ ਪੀਰੀ ਦੇ ਸਿਧਾਂਤ ਦੀ ਰੌਸਨੀ ਵਿਚ ਦ੍ਰਿੜਤਾ ਨਾਲ ਫੈਸਲੇ ਕਰਕੇ ਕੌਮ ਨੂੰ ਭੰਬਲਭੂਸੇ ਵਿਚੋ ਕੱਢਣ, ਤਾਂ ਕਿ ਜੋ ਤਾਕਤਾਂ ਅਤੇ ਲੋਕ ਮੀਰੀ ਪੀਰੀ ਦੇ ਮਹਾਨ ਤਖਤ ਤੇ ਮਰਿਯਾਦਾਵਾ ਦਾ ਘਾਣ ਕਰਨ ਲਈ ਦੁਸਮਣ ਤਾਕਤਾਂ ਦੇ ਹੱਥਠੋਕੇ ਬਣਕੇ ਦੁੱਖਦਾਇਕ ਅਮਲ ਕਰ ਰਹੇ ਹਨ, ਉਨ੍ਹਾਂ ਨੂੰ ਦ੍ਰਿੜਤਾ ਤੇ ਸਪੱਸਟਤਾ ਨਾਲ ਖਾਲਸਾ ਪੰਥ ਵਿਚੋ ਛੇਕਣ ਜਾਂ ਕੋਈ ਸਿੰਘ ਸਾਹਿਬਾਨ ਦੀ ਆਪਣੇ ਫੈਸਲੇ ਅਨੁਸਾਰ ਸਹਿਜ ਅਮਲ ਕਰਨ ਦੀ ਵੱਡੀ ਜਿੰਮੇਵਾਰੀ ਨਿਭਾਉਣ ਤਾਂ ਜੋ ਮੀਰੀ ਪੀਰੀ ਦੇ ਇਸ ਮਹਾਨ ਤਖਤ ਦੀ ਕੋਈ ਵੀ ਸਿੱਖ ਜਾਂ ਸਿਆਸਤਦਾਨ ਤੋਹੀਨ ਜਾਂ ਅਪਮਾਨ ਕਰਨ ਦੀ ਭਵਿੱਖ ਵਿਚ ਜੁਰਅਤ ਨਾ ਕਰ ਸਕੇ ਅਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀਆ ਕੌਮਾਂ ਅਤੇ ਹੁਕਮਰਾਨਾਂ ਨੂੰ ਵੀ ਸਾਡੇ ਇਸ ਮਹਾਨ ਤਖ਼ਤ ਦੇ ਫੈਸਲਿਆ ਦੇ ਸੰਬੰਧ ਵਿਚ ਸਹੀ ਦਿਸ਼ਾ ਵੱਲ ਸਹੀ ਸੰਦੇਸ ਜਾ ਸਕੇ ।