ਸ਼੍ਰੀ ਬ੍ਰਿਜ ਭੂਸ਼ਨ ਐਮ.ਪੀ. ਯੂ.ਪੀ., ਸਰਦਾਰ ਸੰਦੀਪ ਸਿੰਘ ਵਜੀਰ ਹਰਿਆਣਾ, ਛੇੜਛਾੜ ਦੇ ਕੇਸ ਵਿਚ ਜਸਟਿਸ ਗੰਗੋਈ ਦੀ ਤਰ੍ਹਾਂ ਕਾਰਵਾਈ ਕੀਤੀ ਜਾਵੇ: ਮਾਨ

ਫ਼ਤਹਿਗੜ੍ਹ ਸਾਹਿਬ, 21 ਜਨਵਰੀ ( ) ਸ਼੍ਰੀ ਬ੍ਰਿਜ ਭੂਸ਼ਨ ਜਿਨ੍ਹਾਂ ਉੁਤੇ ਬੀਬੀਆਂ ਨੂੰ ਛੇੜਛਾੜ ਦਾ ਕੇਸ ਸਾਹਮਣੇ ਆਇਆ ਹੈ, ਇਸੇ ਤਰ੍ਹਾਂ ਸਰਦਾਰ ਸੰਦੀਪ ਸਿੰਘ ਵਜੀਰ ਹਰਿਆਣਾ ਦਾ ਚੰਡੀਗੜ੍ਹ ਵਿਖੇ ਇਕ ਖਿਡਾਰਨ ਬੀਬੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਕੇਸਾਂ ਵਿਚ ਦੋਵਾਂ ਸਰਕਾਰਾ ਅਤੇ ਜਾਂਚ ਕਮੇਟੀਆਂ ਨੂੰ ਉਸੇ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਵੱਲੋਂ ਸੁਪਰੀਮ ਕੋਰਟ ਦੀ ਇਕ ਅਧਿਕਾਰੀ ਬੀਬੀ ਨਾਲ ਛੇੜਛਾੜ ਦੇ ਮਾਮਲੇ ਵਿਚ ਅਪਣਾਇਆ ਗਿਆ ਸੀ। ਅਜਿਹਾ ਕਰਕੇ ਹੀ ਵਿਧਾਨ ਦੀ ਧਾਰਾ 14 ਜੋ ਸਭਨਾਂ ਨਾਗਰਿਕਾ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ ਉਸ ਦਾ ਸਹੀ ਰੂਪ ਵਿਚ ਅਮਲ ਹੋ ਸਕੇਗਾ।

