ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਵਿਦਿਆਰਥੀ ਯੂਨੀਅਨਾਂ ਵੱਲੋਂ ਲਿਆ ਸਟੈਂਡ ਸਲਾਘਾਯੋਗ, ਅਸੀ ਹਰ ਤਰ੍ਹਾਂ ਇਸ ਮੁੱਦੇ ਉਤੇ ਸਾਥ ਦੇਵਾਂਗੇ : ਟਿਵਾਣਾ
ਚੰਡੀਗੜ੍ਹ, 16 ਜੂਨ ( ) “ਕਿਸੇ ਵੀ ਸੂਬੇ ਅਤੇ ਕੌਮ ਦੀ ਨੌਜ਼ਵਾਨੀ, ਵਿਦਿਆਰਥੀ ਵਰਗ ਇਕ ਅਜਿਹੀ ਵੱਡੀ ਸ਼ਕਤੀ ਹੁੰਦੀ ਹੈ ਕਿ ਜਦੋ ਉਹ ਕਿਸੇ ਗੱਲ ਨੂੰ ਪ੍ਰਵਾਨ ਕਰਕੇ ਇਨਸਾਫ਼ ਲੈਣ ਲਈ ਠਾਣ ਲਵੇ ਜਾਂ ਹੋਈ ਜਿਆਦਤੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉੱਠ ਖੜ੍ਹੇ ਤਾਂ ਕੋਈ ਵੀ ਤਾਕਤ ਉਸ ਲਹਿਰ ਨੂੰ ਨਹੀ ਦਬਾਅ ਸਕਦੀ । ਬਲਕਿ ਜਾਬਰ ਹੁਕਮਰਾਨਾਂ ਨੂੰ ਇਨਸਾਫ਼ ਦੇਣ ਲਈ ਮਜ਼ਬੂਰ ਹੋਣਾ ਪੈਦਾ ਹੈ । ਬੀਤੇ ਕੁਝ ਸਮੇ ਤੋ ਸੈਂਟਰ ਵਿਚ ਹਕੂਮਤ ਕਰ ਰਹੀਆ ਜਮਾਤਾਂ ਵਿਸ਼ੇਸ਼ ਤੌਰ ਤੇ ਬੀਜੇਪੀ-ਆਰ.ਐਸ.ਐਸ. ਵੱਲੋ ਪੰਜਾਬ ਦੇ ਅਤਿ ਗੰਭੀਰ ਮਸਲਿਆ ਨੂੰ ਜਾਣਬੁੱਝ ਕੇ ਲਮਕਾਉਦੇ ਹੋਏ ਪੰਜਾਬ ਦੇ ਵੱਡੇ ਸਾਧਨਾਂ, ਅਦਾਰਿਆ ਅਤੇ ਇਥੋ ਦੇ ਇਲਾਕਿਆ, ਪਾਣੀਆ, ਬਿਜਲੀ ਨੂੰ ਮੰਦਭਾਵਨਾ ਅਧੀਨ ਲੁੱਟਿਆ ਜਾਂਦਾ ਆ ਰਿਹਾ ਹੈ । ਇਹ ਵੱਡੀ ਤਰਾਸਦੀ ਹੈ ਕਿ ਪੰਜਾਬ ਸੂਬੇ ਵਿਚ ਵਿਚਰਣ ਵਾਲੀਆ ਸਿਆਸੀ ਪਾਰਟੀਆ ਤੇ ਉਨ੍ਹਾਂ ਦੇ ਆਗੂ ਅਕਸਰ ਹੀ ਅਜਿਹੇ ਗੰਭੀਰ ਮੁੱਦਿਆ ਉਤੇ ਸੰਜ਼ੀਦਾ ਨਾ ਹੋ ਕੇ ਆਪਣੀਆ ਸਿਆਸੀ ਗਿਣਤੀਆ-ਮਿਣਤੀਆ ਦੇ ਫਾਇਦੇ ਨੁਕਸਾਨ ਵਿਚ ਮਸਰੂਫ ਹੋ ਜਾਂਦੀਆ ਹਨ । ਜਦੋਕਿ ਅਜਿਹੇ ਮੁੱਦਿਆ ਉਤੇ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਬਿਹਤਰੀ ਲਈ ਆਗੂਆਂ ਤੇ ਸੂਬੇ ਨਾਲ ਸੰਬੰਧਤ ਪਾਰਟੀਆ ਨੂੰ ਇਮਾਨਦਾਰੀ ਨਾਲ ਸਹੀ ਸਮੇ ਤੇ ਸਹੀ ਸਟੈਂਡ ਵੀ ਲੈਣਾ ਚਾਹੀਦਾ ਹੈ ਅਤੇ ਵੱਡੀ ਲਹਿਰ ਬਣਾਕੇ ਹੁਕਮਰਾਨਾਂ ਨੂੰ ਇਨਸਾਫ ਦੇਣ ਲਈ ਮਜਬੂਰ ਕਰਨਾ ਬਣਦਾ ਹੈ ਜੋ ਜਿ਼ੰਮੇਵਾਰੀ ਨਹੀ ਨਿਭਾਈ ਗਈ । ਇਹੀ ਵਜਹ ਹੈ ਕਿ ਹੁਕਮਰਾਨ ਕਦੀ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧਕੀ ਹਿੱਸੇ ਵਿਚ ਪੰਜਾਬ ਦੇ ਹਿੱਸੇ ਨੂੰ ਖਤਮ ਕਰਨ, ਪੰਜਾਬ ਦੇ ਦਰਿਆਵਾ, ਨਦੀਆ ਦੇ ਪਾਣੀਆ ਨੂੰ ਲੁੱਟਣ, ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਖੋਹਣ, ਬੀ.