ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਦੇ ਹੋਏ ਅਕਾਲ ਚਲਾਣੇ ਦੇ ਗੰਭੀਰ ਸਮੇਂ ਉਤੇ ਭਾਈ ਰਾਜੋਆਣਾ ਨੂੰ ਜ਼ਮਾਨਤ ਦਿੱਤੀ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 26 ਜਨਵਰੀ ( ) “ਲੰਮੇਂ ਸਮੇਂ ਤੋਂ ਹੁਕਮਰਾਨਾਂ ਵੱਲੋਂ ਬੰਦੀ ਬਣਾਏ ਗਏ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਤਿਕਾਰਯੋਗ ਪਿਤਾ ਜੀ ਬੀਤੇ ਦਿਨੀਂ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਭਾਈ ਰਾਜੋਆਣਾ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਦੋਸਤਾਂ-ਮਿੱਤਰਾਂ ਨੂੰ ਇਕ ਅਸਹਿ ਅਤੇ ਅਕਹਿ ਘਾਟਾ ਪਿਆ ਹੈ । ਜੋ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ । ਕਿਉਂਕਿ ਭਾਈ ਰਾਜੋਆਣਾ ਦੇ ਕੇਸਾਂ ਦੀ ਪੈਰਵੀ ਅਤੇ ਅਦਾਲਤੀ ਪ੍ਰਕਿਰਿਆ ਦੀਆਂ ਜਿ਼ੰਮੇਵਾਰੀਆਂ ਉਨ੍ਹਾਂ ਦੇ ਬਜੁਰਗ ਹੀ ਨਿਭਾਉਦੇ ਆ ਰਹੇ ਸਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੀ ਉਨ੍ਹਾਂ ਦੇ ਚਲੇ ਜਾਣ ਤੇ ਡੂੰਘਾਂ ਦੁੱਖ ਪਹੁੰਚਿਆ ਹੈ । ਕਿਉਂਕਿ ਉਹ ਪੰਥਕ ਅਤੇ ਮਨੁੱਖਤਾ ਪੱਖੀ ਖਿਆਲਾਤਾਂ ਦੇ ਨੇਕ ਅਤੇ ਸੰਜ਼ੀਦਾ ਇਨਸਾਨ ਸਨ । ਅਜਿਹੇ ਇਨਸਾਨਾਂ ਅਤੇ ਬਜੁਰਗਾਂ ਦੀ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਹਮੇਸ਼ਾਂ ਲੋੜ ਬਣੀ ਰਹਿੰਦੀ ਹੈ । ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਵੀ ਅਰਜੋਈ ਕਰਦੇ ਹਾਂ । ਕਿਉਂਕਿ ਵਿਧਾਨ ਦੀ ਧਾਰਾ 14 ਇੰਡੀਆਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਪ੍ਰਦਾਨ ਕਰਦੀ ਹੈ । ਜੇਕਰ ਅਦਾਲਤਾਂ, ਹਾਈਕੋਰਟਾਂ ਨਸਿ਼ਆਂ ਦੇ ਕਾਰੋਬਾਰ ਕਰਨ ਵਾਲੇ ਸ. ਬਿਕਰਮ ਸਿੰਘ ਮਜੀਠੀਆ ਵਰਗੇ ਨੂੰ ਜ਼ਮਾਨਤਾਂ ਦੇ ਸਕਦੀ ਹੈ, ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੇ ਬਜੁਰਗ ਅਕਾਲ ਚਲਾਣਾ ਕਰ ਗਏ ਹਨ, ਅਜਿਹੇ ਗੰਭੀਰ ਸਮੇ ਤੇ ਉਨ੍ਹਾਂ ਵੱਲੋਂ ਆਪਣੇ ਪਿਤਾ ਦੀਆਂ ਆਖਰੀ ਸੰਸਕਾਰ ਦੀਆਂ ਰਸਮਾਂ ਨੂੰ ਪੂਰਨ ਕਰਨ ਲਈ ਸਰਕਾਰ ਨੂੰ ਅਤੇ ਅਦਾਲਤਾਂ ਨੂੰ ਫੌਰੀ ਕਾਨੂੰਨੀ ਅਮਲ ਕਰਦੇ ਹੋਏ ਜ਼ਮਾਨਤ ਜਾਂ ਪੇਰੋਲ ਉਤੇ ਰਿਹਾਅ ਕਰਨਾ ਚਾਹੀਦਾ ਹੈ ।”
ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਰਾਜੋਆਣਾ ਦੇ ਪਰਿਵਾਰ ਨਾਲ ਸਾਂਝਾ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜਿਸ ਨਸ਼ੀਲੇ ਕਾਰੋਬਾਰਾਂ ਚਿੱਟਾ, ਸਮੈਕ, ਹੈਰੋਇਨ ਆਦਿ ਨਾਲ ਪੰਜਾਬ ਵਿਚ ਹਜਾਰਾਂ ਪਰਿਵਾਰ ਪੀੜ੍ਹਾਂ ਵਿਚ ਹਨ ਅਤੇ ਪੰਜਾਬ ਦਾ ਮਾਹੌਲ ਇਨ੍ਹਾਂ ਨਸ਼ੀਲੀਆਂ ਵਸਤਾਂ ਵਾਲਿਆ ਨੇ ਗੰਧਲਾ ਕਰ ਦਿੱਤਾ ਹੈ, ਉਨ੍ਹਾਂ ਮੁਜਰਿਮਾਂ ਨੂੰ ਜੇਕਰ ਅਦਾਲਤਾਂ ਵੱਲੋ ਰਾਹਤ ਦਿੱਤੀ ਜਾ ਰਹੀ ਹੈ ਤਾਂ ਅਦਾਲਤਾਂ ਅਤੇ ਜੱਜਾਂ ਦਾ ਇਹ ਪਹਿਲਾ ਫਰਜ ਬਣਦਾ ਹੈ ਕਿ ਕਿਸੇ ਬੰਦੀ ਦੇ ਮਾਤਾ-ਪਿਤਾ ਦੇ ਅਕਾਲ ਚਲਾਣੇ ਉਪਰੰਤ ਉਸਨੂੰ ਤੁਰੰਤ ਆਖਰੀ ਰਸਮਾਂ ਪੂਰਨ ਕਰਨ ਲਈ ਪੇਰੋਲ ਦੇ ਹੁਕਮ ਹੋਣੇ ਚਾਹੀਦੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਨਸਾਨੀਅਤ ਅਤੇ ਮਨੁੱਖਤਾ ਦੇ ਨਾਤੇ ਸ. ਰਾਜੋਆਣਾ ਵੱਲੋ ਹਾਈਕੋਰਟ ਵਿਚ ਜ਼ਮਾਨਤ ਲਈ ਪਾਈ ਗਈ ਪਟੀਸ਼ਨ ਉਤੇ ਫੌਰੀ ਅਮਲ ਕਰਦੇ ਹੋਏ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿਚ ਜ਼ਮਾਨਤ ਦੇ ਦਿੱਤੀ ਜਾਵੇਗੀ ।