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ, ਐਮ.ਪੀ., ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਾਨੂੰਨ ਦੀ ਪ੍ਰਕਿਰੀਆ ਵਿਚ ਕਿਸੇ ਵੀ ਨਾਗਰਿਕ ਨਾਲ ਵਿਤਕਰਾ ਨਾ ਕਰਨ ਅਤੇ ਬਰਾਬਰਤਾ ਦੀ ਸੋਚ ਉਤੇ ਹੀ ਅਮਲ ਹੋਣ ਦੀ ਜੋਰਦਾਰ ਪੈਰਵਾਈ ਕਰਦੇ ਹੋਏ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਜਸਟਿਸ ਗੰਗੋਈ ਮੁੱਖ ਜੱਜ ਸੁਪਰੀਮ ਕੋਰਟ ਉਤੇ ਆਪਣੀ ਹੀ ਇਕ ਅਧਿਕਾਰੀ ਬੀਬੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਸੁਪਰੀਮ ਕੋਰਟ ਨੇ ਆਪਣੇ ਹੀ ਪੱਧਰ ਉਤੇ ਇਕ ਜਾਂਚ ਕਮੇਟੀ ਕਾਇਮ ਕਰ ਦਿੱਤੀ ਸੀ। ਜਿਸ ਨੇ ਉਸ ਬੀਬੀ ਵੱਲੋਂ ਸੰਬੰਧਤ ਥਾਣੇ ਵਿਚ ਐਫ.ਆਈ.ਆਰ. ਲਿਖਵਾਉਣ ਅਤੇ ਕੇਸ ਦਰਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜਦੋ ਕਿ ਇਹ ਪ੍ਰਕਿਰੀਆ ਕੇਸ ਦਰਜ ਹੋਣ ਉਪਰੰਤ ਹੀ ਸ਼ੁਰੂ ਹੋਣੀ ਬਣਦੀ ਸੀ। ਫਿਰ ਉਸ ਪੀੜਤ ਬੀਬੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਨਾ ਤਾਂ ਜਾਂਚ ਕਮੇਟੀ ਨੇ ਬੁਲਾਇਆ ਅਤੇ ਨਾ ਹੀ ਉਸ ਨੂੰ ਵਕੀਲ ਕਰਨ ਦੀ ਇਜਾਜਤ ਦਿੱਤੀ। ਜੇਕਰ ਮੁੱਖ ਜੱਜ ਸੁਪਰੀਮ ਕੋਰਟ ਦੇ ਦੋਸ਼ ਪੂਰਨ ਮਾਮਲੇ ਵਿਚ ਕਾਨੂੰਨ ਦੀ ਪ੍ਰਕਿਰੀਆ ਉਪਰੋਕਤ ਢੰਗ ਨਾਲ ਹੋਈ ਹੈ, ਤਾਂ ਉਸੇ ਤਰ੍ਹਾਂ ਦੀ ਪ੍ਰਕਿਰੀਆ ਸ਼੍ਰੀ ਬ੍ਰਿਜ ਭੂਸ਼ਨ, ਐਮ.ਪੀ. ਯੂ.ਪੀ. ਅਤੇ ਸਰਦਾਰ ਸੰਦੀਪ ਸਿੰਘ ਵਜੀਰ ਹਰਿਆਣਾ ਦੇ ਕੇਸਾਂ ਵਿਚ ਹੋਣੀ ਚਾਹੀਦੀ ਹੈ। ਜੇਕਰ ਇਨ੍ਹਾਂ ਦੋਵਾਂ ਗੰਭੀਰ ਕੇਸਾਂ ਵਿਚ ਕਾਨੂੰਨ, ਅਦਾਲਤਾਂ ਅਤੇ ਜੱਜਾਂ ਨੇ ਜਸਟਿਸ ਗੰਗੋਈ ਦੇ ਮਾਮਲੇ ਦੀ ਪ੍ਰਕਿਰੀਆਂ ਤੋਂ ਵੱਖਰਾ ਕਾਨੂੰਨੀ ਰਸਤਾ ਅਪਣਾਇਆ ਤਾਂ ਸਮੁੱਚੇ ਭਾਰਤ ਵਿਚ ਕਾਨੂੰਨ, ਅਦਾਲਤਾਂ ਅਤੇ ਜੱਜਾਂ ਦਾ ਇਹ ਸੰਦੇਸ਼ ਗਲਤ ਜਾਵੇਗਾ ਕਿ ਕਾਨੂੰਨੀ ਪਦਵੀਆਂ ਉਤੇ ਬੈਠੇ ਅਧਿਕਾਰੀਆਂ ਲਈ ਇਥੋ ਦਾ ਕਾਨੁੰਨ ਵੱਖਰੇ ਰੂਪ ਵਿਚ ਕੰਮ ਕਰ ਰਿਹਾ ਹੈ ਅਤੇ ਦੂਸਰੇ ਲੋਕਾ ਲਈ ਵੱਖਰੇ ਰੂਪ ਵਿਚ। ਇਸ ਤਰ੍ਹਾਂ ਕਰਨ ਨਾਲ ਦੋਹਰੇ ਮਾਪਦੰਡ ਦੀ ਸਪੱਸ਼ਟਤਾ ਸਾਹਮਣੇ ਆਵੇਗੀ ਜੋ ਇਥੋ ਦੀ ਕਾਨੂੰਨੀ ਵਿਵਸਥਾ ਅਤੇ ਇਨਸਾਫ ਦੇ ਤਕਾਜੇ ਲਈ ਕਦੇ ਵੀ ਲਾਹੇਵੰਦ ਸਾਬਤ ਨਹੀ ਹੋਵੇਗਾ। ਇਸ ਲਈ ਸ.ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਦੋਵੇ ਕੇਸਾਂ ਵਿਚ ਕਾਨੂੰਨ ਅਤੇ ਅਦਾਲਤਾਂ ਜਸਟਿਸ ਗੰਗੋਈ ਵਾਲੇ ਮਾਮਲੇ ਦੀ ਤਰ੍ਹਾਂ ਹੀ ਕਾਨੂੰਨੀ ਪੱਖੋ ਪੇਸ਼ ਆਉਣਗੀਆ।

Leave a Reply

Your email address will not be published. Required fields are marked *