ਕਣਕ ਅਤੇ ਆਟੇ ਦੀ ਵੱਡੀ ਘਾਟ ਰੂਸ ਅਤੇ ਯੂਕਰੇਨ ਦੀ ਜੰਗ ਬਦੌਲਤ ਸੰਸਾਰ ਪੱਧਰ ‘ਤੇ ਆ ਚੁੱਕੀ ਹੈ- ਮਾਨ

ਫਤਿਹਗੜ੍ਹ ਸਾਹਿਬ 21 ਜਨਵਰੀ ( ) “ਅੱਜ ਡਬਲ ਰੋਟੀ ਦੀ ਕੀਮਤ ਦੁੱਗਣੀ ਹੋ ਚੁੱਕੀ ਹੈ। ਜਿਸ ਦਾ ਕਾਰਨ ਸੰਸਾਰ ਵਿੱਚ ਕਣਕ ਦੀ ਵੱਡੀ ਘਾਟ ਹੋਣ ਦੀ ਬਦੌਲਤ ਹੈ, ਕਿਉਕਿ ਯੂਕਰੇਨ ਕਣਕ ਦੀ ਦਰਾਮਦ ਕਰਨ ਵਾਲਾ ਸੰਸਾਰ ਦਾ ਸਭ ਤੋਂ ਵੱਡਾ ਮੁਲਕ ਹੈ। ਯੂਕਰੇਨ-ਰੂਸ ਦੀ ਜੰਗ ਲੱਗਣ ਕਾਰਨ ਬੀਤੇ ਸਾਲ ਉਥੇ ਕਣਕ ਦੀ ਫਸਲ ਦੀ ਬਿਜਾਈ ਨਹੀਂ ਹੋ ਸਕੀ। ਇਹੀ ਵਜਹ ਹੈ ਕਿ ਜਿਸ ਨੂੰ ਇੰਡੀਆਂ ਆਜ਼ਾਦ ਕਸ਼ਮੀਰ ਕਹਿੰਦਾ ਹੈ, ਉਥੇ ਭੁੱਖਮਰੀ ਹੋ ਚੁੱਕੀ ਹੈ । ਇਸੇ ਤਰ੍ਹਾਂ ਪਾਕਿਸਤਾਨ ਵਿਚ ਕਣਕ ਦੀ ਵੱਡੀ ਘਾਟ ਆ ਚੁੱਕੀ ਹੈ, ਜੋ ਰੂਸ ਤੋਂ ਮੰਗਵਾਈ ਜਾ ਰਹੀ ਹੈ। ਇੰਡੀਆ ਮੁਲਕ ਨਿਵਾਸੀਆਂ ਲਈ ਕਣਕ ਦਾ ਉਤਪਾਦ ਕਰਨ ਵਾਲਾ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਅੱਜ ਹੜਤਾਲ ਤੇ ਹਨ। ਇਹਨਾਂ ਕਿਸਾਨਾਂ ਦੀ ਬਿਹਤਰੀ ਲਈ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਅਜੋਕੇ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਬਿਲਕੁਲ ਨਹੀਂ ਪੁੱਛ ਰਹੀਆਂ। ਜੋ ਜਵਾਨ ਹਨ, ਉਹਨਾਂ ਨੂੰ ਕੇਵਲ ਚਾਰ ਸਾਲਾਂ ਲਈ ਭਰਤੀ ਕੀਤਾ ਜਾ ਰਿਹਾ ਹੈ। ਜੋ ਕਿ ਇੰਨੇ ਥੋੜੇ ਸਮੇਂ ਵਿਚ ਇਕ ਜਵਾਨ ਨੂੰ ਜੰਗ ਅਤੇ ਹਥਿਆਰਾਂ ਦੀ ਤਕਨੀਕੀ ਜਾਣਕਾਰੀ ਪੂਰੀ ਨਹੀਂ ਦਿੱਤੀ ਜਾ ਸਕਦੀ। ਫਿਰ ਇਹ ਹੁਕਮਰਾਨ ਇੰਡੀਆਂ ਦੇ ਭਵਿੱਖ ਲਈ ਕੀ ਕਰ ਰਹੇ ਹਨ?”

