ਬੀਜੇਪੀ, ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਦਾ ਗੱਠਜੋੜ ਜੇਕਰ ਸਰਕਾਰ ਨਾ ਬਣਾ ਸਕਿਆ, ਤਾਂ ਪਾਕਿਸਤਾਨ ਦਾਖਲ ਹੋ ਜਾਵੇਗਾ ਦਾ ਪ੍ਰਚਾਰ “ਤੱਥਾਂ ਤੋਂ ਕੋਹਾ ਦੂਰ” : ਮਾਨ

ਫ਼ਤਹਿਗੜ੍ਹ ਸਾਹਿਬ, 27 ਜਨਵਰੀ ( ) “ਬੀਜੇਪੀ ਦੀ ਹੁਕਮਰਾਨ ਪਾਰਟੀ ਅਤੇ ਇਸਦੇ ਕੌਮੀ ਪ੍ਰਧਾਨ ਸ੍ਰੀ ਨੱਢਾ ਵੱਲੋ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਦਹਿਸਤ ਪਾਉਣ ਹਿੱਤ ਇਹ ਨਿਰਆਧਾਰ ਤੱਥਾਂ ਤੋ ਦੂਰ ਬਿਆਨਬਾਜੀ ਕੀਤੀ ਜਾ ਰਹੀ ਹੈ ਕਿ ਜੇਕਰ ਬੀਜੇਪੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਗੱਠਜੋੜ ਪੰਜਾਬ ਦੀ ਹਕੂਮਤ ਤੇ ਨਾ ਆਇਆ ਤਾਂ ਪਾਕਿਸਤਾਨ ਸਰਹੱਦਾਂ ਟੱਪਕੇ ਪੰਜਾਬ ਵਿਚ ਦਾਖਲ ਹੋ ਜਾਵੇਗਾ । ਦੂਸਰਾ ਖ਼ਬਰਾਂ ਵਿਚ ਇਹ ਵੀ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਡਰੋਨ ਰਾਹੀ ਅਸਲਾਂ ਅਤੇ ਨਸ਼ੀਲੀਆਂ ਵਸਤਾਂ ਆ ਰਹੀਆ ਹਨ । ਇਹ ਗੱਲ ਹੁਕਮਰਾਨ ਕਹਿ ਰਹੇ ਹਨ, ਉਸਦੀ ਅੱਜ ਤੱਕ ਕਿਤੇ ਵਰਤੋਂ ਤਾਂ ਨਹੀਂ ਹੋਈ । ਫਿਰ ਜੋ ਇਹ ਅਸਲਾਂ ਪੰਜਾਬ ਵਿਚ ਦਾਖਲ ਹੁੰਦਾ ਆ ਰਿਹਾ ਹੈ, ਉਸ ਬਾਰੇ ਮੁਲਕ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਗ੍ਰਹਿ ਵਿਭਾਗ, ਮਿਲਟਰੀ ਇਨਟੈਲੀਜੈਸ ਅਤੇ ਪੰਜਾਬ ਸੂਬੇ ਦੀ ਸੀ.ਆਈ.ਡੀ. ਵੱਲੋਂ ਇਸਦੀ ਜਾਣਕਾਰੀ ਅਤੇ ਖੁਲਾਸਾ ਸਹੀ ਸਮੇ ਤੇ ਕਿਉਂ ਨਹੀਂ ਕੀਤਾ ਜਾਂਦਾ ਰਿਹਾ ਅਤੇ ਇਹ ਅਸਲਾਂ ਪੰਜਾਬ ਵਿਚ ਕਿਸ ਮਕਸਦ ਦੀ ਪ੍ਰਾਪਤੀ ਲਈ ਭੇਜਿਆ ਜਾ ਰਿਹਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੀ ਸੈਂਟਰ ਹਕੂਮਤ ਅਤੇ ਇਸ ਪਾਰਟੀ ਦੇ ਪ੍ਰਧਾਨ ਸ੍ਰੀ ਜੇਪੀ ਨੱਢਾ ਵੱਲੋ ਪੰਜਾਬ ਦੀਆਂ ਚੋਣਾਂ ਸਮੇਂ ਪਾਕਿਸਤਾਨ ਦੇ ਨਾਮ ਦੀ ਦੁਰਵਰਤੋਂ ਕਰਕੇ ਹਥਿਆਰ ਆਉਣ ਦੇ ਕੀਤੇ ਜਾ ਰਹੇ ਪ੍ਰਚਾਰ ਪਿੱਛੇ ਹਕੂਮਤੀ ਸਾਜਿਸ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹੁਕਮਰਾਨ, ਅਦਾਲਤਾਂ, ਜੱਜ ਹੀ ਕਿਸੇ ਵੱਡੀ ਘਟਨਾ ਦੀ ਜਾਂਚ ਕਰ ਰਹੇ ਕਮਿਸਨ ਵੱਲੋ ਆਈ ਰਿਪੋਰਟ ਨੂੰ ਹੀ ਰੱਦ ਕਰਨ ਲੱਗ ਪੈਣ ਤਾਂ ਅਜਿਹੇ ਮਾਹੌਲ ਵਿਚ ਇਨਸਾਫ਼ ਦੀ ਕਿਵੇਂ ਆਸ ਰੱਖੀ ਜਾ ਸਕਦੀ ਹੈ ? ਜਿਵੇਕਿ ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜਾਂ ਜਸਟਿਸ ਰਾਜਵੀਰ ਸੇਰਾਵਤ, ਅਰਵਿੰਦ ਸਾਂਗਵਾਨ, ਅਨਿਲ ਬਜਾਜ ਅਤੇ ਜਸਟਿਸ ਗਿੱਲ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਕਰਨ ਦੀ ਜਾਂਚ ਕਰਨ ਵਾਲੀ ਸਿੱਟ ਦੀਆਂ ਰਿਪੋਰਟਾਂ ਰੱਦ ਕਰ ਦਿੱਤੀਆ । ਫਿਰ ਜੋ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਵਿਚ ਸਾਮਿਲ ਸ. ਬਿਕਰਮ ਸਿੰਘ ਮਜੀਠੀਆ ਵਰਗਿਆ ਨੂੰ ਜ਼ਮਾਨਤਾਂ ਦਿੱਤੀਆ ਜਾ ਰਹੀਆ ਹਨ ਤਾਂ ਇਥੋ ਦਾ ਨਿਜਾਮ ਇਥੋ ਦੇ ਨਿਵਾਸੀਆ ਨੂੰ ਅਜਿਹੇ ਦੁੱਖਦਾਇਕ ਅਮਲ ਕਰਕੇ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਦੂਸਰਾ ਜੇਕਰ ਕੋਈ ਆਮ ਨਾਗਰਿਕ ਕਿਸੇ ਦੋਸ਼ ਹੇਠ ਫੜਿਆ ਜਾਂਦਾ ਹੈ ਤਾਂ ਉਸਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਪਹੁੰਚ ਕਰਨ ਦੀ ਇਹ ਹੁਕਮਰਾਨ ਇਜਾਜਤ ਹੀ ਨਹੀਂ ਦਿੰਦੇ । 

