ਰਾਣਾ ਬਲਾਚੌਰੀਆ ਨੂੰ ਮਾਰਨਾ ਵੀ ਗਲਤ ਅਤੇ ਪੁਲਿਸ ਵੱਲੋਂ ਗੈਗਸਟਰਾਂ ਨੂੰ ਵੀ ਮਾਰਨਾ ਗੈਰ ਕਾਨੂੰਨੀ : ਮਾਨ
ਫ਼ਤਹਿਗੜ੍ਹ ਸਾਹਿਬ, 19 ਦਸੰਬਰ ( ) “ਹਰ ਇਨਸਾਨ ਨੂੰ ਜੀਵਨ ਦੇਣ ਜਾਂ ਮੌਤ ਦੇਣ ਦਾ ਹੱਕ ਤਾਂ ਉਸ ਅਕਾਲ ਪੁਰਖ ਕੋਲ ਹੈ ਇਸ ਲਈ ਕਿਸੇ ਵੀ ਇਨਸਾਨ ਨੂੰ ਗੋਲੀ ਨਾਲ ਜਾਂ ਹੋਰ ਤਸੱਦਦ ਕਰਕੇ ਮਾਰ ਦੇਣ ਦੀ ਕਾਰਵਾਈ ਤਾਂ ਕੇਵਲ ਕਾਨੂੰਨਣ ਹੀ ਗਲਤ ਨਹੀ ਬਲਕਿ ਇਨਸਾਨੀਅਤ ਤੇ ਮਨੁੱਖੀ ਕਦਰਾਂ ਕੀਮਤਾਂ ਦੇ ਵੀ ਵਿਰੁੱਧ ਹੈ । ਜੇਕਰ ਕਿਸੇ ਅਪਰਾਧਿਕ ਸੋਚ ਵਾਲੇ ਨੇ ਅਜਿਹਾ ਅਣਮਨੁੱਖੀ ਅਮਲ ਕੀਤਾ ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਵਿਚੋ ਕੱਢਕੇ ਅਦਾਲਤ ਤੇ ਕਾਨੂੰਨ ਰਾਹੀ ਸਜ਼ਾ ਦੇਣੀ ਬਣਦੀ ਹੈ ਨਾ ਕਿ ਕਿਸੇ ਦੀ ਜਾਨ ਲੈਕੇ ਅਪਰਾਧਿਕ ਅਮਲ ਨੂੰ ਹੋਰ ਵੱਡਾ ਕਰਨਾ ਚਾਹੀਦਾ ਹੈ । ਜੇਕਰ ਰਾਣਾ ਬਲਾਚੌਰੀਆ ਨਾਮ ਦੇ ਨੌਜਵਾਨ ਨੂੰ ਮਾਰਿਆ ਗਿਆ ਹੈ ਉਹ ਵੀ ਗੈਰ ਇਨਸਾਨੀਅਤ ਹੈ ਅਤੇ ਜੇਕਰ ਪੁਲਿਸ ਵੀ ਅਪਰਾਧੀਆ ਨੂੰ ਫੜਕੇ, ਗ੍ਰਿਫਤਾਰ ਕਰਕੇ ਕਾਨੂੰਨੀ ਅਮਲ ਤੋ ਬਿਨ੍ਹਾਂ ਮੌਤ ਦੇ ਮੂੰਹ ਵਿਚ ਧਕੇਲਦੀ ਹੈ ਤਾਂ ਇਹ ਵੀ ਗੈਰ ਕਾਨੂੰਨੀ, ਅਣਮਨੁੱਖੀ ਅਤੇ ਗੈਰ ਇਨਸਾਨੀਅਤ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਨੀਤੀ ਬਿਆਨ ਰਾਹੀ ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਹਕੂਮਤੀ ਪੱਧਰ ਤੇ ਇਸ ਦਿਸ਼ਾ ਵੱਲ ਲੰਮੇ ਸਮੇ ਤੋ ਕੀਤੀਆ ਜਾ ਰਹੀਆ ਅਣਗਹਿਲੀਆ ਦੇ ਨਤੀਜਿਆ ਲਈ ਵੀ ਖਬਰਦਾਰ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇ ਤੋ ਅਪਰਾਧਿਕ ਸੋਚ ਵਾਲਿਆ ਦੇ ਗਰੁੱਪਾਂ ਵਿਚ ਚੱਲ ਰਹੀ ਟਸਲਬਾਜੀ ਅਧੀਨ ਜਾਂ ਕਿਸੇ ਨਿੱਜੀ ਦੁਸਮਣੀ ਅਧੀਨ ਪੰਜਾਬ ਵਿਚ ਵੱਧ ਰਹੇ ਕਤਲਾਂ, ਅਪਰਾਧਾਂ ਅਤੇ ਅਣਮਨੁੱਖੀ ਕਾਰਵਾਈਆ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਹੋ ਰਹੇ ਗੈਰ ਇਨਸਾਨੀਅਤ ਤੇ ਗੈਰ ਕਾਨੂੰਨੀ ਅਮਲ ਰਾਹੀ ਪੰਜਾਬ ਦੇ ਬਣਦੇ ਜਾ ਰਹੇ ਅਤਿ ਬਦਤਰ ਹਾਲਾਤਾਂ ਨੂੰ ਰੋਕਣ ਲਈ ਸੁਪਰੀਮ ਕੋਰਟ, ਸੰਬੰਧਤ ਸੂਬਿਆਂ ਦੀਆਂ ਹਾਈਕੋਰਟਾਂ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸੰਗਠਨਾਂ ਨੂੰ ਇਸ ਵਿਸੇ ਤੇ ਆਪਣੀਆ ਜਿੰਮੇਵਾਰੀਆ ਨਿਭਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।