ਸਿੱਖ ਕੌਮ ਅਤੇ ਪੰਜਾਬੀਆਂ ਉਤੇ ਮੰਨੂੰਸਮ੍ਰਿਤੀ ਸੋਚ ਅਤੇ ਹਿੰਦੀ ਨੂੰ ਨਹੀ ਠੋਸਿਆ ਜਾ ਸਕਦੈ ਅਤੇ ਨਾ ਹੀ ਗੁਰਮੁੱਖੀ ਨੂੰ ਅਸੀ ਨੀਵਾ ਦਿਖਾਉਣ ਦੇ ਅਮਲਾਂ ਨੂੰ ਪ੍ਰਵਾਨ ਕਰਾਂਗੇ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਬੀਤੇ ਸਮੇਂ ਵਿਚ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਨੇ ਪੰਜਾਬੀ ਭਾਸ਼ਾਂ, ਬੋਲੀ ਅਤੇ ਸਾਡੇ ਅਮੀਰ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਹਿੱਤ ਇੰਡੀਆ ਦੇ ਐਨ.ਸੀ.ਈ.ਆਰ.ਟੀ. ਵਿਭਾਗ ਜੋ ਸਕੂਲੀ ਬੱਚਿਆਂ ਦੇ ਸਿਲੇਬਸ ਦੀਆਂ ਕਿਤਾਬਾਂ ਤਹਿ ਕਰਦਾ ਹੈ, ਦੇ ਰਾਹੀ ਕਿਤਾਬਾਂ ਵਿਚ ਸਾਡੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਨਿਰੰਤਰ ਇਹ ਸਾਜਿਸਕਾਰ ਮੰਦਭਾਵਨਾ ਅਧੀਨ ਗੰਧਲਾ ਕਰਦੇ ਆ ਰਹੇ ਹਨ । ਬੀਤੇ ਕੁਝ ਸਾਲ ਪਹਿਲੇ ਇਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਵਿਚ ‘ਬਾਲੂ ਕੇ ਬਾਲ’ ਕਿਤਾਬ ਵਿਚ ਸਿੱਖ ਤੇ ਪੰਜਾਬ ਦੇ ਇਤਿਹਾਸ ਨੂੰ ਵਿਗਾੜਕੇ ਦਰਜ ਕੀਤਾ ਗਿਆ ਸੀ । ਸਿੱਖ ਕੌਮ ਦੇ ਵੱਡੇ ਰੋਹ ਨੂੰ ਦੇਖਦੇ ਹੋਏ ਐਨ.ਸੀ.ਈ.ਆਰ.ਟੀ. ਅਤੇ ਪੰਜਾਬ ਦੇ ਸਕੂਲ ਸਿੱਖਿਆ ਬੋਰਡ ਨੂੰ ਇਹ ਕਿਤਾਬ ਉਸੇ ਸਮੇ ਵਾਪਸ ਲੈਣੀ ਪਈ ਸੀ । ਇਸ ਸੰਬੰਧ ਵਿਚ ਸਿੱਖ ਕੌਮ ਦੇ ਆਗੂ ਸ. ਬਲਦੇਵ ਸਿੰਘ ਸਿਰਸਾ ਵੱਲੋਂ ਲੰਮਾਂ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਧਰਨਾ ਲਗਾਇਆ ਗਿਆ ਸੀ ਜਿਸ ਵਿਚ ਸਮੁੱਚੇ ਪੰਜਾਬੀਆਂ ਨੇ ਸਮੂਲੀਅਤ ਕਰਦੇ ਹੋਏ ਹੁਕਮਰਾਨਾਂ ਦੀ ਇਸ ਸਾਜਿਸ ਦਾ ਵੱਡਾ ਵਿਰੋਧ ਕੀਤਾ ਸੀ । ਉਸੇ ਸੋਚ ਅਧੀਨ ਅੱਜ ਫਿਰ ਪੰਜਾਬੀਆਂ ਉਤੇ ਮੰਨੂੰਸਮ੍ਰਿਤੀ ਸੋਚ ਅਤੇ ਹਿੰਦੀ ਬੋਲੀ ਨੂੰ ਠੋਸਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਤਾਂ ਕਿ ਸਾਡੇ ਗੁਰੂ ਸਾਹਿਬਾਨ ਜੀ ਦੀ ਮਹਾਨ ਭਾਸ਼ਾ, ਬੋਲੀ, ਗੁਰਮੁੱਖੀ-ਪੰਜਾਬੀ ਨੂੰ ਨੀਵਾ ਦਿਖਾਇਆ ਜਾ ਸਕੇ । ਅਜਿਹੀਆ ਸਾਜਿਸਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਕਦਾਚਿੱਤ ਸਫਲ ਨਹੀ ਹੋਣ ਦੇਣਗੇ ਅਤੇ ਨਾ ਹੀ ਅਸੀ ਹਿੰਦੀ ਭਾਸ਼ਾਂ ਨੂੰ ਪ੍ਰਵਾਨ ਕਰਾਂਗੇ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਹੁਕਮਰਾਨਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਉਤੇ ਮੰਨੂੰਸਮ੍ਰਿਤੀ ਸੋਚ ਅਧੀਨ ਸਾਡੇ ਉਤੇ ਹਿੰਦੀ ਭਾਸ਼ਾਂ ਠੋਸਣ ਤੇ ਸਾਡੀ ਗੁਰਮੁੱਖੀ ਮਹਾਨ ਬੋਲੀ, ਭਾਸ਼ਾ ਦਾ ਅਪਮਾਨ ਕਰਨ ਦੇ ਕੀਤੇ ਜਾ ਰਹੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਸੂਬੇ ਵਿਚ ਅਜਿਹੀਆ ਹਕੂਮਤੀ ਸਾਜਿਸਾਂ ਨੂੰ ਕਤਈ ਸਫ਼ਲ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਆਪਣੇ ਪੰਜਾਬ ਸੂਬੇ ਦੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਅਤੇ ਆਪਣੀ ਗੁਰਮੁੱਖੀ ਬੋਲੀ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਦ੍ਰਿੜ ਹਾਂ । ਜੇਕਰ ਹੁਕਮਰਾਨਾਂ ਨੇ ਸਾਡੀਆ ਭਾਵਨਾਵਾ ਨੂੰ ਕੁੱਚਲਣਾ ਬੰਦ ਨਾ ਕੀਤਾ ਤਾਂ ਅਸੀ ਇਹ ਸਭ ਮੰਗਾਂ ਲੈਕੇ ਅੰਮ੍ਰਿਤਸਰ ਵਿਖੇ ਜੀ-20 ਮੁਲਕਾਂ ਦੇ ਹੋ ਰਹੇ ਇਕੱਠ ਵਿਚ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣਾ ਪੱਖ ਤੇ ਗੱਲ ਰੱਖਣ ਲਈ ਮਜਬੂਰ ਹੋਵਾਂਗੇ । ਇਸ ਲਈ ਤੁਰੰਤ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਉਤੇ ਠੋਸੀ ਜਾਣ ਵਾਲੀ ਹਿੰਦੀ ਭਾਸ਼ਾ ਦੇ ਅਮਲਾਂ ਨੂੰ ਬੰਦ ਕਰੇ ਅਤੇ ਸਾਡੀ ਗੁਰਮੁੱਖੀ ਪੰਜਾਬੀ ਭਾਸ਼ਾਂ ਦਾ ਸਤਿਕਾਰ ਕਰਦੇ ਹੋਏ ਇਸਨੂੰ ਪਹਿਲ ਦੇ ਆਧਾਰ ਤੇ ਪਹਿਲੇ ਨੰਬਰ ਤੇ ਰੱਖਕੇ ਅਮਲ ਕਰੇ । ਉਨ੍ਹਾਂ ਇਸ ਗੱਲ ਤੋ ਵੀ ਜਾਣੂ ਕਰਵਾਇਆ ਕਿ ਭਾਸਾਵਾਂ ਦੇ ਖੇਤਰ ਵਿਚ ਹਿੰਦੀ ਨਾਮ ਦੀ ਕੋਈ ਭਾਸ਼ਾ ਨਹੀ ਸੀ । ਲੇਕਿਨ ਆਰੀਆ ਸਮਾਜੀ ਅਤੇ ਹਿੰਦੂਤਵ ਕੱਟੜਵਾਦੀ ਲੋਕਾਂ ਨੇ ਸੰਸਕ੍ਰਿਤੀ ਵਿਚੋਂ ਸ਼ਬਦਾਂ ਦੇ ਹੇਰਫੇਰ ਨਾਲ ਹਿੰਦੀ ਭਾਸ਼ਾ ਬਣਾ ਲਈ ਅਤੇ ਮੰਨੂੰਸਮ੍ਰਿਤੀ ਸੋਚ ਅਧੀਨ ਅਮਲ ਸੁਰੂ ਕਰ ਦਿੱਤਾ । ਜਦੋਕਿ ਅਸੀ ਆਪਣੇ ਗੁਰੂ ਸਾਹਿਬਾਨ ਜੀ ਦੀ ਭਾਸ਼ਾ ਬੋਲੀ ਗੁਰਮੁੱਖੀ ਪੰਜਾਬੀ ਨੂੰ ਹੀ ਪ੍ਰਵਾਨ ਕਰਦੇ ਹਾਂ । ਇਸ ਲਈ ਇਹ ਹੁਕਮਰਾਨ ਸਾਡੀਆ ਘੱਟ ਗਿਣਤੀ ਕੌਮਾਂ ਦੀਆਂ ਭਾਸਾਵਾਂ ਤੇ ਬੋਲੀਆਂ ਦੇ ਨਾਲ-ਨਾਲ ਧਰਮ ਨੂੰ ਵੀ ਬੁੱਧ ਤੇ ਜੈਨ ਧਰਮ ਦੀ ਤਰ੍ਹਾਂ ਖ਼ਤਮ ਕਰਨਾ ਲੋਚਦੇ ਹਨ ਜਿਸਨੂੰ ਸਿੱਖ ਕੌਮ ਕਾਮਯਾਬ ਨਹੀ ਹੋਣ ਦੇਵੇਗੀ । ਅਸੀ ਪੰਜਾਬੀ ਤੇ ਗੁਰਮੁੱਖੀ ਬੋਲੀ ਦੇ ਪੈਰੋਕਾਰ ਹਾਂ ਅਤੇ ਪੰਜਾਬ ਵਿਚ ਇਸਨੂੰ ਹੀ ਅਪਣਾਇਆ ਤੇ ਪ੍ਰਵਾਨ ਕੀਤਾ ਜਾਵੇਗਾ ।

Leave a Reply

Your email address will not be published. Required fields are marked *