ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 41 ਸਾਲਾਂ ਬਾਅਦ ਹੋਈ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਹੋਰਨਾਂ ਕਾਤਲਾਂ ਨੂੰ ਵੀ ਬਣਦੀਆਂ ਸਜ਼ਾਵਾਂ ਤੁਰੰਤ ਮਿਲਣ : ਮਾਨ
ਫ਼ਤਹਿਗੜ੍ਹ ਸਾਹਿਬ, 26 ਫਰਵਰੀ ( ) “1984 ਵਿਚ ਮਰਹੂਮ ਇੰਦਰਾ ਗਾਂਧੀ ਦੇ ਖਤਮ ਹੋਣ ਤੋ ਬਾਅਦ ਜਦੋ ਰਾਜੀਵ ਗਾਂਧੀ ਇੰਡੀਆਂ ਦੇ ਵਜੀਰ ਏ ਆਜਮ ਬਣੇ ਤਾਂ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕਾਂਗਰਸੀਆਂ ਅਤੇ ਕੱਟੜਵਾਦੀ ਹਿੰਦੂ ਜਮਾਤਾਂ ਵੱਲੋ ਬਣਾਈ ਗਈ ਸਾਂਝੀ ਸਾਜਿਸ ਅਧੀਨ ਦਿੱਲੀ, ਕਾਨਪੁਰ, ਬਕਾਰੋ ਅਤੇ ਅਨੇਕਾ ਹੋਰ ਸਥਾਨਾਂ ਤੇ ਵੱਡੀ ਗਿਣਤੀ ਵਿਚ ਬਹੁਤ ਬੇਰਹਿੰਮੀ ਨਾਲ ਸਿੱਖ ਨੌਜਵਾਨਾਂ, ਬੀਬੀਆਂ, ਬਜੁਰਗਾਂ, ਬੱਚਿਆਂ ਦਾ ਕਤਲੇਆਮ ਕੀਤਾ ਗਿਆ । ਸਿੱਖਾਂ ਦੇ ਘਰ ਅਤੇ ਕਾਰੋਬਾਰ ਨੂੰ ਅੱਗਾਂ ਲਗਾ ਦਿੱਤੀਆ ਗਈਆ । ਇਸ ਸਮੇਂ ਫ਼ੌਜ, ਬੀ.ਐਸ.ਐਫ, ਪੁਲਿਸ ਨੇ ਆਪਣੀ ਬਣਦੀ ਜਿੰਮੇਵਾਰੀ ਨਹੀ ਨਿਭਾਈ । ਬਲਕਿ ਕਾਤਲ ਟੋਲੀਆ ਦਾ ਸਾਥ ਦਿੰਦੇ ਨਜਰ ਆਏ । ਰਾਜੀਵ ਗਾਂਧੀ ਵੱਲੋ ਇਸ ਅਣਮਨੁੱਖੀ ਕਤਲੇਆਮ ਨੂੰ ਜਾਇਜ ਠਹਿਰਾਉਦੇ ਹੋਏ ਇਹ ਬਿਆਨਬਾਜੀ ਕੀਤੀ ਗਈ ਕਿ ‘ਜਦੋ ਕੋਈ ਵੱਡਾ ਦਰੱਖਤ ਗਿਰਦਾ ਹੈ, ਤਾਂ ਧਰਤੀ ਕੰਬਦੀ ਹੀ ਹੈ’ ਜਿਸ ਤੋ ਸਪੱਸਟ ਹੋ ਰਿਹਾ ਹੈ ਕਿ ਇਹ ਸਿੱਖ ਕਤਲੇਆਮ ਸੋਚੀ ਸਮਝੀ ਸਾਜਿਸ ਅਧੀਨ ਕੀਤਾ ਗਿਆ । ਪਰ ਦੁੱਖ ਅਤੇ ਅਫਸੋਸ ਹੈ ਕਿ ਸਿੱਖ ਕੌਮ ਦੀ ਨਸਲਕੁਸੀ ਅਤੇ ਕਤਲੇਆਮ ਕਰਨ ਵਾਲਿਆ ਕਾਤਲ ਆਗੂਆ ਨੂੰ ਇਸ ਮੁਲਕ ਦੇ ਸਿਆਸਤਦਾਨ, ਅਦਾਲਤਾਂ, ਕਾਨੂੰਨ ਬਚਾਉਣ ਵਿਚ ਹੀ ਲੱਗੇ ਰਹੇ । ਇਹੀ ਵਜਹ ਹੈ ਕਿ ਉਨ੍ਹਾਂ ਕਾਤਲ ਟੋਲੀਆ ਦੀ ਅਗਵਾਈ ਕਰ ਰਹੇ ਸੱਜਣ ਕੁਮਾਰ ਨੂੰ ਅੱਜ 41 ਸਾਲਾਂ ਬਾਅਦ ਸਜ਼ਾ ਸੁਣਾਈ ਗਈ ਹੈ । ਲੇਕਿਨ ਸੱਜਣ ਕੁਮਾਰ ਤੋ ਇਲਾਵਾ ਇਨ੍ਹਾਂ ਕਾਤਲ ਟੋਲੀਆ ਦੀ ਅਗਵਾਈ ਕਰਨ ਵਾਲੇ ਸ੍ਰੀ ਮੋਹਨ ਭਗਵਤ, ਪ੍ਰਵੀਨ ਤੋਗੜੀਆ, ਐਲ.ਕੇ. ਅਡਵਾਨੀ, ਕਮਲਨਾਥ, ਅੰਮਿਤਾਬ ਬਚਨ, ਜਗਦੀਸ ਟਾਈਟਲਰ, ਪੀ. ਚਿੰਦਬਰਮ, ਅਜੇ ਮਾਕਨ, ਓ.ਪੀ. ਸਰਮਾ ਨੂੰ ਵੀ ਸੱਜਣ ਕੁਮਾਰ ਦੀ ਤਰ੍ਹਾਂ ਸਜ਼ਾ ਦੇਣ ਦਾ ਪ੍ਰਬੰਧ ਤੁਰੰਤ ਹੋਣਾ ਚਾਹੀਦਾ ਹੈ ਤਾਂ ਕਿ ਜਿਨ੍ਹਾਂ ਸਿੱਖ ਪਰਿਵਾਰਾਂ ਨੂੰ ਕੋਹ-ਕੋਹਕੇ ਗਲਾਂ ਵਿਚ ਟਾਈਰ ਪਾ ਕੇ ਇਨ੍ਹਾਂ ਨੇ ਮਾਰਿਆ ਹੈ, ਉਨ੍ਹਾਂ ਨੂੰ ਇਨਸਾਫ ਮਿਲ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੱਜਣ ਕੁਮਾਰ ਨੂੰ 41 ਸਾਲਾਂ ਬਾਅਦ 1984 ਦੇ ਕਤਲੇਆਮ ਵਿਚ ਦੋਸ਼ੀ ਪਾਏ ਜਾਣ ਤੇ ਸਜ਼ਾ ਮਿਲਣ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਇੰਡੀਅਨ ਵਿਧਾਨ ਅਤੇ ਕਾਨੂੰਨ ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦਾ ਹੈ, ਸਭਨਾਂ ਨਾਗਰਿਕਾਂ ਦੀ ਜਿੰਦਗੀ ਦੀ ਹਿਫਾਜਤ ਦੀ ਗਾਰੰਟੀ ਦਿੰਦਾ ਹੈ, ਸਭਨਾਂ ਨੂੰ ਬਰਾਬਰ ਦੇ ਮੌਕੇ ਅੱਗੇ ਵੱਧਣ ਲਈ ਦਿੰਦਾ ਹੈ ਫਿਰ ਘੱਟ ਗਿਣਤੀ ਸਿੱਖ ਕੌਮ ਉਤੇ ਜ਼ਬਰ ਢਾਹੁਣ ਵਾਲੇ ਕਾਤਲਾਂ ਨੂੰ ਇਸ ਕਾਨੂੰਨ ਤੇ ਅਦਾਲਤਾਂ ਵੱਲੋ ਸਜਾਵਾਂ ਦੇਣ ਦਾ ਅਮਲ ਕਰਦੇ ਹੋਏ ਅੱਧੀ-ਅੱਧੀ ਸਦੀ ਕਿਉਂ ਲੰਘਾ ਦਿੱਤੀ ਜਾਂਦੀ ਹੈ ? ਜਦੋਕਿ ਸਿੱਖਾਂ, ਮੁਸਲਮਾਨਾਂ ਅਤੇ ਹੋਰ ਕਬੀਲਿਆ ਨੂੰ ਇਹ ਕਾਨੂੰਨ ਸਜ਼ਾ ਦਿੰਦੇ ਹੋਏ ਵਿਸੇਸ ਅਦਾਲਤਾਂ ਰਾਹੀ ਸੀਮਤ ਸਮੇ ਵਿਚ ਸਜ਼ਾ ਸੁਣਾਕੇ ਅਮਲ ਕਰਦਾ ਹੈ । ਉਨ੍ਹਾਂ ਵਿਧਾਨਿਕ ਲੀਹਾਂ ਉਤੇ ਮੰਗ ਕਰਦੇ ਹੋਏ ਕਿਹਾ ਕਿ ਉਪਰੋਕਤ ਸਿੱਖਾਂ ਦੇ ਕਾਤਲ ਜੋ ਅੱਜ ਵੀ ਵੱਡੀਆ-ਵੱਡੀਆ ਸੁਰੱਖਿਆ ਗੱਡੀਆਂ ਅਤੇ ਗਾਰਡ ਲੈਕੇ ਦਨਦਨਾਉਦੇ ਫਿਰਦੇ ਹਨ, ਉਨ੍ਹਾਂ ਨੂੰ ਸਲਾਖਾ ਪਿੱਛੇ ਬੰਦ ਕਰਕੇ ਫੌਰੀ ਕਾਨੂੰਨ ਅਨੁਸਾਰ ਬਣਦੀਆ ਸਜ਼ਾ ਅਵੱਸ ਮਿਲਣੀਆ ਚਾਹੀਦੀਆ ਹਨ । ਵਰਨਾ ਇਸ ਮੁਲਕ ਦੀ ਕਾਨੂੰਨੀ ਵਿਵਸਥਾਂ ਅਤੇ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਲਈ ਇਸ ਮੁਲਕ ਦੇ ਕੱਟੜਵਾਦੀ ਹੁਕਮਰਾਨ ਅਤੇ ਪੱਖਪਾਤੀ ਅਦਾਲਤਾਂ ਅਤੇ ਜੱਜ ਜਿੰਮੇਵਾਰ ਹੋਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 1984 ਵਿਚ ਸਿੱਖਾਂ ਦਾ ਕਤਲ ਕਰਨ ਵਾਲੀਆ ਟੋਲੀਆ ਦੀ ਅਗਵਾਈ ਕਰਨ ਵਾਲੇ ਉਪਰੋਕਤ ਵਰਣਨ ਕੀਤੇ ਗਏ ਜਾਬਰ ਕਾਤਲਾਂ ਨੂੰ ਵੀ ਸੱਜਣ ਕੁਮਾਰ ਦੀ ਤਰ੍ਹਾਂ ਸੀਮਤ ਸਮੇ ਵਿਚ ਸਜ਼ਾਵਾਂ ਦਾ ਪ੍ਰਬੰਧ ਕੀਤਾ ਜਾਵੇ ।