ਕੈਨੇਡਾ ਦੀਆਂ ਚੋਣਾਂ ਵਿਚ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦੀ ਹੋਈ ਜਿੱਤ ਦੇ ਨਾਲ-ਨਾਲ 22 ਪੰਜਾਬੀਆਂ ਦੇ ਜਿੱਤਣ ‘ਤੇ ਮੁਬਾਰਕਬਾਦ : ਮਾਨ
22 ਪੰਜਾਬੀਆਂ ਦੇ ਜਿੱਤਣ ਦਾ ਪ੍ਰਤੱਖ ਮਤਲਬ ਸਿੱਖ ਕੌਮ ਕੌਮਾਂਤਰੀ ਪੱਧਰ ਤੇ ਸਥਾਪਿਤ ਹੋ ਰਹੀ ਹੈ
ਫ਼ਤਹਿਗੜ੍ਹ ਸਾਹਿਬ, 01 ਮਈ ( ) “ਕੈਨੇਡਾ ਦੀਆਂ ਹੁਣੇ ਹੀ ਹੋਈ ਪਾਰਲੀਮੈਟ ਚੋਣਾਂ ਵਿਚ 22 ਪੰਜਾਬੀਆਂ ਅਤੇ ਸਿੱਖਾਂ ਦੀ ਜੋ ਸ਼ਾਨਦਾਰ ਜਿੱਤ ਹੋਈ ਹੈ ਅਤੇ ਲਿਬਰਲ ਪਾਰਟੀ ਦੇ ਨਾਲ-ਨਾਲ ਮਾਰਕ ਕਾਰਨੀ ਨੂੰ ਬਹੁਮੱਤ ਪ੍ਰਾਪਤ ਹੋ ਕੇ ਵਜੀਰ ਏ ਆਜਮ ਪਹਿਲੇ ਦੀ ਤਰ੍ਹਾਂ ਜਾਰੀ ਹਨ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਸਟਰ ਮਾਰਕ ਕਾਰਨੀ, ਲਿਬਰਲ ਪਾਰਟੀ ਅਤੇ ਸਮੁੱਚੇ 22 ਪੰਜਾਬੀ ਐਮ.ਪੀਜ਼ ਨੂੰ ਹਾਰਦਿਕ ਮੁਬਾਰਕਬਾਦ ਭੇਜਦੀ ਹੋਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੀ ਹੈ ਕਿ ਕੈਨੇਡਾ ਮੁਲਕ ਪਹਿਲੇ ਨਾਲੋ ਵੀ ਵਧੇਰੇ ਤੇਜ਼ਗਤੀ ਵਿਚ ਹਰ ਖੇਤਰ ਵਿਚ ਤਰੱਕੀ ਕਰੇ ਅਤੇ ਕੈਨੇਡਾ ਦੀ ਨਵੀ ਮਾਰਕ ਕਾਰਨੀ ਦੀ ਸਰਕਾਰ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੋਰ ਵੀ ਸਹਿਜ ਭਰੇ ਸੰਬੰਧ ਕਾਇਮ ਰੱਖਦੇ ਹੋਏ ਆਪਣੇ ਮੁਲਕ ਨੂੰ ਅੱਗੇ ਵਧਾਉਣ ਦੀ ਜਿੰਮੇਵਾਰੀ ਨਿਭਾਉਣ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਵਿਚ ਲਿਬਰਲ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਅਤੇ 22 ਪੰਜਾਬੀਆਂ ਵੱਲੋ ਐਮ.ਪੀ ਬਣਨ ਉਤੇ ਮਿਸਟਰ ਮਾਰਕ ਕਾਰਨੀ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਆਉਣ ਵਾਲੇ ਸਮੇ ਵਿਚ ਕੈਨੇਡਾ ਸਰਕਾਰ, ਪੰਜਾਬੀਆਂ ਤੇ ਸਿੱਖਾਂ ਦੇ ਆਪਸੀ ਸਹਿਜ ਭਰੇ ਸੰਬੰਧਾਂ ਨੂੰ ਹੋਰ ਮਜਬੂਤੀ ਮਿਲਣ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਆ ਵਿਚ ਆਪਣੇ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਸਮੁੱਚੀਆ ਘੱਟ ਗਿਣਤੀ ਕੌਮਾਂ ਦੇ ਆਪਸੀ ਪਿਆਰ, ਮਿਲਵਰਨ, ਸਰਬੱਤ ਦੇ ਭਲੇ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਕੇਵਲ ਮਨੁੱਖਤਾ ਦੀ ਬਿਹਤਰੀ ਲਈ ਹੀ ਉਦਮ ਨਹੀ ਕਰਦਾ ਆ ਰਿਹਾ ਬਲਕਿ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਹਲੀਮੀ ਰਾਜ ਨੂੰ ਕਾਇਮ ਕਰਨ ਲਈ ਜ਼ਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਸੰਘਰਸ਼ ਕਰਦਾ ਆ ਰਿਹਾ ਹੈ । ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਅਤੇ ਫਖ਼ਰ ਵੀ ਹੈ ਕਿ ਅਮਰੀਕਾ, ਕੈਨੇਡਾ, ਬਰਤਾਨੀਆ, ਨਿਊਜੀਲੈਡ, ਆਸਟ੍ਰੇਲੀਆ ਆਈ ਫਾਈਵ ਮੁਲਕਾਂ ਵਿਚ ਸਿੱਖ ਹਰ ਖੇਤਰ ਵਿਚ ਮੱਲਾ ਮਾਰਦੇ ਹੋਏ ਇਨ੍ਹਾਂ ਹਕੂਮਤਾਂ ਦੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਸੇਵਾ ਵੀ ਕਰ ਰਹੇ ਹਨ ਅਤੇ ਪੰਜਾਬੀਆਂ ਤੇ ਸਿੱਖ ਕੌਮ ਦੇ ਨਾਮ ਨੂੰ ਕੌਮਾਂਤਰੀ ਪੱਧਰ ਤੇ ਰੌਸਨ ਕਰਦੇ ਹੋਏ ਗੁਰੂ ਸਾਹਿਬਾਨ ਜੀ ਦੀ ਸੋਚ, ਸਿਧਾਤਾਂ ਨੂੰ ਇਨ੍ਹਾਂ ਮੁਲਕਾਂ ਵਿਚ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜਿੰਮੇਵਾਰੀ ਵੀ ਨਾਲੋ ਨਾਲ ਨਿਭਾਅ ਰਹੇ ਹਨ । ਉਨ੍ਹਾਂ ਕਿਹਾ ਕਿ ਜਦੋ ਸਿੱਖ ਕੌਮ ਕੌਮਾਂਤਰੀ ਕਾਨੂੰਨਾਂ ਅਧੀਨ ਆਪਣੇ ਆਜਾਦ ਮੁਲਕ ਨੂੰ ਹੋਦ ਵਿਚ ਲਿਆਉਣ ਲਈ ਕੌਮਾਂਤਰੀ ਨਿਯਮਾਂ ਦੀ ਦੇਖਰੇਖ ਹੇਠ ਆਪਣੀ ਕੌਮੀ ਮੰਜਿਲ ਵੱਲ ਵੱਧ ਰਹੀ ਹੈ, ਤਾਂ ਹਿੰਦੂਤਵ ਕੱਟੜਵਾਦੀ ਹੁਕਮਰਾਨ ਸਾਡੀ ਇਸ ਆਜਾਦਆਨਾ ਅਤੇ ਮਨੁੱਖਤਾ ਪੱਖੀ ਸੋਚ ਨੂੰ ਸੱਟ ਮਾਰਨ ਲਈ ਕੇਵਲ ਸਿੱਖ ਕੌਮ ਨੂੰ ਮੰਦਭਾਵਨਾ ਭਰੀਆ ਸਾਜਿਸਾਂ ਰਾਹੀ ਬਦਨਾਮ ਕਰਨ ਦੀ ਹੀ ਅਫਸਲ ਕੋਸਿਸ ਨਹੀ ਕਰ ਰਹੀ ਬਲਕਿ ਜੋ ਸਿੱਖ ਅਮਲੀ ਰੂਪ ਵਿਚ ਆਪਣੇ ਕੌਮੀ ਨਿਸ਼ਾਨੇ ਲਈ ਸਰਗਰਮ ਹਨ, ਉਨ੍ਹਾਂ ਨੂੰ ਇੰਡੀਅਨ ਏਜੰਸੀਆਂ ਰਾਹੀ ਬਾਹਰਲੇ ਮੁਲਕਾਂ ਵਿਚ ਕਤਲ ਵੀ ਕਰਵਾਇਆ ਜਾ ਰਿਹਾ ਹੈ । ਜਿਸ ਨੂੰ ਅਮਰੀਕਾ, ਕੈਨੇਡਾ ਦੀਆਂ ਹਕੂਮਤਾਂ ਨੇ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ ਇੰਡੀਆ ਦੇ ਕਰੂਪ ਚੇਹਰੇ ਨੂੰ ਨੰਗਾਂ ਕਰ ਦਿੱਤਾ ਹੈ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਨੂੰ ਇਹ ਬਾਹਰਲੀਆਂ ਹਕੂਮਤਾਂ ਪ੍ਰਵਾਨ ਕਰਕੇ ਆਪਣੇ ਲੋਕਾਂ ਵਿਚ ਮਾਨਤਾ ਦੇ ਰਹੀਆ ਹਨ । ਅਮਰੀਕਾ ਦੇ ਪ੍ਰੈਜੀਡੈਟ ਹਾਊਸ ਵਸਿੰਗਟਨ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਵਾਕੇ ਅਤੇ ਸ੍ਰੀ ਮਾਰਕ ਕਾਰਨੀ ਵੱਲੋ ਹੋਈ ਸ਼ਾਨਦਾਰ ਜਿੱਤ ਉਪਰੰਤ ਗੁਰੂਘਰ ਜਾ ਕੇ ਸਿੱਖ ਕੌਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦੇ ਹੋਏ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਲਗਾਕੇ ਸਿੱਖ ਕੌਮ ਵਿਚ ਵਿਸਵਾਸ ਪ੍ਰਗਟਾਇਆ ਗਿਆ ਹੈ ਉਹ ਸਾਡੇ ਲਈ ਫਖ਼ਰ ਵਾਲੀ ਅਤੇ ਆਪਣੀ ਮੰਜਿਲ ਨੂੰ ਵੱਡੀ ਤਾਕਤ ਮਿਲਣ ਵਾਲੀ ਗੱਲ ਹੈ। ਅਸੀ ਕੈਨੇਡਾ ਦੀ ਪਾਰਲੀਮੈਟ ਵਿਚ ਪਹੁੰਚੇ 22 ਪੰਜਾਬੀਆਂ ਅਤੇ ਸਿੱਖਾਂ ਨੂੰ ਉਨ੍ਹਾਂ ਦੀ ਹੋਈ ਜਿੱਤ ਉਤੇ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਉਹ ਕੈਨੇਡਾ ਮੁਲਕ ਦੀਆਂ ਜਿੰਮੇਵਾਰੀਆ ਨਿਭਾਉਣ ਦੇ ਨਾਲ-ਨਾਲ ਪੰਜਾਬੀਆਂ ਤੇ ਸਿੱਖ ਕੌਮ ਨਾਲ ਹਿੰਦੂਤਵ ਹੁਕਮਰਾਨਾਂ ਵੱਲੋ ਹੋ ਰਹੇ ਜ਼ਬਰ-ਜ਼ਨਾਹ, ਬੇਇਨਸਾਫ਼ੀਆਂ ਉਤੇ ਸੰਜ਼ੀਦਗੀ ਨਾਲ ਅਮਲ ਕਰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿਚ ਵੀ ਆਪਣੇ ਇਨ੍ਹਾਂ ਅਹੁਦਿਆ ਦੀ ਵਰਤੋ ਕਰਦੇ ਹੋਏ ਜਿੰਮੇਵਾਰੀ ਨਿਭਾਉਦੇ ਰਹਿਣਗੇ । ਕੈਨੇਡੀਅਨ ਅਤੇ ਪੰਜਾਬੀਆਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤੀ ਵੱਲ ਵਧਾਉਦੇ ਰਹਿਣਗੇ ।