ਸਮੁੱਚੇ ਅਹੁਦੇਦਾਰ ਅਤੇ ਪਾਰਟੀ ਮੈਂਬਰ 01 ਜੂਨ ਨੂੰ ਬਰਗਾੜੀ, 04 ਜੂਨ ਨੂੰ ਸੰਗਰੂਰ ਅਤੇ 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ, 31 ਮਈ ( ) “ਕਿਉਂਕਿ 01 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਬਰਗਾੜੀ ਜਿਥੇ ਨਿਰੰਤਰ 331 ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਮੋਰਚਾ ਚੱਲ ਰਿਹਾ ਹੈ, ਉਥੇ ਪਸਚਾਤਾਪ ਦਿਹਾੜੇ ਦੀ ਅਰਦਾਸ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ 04 ਜੂਨ ਨੂੰ ਪਾਰਟੀ ਦੇ ਹੋਏ ਫੈਸਲੇ ਅਨੁਸਾਰ ਮੈਂ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਅਰਦਾਸ ਕਰਨ ਉਪਰੰਤ ਸੰਗਰੂਰ ਲੋਕ ਸਭ ਹਲਕੇ ਦੀ ਜਿਮਨੀ ਚੋਣ ਲਈ ਨਾਮਜਦਗੀ ਕਾਗਜ ਦਾਖਲ ਕਰਾਂਗਾ । ਇਸੇ ਤਰ੍ਹਾਂ 06 ਜੂਨ ਨੂੰ ਘੱਲੂਘਾਰੇ ਦਿਹਾੜੇ ਦੀ ਅਰਦਾਸ ਸਮੁੱਚੀ ਕੌਮ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਜਾ ਰਹੀ ਹੈ । ਇਨ੍ਹਾਂ ਤਿੰਨੇ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਪਾਰਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ, ਜਿ਼ਲ੍ਹਾ ਪ੍ਰਧਾਨ, ਸਰਕਲ ਪ੍ਰਧਾਨ, ਪਿੰਡ ਅਤੇ ਸ਼ਹਿਰ ਪੱਧਰ ਦੇ ਅਹੁਦੇਦਾਰ ਆਪੋ-ਆਪਣੇ ਨਾਲ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈਕੇ ਜਿ਼ੰਮੇਵਾਰੀ ਨਾਲ ਪਹੁੰਚਕੇ ਇਨ੍ਹਾਂ ਮੌਕਿਆਂ ਦੇ ਕੌਮੀ ਫਰਜਾਂ ਦੀ ਪੂਰਤੀ ਕਰਨ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋ ਆਪਣੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਦੇ ਨਾਲ-ਨਾਲ ਸਮੁੱਚੀਆਂ ਪੰਥਕ ਜਥੇਬੰਦੀਆਂ, ਸੰਗਠਨਾਂ, ਸੁਖਮਨੀ ਸਾਹਿਬ ਸੁਸਾਇਟੀਆ, ਡੇਰਿਆ ਦੇ ਮੁੱਖੀਆਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਕੌਮ ਨਾਲ ਸੰਬੰਧਤ ਟਕਸਾਲਾਂ ਤੇ ਸੰਪ੍ਰਦਾਵਾਂ ਨੂੰ ਨਿੱਜੀ ਤੌਰ ਤੇ ਹਾਰਦਿਕ ਅਪੀਲ ਕਰਦੇ ਹੋਏ ਕੀਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਉਪਰੋਕਤ ਤਿੰਨੇ ਪ੍ਰੋਗਰਾਮਾਂ ਵਿਚ ਪੰਜਾਬ ਨਾਲ ਸੰਬੰਧਤ ਪਾਰਟੀ ਮੈਂਬਰ ਤੇ ਸਿੱਖ ਨੌਜ਼ਵਾਨ ਵੱਡੀ ਗਿਣਤੀ ਵਿਚ ਆਪਣੇ ਸਮਰੱਥਕਾਂ ਨੂੰ ਲੈਕੇ ਪਹੁੰਚਣਗੇ, ਉਥੇ ਮੇਰੇ ਵੱਲੋ ਜੋ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲੜੀ ਜਾ ਰਹੀ ਹੈ, ਉਸ ਵਿਚ ਵੀ ਆਪੋ-ਆਪਣੇ ਰਿਸਤੇਦਾਰਾਂ, ਸੰਬੰਧੀਆਂ, ਦੋਸਤਾਂ, ਮਿੱਤਰਾਂ ਅਤੇ ਪਾਰਟੀ ਹਮਦਰਦਾਂ ਨੂੰ ਸੰਦੇਸ਼ ਦੇਕੇ ਜਾਂ ਸੰਪਰਕ ਕਰਕੇ ਸੰਗਰੂਰ ਲੋਕ ਸਭਾ ਹਲਕੇ ਵਿਚ ਪੈਦੇ 9 ਵਿਧਾਨ ਸਭਾ ਹਲਕਿਆ ਭਦੌੜ, ਸੰਗਰੂਰ, ਬਰਨਾਲਾ, ਧੂਰੀ, ਮਲੇਰਕੋਟਲਾ, ਸੁਨਾਮ, ਮਹਿਲ ਕਲਾਂ, ਦ੍ਰਿੜਬਾ, ਲਹਿਰਾਗਾਗਾ ਦੇ ਨਿਵਾਸੀ ਪਾਰਟੀ ਨੂੰ ਵੋਟ ਦੇਣ ਲਈ ਪ੍ਰੇਰਣ ਦੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਅਸੀ ਸਭ ਇਕ-ਦੂਸਰੇ ਦੇ ਸਹਿਯੋਗ ਨਾਲ ਇਸ ਚੋਣ ਮੈਦਾਨ ਨੂੰ ਫਤਹਿ ਕਰਕੇ ਪੰਜਾਬ ਦੇ ਸਾਜ਼ਸੀ ਢੰਗਾਂ ਰਾਹੀ ਬਣਾਏ ਜਾ ਰਹੇ ਵਿਸਫੋਟਕ ਹਾਲਾਤਾਂ ਨੂੰ ਬਣਨ ਤੋਂ ਰੋਕ ਸਕੀਏ ਅਤੇ ਪੰਜਾਬ ਸੂਬੇ ਵਿਚ ਮੁਕੰਮਲ ਰੂਪ ਵਿਚ ਅਮਨ ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਕਰਨ ਦੀ ਜਿ਼ੰਮੇਵਾਰੀ ਨਿਭਾਅ ਸਕੀਏ ।