ਇਜਰਾਇਲ-ਫਲਸਤੀਨੀਆਂ ਦੀ ਸੁਰੂ ਹੋਈ ਜੰਗ ਮਨੁੱਖੀ ਜਿੰਦਗਾਨੀਆਂ ਲਈ ਵੱਡਾ ਦੁਖਾਂਤ, ਸਭ ਮੁਲਕ ਇਸ ਜੰਗ ਨੂੰ ਖਤਮ ਕਰਵਾਉਣ ਲਈ ਉੱਦਮ ਕਰਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ) “ਕਿਸੇ ਤਰ੍ਹਾਂ ਦੀ ਜੰਗ ਆਪਣੇ ਆਪ ਵਿਚ ਇਕ ਗੰਭੀਰ ਮਸਲਾ ਹੁੰਦਾ ਹੈ । ਹਰ ਤਰ੍ਹਾਂ ਦੀ ਜੰਗ ਨੂੰ ਰੋਕਣ ਲਈ ਸੰਬੰਧਤ ਦੋਵਾਂ ਧਿਰਾਂ ਵਿਚਾਲੇ ਇਕ ਅਜਿਹੀ ਸੰਜ਼ੀਦਾ ਧਿਰ ਹੋਣੀ ਚਾਹੀਦੀ ਹੈ, ਜੋ ਦੋਵਾਂ ਧਿਰਾਂ ਨੂੰ ਪੇਸ਼ ਆਉਣ ਵਾਲੀ ਕਿਸੇ ਤਰ੍ਹਾਂ ਦੀ ਮੁਸਕਿਲ ਨੂੰ ਆਪਣੇ ਪ੍ਰਭਾਵ, ਦਲੀਲਤੇ ਦੂਰ ਅੰਦੇਸ਼ੀ ਨਾਲ ਸੰਤੁਸਟ ਕਰਕੇ ਦੋਵਾਂ ਧਿਰਾਂ ਦੀਆਂ ਜਾਇਜ ਗੱਲਾਂ ਨੂੰ ਪੂਰਨ ਕਰਵਾਉਣ ਵਿਚ ਇਮਾਨਦਾਰੀ ਨਾਲ ਭੂਮਿਕਾ ਨਿਭਾਅ ਸਕਦੀ ਹੋਵੇ । ਇਜਰਾਇਲ ਤੇ ਫਲਸਤੀਨੀਆਂ ਵਿਚ ਸੁਰੂ ਹੋਈ ਜੰਗ ਦੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿਚ ਮਨੁੱਖਤਾ ਦਾ ਨੁਕਸਾਨ ਹੋਇਆ ਹੈ । ਜੇਕਰ ਇਸ ਨੂੰ ਬੰਦ ਨਾ ਕਰਵਾਇਆ ਗਿਆ, ਤਾਂ ਆਉਣ ਵਾਲੇ ਸਮੇ ਵਿਚ ਬਿਨ੍ਹਾਂ ਵਜ੍ਹਾ ਇਨਸਾਨੀ ਜਿੰਦਗੀਆ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦਾ ਵੱਡਾ ਦੁਖਾਂਤ ਬਣ ਜਾਵੇਗੀ । ਇਸ ਲਈ ਦੋਵਾਂ ਮੁਲਕਾਂ ਵਿਚ ਸੁਰੂ ਹੋਈ ਖ਼ਤਰਨਾਕ ਜੰਗ ਨੂੰ ਰੋਕਣਾ ਅਤਿ ਜਰੂਰੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਦੋਵਾਂ ਧਿਰਾਂ ਦੇ ਇਲਾਕਾਈ ਝਗੜੇ ਵਿਚ ਕਈ ਵੱਡੇ ਮੁਲਕ ਦੋਵਾਂ ਵੱਲ ਧਿਰ ਬਣਕੇ ਖਲੋ ਗਏ ਹਨ । ਕੋਈ ਇਜਰਾਇਲ ਨੂੰ ਠੀਕ ਕਹਿ ਰਿਹਾ ਹੈ, ਕੋਈ ਫਲਸਤੀਨੀਆ ਨੂੰ । ਅਜਿਹੀ ਕੋਈ ਵੀ ਤਾਕਤ ਸਾਹਮਣੇ ਨਹੀ ਆਈ ਜੋ ਦੋਵਾਂ ਧਿਰਾਂ ਦੀ ਲੜਾਈ ਨੂੰ ਠੱਲ੍ਹ ਪਾਉਣ ਲਈ ਸੁਹਿਰਦ ਹੋਵੇ ਅਤੇ ਇਸ ਹੋਣ ਜਾ ਰਹੇ ਮਨੁੱਖਤਾ ਦੇ ਨੁਕਸਾਨ ਤੋ ਰੋਕਿਆ ਜਾ ਸਕੇ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਜਰਾਇਲ-ਫਲਸਤੀਨੀਆਂ ਵਿਚ ਫਲਸਤੀਨੀਆ ਦੇ ਇਲਾਕੇ ਉਤੇ ਕੀਤੇ ਕਬਜੇ ਜਾਂ ਫਲਸਤੀਨੀਆ ਦੀ ਆਪਣੀ ਆਜਾਦੀ ਪ੍ਰਤੀ ਚੱਲ ਰਹੇ ਸੰਘਰਸ ਦੇ ਮੁੱਦੇ ਉਤੇ ਦੋਵਾਂ ਮੁਲਕਾਂ ਦੀ ਸੁਰੂ ਹੋਈ ਖਤਰਨਾਕ ਜੰਗ ਨੂੰ ਖਤਮ ਕਰਵਾਉਣ ਲਈ ਦੁਨੀਆ ਦੇ ਕਿਸੇ ਵੀ ਮੁਲਕ ਵੱਲੋ ਇਸ ਨੂੰ ਖਤਮ ਕਰਵਾਉਣ ਲਈ ਕੋਈ ਅਮਲ ਨਾ ਹੋਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਅਮਨ ਪਸ਼ੰਦ ਮੁਲਕਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ, ਯੂ.ਐਨ. ਨੂੰ ਇਸ ਗੰਭੀਰ ਮਸਲੇ ਵਿਚ ਤੁਰੰਤ ਦਖਲ ਦਿੰਦੇ ਹੋਏ ਇਸ ਜੰਗ ਨੂੰ ਰੁਕਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਇਜਰਾਇਲ ਫਲਸਤੀਨੀਆ ਵਿਚਕਾਰ ਇਲਾਕਾਈ ਕਬਜਿਆ ਨੂੰ ਲੈਕੇ ਸਥਿਤੀ ਗੁੰਝਲਦਾਰ ਬਣੀ ਹੋਈ ਹੈ । ਜੇਕਰ ਤਕੜਾ-ਕੰਮਜੋਰ ਦੇ ਇਲਾਕੇ ਜ਼ਬਰੀ ਖੋਹਕੇ ਆਪਣੇ ਅਧੀਨ ਕਰਨ ਦੀ ਮੰਦਭਾਵਨਾ ਨੂੰ ਤਿਆਗ ਦੇਵੇ ਜਾਂ ਵੱਡਾ ਦਿਲ ਕਰਕੇ ਖੋਹੇ ਹੋਏ ਇਲਾਕੇ ਅਮਨ ਪੂਰਵਕ ਢੰਗ ਨਾਲ ਸਪੁਰਦ ਕਰ ਦੇਵੇ ਤਾਂ ਅਜਿਹੇ ਜੰਗਾਂ ਯੁੱਧਾਂ ਤੋ ਅਤੇ ਮਨੁੱਖਤਾ ਦੇ ਹੋਣ ਵਾਲੇ ਨੁਕਸਾਨ ਤੋ ਦੂਰ ਰੱਖਿਆ ਜਾ ਸਕਦਾ ਹੈ । ਪਰ ਦੁੱਖ ਇਸ ਗੱਲ ਦਾ ਹੈ ਕਿ ਤਕੜਾ ਹਮੇਸ਼ਾਂ ਕੰਮਜੋਰ ਉਤੇ ਆਪਣੀ ਫ਼ੌਜੀ, ਮਾਲੀ, ਤਕਨੀਕੀ ਤਾਕਤ ਨਾਲ ਭਾਰੂ ਹੋਣ ਲਈ ਉਤਾਵਲਾ ਰਹਿੰਦਾ ਹੈ । ਅਜਿਹਾ ਜਾਲ ਬੁਣਨ ਵਿਚ ਮਾਹਰ ਹੁੰਦਾ ਹੈ ਕਿ ਹੋਰਨਾਂ ਤਕੜਿਆ ਨੂੰ ਵੀ ਆਪਣੇ ਪੱਖ ਵਿਚ ਖੜ੍ਹਾ ਕਰਨ ਲਈ ਪ੍ਰਭਾਵ ਪਾ ਸਕੇ । ਦੂਜੇ ਪਾਸੇ ਕੰਮਜੋਰ ਕੋਲ ਸਾਧਨਾਂ ਤੇ ਪ੍ਰਭਾਵ ਦੀ ਘਾਟ ਹੁੰਦੀ ਹੈ ਤੇ ਉਹ ਆਪਣੇ ਨਾਲ ਹੋਈ ਜਿਆਦਤੀ ਲਈ ਹੋਰਨਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਪ੍ਰੇਰ ਸਕੇ । ਉਝ ਵੀ ਇਹ ਕਹਾਵਤ ਦੁਨੀਆ ਵਿਚ ਮਸਹੂਰ ਹੈ ਜਿਸਦੀ ਲਾਠੀ ਉਸਦੀ ਮੱਝ । ਫਿਰ ਕੰਮਜੋਰ, ਗਰੀਬ, ਲਤਾੜੇ ਹੋਏ ਵਰਗ, ਘੱਟ ਗਿਣਤੀ ਕੌਮਾਂ ਅਮਨ ਚੈਨ, ਅਣਖ ਗੈਰਤ ਨਾਲ ਆਪਣੀਆ ਜਿੰਦਗੀਆ ਕਿਵੇ ਬਸਰ ਕਰਨ ? ਸੰਸਾਰ ਦੇ ਅਮਨ ਪਸ਼ੰਦ ਇਨਸਾਨਾਂ ਅਤੇ ਸੰਗਠਨਾਂ ਦੇ ਸਾਹਮਣੇ ਅੱਜ ਇਹ ਗੰਭੀਰ ਪ੍ਰਸ਼ਨ ਹੈ । ਇਸ ਲਈ ਇਹ ਜਰੂਰੀ ਹੈ ਕਿ ਅਜਿਹਾ ਮੁਲਕ ਆਪਣੇ ਸੱਚ ਹੱਕ ਦੀ ਗੱਲ ਨੂੰ ਦਲੀਲ ਤੇ ਅਪੀਲ ਨਾਲ ਦੁਨੀਆ ਅੱਗੇ ਰੱਖੇ ਅਤੇ ਅਮਨ ਚਾਹੁੰਣ ਵਾਲੀਆ ਤਾਕਤਾਂ ਬੇਇਨਸਾਫ਼ੀ ਹੋਣ ਵਾਲੀ ਧਿਰ ਦੀ ਗੱਲ ਨੂੰ ਸਮਝਕੇ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਅਤੇ ਦੂਜਿਆ ਨੂੰ ਸਹਿਮਤ ਕਰਕੇ ਅਜਿਹੇ ਜੰਗਾਂ ਯੁੱਧਾ ਵਾਲੇ ਮੁਲਕਾਂ ਤੇ ਤਾਕਤਾਂ ਨੂੰ ਅਜਿਹੇ ਇਨਸਾਨੀਅਤ ਵਿਰੋਧੀ ਅਮਲਾਂ ਤੋ ਦੂਰ ਰੱਖਣ ਦੀ ਜਿੰਮੇਵਾਰੀ ਨਿਭਾਉਣ । 

Leave a Reply

Your email address will not be published. Required fields are marked *