ਇਸ ਸਮੁੱਚੇ ਪੈਦਾ ਕੀਤੇ ਜਾ ਰਹੇ ਹਾਲਾਤਾਂ ਤੋ ਇੰਝ ਜਾਪਦਾ ਹੈ ਕਿ ਹੁਕਮਰਾਨ ਉਸ ਤਰ੍ਹਾਂ ਦੀ ਡੂੰਘੀ ਸਾਜਿ਼ਸ ਉਤੇ ਪੰਜਾਬ ਵਿਚ ਕੰਮ ਕਰ ਰਹੇ ਹਨ ਜਿਵੇ 05 ਅਗਸਤ 2019 ਨੂੰ ਅਫਸਪਾ ਵਰਗੇ ਕਾਲੇ ਕਾਨੂੰਨ ਨੂੰ ਜੰਮੂ-ਕਸ਼ਮੀਰ ਵਿਚ ਲਾਗੂ ਕਰਕੇ, ਆਪਣੀਆ ਫੋਰਸਾਂ, ਫ਼ੌਜ ਅਤੇ ਅਰਧ ਸੈਨਿਕ ਬਲਾਂ ਦੀ ਦੁਰਵਰਤੋ ਕਰਕੇ ਕਸ਼ਮੀਰੀਆਂ ਉਤੇ ਗੈਰ-ਵਿਧਾਨਿਕ ਢੰਗ ਰਾਹੀ ਨਿਰੰਤਰ ਜੁਲਮ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਖੁਦਮੁਖਤਿਆਰੀ ਪ੍ਰਦਾਨ ਕਰਨ ਵਾਲੀ ਵਿਧਾਨ ਦੀ ਧਾਰਾ 35ਏ ਅਤੇ ਆਰਟੀਕਲ 370 ਖਤਮ ਕਰਕੇ ਉਨ੍ਹਾਂ ਦੀ ਵਿਧਾਨਿਕ ਆਜਾਦੀ ਜਬਰੀ ਕੁੱਚਲ ਦਿੱਤੀ ਗਈ ਹੈ । ਉਸੇ ਤਰ੍ਹਾਂ ਪੰਜਾਬ ਵਿਚ ਹਾਲਾਤ ਉਤਪੰਨ ਕਰਕੇ, ਪਾਕਿਸਤਾਨ ਦਾ ਹਊਆ ਖੜ੍ਹਾ ਕਰਕੇ ਪੰਜਾਬ ਦੀਆਂ ਅਸੈਬਲੀ ਚੋਣਾਂ ਨੂੰ ਰੱਦ ਕਰਵਾਉਣ ਦੀ ਸਾਜਿਸ ਉਤੇ ਤਾਂ ਨਹੀਂ ਕੰਮ ਕਰ ਰਹੇ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਥੋ ਦੇ ਸਮੁੱਚੇ ਮਾਹੌਲ ਨੂੰ ਅਮਨਮਈ ਅਤੇ ਸਾਜਗਰ ਬਣਾਈ ਰੱਖਣ ਲਈ ਸੈਟਰ ਦੇ ਹੁਕਮਰਾਨਾਂ ਅਤੇ ਮੁਤੱਸਵੀ ਪਾਰਟੀਆਂ ਤੋ ਇਹ ਉਮੀਦ ਕਰਦਾ ਹੈ ਕਿ ਪੰਜਾਬ ਵਿਚ ਕਿਸੇ ਅਜਿਹੀ ਮਨੁੱਖਤਾ ਵਿਰੋਧੀ ਸਾਜਿ਼ਸ ਨੂੰ ਅਮਲੀ ਰੂਪ ਨਹੀਂ ਦੇਣਗੇ ।