ਐਸ.ਐਫ. ਵਰਗੀ ਸਰਹੱਦਾਂ ਦੀ ਰਾਖੀ ਕਰਨ ਵਾਲੀ ਫੋਰਸ ਦੇ ਅਧਿਕਾਰ ਖੇਤਰ ਨੂੰ 50 ਕਿਲੋਮੀਟਰ ਕਰਨ, ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਦਰ ਦੇ ਅਧੀਨ ਕਰਨ, ਪੰਜਾਬੀ ਯੂਨੀਵਰਸਿਟੀ ਦੇ ਖੋਜ ਵਿਭਾਗ ਨੂੰ ਮੰਦਭਾਵਨਾ ਅਧੀਨ ਇਤਿਹਾਸ ਵਿਚ ਰਲਗੜ ਕਰਨ ਅਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਵੱਡੇ ਵਿਦਿਅਕ ਅਦਾਰੇ ਨੂੰ ਆਪਣੇ ਅਧੀਨ ਕਰਨ ਦੇ ਮਨਸੂਬਿਆ ਉਤੇ ਅਮਲ ਕੀਤਾ ਜਾ ਰਿਹਾ ਹੈ । ਅਜਿਹੇ ਮੁੱਦਿਆ ਉਤੇ ਅਜੋਕੀ ਨੌਜ਼ਵਾਨੀ ਅਤੇ ਵਿਦਿਆਰਥੀ ਵਰਗ ਦਾ ਸੁਚੇਤ ਹੋਣਾ ਅਤਿ ਜ਼ਰੂਰੀ ਹੈ ਜੋ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ 7 ਵਿਦਿਆਰਥੀ ਯੂਨੀਅਨਾਂ ਨੇ ਸਾਂਝੇ ਤੌਰ ਤੇ ਸੈਂਟਰ ਦੇ ਇਸ ਜ਼ਬਰ ਵਿਰੁੱਧ ਡੱਟਕੇ ਸੰਘਰਸ਼ ਕਰਨ ਦਾ ਬੀੜਾ ਚੁੱਕਿਆ ਹੈ, ਇਹ ਜਿਥੇ ਅਤਿ ਸਲਾਘਾਯੋਗ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਹਰ ਤਰ੍ਹਾਂ ਸਾਥ ਦੇਣ ਅਤੇ ਹੁਕਮਰਾਨਾਂ ਨੂੰ ਅਜਿਹਾ ਨਾ ਕਰਨ ਵਿਚ ਯੋਗਦਾਨ ਪਾਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਉਸ ਵੱਡੇ ਅਦਾਰੇ ਜਿਸ ਦੀ ਹੋਦ ਪੰਜਾਬ, ਪੰਜਾਬੀ, ਪੰਜਾਬੀਅਤ, ਇਥੋ ਦੇ ਵਿਰਸੇ-ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਆਪਣੀ ਨੌਜ਼ਵਾਨੀ ਨੂੰ ਉੱਚ ਮਿਆਰੀ ਵਿਦਿਆ ਪ੍ਰਦਾਨ ਕਰਨ ਦੀ ਹੋਈ ਸੀ, ਉਸ ਨਾਲ ਸੰਬੰਧਤ ਸਮੁੱਚੀਆਂ ਵਿਦਿਆਰਥੀ ਯੂਨੀਅਨਾਂ ਵੱਲੋ ਸੈਟਰ ਦੇ ਹੁਕਮਰਾਨਾਂ ਦੀ ਇਸ ਵਿਦਿਅਕ ਅਦਾਰੇ ਨੂੰ ਆਪਣੇ ਅਧੀਨ ਕਰਨ ਦੀ ਸਾਜਿਸ ਵਿਰੁੱਧ ਮਜਬੂਤੀ ਨਾਲ ਲਏ ਗਏ ਸਟੈਂਡ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅਜਿਹੇ ਪੰਜਾਬ ਪੱਖੀ ਮੁੱਦਿਆ ਉਤੇ ਹਰ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਫਖ਼ਰ ਹੈ ਕਿ ਅਜੋਕੀ ਨੌਜ਼ਵਾਨੀ ਤੇ ਵਿਦਿਆਰਥੀ ਵਰਗ ਆਪਣੀ ਉੱਚ ਮਿਆਰੀ ਵਿਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਦੁਨੀਆਂ ਵਿਚ ਵਿਚਰਣ ਵਾਲੀਆ ਸਭ ਘਟਨਾਵਾ, ਵਿਸ਼ੇਸ਼ ਤੌਰ ਤੇ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਸੈਟਰ ਦੇ ਹੁਕਮਰਾਨਾਂ ਵੱਲੋ ਲੰਮੇ ਸਮੇ ਤੋ ਕੀਤੇ ਜਾਂਦੇ ਆ ਰਹੇ ਵਿਤਕਰਿਆ, ਬੇਇਨਸਾਫ਼ੀਆਂ, ਜ਼ਬਰ ਜੁਲਮ ਸੰਬੰਧੀ ਹਰ ਪੱਖੋ ਸੁਚੇਤ ਹਨ ਅਤੇ ਸੈਟਰ ਦੇ ਹੁਕਮਰਾਨਾਂ ਦੀਆਂ ਅਜਿਹੀਆ ਵਧੀਕੀਆ ਦਾ ਜਮਹੂਰੀ ਢੰਗ ਨਾਲ ਵਿਰੋਧ ਕਰਨ ਲਈ ਸਮੂਹਿਕ ਤੌਰ ਤੇ ਲਾਮਬੰਦ ਹੋ ਰਹੇ ਹਨ । ਜਿਸ ਆਪਸੀ ਸਮਝ ਤੇ ਦੂਰਅੰਦੇਸ਼ੀ ਨਾਲ ਵਿਦਿਆਰਥੀ ਯੂਨੀਅਨਾਂ ਨੇ ਉਪਰੋਕਤ ਸਾਰੇ ਮੁੱਦਿਆ ਨੂੰ ਆਪਣੇ ਜਹਿਨ ਵਿਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਪੰਜਾਬ ਯੂਨੀਵਰਸਿਟੀ ਨੂੰ ਸੈਟਰ ਦੇ ਅਧੀਨ ਕਰਨ ਦੇ ਮੁੱਦੇ ਉਤੇ ਸੰਜ਼ੀਦਾ ਜਿ਼ੰਮੇਵਾਰੀ ਨਾਲ ਅਮਲ ਕੀਤਾ ਹੈ, ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸੈਟਰ ਦੀ ਕੋਈ ਵੀ ਮੁਤੱਸਵੀ ਅਤੇ ਪੰਜਾਬ ਵਿਰੋਧੀ ਸਰਕਾਰ ਅਜਿਹੇ ਮਾਮਲਿਆ ਵਿਚ ਪੰਜਾਬ ਨਾਲ ਧੱਕਾ ਨਹੀ ਕਰ ਸਕੇਗੀ ਅਤੇ ਇਹ ਵਿਦਿਆਰਥੀ ਵਰਗ ਵੱਲੋ ਸੁਰੂ ਕੀਤੇ ਸੰਘਰਸ਼ ਵਿਚ ਅਵੱਸ ਪੰਜਾਬ, ਪੰਜਾਬੀਆਂ ਅਤੇ ਨੌਜ਼ਵਾਨ ਵਰਗ ਦੀ ਫਤਹਿ ਹੋਵੇਗੀ ਅਤੇ ਕਿਸੇ ਵੀ ਕੀਮਤ ਤੇ ਪੰਜਾਬ ਯੂਨੀਵਰਸਿਟੀ ਦੇ ਅਦਾਰੇ ਨੂੰ ਸੈਟਰ ਦੇ ਅਧੀਨ ਕਰਨ ਦੇ ਮਨਸੂਬਿਆ ਨੂੰ ਸਫਲ ਨਹੀ ਹੋਣ ਦਿੱਤਾ ਜਾਵੇਗਾ । ਪੰਜਾਬ ਦੇ ਸਮੁੱਚੇ ਬੁੱਧੀਜੀਵੀਆਂ ਤੇ ਹਮਦਰਦਾਂ ਨੂੰ ਇਸ ਵਿਸ਼ੇ ਤੇ ਵਿਦਿਆਰਥੀ ਵਰਗ ਦਾ ਹਰ ਤਰ੍ਹਾਂ ਸਾਥ ਦੇਣ ਦੀ ਅਪੀਲ ਵੀ ਕੀਤੀ।