ਸ੍ਰੀ ਕੇਜਰੀਵਾਲ ਦਿੱਲੀ ਤੋ ਵੇਹਲੇ ਹੋ ਕੇ ਹੁਣ ਪੰਜਾਬ ਦੀ ਸਿਆਸਤ ਵਿਚ ਦਖਲ ਦੇ ਕੇ ਭੰਬਲਭੂਸਾ ਖੜ੍ਹਾ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਜਦੋਂ ਦਿੱਲੀ ਨਿਵਾਸੀਆਂ ਨੇ ਸ੍ਰੀ ਕੇਜਰੀਵਾਲ ਵੱਲੋਂ ਪਾਏ ਗਏ ਗੁੰਮਰਾਹਕੁੰਨ ਚੋਗੇ ਨੂੰ ਨਾ ਚੁਗਿਆ ਅਤੇ ਦਿੱਲੀ ਵਿਚ ਸ੍ਰੀ ਕੇਜਰੀਵਾਲ ਦੀ ਸਿਆਸਤ ਫੇਲ੍ਹ ਕਰ ਦਿੱਤੀ ਤਾਂ ਇਹ ਕੱਟੜਵਾਦੀ ਹਿੰਦੂਤਵ ਟੋਲੀ ਨੇ ਪੰਜਾਬ ਦੀ ਸਿਆਸਤ ਉਤੇ ਧਾਵਾ ਬੋਲ ਦਿੱਤਾ ਹੈ ਤਾਂ ਕਿ ਪੰਜਾਬ ਦੇ ਖਜਾਨੇ, ਸਾਧਨਾਂ ਤੇ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ ਆਪਣੇ ਚੇਹਤਿਆ ਨੂੰ ਖੁਸ਼ ਕੀਤਾ ਜਾ ਸਕੇ । ਇਨ੍ਹਾਂ ਸਾਧਨਾਂ ਰਾਹੀ ਆਪਣੀ ਸਿਆਸਤ ਨੂੰ ਭਖਾਇਆ ਜਾ ਸਕੇ । ਇਸ ਸੋਚ ਅਧੀਨ ਹੀ ਸ੍ਰੀ ਕੇਜਰੀਵਾਲ ਨੇ ਪੰਜਾਬ ਦੇ ਸੂਪਰ ਸੀ.ਐਮ ਦੀ ਭੂਮਿਕਾ ਨਿਭਾਉਦੇ ਹੋਏ ਹਾਈਕੋਰਟ ਦੇ ਸੈਕੜਿਆ ਦੀ ਗਿਣਤੀ ਵਿਚ ਸਹਾਇਕ ਐਡਵੋਕੇਟ ਜਰਨਲ ਦੀਆਂ ਪਦਵੀਆਂ ਤੇ ਕੰਮ ਕਰ ਰਹੇ ਪੰਜਾਬੀਆਂ ਅਤੇ ਸਿੱਖਾਂ ਨੂੰ ਪਾਸੇ ਕਰਨ ਹਿੱਤ ਉਨ੍ਹਾਂ ਦੀਆਂ ਅਸਾਮੀਆ ਤੋ ਫਾਰਗ ਕਰ ਦਿੱਤਾ ਹੈ । ਤਾਂ ਕਿ ਦਿੱਲੀ ਅਤੇ ਹੋਰ ਸੂਬਿਆਂ ਅਤੇ ਪੰਜਾਬ ਦੇ ਆਪਣੇ ਚੇਹਤਿਆ ਨੂੰ ਇਨ੍ਹਾਂ ਅਸਾਮੀਆ ਉਤੇ ਲਗਾਕੇ ਕਾਨੂੰਨੀ ਪ੍ਰਕਿਰਿਆ ਵਿਚ ਆਪਣੀ ਅਜਾਰੇਦਾਰੀ ਕਾਇਮ ਹੋ ਸਕੇ । ਜਦੋਕਿ ਸੈਟਰ ਦੇ ਇਨ੍ਹਾਂ ਸਾਰੇ ਆਗੂਆਂ ਨੂੰ ਇਹ ਜਾਣਕਾਰੀ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਆਪਣੇ ਸੂਬੇ ਦੇ ਅਧਿਕਾਰਿਤ ਕੰਮਾਂ ਵਿਚ ਦਿੱਲੀ ਵਾਲਿਆ ਦੇ ਦਖਲ ਨੂੰ ਬਿਲਕੁਲ ਸਹਿਣ ਨਹੀ ਕਰਦੇ ਅਤੇ ਨਾ ਹੀ ਆਪਣੀ ਅਣਖ-ਗੈਰਤ ਨੂੰ ਗਹਿਣੇ ਰੱਖਦੇ ਹਨ । ਫਿਰ ਸ੍ਰੀ ਕੇਜਰੀਵਾਲ ਹੁਣ ਪੰਜਾਬ ਦੀ ਸਿਆਸਤ ਵਿਚ ਸਿੱਧਾ ਦਖਲ ਦੇ ਕੇ ਕੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਚੁਣੋਤੀ ਨਹੀ ਦੇ ਰਹੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਸਟੇਟ ਦੀ ਸਿਆਸਤ ਵਿਚੋ ਅਸਫਲ ਹੋਣ ਉਪਰੰਤ ਹੁਣ ਆਪਣੀ ਸਿਆਸੀ ਚੌਧਰ ਨੂੰ ਕਾਇਮ ਰੱਖਣ ਹਿੱਤ ਅਤੇ ਪੰਜਾਬ ਸਰਕਾਰ ਦੇ ਖਜਾਨੇ, ਸਾਧਨਾਂ ਅਤੇ ਸਿਆਸੀ ਸ਼ਕਤੀ ਦੀ ਦੁਰਵਰਤੋ ਕਰਨ ਹਿੱਤ ਪੰਜਾਬ ਵੱਲ ਮੰਦਭਾਵਨਾ ਅਧੀਨ ਕੀਤੇ ਗਏ ਰੁੱਖ ਅਤੇ ਕੀਤੀਆ ਜਾ ਰਹੀਆ ਮਨਮਾਨੀਆ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਪੰਜਾਬੀਆਂ ਨੂੰ ਅਜਿਹੇ ਅਮਲ ਬਿਲਕੁਲ ਵੀ ਸਹਿਣ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਸੋਚ ਅਧੀਨ ਇਨ੍ਹਾਂ ਨੇ ਬੀਤੇ ਕੁਝ ਦਿਨ ਪਹਿਲੇ ਪੰਜਾਬ ਦੇ ਵੱਖ-ਵੱਖ ਜਿ਼ਲ੍ਹਿਆਂ ਵਿਚ ਤਾਇਨਾਤ ਐਸ.ਐਸ.ਪੀ ਅਤੇ ਬੀਤੇ ਕੱਲ੍ਹ ਵੱਡੀ ਗਿਣਤੀ ਵਿਚ ਡਿਪਟੀ ਕਮਿਸਨਰਾਂ ਦੇ ਤਬਾਦਲੇ ਕੀਤੇ ਹਨ ਤਾਂ ਕਿ ਸ੍ਰੀ ਕੇਜਰੀਵਾਲ ਆਪਣੀ ਮਨਮਰਜੀ ਦੀ ਅਫਸਰਸਾਹੀ ਨੂੰ ਇਨ੍ਹਾਂ ਅਹਿਮ ਅਸਾਮੀਆ ਉਤੇ ਤਾਇਨਾਤ ਕਰਕੇ ਪੰਜਾਬ ਵਿਚ ਆਪਣੇ ਤਾਨਾਸਾਹੀ ਸੋਚ ਨੂੰ ਲਾਗੂ ਕਰ ਸਕਣ ਅਤੇ ਹੱਸਦੇ-ਵੱਸਦੇ ਪੰਜਾਬ ਨੂੰ ਫਿਰ ਤੋ ਵੱਡੇ ਇਮਤਿਹਾਨਾਂ ਵਿਚ ਪਾ ਸਕਣ ਜਿਸ ਨਾਲ ਇਨ੍ਹਾਂ ਦੇ ਸਿਆਸੀ ਮਕਸਦਾਂ ਦੀ ਪੂਰਤੀ ਹੁੰਦੀ ਹੋਵੇ । ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਸੈਟਰ ਦੀ ਪੰਜਾਬ ਵਿਰੋਧੀ ਟੀਮ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਹਕੂਮਤ ਵਿਚ ਦਿੱਲੀ ਤੋ ਹੁਕਮ ਕਰਨੇ ਬੰਦ ਕਰਨ ਅਤੇ ਪੰਜਾਬ ਦੇ ਸਭ ਵਿਧਾਨਿਕ, ਮਾਲੀ, ਸਮਾਜਿਕ, ਇਖਲਾਕੀ ਅਤੇ ਆਰਥਿਕ ਮੁੱਦਿਆ ਵਿਚ ਕਿਸੇ ਤਰ੍ਹਾਂ ਦੀ ਦਖਲ ਨਾ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦੀ ਚੁਣੋਤੀ ਦੇਣ ਦੀ ਗੁਸਤਾਖੀ ਨਾ ਕਰਨ ਤਾਂ ਬਿਹਤਰ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋ ਸਿੱਖ ਕੌਮ ਤੇ ਪੰਜਾਬੀ ਸੈਟਰ ਦੀਆਂ ਜਮਾਤਾਂ ਦੀ ਕਿਸੇ ਤਰ੍ਹਾਂ ਦੀ ਦਖਲ ਅੰਦਾਜੀ ਨੂੰ ਪੰਜਾਬ ਸੂਬੇ ਤੇ ਪੰਜਾਬ ਦੀਆਂ ਨੀਤੀਆ ਵਿਚ ਕਤਈ ਪਸੰਦ ਨਹੀ ਕਰਦੇ, ਤਾਂ ਇਹ ਹਿੰਦੂਤਵ ਆਗੂ ਆਪਣੇ ਵੱਲੋ ਰਚੀਆ ਜਾ ਰਹੀਆ ਪੰਜਾਬ ਵਿਰੋਧੀ ਸਾਜਿਸਾਂ ਤੋ ਤੋਬਾ ਕਰਕੇ ਪੰਜਾਬ ਦੇ ਅਮਨਮਈ ਅਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਸਹੀ ਰੱਖਣ ਵਿਚ ਯੋਗਦਾਨ ਪਾਉਣਗੇ ਅਤੇ ਪੰਜਾਬੀਆਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਨਹੀ ਪਹੁੰਚਾਉਣਗੇ ।