ਮਨਰੇਗਾ ਵਰਕਰਾਂ ਨੂੰ ਡੇਲੀ ਵੇਜਿਜ ਤੇ ਪੂਰਾ ਸਾਲ ਕੰਮ ਮਿਲਣ ਤੇ ਬੇਰੁਜਗਾਰੀ ਤੇ ਗਰੀਬੀ ਨੂੰ ਦੂਰ ਕਰਨ ਵਿਚ ਸਹਿਯੋਗ ਮਿਲੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 18 ਦਸੰਬਰ ( ) “ਮਨਰੇਗਾ ਵਰਕਰਾਂ ਦਾ ਇਸ ਮੁਲਕ ਨੂੰ ਮਨੁੱਖੀ ਕਦਰਾਂ ਕੀਮਤਾਂ ਦੇ ਤੌਰ ਤੇ ਅੱਗੇ ਵਧਾਉਣ ਤੇ ਹਰ ਖੇਤਰ ਵਿਚ ਵਿਕਾਸ ਕਰਨ ਵਿਚ ਨਿੱਘਾ ਯੋਗਦਾਨ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਸੈਟਰ ਦੀ ਮੋਦੀ ਹਕੂਮਤ ਨੂੰ ਇਸ ਗੱਲ ਦੀ ਜੋਰਦਾਰ ਗੁਜਾਰਿਸ ਕਰਦੀ ਹੈ ਕਿ ਇਨ੍ਹਾਂ ਮਨਰੇਗਾ ਵਰਕਰਾਂ ਨੂੰ ਪੂਰਾ ਸਾਲ ਡੇਲੀ ਵੇਜਿਜ ਤੇ ਨਿਰੰਤਰ ਕੰਮ ਮਿਲਦਾ ਰਹੇ । ਜਿਸ ਨਾਲ ਇਨ੍ਹਾਂ ਦੀ ਗਰੀਬੀ ਨੂੰ ਦੂਰ ਕਰਨ ਦੇ ਨਾਲ-ਨਾਲ ਇਨ੍ਹਾਂ ਦੀਆਂ ਜਿੰਦਗਾਨੀਆ ਨੂੰ ਬਿਹਤਰ ਬਣਾਉਣ ਵਿਚ ਵੱਡਾ ਸਹਿਯੋਗ ਮਿਲੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਨਰੇਗਾ ਵਰਕਰਾਂ ਸੰਬੰਧੀ ਸੈਟਰ ਦੀ ਮੋਦੀ ਹਕੂਮਤ ਨੂੰ ਪੂਰਾ ਸਾਲ ਕੰਮ ਦੇਣ ਦੀ ਗੱਲ ਕਰਦੇ ਹੋਏ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਵਿਚ ਯੋਗਦਾਨ ਪਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਨ੍ਹਾਂ ਨੂੰ ਦਿੱਤੀ ਜਾਣ ਵਾਲੀ ਰੋਜਾਨਾ ਦੀ ਦਿਹਾੜੀ ਦੀ ਆਮਦਨ ਦਾ ਕੈਗ ਦੇ ਅਧਿਕਾਰੀਆਂ ਵੱਲੋ ਵਧੀਆ ਢੰਗ ਨਾਲ ਆਡਿਟ ਹੋਣਾ ਚਾਹੀਦਾ ਹੈ । ਤਾਂ ਕਿ ਕੋਈ ਵੀ ਅਧਿਕਾਰੀ ਇਨ੍ਹਾਂ ਦੇ ਮਿਹਨਤਾਨੇ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਹੇਰਾਫੇਰੀ ਕਰਕੇ ਇਨ੍ਹਾਂ ਨਾਲ ਅਨਿਆਏ ਨਾ ਕਰ ਸਕੇ । ਕਿਉਂਕਿ ਇਸ ਮਿਹਨਤਾਨੇ ਨਾਲ ਹੀ ਅਸਲੀਅਤ ਵਿਚ ਇਨ੍ਹਾਂ ਦੀ ਗਰੀਬੀ ਨੂੰ ਖਤਮ ਕਰਨ ਵਿਚ ਵੱਧਿਆ ਜਾ ਸਕੇਗਾ ।