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਐਮ ਪੀ, ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੂਕਮਰਾਨਾਂ ਵੱਲੋਂ ਕਿਸਾਨਾਂ ਤੇ ਜਵਾਨਾਂ ਤੇ ਅਪਣਾਈਆਂ ਜਾ ਰਹੀਆਂ ਦਿਸ਼ਾਹੀਣ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੰਸਾਰ ਪੱਧਰ ਤੇ ਕਣਕ ਦੇ ਆਏ ਸੰਕਟ ਲਈ ਹਿੰਦੂਤਵ ਹੁਕਮਰਾਨਾ ਅਤੇ ਰੂਸ-ਯੂਕਰੇਨ ਜੰਗ ਨੂੰ ਮੁੱਖ ਰੱਖਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ 1947 ਵਿੱਚ ਜੋ ਸਿੱਖ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਆਏ ਸਨ। ਜਿਹਨਾਂ ਵਿਚੋਂ 80 ਪਰਿਵਾਰ ਲਤੀਫਪੁਰ(ਜਲੰਧਰ) ਵਿਖੇ ਬੀਤੇ 50 ਸਾਲਾਂ ਤੋਂ ਆਪਣੇ ਘਰਾਂ ਵਿਚ ਵੱਸ ਰਹੇ ਸਨ, ਉਹਨਾਂ ਨੂੰ ਘਰਾਂ ਤੋਂ ਬੇਘਰ ਕਰਕੇ ਇਹ ਹੁਕਮਰਾਨ ਸਿੱਖ ਕੌਮ ਨਾਲ ਘੋਰ ਵਿਤਕਰਾ ਕਰ ਰਹੇ ਹਨ। ਜਦੋਂਕਿ ਅਜਿਹੇ ਸੰਕਟ ਸਮੇਂ ਹੁਕਮਰਾਨਾ ਨੂੰ ਇਹਨਾਂ ਪੀੜਤ ਪਰਿਵਾਰਾਂ ਦੇ ਘਰ ਢਾਉਣ ਦੀ ਬਜਾਏ ਹੋਰ ਸਹੂਲਤਾਂ ਦੇ ਕੇ ਉਹਨਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਨਾ ਬਣਦਾ ਹੈ ਅਤੇ ਜੋ ਸਿੱਖ ਕੌਮ ਦੇ ਬੰਦੀ ਸਿੱਖਾਂ ਦੀ ਰਿਹਾਈ, ਐਸ.ਜੀ.ਪੀ.ਸੀ ਦੀਆਂ ਜਨਰਲ ਚੋਣਾਂ, 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਨ ਸਰੂਪਾਂ ਦੇ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ, ਬਰਗਾੜੀ, ਕੋਟਕਪੁਰਾ, ਬੁਰਜ ਜਵਾਹਰ ਸਿੰਘ ਵਾਲਾ ਆਦਿ ਵਿਖੇ ਸਿੱਖ ਕੌਮ ਦੇ ਕੀਤੇ ਗਏ ਕਤਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਾਲੇ ਗੰਭੀਰ ਮੁੱਦਿਆਂ ਨੂੰ ਫੋਰੀ ਹੱਲ ਕਰਨਾ ਬਣਦਾ ਹੈ ਤਾਂ ਕਿ ਇਸ ਵਿਸ਼ੇ ਤੇ ਇੰਨੀ ਦੇਰ ਨਾ ਹੋ ਜਾਵੇ ਕਿ ਸਥਿਤੀ ਹੁਕਮਰਾਨਾਂ ਦੇ ਕਾਬੂ ਤੋਂ ਬਾਹਰ ਨਿਕਲ ਜਾਵੇ। ਸਰਦਾਰ ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 26 ਜਨਵਰੀ ਨੂੰ ਪਾਰਟੀ ਵੱਲੋਂ ਬਰਗਾੜੀ,ਜਲੰਧਰ ਅਤੇ ਅੰਮ੍ਰਿਤਸਰ ਵਿਖੇ ਕੌਮੀ ਖਾਲਸਾਈ ਨਿਸ਼ਾਨ ਸਾਹਿਬ ਮਾਰਚਾ ਵਿਚ ਸ਼ਾਮਲ ਹੋਣ ਅਤੇ ਆਪੋ ਆਪਣੇ ਘਰਾਂ ਉਤੇ ਨਿਸ਼ਾਨ ਸਾਹਿਬ ਝਲਾਉਣ ਦੀ ਜੋਰਦਾਰ ਅਪੀਲ ਵੀ ਕੀਤੀ।

Leave a Reply

Your email address will not be published. Required fields are marked *