ਡਾ. ਅੰਬੇਦਕਰ ਦੇ ਬੁੱਤ ਨੂੰ ਤੋੜਕੇ ਅਪਮਾਨ ਕਰਨਾ ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀ, ਉਹ ਅਤੇ ਸ੍ਰੀ ਕਾਂਸੀ ਰਾਮ ਤਾਂ ਮੰਨੂਸਮ੍ਰਿਤੀ ਦੇ ਖਿਲਾਫ਼ ਲੜਦੇ ਰਹੇ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਪ੍ਰੈਲ ( ) “ਸਿੱਖ ਕੌਮ ਦਾ ਸਿਧਾਂਤ ਤਾਂ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਅਤੇ ਵਿਤਕਰੇ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਗਰੀਬਾਂ, ਮਜ਼ਲੂਮਾਂ, ਸਮਾਜ ਦੇ ਲਤਾੜੇ ਵਰਗਾਂ ਦੇ ਨਾਲ ਹੋਣ ਵਾਲੀਆ ਬੇਇਨਸਾਫ਼ੀਆਂ ਨੂੰ ਖਤਮ ਕਰਵਾਕੇ ਬਰਾਬਰਤਾ ਦੀ ਸੋਚ ਨੂੰ ਮਜ਼ਬੂਤ ਕਰਨਾ ਰਿਹਾ ਹੈ । ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਮਵਾਰ ਆਪਣੇ ਮੁਖਾਰਬਿੰਦ ਤੋਂ ‘ਸਭਨਾ ਜੀਆ ਕਾ ਇਕ ਦਾਤਾ ਅਤੇ ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ’ ਦੇ ਸ਼ਬਦ ਉਚਾਰਕੇ ਬਹੁਤ ਪਹਿਲੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਪਾੜੇ ਨੂੰ ਪੂਰਨ ਰੂਪ ਵਿਚ ਖਤਮ ਕਰਕੇ ਬਰਾਬਰਤਾ ਦੀ ਸੋਚ ਨੂੰ ਪ੍ਰਫੁੱਲਿਤ ਕੀਤਾ । ਫਿਰ ਡਾ. ਅੰਬੇਦਕਰ ਅਤੇ ਸ੍ਰੀ ਕਾਂਸੀ ਰਾਮ ਵਰਗੀਆਂ ਸਖਸ਼ੀਅਤਾਂ ਇਸੇ ਸੋਚ ਉਤੇ ਆਪਣੇ ਜੀਵਨਕਾਲ ਦੌਰਾਨ ਆਪਣੇ ਫਰਜਾਂ ਦੀ ਪੂਰਤੀ ਕਰ ਰਹੇ ਹਨ । ਫਿਰ ਡਾ. ਅੰਬੇਦਕਰ ਦੇ ਬੁੱਤ ਨੂੰ ਤੋੜਕੇ ਆਪਣੀ ਸਿੱਖੀ ਮਨੁੱਖਤਾ ਪੱਖੀ ਸੋਚ ਨੂੰ ਸੱਟ ਮਾਰਨਾ ਤਾਂ ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀ ਹੈ । ਅਜਿਹੇ ਅਮਲਾਂ ਦੀ ਸਿੱਖੀ ਸੋਚ ਸਾਨੂੰ ਕਤਈ ਇਜਾਜਤ ਨਹੀ ਦਿੰਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਸਿਆਰਪੁਰ ਜਿਲ੍ਹੇ ਦੇ ਨੂਰਪੁਰ ਜੱਟਾਂ ਵਿਖੇ ਡਾ. ਅੰਬੇਦਕਰ ਦੇ ਲੱਗੇ ਬੁੱਤ ਨੂੰ ਪਹਿਲੇ ਜਲੰਧਰ ਵਿਖੇ ਅਤੇ ਹੁਣ ਤੋੜਕੇ ਉਨ੍ਹਾਂ ਦਾ ਅਪਮਾਨ ਕਰਨ ਦੀ ਸਿੱਖ ਵਿਰੋਧੀ ਸੋਚ ਵਾਲੀਆ ਕਾਰਵਾਈਆ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਅਜਿਹੇ ਅਮਲਾਂ ਦੀ ਬਦੌਲਤ ਖ਼ਾਲਿਸਤਾਨ (ਬੇਗਮਪੁਰਾ) ਦੀ ਆਜ਼ਾਦੀ ਦੀ ਸੋਚ ਨੂੰ ਸੱਟ ਮਾਰਨ ਵਾਲੀਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹੀ ਵਜਹ ਹੈ ਕਿ ਇੰਡੀਅਨ ਵਿਧਾਨਘਾੜਤਾ ਕਮੇਟੀ ਦੇ 2 ਸਿੱਖ ਨੁਮਾਇੰਦਿਆ ਜਿਨ੍ਹਾਂ ਵਿਚ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਸਨ, ਉਨ੍ਹਾਂ ਨੇ ਸਿੱਖਾਂ ਨਾਲ ਹਿੰਦੂ ਆਗੂਆ ਵੱਲੋ ਕੀਤੇ ਵਾਅਦਿਆ ਤੋ ਮੁਨਕਰ ਹੋਣ ਅਤੇ ਸਿੱਖਾਂ ਨਾਲ ਧੋਖਾ ਕਰਨ ਦੀ ਬਦੌਲਤ ਹੀ ਇੰਡੀਅਨ ਵਿਧਾਨ ਉਤੇ ਦਸਤਖਤ ਨਾ ਕਰਕੇ ਉਸੇ ਸਮੇ ਇਸ ਵਿਧਾਨ ਨੂੰ ਰੱਦ ਕਰ ਦਿੱਤਾ ਸੀ । ਇਹ ਇੰਡੀਅਨ ਵਿਧਾਨ ਦੀ ਧਾਰਾ 25 ਸਾਨੂੰ ਕਾਨੂੰਨੀ ਤੌਰ ਤੇ ਹਿੰਦੂ ਗਰਦਾਨਦੀ ਹੈ । ਕਿਉਂਕਿ ਇਹ ਕਹਿੰਦੇ ਹਨ ਕਿ ਸਿੱਖ ਹਿੰਦੂਆ ਦਾ ਹੀ ਇਕ ਹਿੱਸਾ ਹਨ । ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਦੀ ਸੋਚ ਤਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਰਬੱਤ ਦੇ ਭਲੇ ਵਾਲੀ ਅਤੇ ਬਰਾਬਰਤਾ ਵਾਲੀ ਸੋਚ ਨੂੰ ਪ੍ਰਫੁੱਲਿਤ ਕਰਕੇ ਸਮਾਜ ਦੇ ਲਤਾੜੇ ਵਰਗਾਂ ਵਿਚੋਂ ਹੀਣ ਭਾਵਨਾ ਨੂੰ ਖਤਮ ਕਰਨਾ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਦੁਸਮਣ ਫ਼ੌਜਾਂ ਦੇ ਹਾਥੀ ਦੇ ਸਿਰ ਵਿਚ ਨਾਗਣੀ ਮਾਰਕੇ ਖ਼ਾਲਸਾਈ ਫ਼ੌਜਾਂ ਨੂੰ ਫ਼ਤਹਿ ਦਿਵਾਉਣ ਵਿਚ ਯੋਗਦਾਨ ਪਾਇਆ ਸੀ, ਉਹ ਵੀ ਤਾਂ ਉਸ ਵਰਗ ਵਿਚੋ ਹਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਸਨਮਾਨ ਦੇ ਕੇ ਆਪਣੇ ਸੀਨੇ ਨਾਲ ਲਗਾਕੇ ਸਨਮਾਨ ਦਿੱਤਾ ਸੀ । ਫਿਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਦੀ ਲੱਥੀ ਦਸਤਾਰ ਨੂੰ ਆਪਣੀਆ ਕੁਰਬਾਨੀਆ ਦੇ ਕੇ ਫਿਰ ਸਿੱਖ ਕੌਮ ਦੇ ਸਿਰ ਉਪਰ ਸਜਾਈ । ਗਿਆਨੀ ਦਿੱਤ ਸਿੰਘ ਜੀ ਦੇ ਸਮੇਂ ਅੰਗਰੇਜ ਹਕੂਮਤ ਸਮੇ ਜਦੋਂ ਸਿੱਖਾਂ ਨੂੰ ਇਸਾਈ ਬਣਾਇਆ ਜਾ ਰਿਹਾ ਸੀ ਅਤੇ ਹਿੰਦੂ ਸਿੱਖਾਂ ਨੂੰ ਆਰੀਆ ਸਮਾਜੀ ਬਣਾਉਣ ਵਿਚ ਲੱਗੇ ਹੋਏ ਸਨ । ਟ੍ਰਿਬਿਊਨ ਗਰੁੱਪ ਦੇ ਬਾਨੀ ਸ. ਦਿਆਲ ਸਿੰਘ ਮਜੀਠੀਆ ਵੀ ਬ੍ਰਾਹਮਣੀ ਸਮਾਜ ਵਿਚ ਸਾਮਿਲ ਹੋ ਗਏ ਸੀ, ਉਸ ਸਮੇ ਗਿਆਨੀ ਦਿੱਤ ਸਿੰਘ ਜੀ ਵੱਲੋ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਨਿਭਾਈ ਗਈ ਸਿੱਖ ਕੌਮ ਤੇ ਸਮਾਜ ਪੱਖੀ ਭੂਮਿਕਾ ਨੂੰ ਸਿੱਖ ਕਿਵੇ ਭੁਲਾ ਸਕਦੇ ਹਨ ?
ਉਨ੍ਹਾਂ ਸ. ਗੁਰਪਤਵੰਤ ਸਿੰਘ ਪੰਨੂ ਮੁੱਖੀ ਸਿੱਖ ਫਾਰ ਜਸਟਿਸ ਨੂੰ ਉਚੇਚੇ ਤੌਰ ਤੇ ਸੁਬੋਧਿਤ ਹੁੰਦੇ ਹੋਏ ਅਤੇ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਜਦੋਂ ਇੰਡੀਆ ਦੀ ਮੋਦੀ ਕਾਤਲ ਜੂੰਡਲੀ ਜਿਨ੍ਹਾਂ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜਿਨ੍ਹਾਂ ਨੇ ਸ. ਪੰਨੂ ਨੂੰ ਅਮਰੀਕਾ ਵਿਖੇ ਮਾਰਨ ਦੀ ਅਸਫਲ ਕੋਸਿਸ ਕੀਤੀ ਅਤੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ । ਇਨ੍ਹਾਂ ਸਭ ਕਾਤਲਾਂ ਨੂੰ ਅਸੀ ਨਿਰੰਤਰ ਕੌਮਾਂਤਰੀ ਅਦਾਲਤਾਂ ਵਿਚ ਖੜ੍ਹਾ ਕਰਕੇ ਇਨ੍ਹਾਂ ਉਤੇ ਸਿੱਖ ਕੌਮ ਦੇ ਕਤਲ ਦੇ ਕੇਸ ਦਰਜ ਕਰਦੇ ਹੋਏ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਸਜ਼ਾ ਦਿਵਾਉਣ ਦੀ ਗੱਲ ਕਰਦੇ ਆ ਰਹੇ ਹਾਂ । ਇਨ੍ਹਾਂ ਕਾਤਲਾਂ ਨੇ ਉਪਰੋਕਤ ਮੁਲਕਾਂ ਦੀ ਪ੍ਰਭੂਸਤਾ ਨੂੰ ਤੋੜਿਆ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਹੈ । ਜਿਨ੍ਹਾਂ ਕਾਤਲ ਹੁਕਮਰਾਨਾਂ ਮਰਹੂਮ ਇੰਦਰਾ ਗਾਂਧੀ, ਰਾਜੀਵ ਗਾਂਧੀ ਆਦਿ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ, ਜਿਨ੍ਹਾਂ ਦੇ ਨਾਮ ਉਤੇ ਦਿੱਲੀ ਕਨਾਟ ਪੈਲੇਸ ਵਿਚ ਬੁੱਤ ਲੱਗੇ ਹੋਏ ਹਨ ਫਿਰ ਇੰਦਰਾ ਗਾਂਧੀ ਹਵਾਈ ਅੱਡਾ ਆਦਿ ਰੱਖੇ ਹੋਏ ਹਨ, ਉਨ੍ਹਾਂ ਕਾਤਲ ਜਾਲਮਾਂ ਵਿਰੁੱਧ ਤਾਂ ਕੋਈ ਐਕਸਨ ਅਮਲ ਨਹੀ ਕਰਦੇ । ਲੇਕਿਨ ਜਿਨ੍ਹਾਂ ਦੀ ਸੋਚ ਸਾਡੀ ਸਿੱਖੀ ਸੋਚ ਨਾਲ ਮੇਲ ਖਾਂਦੀ ਹੈ ਅਤੇ ਜੋ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦਿੰਦੇ ਆ ਰਹੇ ਹਨ, ਉਨ੍ਹਾਂ ਦੇ ਬੁੱਤ ਤੋੜਕੇ ਜਾਂ ਅਪਮਾਨ ਕਰਕੇ ਅਸੀ ਕੀ ਸਾਬਤ ਕਰਨਾ ਚਾਹੁੰਦੇ ਹਾਂ ?
ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਅੰਤ ਵਿਚ ਕਿਹਾ ਕਿ ਸ੍ਰੀ ਐਲ.