ਕੌਮ ਦੀ ਸਮੁੱਚੀ ਏਕਤਾ ਦੇ ਅਸੀ ਡੂੰਘੇ ਚਾਹਵਾਨ ਹਾਂ, ਜੇਕਰ ਕੋਈ ਧਿਰ ਸਿੱਖ ਮੁੱਦਿਆ ਨੂੰ ਉਠਾਉਣ ਤੋ ਭੱਜੇਗੀ, ਫਿਰ ਏਕਤਾ ਦੇ ਰਾਹ ਵਿਚ ਉਹੀ ਰੁਕਾਵਟ ਬਣ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 27 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਪੱਖੋ ਬਿਹਤਰੀ ਲਈ ਅਤੇ ਦਰਪੇਸ਼ ਆ ਰਹੇ ਸਭ ਸੰਜ਼ੀਦਾ ਮਸਲਿਆ ਦਾ ਫੌਰੀ ਹੱਲ ਕਰਵਾਉਣ ਲਈ ਪੂਰਨ ਤੌਰ ਤੇ ਸੁਹਿਰਦ ਹੈ ਅਤੇ ਇਸੇ ਅਸੀ ਸਮੁੱਚੀ ਪੰਥਕ ਏਕਤਾ ਦੇ ਡੂੰਘੇ ਚਾਹਵਾਨ ਹਾਂ । ਪਰ ਜੇਕਰ ਕੋਈ ਇਕ ਪੰਥਕ ਧਿਰ ਆਪਣੇ ਨਿੱਜ ਸਵਾਰਥਾਂ ਦੀ ਪੂਰਤੀ ਲਈ ਸਿੱਖ ਕੌਮ ਦੇ ਅਹਿਮ ਮਸਲਿਆ ਨੂੰ ਉਠਾਉਣ ਤੇ ਛੂਹਣ ਤੋ ਮੂੰਹ ਮੋੜਦੀ ਹੈ, ਜਿਸ ਉਤੇ ਸਭ ਪੰਥਕ ਜਥੇਬੰਦੀਆਂ ਸੰਘਰਸ ਕਰਦੀਆ ਆ ਰਹੀਆ ਹਨ ਤਾਂ ਉਹ ਧਿਰ ਹੀ ਅਮਲੀ ਰੂਪ ਵਿਚ ਹੋਣ ਵਾਲੀ ਪੰਥਕ ਏਕਤਾ ਲਈ ਰੁਕਾਵਟ ਬਣ ਰਹੀ ਹੈ । ਜਦੋਕਿ ਅਜਿਹੀ ਧਿਰ ਨੂੰ ਇਹ ਵੀ ਗਿਆਨ ਹੈ ਕਿ ਦੁਸ਼ਮਣਾਂ ਦੇ ਕੁਹਾੜੇ ਦਾ ਦਸਤਾ ਬਣਨ ਵਾਲੇ ਸਿੱਖਾਂ ਨੂੰ ਵੀ ਦੁਸ਼ਮਣ ਨੇ ਨਹੀ ਬਖਸਣਾ ਅਤੇ ਨਾ ਹੀ ਦਿੱਤੇ ਜਾਣ ਵਾਲੇ ਦੁਨਿਆਵੀ ਲਾਲਸਾਵਾ ਦੀ ਦੁਸਮਣ ਤਾਕਤ ਨੇ ਪੂਰਤੀ ਕਰਨੀ ਹੈ । ਫਿਰ ਅਜਿਹੀ ਧਿਰ ਪੰਥਕ ਏਕਤਾ ਦੇ ਰਾਹ ਵਿਚ ਕਿਉਂ ਰੁਕਾਵਟ ਬਣ ਰਹੀ ਹੈ ਅਤੇ ਸੁਹਿਰਦ ਪੰਥਕ ਮੁੱਦਿਆ ਨੂੰ ਨਜਰਅੰਦਾਜ ਕਿਉਂ ਕਰ ਰਹੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਖ਼ਾਲਸਾ ਪੰਥ ਦੀ ਅਮਲੀ ਰੂਪ ਵਿਚ ਏਕਤਾ ਹੋਣ ਦੇ ਮੁੱਦੇ ਉਤੇ ਸੰਜ਼ੀਦਾ ਹੁੰਦੇ ਹੋਏ ਅਤੇ ਜੋ ਸ. ਸੁਖਬੀਰ ਸਿੰਘ ਬਾਦਲ ਧਿਰ, ਮੋਦੀ ਹਕੂਮਤ ਤੇ ਉਸਦੀ ਚੰਡਾਲ ਚੌਕੜੀ ਵੱਲੋ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਸਾਜਸੀ ਢੰਗ ਨਾਲ ਕੀਤੇ ਜਾ ਰਹੇ ਕਤਲੇਆਮ ਅਤੇ ਹੁਣ ਤੱਕ ਬੀਤੇ 14 ਸਾਲਾਂ ਤੋ ਐਸ.ਜੀ.ਪੀ.ਸੀ ਦੀ ਸਿੱਖ ਪਾਰਲੀਮੈਟ ਦੀਆਂ ਚੋਣਾਂ ਕਰਵਾਉਣ ਤੇ ਸਾਜਸੀ ਚੁੱਪੀ ਰੱਖੀ ਹੋਈ ਹੈ, ਇਹ ਗੰਭੀਰ ਮੁੱਦੇ ਹੀ ਸਮੁੱਚੀ ਪੰਥਕ ਏਕਤਾ ਵਿਚ ਰੁਕਾਵਟ ਬਣ ਰਹੇ ਹਨ । ਜਿਸ ਤੋ ਪੰਥ ਦੀ ਬਿਹਤਰੀ ਹੋਣ ਉਤੇ ਵੀ ਵੱਡੇ ਪ੍ਰਸ਼ਨ ਚਿੰਨ੍ਹ ਲੱਗਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸ੍ਰੀ ਮੋਦੀ ਤੇ ਉਸਦੀ ਚੰਡਾਲ ਚੌਕੜੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਸਾਜਿਸ ਕੀਤੀ ਹੈ, ਇਨ੍ਹਾਂ ਕਾਤਲ ਹੁਕਮਰਾਨਾਂ ਦੀ ਕੌਮਾਂਤਰੀ ਪੱਧਰ ਦੀ ਜਾਂਚ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦਿਵਾਉਣੀਆਂ, ਸਿੱਖ ਪਾਰਲੀਮੈਟ ਦੀ 14 ਸਾਲਾਂ ਤੋ ਰੋਕੀ ਜਰਨਲ ਚੋਣ ਕਰਵਾਉਣ ਅਤੇ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਹਰ ਤਰ੍ਹਾਂ ਦੇ ਵਪਾਰ ਦੇ ਅਦਾਨ-ਪ੍ਰਦਾਨ ਲਈ ਖੁਲਵਾਉਣਾ ਸਾਡਾ ਸਭ ਦਾ ਸਾਂਝਾ ਫਰਜ ਹੈ ਅਤੇ ਇਨ੍ਹਾਂ ਮੁੱਦਿਆ ਤੇ ਹੋਰ ਪੰਥਕ ਮੁੱਦਿਆ ਉਤੇ ਸਾਂਝੇ ਤੌਰ ਤੇ ਸੰਘਰਸ ਨੂੰ ਅੱਗੇ ਵਧਾਉਣ ਦੇ ਬਿਨ੍ਹਾਂ ਤੇ ਹੀ ਅਮਲੀ ਰੂਪ ਵਿਚ ਪੰਥਕ ਏਕਤਾ ਹੋ ਸਕੇਗੀ ਅਤੇ ਇਹ ਪੰਥਕ ਏਕਤਾ ਪੰਜਾਬ ਵਿਚ ਖਾਲਸਾਈ ਰਾਜ ਕਾਇਮ ਕਰਨ ਵਿਚ ਸਹਾਈ ਹੋ ਸਕੇਗੀ ।
ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜੋ ਜਰਮਨ ਨਾਜੀਆ ਨੇ ਯਹੂਦੀਆ ਉਤੇ ਅਣਮਨੁੱਖੀ ਕਤਲੇਆਮ ਕੀਤਾ, ਉਹ ਕੇਵਲ ਆਪਣੇ ਹੀ ਮੁਲਕ ਦੇ ਆਪਣੇ ਹੀ ਨਿਵਾਸੀਆ ਦਾ ਹਿਟਲਰ ਵੱਲੋ ਕੀਤਾ ਗਿਆ । ਲੇਕਿਨ ਜੋ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਸਿੱਖ ਕੌਮ ਦਾ ਕਤਲੇਆਮ ਕੀਤਾ ਜਾ ਰਿਹਾ ਹੈ, ਉਹ ਇੰਡੀਆ ਮੁਲਕ ਦੀਆਂ ਹੱਦਾਂ ਟੱਪਕੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਆਦਿ ਮੁਲਕਾਂ ਵਿਚ ਜਾ ਕੇ ਇਹ ਹੁਕਮਰਾਨ ਉਸ ਘੱਟ ਗਿਣਤੀ ਸਿੱਖ ਕੌਮ ਦਾ ਕਤਲੇਆਮ ਕਰ ਰਿਹਾ ਹੈ ਜਿਸ ਨੇ ਇੰਡੀਆ ਦੀ ਆਜਾਦੀ ਵਿਚ 90% ਕੁਰਬਾਨੀਆ, ਸ਼ਹਾਦਤਾਂ ਦਿੱਤੀਆ ਅਤੇ ਸਮੁੱਚੇ ਇੰਡੀਆ ਦੀ ਬਿਹਤਰੀ ਲਈ, ਸਰਬੱਤ ਦੇ ਭਲੇ ਦੀ ਸੋਚ ਅਧੀਨ ਹਰ ਮੁਸਕਿਲ ਘੜੀ ਵਿਚ ਮੋਹਰਲੀਆ ਕਤਾਰਾਂ ਵਿਚ ਖੜ੍ਹੇ ਯੋਗਦਾਨ ਪਾਉਦੀ ਆ ਰਹੀ ਹੈ । ਇਨ੍ਹਾਂ ਦਾ ਕਤਲੇਆਮ ਤਾਂ ਜਰਮਨ ਜਾਨੀਆ ਤੋ ਵੀ ਵੱਡਾ ਹੋ ਗਿਆ ਹੈ ਅਤੇ ਹਰ ਮੁੱਦੇ ਤੇ ਖੇਤਰ ਵਿਚ ਹੁਕਮਰਾਨ ਨਫਰਤ ਦੀ ਭਾਵਨਾ ਅਧੀਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ, ਇਖਲਾਕੀ, ਧਾਰਮਿਕ ਤੇ ਭੂਗੋਲਿਕ ਹੱਕਾਂ ਨੂੰ 1947 ਤੋ ਹੀ ਕੁੱਚਲਦੇ ਆ ਰਹੇ ਹਨ । ਇਸਦੀ ਵਜਹ ਵੀ ਇਹੀ ਹੈ ਕਿ ਖ਼ਾਲਸਾ ਪੰਥ ਆਪਣੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਸੋਚ ਉਤੇ ਇਕੱਤਰ ਹੋ ਕੇ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਅਮਲ ਕਰਨ ਤੋ ਖੁੱਝਦਾ ਜਾ ਰਿਹਾ ਹੈ । ਪੰਥਕ ਮਸਲਿਆ ਨੂੰ ਸੰਜ਼ੀਦਗੀ ਨਾਲ ਲੈਣ ਉਤੇ ਅਤੇ ਇਸ ਉਤੇ ਸਮੁੱਚੇ ਸਮੂਹਿਕ ਰੂਪ ਵਿਚ ਫੈਸਲਾਕੁੰਨ ਸੰਘਰਸ ਕਰਨ ਦੇ ਮੁੱਦੇ ਉਤੇ ਸਮੁੱਚਾ ਖਾਲਸਾ ਪੰਥ ਨੂੰ ਜਿਥੇ ਇਕੱਤਰ ਹੋਣ ਵਿਚ ਵੱਡੀ ਅਗਵਾਈ ਮਿਲੇਗੀ, ਉਥੇ ਅਸੀ ਸੰਸਾਰ ਪੱਧਰ ਤੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਜਿੰਮੇਵਾਰੀ ਨਿਭਾਅ ਸਕਾਂਗੇ । ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀਦੀ ਦਿਹਾੜੇ ਦੇ ਸਮਾਗਮ ਉਤੇ ਸ. ਸੁਖਬੀਰ ਸਿੰਘ ਬਾਦਲ ਦੀ ਗੈਰ ਹਾਜਰੀ ਵੀ ਪ੍ਰਤੱਖ ਕਰਦੀ ਹੈ ਕਿ ਪੰਥਕ ਸੋਚ ਅਤੇ ਪੰਥਕ ਏਕਤਾ ਦੇ ਰਾਹ ਵਿਚ ਕਿਤੇ ਨਾ ਕਿਤੇ ਇਨ੍ਹਾਂ ਦੇ ਸਵਾਰਥੀ ਹਿੱਤ ਰੁਕਾਵਟ ਬਣ ਰਹੇ ਹਨ । ਦੂਸਰੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਹੀਦੀ ਦਿਹਾੜੇ ਨੂੰ ਮਨਾਉਣ ਵਾਲੇ ਸ੍ਰੀ ਮੋਦੀ ਇਸ ਕਰਕੇ ਆਨੰਦਪੁਰ ਸਾਹਿਬ ਵਿਖੇ ਨਹੀ ਪਹੁੰਚੇ ਕਿਉਂਕਿ ਉਨ੍ਹਾਂ ਵੱਲੋ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਕੀਤੇ ਜਬਰ ਜੁਲਮ ਦੀ ਬਦੌਲਤ ਉਹ ਸਿੱਖ ਕੌਮ ਦਾ ਸਾਹਮਣਾ ਹੀ ਨਹੀ ਸਨ ਕਰ ਸਕਦੇ । ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਉਥੇ ਹਾਜਰ ਸਨ ਜਿਨ੍ਹਾਂ ਨੂੰ ਅਜਿਹੇ ਮੁੱਦਿਆ ਉਤੇ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚ ਸੰਸਥਾਂ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਪੰਥ ਦੀ ਕੌਮੀ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਸਮੁੱਚੀ ਏਕਤਾ ਨੂੰ ਬਲ ਦੇਣ ਲਈ ਯਤਨ ਆਰੰਭਣੇ ਹੋਣਗੇ ਤਾਂ ਕਿ ਕੋਈ ਵੀ ਪੰਥਕ ਧਿਰ ਪੰਜਾਬ ਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਨੂੰ ਨਜਰਅੰਦਾਜ ਕਰਕੇ ਆਪਣੀਆ ਸਿਆਸੀ ਗਿਣਤੀਆ-ਮਿਣਤੀਆ ਵਿਚ ਉਲਝਕੇ ਸੂਬੇ ਅਤੇ ਕੌਮ ਦਾ ਕੋਈ ਨੁਕਸਾਨ ਨਾ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬ ਅਤੇ ਸਮੁੱਚੀਆਂ ਪੰਥਕ ਧਿਰਾਂ, ਪੰਥਕ ਲੀਡਰਸਿਪ ਅਤੇ ਸਾਡੀਆ ਸਿੱਖੀ ਸੰਸਥਾਵਾਂ ਤੇ ਬਿਰਾਜਮਾਨ ਸਖਸੀਅਤਾਂ, ਬੁੱਧੀਜੀਵੀ, ਵਿਦਵਾਨ ਸਭ ਸਹੀ ਸੋਚ ਅਤੇ ਮੁੱਦਿਆ ਤੇ ਅਧਾਰਿਤ ਜਿਥੇ ਪੰਥਕ ਏਕਤਾ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਪਾਉਣਗੇ, ਉਥੇ ਲੰਮੇ ਸਮੇ ਤੋ ਹੱਲ ਨਾ ਹੋਣ ਵਾਲੇ ਮਸਲਿਆ ਨੂੰ ਵੀ ਦੂਰ ਅੰਦੇਸੀ ਨਾਲ ਸੁਲਝਾਉਣ ਲਈ ਆਪਣੀਆ ਕੌਮੀ ਤੇ ਸਮਾਜਿਕ ਜਿੰਮੇਵਾਰੀਆ ਪੂਰਨ ਕਰਨਗੇ ।