ਪੰਜਾਬੀਆਂ ਨੂੰ ਉਜਾੜਕੇ ਬਣਾਏ ਗਏ ਚੰਡੀਗੜ੍ਹ ਦੇ ਪ੍ਰਬੰਧ ਵਿਚ ਅਮਿਤ ਸ਼ਾਹ ਵੱਲੋਂ ਸੈਂਟਰ ਕਾਨੂੰਨ ਅਧੀਨ ਕਰਨ ਦੀ ਕਾਰਵਾਈ ਪੰਜਾਬ ਦੇ ਇਕ ਹੋਰ ਹੱਕ ‘ਤੇ ਨਿੰਦਣਯੋਗ ਵੱਡਾ ਡਾਕਾ : ਮਾਨ

ਚੰਡੀਗੜ੍ਹ, 28 ਮਾਰਚ ( ) “ਹਿੰਦੂਤਵ ਹੁਕਮਰਾਨ ਭਾਵੇ ਉਹ ਕਾਂਗਰਸ ਦੇ ਰੂਪ ਵਿਚ ਹੋਵੇ, ਭਾਵੇ ਬੀਜੇਪੀ-ਆਰ.ਐਸ.ਐਸ, ਭਾਵੇ ਆਮ ਆਦਮੀ ਪਾਰਟੀ ਸਭ ਹੁਕਮਰਾਨ ਲੰਮੇ ਸਮੇ ਤੋ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਵਿਧਾਨਿਕ, ਸਮਾਜਿਕ, ਭੂਗੋਲਿਕ, ਧਾਰਮਿਕ ਹੱਕਾਂ ਨੂੰ ਨਿਰੰਤਰ ਕੁੱਚਲਦੇ ਆ ਰਹੇ ਹਨ । ਜੋ ਪੰਜਾਬੀਆਂ ਅਤੇ ਸਿੱਖ ਕੌਮ ਲਈ ਇਕ ਵੱਡੀ ਮਾਨਸਿਕ ਪੀੜ੍ਹਾਂ ਦੇ ਨਾਲ-ਨਾਲ ਅਸਹਿ ਹੈ । ਹੁਣੇ ਹੀ ਸੈਟਰ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਸਮੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਜਾੜਕੇ ਬਣਾਇਆ ਗਿਆ ਸੀ ਅਤੇ ਜਿਸ ਜਰਖੇਜ ਧਰਤੀ ਉਤੇ ਪੰਜਾਬੀਆਂ ਤੇ ਸਿੱਖ ਕੌਮ ਦਾ ਮਲਕੀਅਤ ਹੱਕ ਹੈ, ਉਸਨੂੰ ਪੂਰਨ ਰੂਪ ਵਿਚ ਪੰਜਾਬ ਤੋ ਖੋਹਣ ਲਈ ਜੋ ਬੀਤੇ ਦਿਨੀਂ ਪੰਜਾਬ ਦੇ ਕਾਨੂੰਨਾਂ ਤੇ ਪ੍ਰਬੰਧਾਂ ਨੂੰ ਖਤਮ ਕਰਕੇ ਸੈਟਰ ਦੇ ਕਾਨੂੰਨ ਅਧੀਨ ਕਰਨ ਦਾ ਐਲਾਨ ਕੀਤਾ ਗਿਆ ਹੈ, ਇਹ ਨਾਦਰਸਾਹੀ ਜਾਲਮਨਾਂ ਨਿੰਦਣਯੋਗ ਕਾਰਵਾਈ ਹੈ । ਉਥੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਧਾਨਿਕ ਅਤੇ ਭੂਗੋਲਿਕ ਹੱਕਾਂ ਉਤੇ ਇਕ ਵੱਡਾ ਡਾਕਾ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਤੇ ਸਮੁੱਚੇ ਪੰਜਾਬੀ ਬਿਲਕੁਲ ਸਹਿਣ ਨਹੀ ਕਰਨਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਸਮੇ ਪੰਜਾਬ ਦੀ ਇਸ ਰਾਜਧਾਨੀ ਚੰਡੀਗੜ੍ਹ ਵਿਚ ਲਾਗੂ ਪੰਜਾਬ ਦੇ ਕਾਨੂੰਨ ਅਤੇ ਪ੍ਰਬੰਧ ਤੋਂ ਖੁਲਾਸੀ ਕਰਨ ਅਧੀਨ ਸੈਟਰ ਦੇ ਕਾਨੂੰਨ ਲਾਗੂ ਕਰਨ ਦੇ ਹਵਾਲੇ ਕਰਨ ਦੇ ਅਤਿ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇੰਡੀਅਨ ਵਿਧਾਨ ਵੱਲੋ ਮਿਲੇ ਪੰਜਾਬੀਆ ਦੇ ਕਾਨੂੰਨੀ ਤੇ ਭੂਗੋਲਿਕ ਹੱਕਾਂ ਉਤੇ ਡਾਕਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀਆਂ, ਪੰਥਦਰਦੀਆ ਨੂੰ ਇਸ ਕੀਤੇ ਗਏ ਦੁੱਖਦਾਇਕ ਅਮਲ ਦੇ ਨਾਲ-ਨਾਲ ਇਹ ਚੇਤੇ ਰੱਖਣਾ ਪਵੇਗਾ ਕਿ ਥੋੜਾ ਸਮਾਂ ਪਹਿਲੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧ ਵਿਚ ਜਿਥੇ ਪੰਜਾਬ ਦਾ ਵੱਡਾ ਹਿੱਸਾ ਸੀ ਅਤੇ ਇਸ ਬੋਰਡ ਦੇ ਮੁਲਾਜਮਾਂ ਵਿਚ ਪੰਜਾਬ ਦੇ 60% ਮੁਲਾਜਮਾਂ ਦੀ ਭਰਤੀ ਕਰਨ ਦਾ ਨਿਯਮ ਤਹਿ ਸੀ, ਉਸਨੂੰ ਵੀ ਉਪਰੋਕਤ ਮੰਦਭਾਵਨਾ ਭਰੀ ਸੋਚ ਅਧੀਨ ਪੰਜਾਬ ਦੇ ਹੱਕ ਖਤਮ ਕਰਕੇ ਇਸ ਬੋਰਡ ਦੇ ਪ੍ਰਬੰਧ ਸੈਟਰ ਹਵਾਲੇ ਕਰਨ ਦੀ ਕਾਰਵਾਈ ਵੀ ਹਿੰਦੂਤਵ ਬੀਜੇਪੀ-ਆਰ.ਐਸ.ਐਸ. ਦੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਸੋਚ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕਰਦੀ ਹੈ । ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਸਤਲੁਜ, ਬਿਆਸ, ਰਾਵੀ, ਚੇਨਾਬ ਉਤੇ ਬਣੇ ਹੈੱਡਵਰਕਸਾਂ ਦੇ ਡੈਮਾਂ ਦਾ ਪੂਰਨ ਕੰਟਰੋਲ ਸੈਟਰ ਦੇ ਅਧੀਨ ਹੋਵੇ ਅਤੇ ਸੈਟਰ ਜਦੋ ਚਾਹੇ ਇਨ੍ਹਾਂ ਡੈਮਾਂ ਦੇ ਗੇਟ ਖੋਲ੍ਹਕੇ ਇਨ੍ਹਾਂ ਡੈਮਾਂ ਨੂੰ ਬਤੌਰ ਮਿਲਟਰੀ ਹਥਿਆਰ ਵੱਜੋ ਵਰਤਦੇ ਹੋਏ ਚੜ੍ਹਦੇ-ਲਹਿੰਦੇ ਪੰਜਾਬ ਦੇ ਨਿਵਾਸੀਆ ਦਾ ਜਾਨੀ-ਮਾਲੀ ਨੁਕਸਾਨ ਕਰ ਸਕਣ । ਇਨ੍ਹਾਂ ਡੈਮਾਂ ਦੀ ਦੁਰਵਰਤੋਂ ਮੁਤੱਸਵੀ ਹੁਕਮਰਾਨ ਨਿਊਕਲੀਅਰ ਪਾਵਰ ਦੀ ਤਰ੍ਹਾਂ ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਕਰ ਸਕਦਾ ਹੈ । ਜੋ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਮਨੁੱਖਤਾ ਲਈ ਕੰਮ ਕਰ ਰਹੀ ਸਮੁੱਚੇ ਮੁਲਕਾਂ ਦੀ ਜਥੇਬੰਦੀ ਯੂ.ਐਨ.ਓ. ਲਈ ਵੀ ਗਹਿਰੀ ਚਿੰਤਾ ਦਾ ਵਿਸ਼ਾ ਹੈ । ਜਿਨ੍ਹਾਂ ਪੰਜਾਬੀਆਂ ਅਤੇ ਸਿੱਖ ਕੌਮ ਨੇ ਹਿੰਦੂਤਵ ਸੋਚ ਵਾਲੀ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਆਮ ਆਦਮੀ ਪਾਰਟੀ ਨੂੰ ਅੰਨ੍ਹੇਵਾਹ ਵੋਟਾਂ ਪਾ ਕੇ ਉਨ੍ਹਾਂ ਦੇ ਹੱਕ ਵਿਚ ਫਤਵਾ ਦਿੱਤਾ ਹੈ ਅਤੇ ਉਸ ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਦੇ ਘਰੇਲੂ ਬਿਜਲੀ ਦੇ ਬਿੱਲਾ ਦੇ 300 ਯੂਨਿਟ ਮੁਆਫ ਕਰਨ ਦੇ ਹੁਕਮ ਕੀਤੇ ਗਏ ਸਨ, ਜਿਸ ਉਤੇ ਸੈਟਰ ਦੇ ਇਨ੍ਹਾਂ ਦੇ ਆਕਾਵਾਂ ਨੇ ਰੋਕ ਲਗਾ ਦਿੱਤੀ ਹੈ, ਹੁਣ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਆਤਮਾ ਦੀ ਆਵਾਜ ਤੋਂ ਸੋਚਣਾ ਪਵੇਗਾ ਕਿ ਉਨ੍ਹਾਂ ਦਾ ਫੈਸਲਾ ਗਲਤ ਸੀ ਜਾਂ ਠੀਕ ? ਫਿਰ ਜਦੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਜ਼ਬਰੀ ਤਾਨਸਾਹੀ ਹੁਕਮਾਂ ਰਾਹੀ ਸੈਟਰ ਦੇ ਅਧੀਨ ਕਰਨ ਲਈ ਅਮਲ ਹੋ ਰਹੇ ਹਨ, ਤਾਂ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਹੱਕ ਵਿਚ ਫਤਵਾ ਦੇਣ ਵਾਲੇ ਪੰਜਾਬੀ ਤੇ ਸਿੱਖ ਆਪਣੇ ਸਟੈਂਡ ਬਾਰੇ ਸਪੱਸਟ ਕਰਨ ਕਿ ਉਹ ਅੱਜ ਅਜਿਹੇ ਬਦਤਰ ਹਾਲਾਤਾਂ ਵਿਚ ਕਿਥੇ ਖੜ੍ਹੇ ਹਨ ? ਕੀ ਅਜਿਹੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ਼-ਗੈਰਤ ਨੂੰ ਚੁਣੋਤੀ ਦੇਣ ਵਾਲੇ ਤੇ ਪੰਜਾਬ ਦੀ ਆਰਥਿਕਤਾ ਅਤੇ ਕਾਨੂੰਨੀ ਪ੍ਰਬੰਧ ਨੂੰ ਖਤਮ ਕਰਨ ਵਾਲੇ ਹੋ ਰਹੇ ਸੈਟਰ ਦੇ ਹਮਲਿਆ ਦੀ ਰੱਖਿਆ ਕਿਵੇਂ ਕਰਨਗੇ ? ਕੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਕੇ ਫਤਵਾ ਦੇਣ ਵਾਲੇ ਪੰਜਾਬੀ ਅਤੇ ਸਿੱਖ ਜਿ਼ੰਮੇਵਾਰ ਨਹੀਂ ? ਇਸ ਲਈ ਸਮੇਂ ਦੀ ਵੱਡੀ ਪੁਕਾਰ ਤੇ ਮੰਗ ਹੈ ਕਿ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਅਗਲੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਮਹੂਰੀਅਤ ਢੰਗਾਂ ਰਾਹੀ ਵੱਡੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ । ਤਾਂ ਕਿ ਇਹ ਹੁਕਮਰਾਨ ਕਸ਼ਮੀਰ ਦੀ ਖੁਦਮੁਖਤਿਆਰੀ ਨੂੰ ਖਤਮ ਕਰਨ ਦੀ ਤਰ੍ਹਾਂ ਪੰਜਾਬ ਸੂਬੇ ਲਈ ਇਹ ਖਤਰਨਾਕ ਕਦਮ ਨਾ ਉਠਾ ਸਕਣ ਅਤੇ ਨਾ ਹੀ ਅਸੀਂ ਪੰਜਾਬੀ ਤੇ ਸਿੱਖ ਕੌਮ ਸੈਂਟਰ ਨੂੰ ਅਜਿਹੀ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਅਮਲ ਕਰਨ ਦੀ ਇਜਾਜਤ ਦੇਵਾਂਗੇ ।

Leave a Reply

Your email address will not be published. Required fields are marked *