ਹਿੰਦੂਤਵ ਹੁਕਮਰਾਨ ਹਿੰਦੂਤਵੀਆਂ ਲਈ ਵਿਸੇਸ ਸਹੂਲਤਾਂ ਦੇ ਕੇ ਖੁਦ ਹੀ ਦੋਹਰੇ ਮਾਪਦੰਡ ਅਪਣਾਉਣ ਦੇ ਅਮਲ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਜੰਮੂ-ਕਸਮੀਰ ਵਿਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆ ਹਨ ਅਤੇ ਜਿਸਦੇ ਪਹਿਲੇ ਪੜਾਅ ਦੀਆਂ ਵੋਟਾਂ ਬੀਤੇ ਕੱਲ੍ਹ ਪਈਆ ਹਨ । ਉਸ ਲਈ ਜੋ ਜੰਮੂ ਕਸਮੀਰ ਤੋ ਪੰਡਿਤ ਵਰਗ ਦਿੱਲੀ ਵਿਖੇ ਤਬਦੀਲ ਹੋ ਕੇ ਰਹਿ ਰਿਹਾ ਹੈ, ਉਨ੍ਹਾਂ ਲਈ ਸਰਕਾਰ ਤੇ ਚੋਣ ਕਮਿਸਨ ਵੱਲੋ ਦਿੱਲੀ ਦੇ ਪ੍ਰਿਥਵੀ ਰਾਜ ਰੋਡ ਜੰਮੂ ਐਂਡ ਕਸ਼ਮੀਰ ਹਾਊਸ, ਦਿਲਸਾਦ ਗਾਰਡਨ, ਸਾਲੀਮਾਰ ਬਾਗ ਅਤੇ ਪੱਪਰਾਵੱਤ ਵਿਖੇ ਉਚੇਚੇ ਤੌਰ ਤੇ ਪੋਲਿੰਗ ਬੂਥ ਸਥਾਪਿਤ ਕਰਕੇ ਸਪੱਸਟ ਰੂਪ ਵਿਚ ਪ੍ਰਤੱਖ ਕੀਤਾ ਜਾ ਰਿਹਾ ਹੈ ਕਿ ਇਹ ਸੈਟਰ ਦੀ ਸਰਕਾਰ ਅਤੇ ਉਨ੍ਹਾਂ ਦੀਆਂ ਸੰਸਥਾਵਾਂ, ਬਹੁਗਿਣਤੀ ਹਿੰਦੂਤਵੀਆਂ ਲਈ ਨਿਯਮਾਂ ਤੇ ਕਾਨੂੰਨਾਂ ਤੋ ਬਾਹਰ ਜਾ ਕੇ ਸਹੂਲਤਾਂ ਦੇਣ ਨੂੰ ਆਪਣਾ ਜਨਮਸਿੱਧ ਅਧਿਕਾਰ ਮੰਨਦੇ ਹਨ । ਜਦੋਕਿ ਘੱਟ ਗਿਣਤੀਆਂ ਦੇ ਇੰਡੀਅਨ ਵਿਧਾਨ ਰਾਹੀ ਦਿੱਤੇ ਗਏ ਅਜਿਹੇ ਅਧਿਕਾਰਾਂ ਨੂੰ ਨਿਰੰਤਰ ਕੁੱਚਲਦੇ ਆ ਰਹੇ ਹਨ । ਜੋ ਪ੍ਰਕਿਰਿਆ ਖੁਦ ਬ ਖੁਦ ਦੋਹਰੇ ਮਾਪਦੰਡ ਨੂੰ ਪ੍ਰਤੱਖ ਕਰ ਰਹੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸ਼ਮੀਰ ਵਿਚ ਪੈ ਰਹੀਆ ਵੋਟਾਂ ਦੇ ਸੰਬੰਧ ਵਿਚ ਹਿੰਦੂਤਵੀਆਂ ਨੂੰ ਵੋਟਾਂ ਪਾਉਣ ਲਈ ਦਿੱਲੀ ਵਿਖੇ ਬਣਾਏ ਗਏ ਪੋਲਿੰਗ ਬੂਥਾਂ ਦੇ ਅਮਲ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ, ਸਰਕਾਰ ਅਤੇ ਚੋਣ ਕਮਿਸਨ ਵੱਲੋ ਘੱਟ ਗਿਣਤੀਆਂ ਨੂੰ ਅਜਿਹੀਆ ਸਹੂਲਤਾਂ ਕਦੀ ਵੀ ਨਾ ਦੇਣ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੰਮੂ ਕਸਮੀਰ ਤੋ ਦਿੱਲੀ ਵਿਖੇ ਤਬਦੀਲ ਹੋਏ ਪੰਡਿਤ ਵਰਗ ਦੀ ਹੁਕਮਰਾਨਾਂ ਨੂੰ ਅਤੇ ਚੋਣ ਕਮਿਸਨ ਨੂੰ ਗਹਿਰੀ ਚਿੰਤਾ ਹੈ । ਲੇਕਿਨ ਜਿਸ ਸਿੱਖ ਕੌਮ ਨੇ ਵਰਦੀਆਂ ਗੋਲੀਆਂ ਵਿਚ ਵੀ ਜੰਮੂ ਕਸਮੀਰ ਨੂੰ ਨਹੀ ਛੱਡਿਆ ਅਤੇ ਦੋਵੱਲੀ ਗੋਲੀ ਦਾ ਸਾਹਮਣਾ ਕਰਦੇ ਹੋਏ ਡਟੇ ਰਹੇ ਉਨ੍ਹਾਂ ਦੇ ਵਿਧਾਨਿਕ ਹੱਕਾਂ ਨੂੰ ਹੁਕਮਰਾਨ ਨਿਰੰਤਰ ਖੋਹਦੇ ਹੀ ਨਹੀ ਆ ਰਹੇ ਬਲਕਿ ਉਨ੍ਹਾਂ ਦੇ ਬਹਾਦਰੀਨੁਮਾ ਕਾਰਨਾਮਿਆ ਨੂੰ ਨਜਰਅੰਦਾਜ ਕਰਕੇ ਉਨ੍ਹਾਂ ਨਾਲ ਹਰ ਖੇਤਰ ਵਿਚ ਜੰਮੂ ਕਸਮੀਰ ਸੂਬੇ ਵਿਚ ਵਿਤਕਰਾ ਤੇ ਬੇਇਨਸਾਫ਼ੀਆਂ ਕੀਤੀਆ ਜਾ ਰਹੀਆ ਹਨ । ਜਿਵੇਕਿ ਜੰਮੂ ਕਸਮੀਰ ਵਿਚ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨੂੰ ਖਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਜੀਵਨ ਵਿਚ ਅੱਗੇ ਵੱਧਣ ਲਈ ਨਾ ਤਾਂ ਸੈਟਰ ਸਰਕਾਰ ਵੱਲੋ ਨਾ ਹੀ ਜੰਮੂ ਕਸਮੀਰ ਸਰਕਾਰ ਵੱਲੋ ਕੋਈ ਉਦਮ ਕੀਤਾ ਜਾ ਰਿਹਾ ਹੈ । ਅਸੀ ਅਜਿਹੇ ਪੱਖਪਾਤੀ ਕੀਤੇ ਜਾ ਰਹੇ ਵਤੀਰੇ ਤੇ ਵਿਵਹਾਰ ਦੀ ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਉਥੇ ਮੰਗ ਕਰਦੇ ਹਾਂ ਕਿ ਜੰਮੂ ਕਸਮੀਰ ਵਿਚ ਪੰਜਾਬੀ ਬੋਲੀ ਨੂੰ ਵਿਸੇਸ ਦਰਜਾ ਦੇ ਕੇ ਲਾਗੂ ਕੀਤਾ ਜਾਵੇ ਅਤੇ ਉਥੇ ਵੱਸਣ ਵਾਲੇ ਸਿੱਖਾਂ ਨੂੰ ਜੰਮੂ ਕਸਮੀਰ ਸਟੇਟ ਦੀਆਂ ਸਰਕਾਰੀ ਨੌਕਰੀਆਂ ਵਿਚ ਇਕ ਯੋਗ ਪ੍ਰਤੀਸ਼ਤਾਂ ਦੇ ਕੇ ਉਨ੍ਹਾਂ ਨੂੰ ਵੀ ਬਰਾਬਰਤਾ ਦੇ ਅਧਿਕਾਰ ਦਿੱਤੇ ਜਾਣ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਕਾਰੋਬਾਰਾਂ ਦੀ ਰੱਖਿਆ ਲਈ ਇਕ ਵਿਸੇਸ ਆਰਥਿਕ ਪੈਕਜ ਦਾ ਐਲਾਨ ਹੋਵੇ ਤਾਂ ਕਿ ਉਹ ਆਪਣੇ ਜੀਵਨ ਵਿਚ ਬਿਨ੍ਹਾਂ ਕਿਸੇ ਡਰ ਭੈ ਅਤੇ ਆਪਣੇ ਭਵਿੱਖ ਦੇ ਖਤਰੇ ਤੋ ਵੱਧ ਫੁੱਲ ਸਕਣ ।