ਕੇ. ਅਡਵਾਨੀ ਜੋ ਇੰਡੀਆ ਦੇ ਗ੍ਰਹਿ ਵਜੀਰ ਸਨ, ਉਨ੍ਹਾਂ ਦੇ ਕਾਰਜਕਾਲ ਸਮੇ ਜਦੋ 2000 ਵਿਚ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਬਿਲ ਕਲਿੰਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਇੰਡੀਅਨ ਫੌ਼ਜ ਦੁਆਰਾ ਚਿੱਠੀਸਿੰਘਪੁਰਾ (ਕਸਮੀਰ) ਵਿਖੇ 43 ਅੰਮ੍ਰਿਤਧਾਰੀ ਨਿਰਦੋਸ਼ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਮਾਰ ਦਿੱਤਾ ਗਿਆ ਸੀ । ਜਿਸਦੀ ਅੱਜ ਤੱਕ ਕੋਈ ਜਾਂਚ ਨਹੀ ਕਰਵਾਈ ਗਈ ਅਤੇ ਕਾਤਲਾਂ ਨੂੰ ਸਾਹਮਣੇ ਨਹੀ ਲਿਆਦਾ ਗਿਆ । ਫਿਰ 2013 ਵਿਚ ਜਦੋ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਇਸੇ ਨਫਰਤ ਭਰੀ ਸੋਚ ਤੇ ਅਮਲ ਕਰਕੇ ਸ੍ਰੀ ਮੋਦੀ ਨੇ ਉਥੇ ਵੱਸਣ ਵਾਲੇ 60 ਹਜਾਰ ਸਿੱਖ ਜਿੰਮੀਦਾਰਾਂ ਤੋ ਜ਼ਬਰੀ ਗੈਰ ਕਾਨੂੰਨੀ ਤੌਰ ਤੇ ਜਮੀਨਾਂ ਖੋਹਕੇ ਅਤੇ ਬੇਘਰ ਕਰਕੇ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਸੀ ਜਿਨ੍ਹਾਂ ਦਾ ਅੱਜਤੱਕ ਕੋਈ ਮੁੜ ਵਸੇਬਾ ਨਹੀ ਕੀਤਾ ਗਿਆ । ਇਸ ਲਈ ਜਦੋ ਅਸੀ ਸਭ ਇੰਡੀਅਨ ਹਿੰਦੂਤਵ ਹੁਕਮਰਾਨਾਂ ਦੇ ਸਤਾਏ ਅਤੇ ਜ਼ਬਰ ਦਾ ਟਾਕਰਾ ਕਰਨ ਵਾਲੇ ਵਰਗ ਉਨ੍ਹਾਂ ਤੋਂ ਕੌਮਾਂਤਰੀ ਕਾਨੂੰਨਾਂ ਅਧੀਨ ਆਜਾਦੀ ਦਾ ਸੰਘਰਸ ਕਰਦੇ ਹੋਏ ਆਪਣੀ ਮੰਜਿਲ ਵੱਲ ਵੱਧ ਰਹੇ ਹਾਂ ਤਾਂ ਅਜਿਹੇ ਸਮੇ ਵਿਚ ਡਾ. ਅੰਬੇਦਕਰ ਵਰਗੀ ਸਖਸ਼ੀਅਤ ਦਾ ਸਾਨੂੰ ਬੁੱਤ ਤੋੜਨਾ ਪਵੇ ਜਾਂ ਅਪਮਾਨ ਕਰਨਾ ਪਵੇ ਇਸ ਵਿਚ ਕੋਈ ਰਤੀਭਰ ਦਲੀਲ ਨਜਰ ਨਹੀ ਆਉਦੀ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਬੇਸੱਕ ਅਸੀ ਬੁੱਤ ਪੂਜਾ ਦੇ ਵਿਰੁੱਧ ਹਾਂ ਇਸੇ ਲਈ ਹੀ ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਜਦੋ ਸ੍ਰੀ ਦਰਬਾਰ ਸਾਹਿਬ ਦੇ ਰਸੀਵਰ ਸਨ ਤਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਚੋ ਮੂਰਤੀਆ ਬਾਹਰ ਕੱਢਵਾਕੇ ਆਪਣੇ ਕੌਮੀ ਫਰਜਾਂ ਦੀ ਪੂਰਤੀ ਕੀਤੀ ਸੀ । ਸਾਨੂੰ ਰੰਘਰੇਟਿਆ, ਦਲਿਤਾ ਜਾਂ ਹੋਰ ਸਿੱਖੀ ਸੋਚ ਨੂੰ ਮਜਬੂਤ ਕਰਨ ਵਾਲੇ ਵਰਗਾਂ ਨਾਲ ਨਫਰਤ ਭਰੀਆ ਕਾਰਵਾਈਆ ਤੋ ਦੂਰ ਰਹਿਕੇ ਆਪਣੇ ਅਸਲ ਦੁਸਮਣ ਦੀ ਪਹਿਚਾਣ ਕਰਨੀ ਚਾਹੀਦੀ ਹੈ । ਮਜ੍ਹਬ ਦੇ ਤੌਰ ਤੇ ਨਫਰਤ ਵਧਾਕੇ ਆਪਣੇ ਕੌਮੀ ਨਿਸ਼ਾਨੇ ਖ਼ਾਲਿਸਤਾਨ (ਬੇਗਮਪੁਰਾ) ਨੂੰ ਕਿਸੇ ਤਰ੍ਹਾਂ ਵੀ ਨੁਕਸਾਨ ਨਹੀ ਪਹੁੰਚਾਉਣਾ ਚਾਹੀਦਾ ।