ਹੁਕਮਨਾਮਿਆ ਦੀ ਉਲੰਘਣਾ ਕਰਨ ਵਾਲੇ ਸਿਆਸੀ ਆਗੂਆਂ ਨੂੰ ਪੰਥ ਵਿਚੋਂ ਛੇਕਣ ਦੇ ਅਮਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਕਾਇਮ ਰੱਖੀ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 26 ਫਰਵਰੀ ( ) “ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਦੀ ਸਰਬਉੱਚਤਾ ਅਤੇ ਦੁਨੀਆ ਦਾ ਕੋਈ ਵੀ ਵੱਡੇ ਤੋ ਵੱਡਾ ਰੁਤਬਾ ਤੁੱਛ ਹੈ । ਇਸ ਸੰਸਥਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਆਪਣੀਆ ਨਿੱਜੀ ਇਛਾਵਾ, ਅਹੁਦਿਆ ਤੇ ਵੱਡੇ ਤੋ ਵੱਡੇ ਸਾਧਨਾਂ ਨੂੰ ਨਿਛਾਵਰ ਕਰ ਦੇਣਾ ਗੁਰਸਿੱਖ ਦਾ ਪਰਮ-ਧਰਮ ਫਰਜ ਹੈ । ਜਿਸਦੀ ਇਤਿਹਾਸ ਪ੍ਰਤੱਖ ਗਵਾਹੀ ਭਰਦਾ ਹੈ । ਜੋ ਸਿਆਸਤਦਾਨ ਆਪਣੇ ਰਾਜਸੀ, ਧਾਰਮਿਕ ਅਹੁਦਿਆ ਨੂੰ ਕਾਇਮ ਰੱਖਣ ਹਿੱਤ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਹੋਏ ਹੁਕਮਾਂ ਨੂੰ ਟਿੱਚ ਜਾਣਨ ਦੀ ਕੋਸਿਸ ਕਰਦੇ ਹਨ ਉਹ ਕਤਈ ਵੀ ਖਾਲਸਾ ਪੰਥ ਵਿਚ ਆਪਣਾ ਮਾਣ ਸਨਮਾਨ ਨਹੀ ਪਾ ਸਕਦੇ । ਉਨ੍ਹਾਂ ਨੂੰ ਖਾਲਸਾ ਪੰਥ ਵਿਚ ਦੋਸ਼ੀ ਸਾਬਤ ਕਰਦਿਆ ਹਮੇਸ਼ਾਂ ਦੁਰਕਾਰ ਦਾ ਸਾਹਮਣਾ ਹੀ ਕਰਨਾ ਪੈਦਾ ਹੈ । ਇਸ ਲਈ ਸ. ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਜੀ-ਹਜੂਰੀ ਕਰਨ ਵਾਲੇ ਦਿਸ਼ਾਹੀਣ ਸਿਆਸਤਦਾਨ ਕਿੰਨੀਆ ਵੀ ਗੈਰ ਦਲੀਲ ਗੱਲਾਂ ਅਤੇ ਅਮਲ ਕਰਕੇ ਆਪਣੇ ਆਪ ਨੂੰ ਸਿਆਸੀ ਤੇ ਸਮਾਜਿਕ ਤੌਰ ਤੇ ਜਿਊਂਦਾ ਰੱਖਣ ਦੀ ਕੋਸਿਸ ਕਿਉਂ ਨਾ ਕਰਨ, ਉਨ੍ਹਾਂ ਦੀ ਆਤਮਿਕ ਤੇ ਇਖਲਾਕੀ ਮੌਤ ਹੋਣ ਤੋ ਕੋਈ ਨਹੀ ਰੋਕ ਸਕਦਾ । ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਨਾਲ ਮੱਥਾ ਲਗਾਉਣ ਵਾਲੀ ਇਸ ਸਵਾਰੀ ਤੇ ਦਿਸਾਹੀਣ ਲੀਡਰਸਿਪ ਨੂੰ ਚਾਹੀਦਾ ਹੈ ਕਿ ਉਹ ਇਸ ਸੰਸਥਾਂ ਤੋ ਹੋਏ ਹੁਕਮਾਂ ਦੀ ਅਵੱਗਿਆ ਕਰਨ ਦੀ ਬਜਾਇ, ਉਸ ਨੂੰ ਸਮਰਪਿਤ ਹੋਣ ਤਾਂ ਬਿਹਤਰ ਹੋਵੇਗਾ । ਵਰਨਾ ਖਾਲਸਾ ਪੰਥ ਵਿਚ ਉਹ ਵਿਚਰਣ ਦੇ ਸਮਰੱਥ ਨਹੀ ਰਹਿ ਸਕਣਗੇ । ਜੇਕਰ ਇਹ ਲੋਕ ਆਪਣੀ ਸਿਆਸੀ, ਧਨ ਦੌਲਤਾਂ ਤੇ ਹੋਰ ਤਾਕਤ ਦੇ ਹਊਮੈ ਵਿਚ ਆ ਕੇ ਮੀਰੀ-ਪੀਰੀ ਦੀ ਸੰਸਥਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ, ਸਿੱਖੀ ਮਰਿਯਾਦਾਵਾ ਦੀ ਤੋਹੀਨ ਕਰਨ ਤੋ ਬਾਜ ਨਹੀ ਆਉਦੇ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਬਾਗੀ ਅਤੇ ਦਾਗੀਆ ਨੂੰ ਪੰਥ ਵਿਚੋ ਛੇਕਣ ਦੇ ਹੁਕਮ ਕਰਕੇ ਖਾਲਸਾ ਪੰਥ ਵਿਚ ਜੋ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ, ਉਸ ਵਿਚੋ ਬਾਹਰ ਕੱਢਣ ਦੀ ਜਿੰਮੇਵਾਰੀ ਨਿਭਾਉਣ, ਉਥੇ ਖਾਲਸਾ ਪੰਥ ਨੂੰ ਦ੍ਰਿੜਤਾ ਪੂਰਵਕ ਸੁਨੇਹਾ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾਂ ਅਤੇ ਮਾਣ-ਸਨਮਾਨ ਨੂੰ ਹੋਰ ਮਜਬੂਤੀ ਦੇਣ ਹਿੱਤ ਠੇਸ ਪਹੁੰਚਾਉਣ ਵਾਲੀਆ ਤਾਕਤਾਂ ਦੇ ਇਸ ਖਾਲਸਾ ਪੰਥ ਵਿਰੋਧੀ ਅਮਲ ਨੂੰ ਬਿਲਕੁਲ ਵੀ ਬਰਦਾਸਤ ਨਾ ਕਰਨ । ਇਸਦੇ ਨਾਲ ਹੀ ਸਮੁੱਚੇ ਖਾਲਸਾ ਪੰਥ ਦੀ ਵੱਖ-ਵੱਖ ਧੜਿਆ, ਗਰੁੱਪਾਂ ਵਿਚ ਖੇਰੂ ਖੇਰੂ ਹੋਈ ਸ਼ਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਨ ਵਿਚ ਭੂਮਿਕਾ ਨਿਭਾਉਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾਂ ਅਤੇ ਮਾਣ ਸਨਮਾਨ ਨੂੰ ਕਾਇਮ ਰੱਖਣ ਉਤੇ ਬਣੀ ਗੰਭੀਰ ਸਥਿਤੀ ਨੂੰ ਦ੍ਰਿੜਤਾ ਨਾਲ ਹੱਲ ਕਰਨ ਅਤੇ ਜੋ ਸਿੱਖ ਲੀਡਰਸਿਪ ਹੁਕਮਨਾਮਿਆ ਦਾ ਉਲੰਘਣ ਕਰ ਰਹੀ ਹੈ ਉਨ੍ਹਾਂ ਨੂੰ ਗੁਰੂ ਮਰਿਯਾਦਾ ਅਨੁਸਾਰ ਪੰਥ ਵਿਚੋ ਛੇਕਣ ਦੇ ਅਮਲ ਕਰਕੇ ਇਸ ਭੰਬਲਭੂਸੇ ਵਾਲੀ ਸਥਿਤੀ ਵਿਚੋ ਕੌਮ ਨੂੰ ਕੱਢਣ ਦੀ ਜਿੰਮੇਵਾਰੀ ਨਿਭਾਉਣ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮਨਾਕ ਅਤੇ ਦੁੱਖਦਾਇਕ ਕਾਰਵਾਈਆ ਹੋ ਰਹੀਆ ਹਨ ਕਿ ਜਿਸ ਖਾਲਸਾ ਪੰਥ ਦੀ ਬਿਹਤਰੀ ਲਈ ਅਤੇ ਮਨੁੱਖਤਾ ਦੇ ਭਲੇ ਲਈ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੀਰੀ-ਪੀਰੀ ਦੀ ਮਹਾਨ ਸੰਸਥਾਂ ਦੇ ਉੱਚੇ-ਸੁੱਚੇ ਸਿਧਾਤਾਂ ਤੇ ਮਾਣ-ਸਨਮਾਨ ਨੂੰ ਕਾਇਮ ਰੱਖਣ ਦੀ ਇਖਲਾਕੀ ਤੇ ਸਮਾਜਿਕ ਜਿੰਮੇਵਾਰੀ ਬਣਦੀ ਹੈ, ਉਹ ਲੋਕ ਹੀ ਸਿੱਖੀ ਸੰਸਥਾਵਾਂ, ਮਰਿਯਾਦਾਵਾ ਦਾ ਘਾਣ ਕਰਕੇ ਖਾਲਸਾ ਪੰਥ ਦੇ ਸੰਸਾਰ ਵਿਚ ਬਣੇ ਉੱਚੇ ਸੁੱਚੇ ਅਕਸ ਨੂੰ ਧੂੰਦਲਾ ਕਰਨ ਅਤੇ ਕੌਮ ਨੂੰ ਮਜਾਕ ਬਣਾਉਣ ਦਾ ਹਿੱਸਾ ਬਣ ਰਹੇ ਹਨ । ਅਜਿਹੀ ਦਾਗੀ ਤੇ ਬਾਗੀ ਲੀਡਰਸਿਪ ਨੂੰ ਖਾਲਸਾ ਪੰਥ ਵਿਚ ਅਜਿਹੇ ਹਾਲਾਤ ਪੈਦਾ ਕਰਨ ਦੀ ਇਜਾਜਤ ਬਿਲਕੁਲ ਨਹੀ ਦੇਣੀ ਚਾਹੀਦੀ ਅਤੇ ਨਾ ਹੀ ਅਜਿਹੇ ਪੰਥਦੋਖੀਆ ਨਾਲ ਕਿਸੇ ਕਿਸਮ ਦੀ ਕੌਮੀ ਤੇ ਧਾਰਮਿਕ ਲਿਹਾਜ ਕਰਨੀ ਚਾਹੀਦੀ ਹੈ । ਬਲਕਿ ਕੌਮ ਵੱਲੋ ਉੱਠੀ ਉੱਚੀ ਆਵਾਜ ਤੇ ਪਹਿਰਾ ਦੇ ਕੇ ਜਥੇਦਾਰ ਸਾਹਿਬਾਨ ਨੂੰ ਦ੍ਰਿੜਤਾ ਨਾਲ ਫੈਸਲਾ ਲੈਦੇ ਹੋਏ ਇਨ੍ਹਾਂ ਨੂੰ ਪੰਥ ਵਿਚੋ ਛੇਕ ਦੇਣ ਦੇ ਅਮਲ ਕਰਨੇ ਬਣਦੇ ਹਨ । ਤਾਂ ਕਿ ਆਉਣ ਵਾਲੇ ਸਮੇ ਵਿਚ ਕੋਈ ਵੀ ਸਿਰਫਿਰਾ ਸਿੱਖ ਆਗੂ ਹਿੰਦੂਤਵ ਤਾਕਤਾਂ ਦਾ ਗੁਲਾਮ ਬਣਕੇ ਖਾਲਸਾ ਪੰਥ ਦੇ ਸਿਧਾਤਾਂ ਤੇ ਮਰਿਯਾਦਾਵਾ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਕੋਲ ਸਮੁੱਚੇ ਖਾਲਸਾ ਪੰਥ ਵੱਲੋ ਬਹੁਤ ਵੱਡੀ ਇਖਲਾਕੀ, ਧਾਰਮਿਕ ਸ਼ਕਤੀ ਦੀ ਬਖਸਿਸ ਹੈ, ਉਹ ਉਸਦੀ ਸਹੀ ਦਿਸ਼ਾ ਵੱਲ ਵਰਤੋ ਕਰਕੇ ਪੰਥਦੋਖੀਆਂ ਨੂੰ ਆਪਣੇ ਕੀਤੇ ਕੁਕਰਮਾ ਦੀ ਸਜ਼ਾ ਦੇਣ ਦੀ ਜਿੰਮੇਵਾਰੀ ਨਿਭਾਉਦੇ ਹੋਏ, ਤਖਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾ ਮੁਕਤੀਆ ਲਈ ਇਕ ਨਵਾਂ ਨਿਰੋਆ ਸਮੇ ਦੇ ਹਾਣ ਦਾ ਵਿਧੀ ਵਿਧਾਨ ਸਿਰਜਦੇ ਹੋਏ ਕੌਮ ਦੀ ਖੇਰੂ ਖੇਰੂ ਹੋਈ ਸ਼ਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਕੇ ਅਗਲੇ ਕੌਮੀ ਮਿਸਨ ਦੀ ਪ੍ਰਾਪਤੀ ਵੱਲ ਲਗਾਉਣਗੇ । ਜਿਸ ਨਾਲ ਸਮੁੱਚੇ ਸੰਸਾਰ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਵੱਡਮੁੱਲੀ ਸੋਚ ਨੂੰ ਹਰ ਕੋਨੇ ਵਿਚ ਪਹੁੰਚਾਉਣ ਦੇ ਫਰਜ ਵੀ ਅਦਾ ਕਰਨਗੇ।