ਇੰਡਸ-ਵਾਟਰ ਟ੍ਰੀਟੀ ਨੂੰ ਰੱਦ ਕਰਨ ਉਤੇ ਜੰਗ ਵੀ ਹੋ ਸਕਦੀ ਹੈ, ਜਿਸਦਾ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਨੂੰ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਜੋ ਵਰਲਡ ਬੈਂਕ ਨੇ 1960 ਵਿਚ ਦਰਿਆਵਾ ਦੇ ਪਾਣੀਆ ਦੀ ਵੰਡ ਦੇ ਸੰਬੰਧ ਵਿਚ ਇੰਡਸ-ਵਾਟਰ ਟ੍ਰੀਟੀ ਦਾ ਫੈਸਲਾ ਕਰਵਾਇਆ ਸੀ, ਉਸ ਅਨੁਸਾਰ ਇੰਡਸ, ਜੇਹਲਮ ਤੇ ਚਿਨਾਬ ਪਾਕਿਸਤਾਨ ਨੂੰ ਰਾਵੀ, ਬਿਆਸ ਅਤੇ ਸਤਲੁਜ ਪੰਜਾਬ ਦੇ ਅਧੀਨ ਹੋਣਗੇ । ਇਸ ਨੂੰ ਇੰਡੀਅਨ ਹੁਕਮਰਾਨਾਂ ਨੇ ਆਪਣੇ ਸਵਾਰਥੀ ਹਿੱਤਾ ਅਧੀਨ ਰੱਦ ਕਰ ਦਿੱਤਾ ਹੈ । ਜਦੋ ਆਮ ਜਿੰਮੀਦਾਰਾਂ ਨੂੰ ਨਹਿਰੀ ਪਾਣੀਆ ਦੀ ਵਾਰੀ ਦਾ ਕੰਮ ਹੁੰਦਾ ਹੈ, ਜੇਕਰ ਕੋਈ ਜਿੰਮੀਦਾਰ ਜ਼ਬਰੀ ਦੂਸਰੇ ਦੀ ਵਾਰੀ ਨੂੰ ਆਪਣਾ ਨੱਕਾ ਤੋੜ ਲਵੇ ਤਾਂ ਇਸ ਉਤੇ ਤਾਂ ਪੰਜਾਬ ਵਿਚ ਕਤਲ ਵੀ ਹੋ ਜਾਂਦੇ ਹਨ । ਫਿਰ ਜਦੋ ਇੰਡਸ ਵਾਟਰ ਟ੍ਰੀਟੀ ਨੂੰ ਇੰਡੀਆ ਰੱਦ ਕਰਨ ਦੀ ਗੱਲ ਕਰ ਰਿਹਾ ਹੈ ਫਿਰ ਤਾਂ ਜੰਗ ਵੀ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਅਜਿਹਾ ਹੋਣ ਤੇ ਮੈਦਾਨ-ਏ-ਜੰਗ ਤਾਂ ਦੋਵੇ ਪੰਜਾਬ ਦੀ ਧਰਤੀ ਬਣਨਗੇ । ਜਿਸ ਨਾਲ ਪੰਜਾਬੀਆ ਦਾ ਹੀ ਸਭ ਤੋ ਵੱਡਾ ਨੁਕਸਾਨ ਹੋਵੇਗਾ । ਅਜਿਹੇ ਸਮੇ ਹੁਕਮਰਾਨ ਅਜਿਹੀ ਸ਼ਰਾਰਤ ਤਾਂ ਕਰ ਦਿੰਦੇ ਹਨ ਅਤੇ ਜੰਗ ਦਾ ਮਾਹੌਲ ਬਣਾ ਦਿੰਦੇ ਹਨ ਪਰ ਜਦੋ ਵੀ ਅਜਿਹੀ ਜੰਗ ਲੱਗਦੀ ਹੈ ਤਾਂ ਪੁਲਿਸ ਅਤੇ ਪ੍ਰਸਾਸਨ ਸਰਹੱਦੀ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਕਰ ਦਿੰਦੇ ਹਨ । ਪਰ ਉਨ੍ਹਾਂ ਦੇ ਰਹਿਣ, ਖਾਂਣ-ਪੀਣ, ਸਿਹਤ ਸਹੂਲਤਾਂ ਤੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਦਾ ਕੈਪਾਂ ਰਾਹੀ ਕੋਈ ਪ੍ਰਬੰਧ ਨਹੀ ਕਰਦੇ । ਨਾ ਹੀ ਉਥੇ ਉਨ੍ਹਾਂ ਬਸਿੰਦਿਆ ਲਈ ਪਖਾਨਿਆ, ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ । ਜੋ ਕਿ ਇਨ੍ਹਾਂ ਸਰਹੱਦੀ ਪਿੰਡਾਂ ਦੇ ਨਿਵਾਸੀਆ ਨਾਲ ਬਹੁਤ ਵੱਡਾ ਜ਼ਬਰ ਤੇ ਬੇਇਨਸਾਫੀ ਵਾਲੇ ਅਮਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋ ਵਰਲਡ ਬੈਂਕ ਰਾਹੀ ਇੰਡਸ ਵਾਟਰ ਟ੍ਰੀਟੀ ਰਾਹੀ ਦਰਿਆਵਾ ਦੇ ਪਾਣੀਆ ਦੇ ਅਧਿਕਾਰਿਤ ਤਹਿ ਕਰਨ ਦੇ ਅਮਲਾਂ ਨੂੰ ਤੋੜ ਦੇਣ ਉਤੇ ਹੋਣ ਵਾਲੇ ਵੱਡੇ ਇਨਸਾਨੀ, ਜਿੰਦਗਾਨੀ, ਮਾਲੀ ਨੁਕਸਾਨ ਦੀ ਗੱਲ ਕਰਦੇ ਹੋਏ ਅਤੇ ਸਰਹੱਦੀ ਪਿੰਡਾਂ ਦੇ ਨਿਵਾਸੀਆ ਲਈ ਕੋਈ ਵੀ ਕੈਪਾਂ ਰਾਹੀ ਪ੍ਰਬੰਧ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਲੜਾਈ ਤਾਂ ਅਕਸਰ ਹੀ ਮੁਸਲਿਮ ਤੇ ਹਿੰਦੂ ਦੀ ਹੁੰਦੀ ਹੈ ਸਿੱਖ ਕੌਮ ਦਾ ਤਾਂ ਕਿਸੇ ਵੀ ਧਰਮ, ਕੌਮ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀ ਹੈ । ਸਿੱਖ ਕੌਮ ਖਾਮਖਾਹ ਦੋ ਦੁਸਮਣ ਧਰਮਾਂ ਪਾਕਿਸਤਾਨ ਤੇ ਇੰਡੀਆ ਮੁਲਕਾਂ ਦੀ ਆਪਸੀ ਲੜਾਈ ਵਿਚ ਹਮੇਸ਼ਾਂ ਫਸ ਜਾਂਦੀ ਹੈ ਅਤੇ ਨੁਕਸਾਨ ਵੀ ਅਜਿਹੀ ਜੰਗ ਵਿਚ ਇਨ੍ਹਾਂ ਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖ ਕੌਮ ਦੀ ਹਰ ਪੱਖੋ ਸੁਰੱਖਿਆ ਨੂੰ ਨਜਰਅੰਦਾਜ ਕਰਕੇ ਹੁਕਮਰਾਨ ਕਦੀ ਆਪ੍ਰੇਸਨ ਸਿੰਧੂਰ, ਕਦੇ ਬਾਲਾਕੋਟ, ਕਦੇ ਸਰਜੀਕਲ ਸਟ੍ਰਾਈਕ ਦੇ ਹਮਲੇ ਕਰ ਦਿੰਦੇ ਹਨ ਜੋ ਜੰਗ ਦਾ ਕਾਰਨ ਬਣਦੇ ਹਨ । ਹੁਣੇ ਹੀ ਨਿਊਜੀਲੈਡ ਵਿਚ ਜੋ ਨਗਰ ਕੀਰਤਨ ਦੇ ਸਮੇ ਗੈਰ ਧਾਰਮਿਕ, ਗੈਰ ਇਨਸਾਨੀ ਅਮਲ ਹੋਇਆ ਹੈ ਉਸ ਉਤੇ ਕੋਈ ਅਮਲ ਨਹੀ ਕੀਤਾ ਜਾਂਦਾ, ਨਾ ਹੀ ਅਜਿਹੇ ਸਮੇ ਹਿੰਦੂਤਵ ਹੁਕਮਰਾਨਾਂ ਵੱਲੋ ਇਨਸਾਨੀਅਤ ਵਿਰੋਧੀ ਅਮਲਾਂ ਵਿਰੁੱਧ ਕੋਈ ਪਾਲਸੀ ਬਿਆਨ ਜਾਂ ਲਫਜ ਨਹੀ ਬੋਲਿਆ ਜਾਂਦਾ । ਜਿਸ ਤੋ ਹੁਕਮਰਾਨਾਂ ਦੀ ਘੱਟ ਗਿਣਤੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਕੌਮਾਂਤਰੀ ਪੱਧਰ ਤੇ ਪ੍ਰਤੱਖ ਹੋ ਜਾਂਦੀ ਹੈ । ਹੁਕਮਰਾਨਾਂ ਨੂੰ ਅਜਿਹਾ ਕੋਈ ਵੀ ਨਫਰਤੀ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਸਰਹੱਦੀ ਸੂਬੇ ਪੰਜਾਬ ਦੇ ਨਿਵਾਸੀਆ ਨੂੰ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਵੇ ।