ਮਿਸਟਰ ਡੋਨਾਲਡ ਟਰੰਪ ਵੱਲੋਂ ਅਮਰੀਕਾ ਦੇ 47ਵੇਂ ਪ੍ਰੈਜੀਡੈਟ ਦੀ ਸੌਹ ਚੁੱਕਣ ਤੇ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 22 ਜਨਵਰੀ ( ) “ਮਿਸਟਰ ਡੋਨਾਲਡ ਟਰੰਪ ਜੋ ਅਮਰੀਕਾ ਵਰਗੇ ਵੱਡੇ ਮੁਲਕ ਦੇ ਦੂਸਰੀ ਵਾਰ ਬਤੌਰ ਪ੍ਰੈਜੀਡੈਟ ਦੀ ਬੀਤੇ ਦਿਨੀਂ ਸੌਹ ਚੁੱਕਣ ਬਾਅਦ ਆਪਣੇ ਦੂਸਰੇ ਕਾਰਜਕਾਲ ਵਿਚ ਆਏ ਹਨ, ਅਸੀ ਇਸ ਵੱਡੀ ਖੁਸ਼ੀ ਦੇ ਮੌਕੇ ਉਤੇ ਮਿਸਟਰ ਡੋਨਾਲਡ ਟਰੰਪ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਅਮਰੀਕਨ ਨਿਵਾਸੀਆ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ ਇਸ ਗੱਲ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਉਨ੍ਹਾਂ ਨੂੰ ਹਰ ਖੇਤਰ ਵਿਚ ਪਹਿਲੇ ਨਾਲੋ ਵੀ ਵਧੇਰੇ ਸ਼ਕਤੀ, ਬੁੱਧੀ, ਦੂਰ ਅੰਦੇਸ਼ੀ ਦੀ ਬਖਸਿਸ ਕਰਨ ਤਾਂ ਕਿ ਉਹ ਜਿਥੇ ਅਮਰੀਕਨ ਨਿਵਾਸੀਆ ਦੀ ਹਰ ਖੇਤਰ ਵਿਚ ਬਿਹਤਰੀ ਕਰ ਸਕਣ ਉਥੇ ਕੌਮਾਂਤਰੀ ਪੱਧਰ ਤੇ ਵੱਖ-ਵੱਖ ਮੁਲਕਾਂ ਵਿਚ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਵੱਲੋ ਹੋ ਰਹੀਆ ਜਿਆਦਤੀਆਂ, ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਬੇਇਨਸਾਫ਼ੀਆਂ ਦਾ ਅੰਤ ਕਰਵਾਉਣ ਲਈ ਆਪਣੇ ਇਸ ਅਹੁਦੇ ਦੀ ਵਰਤੋ ਕਰਦੇ ਹੋਏ ਦੂਰ ਕਰਵਾ ਸਕਣ ਅਤੇ ਸੰਸਾਰ ਪੱਧਰ ਤੇ ਜੋ ਵੱਖ-ਵੱਖ ਮੁਲਕਾਂ ਦੀਆਂ ਆਪਣੀਆ ਦੁਸ਼ਮਣੀਆਂ ਦੀ ਬਦੌਲਤ ਸੰਸਾਰ ਤੀਸਰੀ ਸੰਸਾਰ ਜੰਗ ਵੱਲ ਵੱਧਦਾ ਨਜਰ ਆ ਰਿਹਾ ਹੈ, ਇਸ ਅਤਿ ਗੰਭੀਰ ਮੁੱਦੇ ਉਤੇ ਉਹ ਆਪਣੇ ਅਮਲ ਕਰਦੇ ਹੋਏ ਸੰਸਾਰ ਨੂੰ ਜੰਗਾਂ-ਯੁੱਧਾਂ ਤੋ ਦੂਰ ਕਰਦੇ ਹੋਏ ਸਮੁੱਚੇ ਸੰਸਾਰ ਵਿਚ ਅਮਨ ਚੈਨ ਤੇ ਜਮਹੂਰੀਅਤ ਕਾਇਮ ਕਰਨ ਲਈ ਯੋਗਦਾਨ ਪਾ ਸਕਣ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਡੋਨਾਲਡ ਟਰੰਪ ਵੱਲੋ ਬਤੌਰ ਅਮਰੀਕਾ ਦੇ 47ਵੇਂ ਪ੍ਰੈਜੀਡੈਟ ਵੱਜੋ ਸੌਹ ਚੁੱਕਣ ਦੇ ਮੌਕੇ ਉਤੇ ਮਿਸਟਰ ਡੋਨਾਲਡ ਟਰੰਪ ਅਤੇ ਅਮਰੀਕਨਾਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਸਮੁੱਚੇ ਸੰਸਾਰ ਵਿਚ ਜਿਥੇ ਕਿਤੇ ਵੀ ਘੱਟ ਗਿਣਤੀ ਕੌਮਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ ਜਾਂ ਸੰਸਾਰ ਜੰਗ ਵੱਲ ਵੱਧਦਾ ਨਜਰ ਆ ਰਿਹਾ ਹੈ, ਉਸ ਨੂੰ ਦ੍ਰਿੜਤਾ ਅਤੇ ਦੂਰ ਅੰਦੇਸ਼ੀ ਨਾਲ ਖਤਮ ਕਰਵਾਉਣ ਦੀ ਵੱਡੀ ਉਮੀਦ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਉਨ੍ਹਾਂ ਤੋ ਇਹ ਵੱਡੀ ਉਮੀਦ ਕਰਦੇ ਹਾਂ ਕਿ ਜੋ ਇੰਡੀਅਨ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਅਤੇ ਇਸ ਵਿਚ ਸਾਮਿਲ ਮੁਤੱਸਵੀ ਵਜੀਰ ਅਤੇ ਕਾਤਲ ਅਫਸਰਸਾਹੀ ਇੰਡੀਆ ਵਿਚ ਵੱਸਣ ਵਾਲੀ ਘੱਟ ਗਿਣਤੀ ਕੌਮ ਸਿੱਖ ਨੌਜਵਾਨਾਂ ਨੂੰ ਜੋ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਆਦਿ ਯੂਰਪਿੰਨ ਮੁਲਕਾਂ ਵਿਚ ਵੱਸਦੇ ਹਨ ਅਤੇ ਉਨ੍ਹਾਂ ਮੁਲਕਾਂ ਦੀ ਤਰੱਕੀ ਵਿਚ ਯੋਗਦਾਨ ਪਾ ਰਹੇ ਹਨ, ਉਨ੍ਹਾਂ ਨੂੰ ਨਿਸ਼ਾਨਾਂ ਬਣਾਕੇ ਜੋ ਕਤਲੇਆਮ ਕੀਤਾ ਜਾ ਰਿਹਾ ਹੈ, ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ, ਉਸ ਵਿਰੁੱਧ ਮਿਸਟਰ ਟਰੰਪ ਸਖਤ ਕਾਰਵਾਈ ਕਰਨ ਦੀ ਜਿੰਮੇਵਾਰੀ ਨਿਭਾਉਣ । ਕਿਉਂਕਿ ਅਜਿਹੇ ਕਤਲੇਆਮ ਦੇ ਵਰਤਾਰੇ ਨਾਲ ਇਨ੍ਹਾਂ ਵੱਡੇ ਮੁਲਕਾਂ ਦੀ ਪ੍ਰਭੂਸਤਾ ਨੂੰ ਵੀ ਇੰਡੀਅਨ ਹੁਕਮਰਾਨ ਚੁਣੋਤੀ ਦੇ ਰਹੇ ਹਨ । ਇਥੋ ਤੱਕ ਸ. ਗੁਰਪਤਵੰਤ ਸਿੰਘ ਪੰਨੂ ਉਤੇ ਮਾਰਨ ਦੀ ਹਮਲੇ ਦੀ ਸਾਜਿਸ ਰਚਕੇ ਅਮਰੀਕਾ ਦੀ ਪ੍ਰਭੂਸਤਾ ਤੇ ਮੁਨਰੋ ਡਾਕਟਰੀਨ ਨੂੰ ਵੀ ਚੁਣੋਤੀ ਦੇ ਰਹੇ ਹਨ। ਜੇਕਰ ਇਸ ਤਰ੍ਹਾਂ ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਵੱਡੇ ਮੁਲਕਾਂ ਵਿਚ ਵੱਸਣ ਵਾਲੇ ਇਨ੍ਹਾਂ ਮੁਲਕਾਂ ਦੇ ਸਿੱਖ ਨਾਗਰਿਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਦੀ ਇਨ੍ਹਾਂ ਜਾਲਮ ਹੁਕਮਰਾਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਤਾਂ ਇਨ੍ਹਾਂ ਮੁਲਕਾਂ ਦੀ ਆਪਣੀ ਆਜਾਦ ਹਸਤੀ ਅਤੇ ਪ੍ਰਭੂਸਤਾ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ । ਇਸ ਲਈ ਅਮਰੀਕਾ ਸਮੇਤ ਫਾਈਵ ਆਈ ਮੁਲਕਾਂ ਨੂੰ ਸਮੂਹਿਕ ਤੌਰ ਤੇ ਇੰਡੀਆ ਦੇ ਸਿੱਖਾਂ ਨੂੰ ਕਤਲ ਕਰਨ ਦੇ ਗੰਭੀਰ ਮਸਲੇ ਉਤੇ ਸਖਤ ਕਾਰਵਾਈ ਕਰਦੇ ਹੋਏ, ਕਿੰਨੇ ਵੀ ਉਚੇ ਤੋ ਉੱਚੇ ਅਹੁਦੇ ਤੇ ਕੋਈ ਇੰਡੀਅਨ ਕਾਤਲ ਕਿਉਂ ਨਾ ਬੈਠਾ ਹੋਵੇ, ਉਸ ਨੂੰ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਅਵੱਸ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਅਜਿਹਾ ਅਮਲ ਕਰਕੇ ਹੀ ਮਿਸਟਰ ਡੋਨਾਲਡ ਟਰੰਪ ਆਪਣੇ ਮੁਲਕ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਚੈਪੀਅਨ ਦੇ ਬਣੇ ਹੋਏ ਸੰਸਾਰਕ ਅਕਸ ਨੂੰ ਕਾਇਮ ਰੱਖ ਸਕਣਗੇ ਅਤੇ ਘੱਟ ਗਿਣਤੀ ਕੌਮਾਂ, ਮਜਲੂਮਾਂ, ਲਤਾੜੇ ਵਰਗਾਂ ਦੇ ਇਨਸਾਨੀ ਤੇ ਸਮਾਜਿਕ ਹੱਕਾਂ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਨਿਭਾਅ ਰਹੇ ਹੋਣਗੇ ।