ਉਨ੍ਹਾਂ ਕਿਹਾ ਕਿ ਜੋ ਸਾਡੇ ਉਤੇ ਇਹ ਤੋਹਮਤਾਂ ਲਗਾਈਆ ਜਾ ਰਹੀਆ ਹਨ ਕਿ ਅਸੀਂ ਸਿੱਖ ਪਾਕਿਸਤਾਨ ਨਾਲ ਰਲ ਹੋਏ ਹਾਂ, ਫਿਰ ਬੀਜੇਪੀ ਹਕੂਮਤ ਅਤੇ ਇੰਡੀਅਨ ਫ਼ੌਜ ਵੱਲੋਂ ਸਾਡਾ 1834 ਵਿਚ ਜਿੱਤਿਆ ਲਦਾਖ ਦਾ ਇਲਾਕਾ ਚੀਨ ਨੂੰ 2020 ਵਿਚ 900 ਸਕੇਅਰ ਵਰਗ ਕਿਲੋਮੀਟਰ ਕਿਉਂ ਦੇ ਦਿੱਤਾ ਗਿਆ ਅਤੇ 1962 ਵਿਚ ਹੁਕਮਰਾਨਾਂ ਨੇ ਖ਼ਾਲਸਾ ਰਾਜ ਦਰਬਾਰ ਵੱਲੋਂ ਫ਼ਤਹਿ ਕੀਤੇ ਗਏ ਇਲਾਕੇ ਦਾ 39,000 ਸਕੇਅਰ ਵਰਗ ਕਿਲੋਮੀਟਰ ਚੀਨ ਦੇ ਸਪੁਰਦ ਕਿਉਂ ਕਰ ਦਿੱਤਾ ? ਇਸ ਚੀਨ ਨੂੰ ਦਿੱਤੇ ਗਏ ਇਲਾਕੇ ਵਾਪਸ ਕਰਵਾਉਣ ਲਈ ਹੁਕਮਰਾਨ ਅਤੇ ਫ਼ੌਜ ਕਿਉਂ ਨਹੀਂ ਲੜ ਰਹੀ ? ਅਸੀਂ ਤਾਂ ਪਾਕਿਸਤਾਨ ਨੂੰ ਕੋਈ ਇਲਾਕਾ ਨਹੀਂ ਦਿੱਤਾ । ਫਿਰ ਬੀਜੇਪੀ, ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਅਤੇ ਜੇਪੀ ਨੱਢਾ ਪੰਜਾਬ ਵਿਚ ਆਪਣੀ ਸਰਕਾਰ ਨਾ ਬਣਨ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਪਾਕਿਸਤਾਨ ਦੇ ਦਖਲ ਦਾ ਡਰਾਵਾਂ ਕਿਸ ਦਲੀਲ ਅਧੀਨ ਦੇ ਰਹੇ ਹਨ ?

Leave a Reply

Your email address will not be published. Required fields are marked *