ਜੰਮੂ-ਕਸ਼ਮੀਰ ਹਾਈਕੋਰਟ ਬਾਰ ਦੇ ਮੁੱਖੀ ਮੀਆ ਅਬਦੁੱਲ ਕੀਊਮ ਦਾ ਪੁਲਿਸ ਰਿਮਾਂਡ ਵਧਾਕੇ ਉਨ੍ਹਾਂ ਉਤੇ ਤਸੱਦਦ ਕਰਨਾ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਜੰਮੂ-ਕਸ਼ਮੀਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਨਾਬ ਮੀਆ ਅਬਦੁੱਲ ਕੀਊਮ ਜੋ ਖੁਦ ਕਾਨੂੰਨ ਦੀ ਭਰਪੂਰ ਵਾਕਫੀਅਤ ਰੱਖਦੇ ਹਨ ਅਤੇ ਇਨਸਾਫ ਲਈ ਜੱਦੋ-ਜਹਿਦ ਕਰਦੇ ਆ ਰਹੇ ਹਨ, ਉਨ੍ਹਾਂ ਨੂੰ 76 ਸਾਲ ਦੀ ਵੱਡੇਰੀ ਉਮਰ ਵਿਚ ਮੰਦਭਾਵਨਾ ਅਧੀਨ ਤਸੱਦਦ ਕਰਕੇ ਉਨ੍ਹਾਂ ਦੀ ਸਿਹਤ ਤੇ ਜਿੰਦਗਾਨੀ ਨਾਲ ਖਿਲਵਾੜ ਕਰਨ ਦੇ ਅਮਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਮਨੁੱਖਤਾ ਲਈ ਅਸਹਿ ਹਨ । ਜਦੋਕਿ ਮੁਤੱਸਵੀ ਹੁਕਮਰਾਨਾਂ ਦਾ ਮਕਸਦ ਉਨ੍ਹਾਂ ਉਤੇ ਤਸੱਦਦ ਕਰਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀ ਕਾਰਵਾਈ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ । ਜੋ ਕਿ ਗੈਰ ਵਿਧਾਨਿਕ, ਗੈਰ ਇਨਸਾਨੀਅਤ ਅਣਮਨੁੱਖੀ ਨਿੰਦਣਯੋਗ ਅਮਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸਮੀਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੀਆ ਅਬਦੁੱਲ ਕੀਊਮ ਉਤੇ ਗੈਰ ਵਿਧਾਨਿਕ ਢੰਗਾਂ ਰਾਹੀ ਤਸੱਦਦ ਕਰਕੇ 76 ਸਾਲ ਦੀ ਉਮਰ ਵਿਚ ਉਨ੍ਹਾਂ ਨਾਲ ਅਣਮਨੁੱਖੀ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਨੂੰ ਅਤਿ ਸਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਹਿੰਦੂਤਵ ਹੁਕਮਰਾਨਾਂ ਨੇ ਆਪਣੀ ਮੰਦਭਾਵਨਾ ਅਧੀਨ ਉਨ੍ਹਾਂ ਨਾਲ ਕੋਈ ਅਣਹੋਣੀ ਗੱਲ ਕਰ ਦਿੱਤੀ ਤਾਂ ਓ.ਆਈ.ਸੀ ਦੇ ਮੁਲਕਾਂ ਅਤੇ ਜੰਮੂ ਕਸਮੀਰ ਵਿਚ ਤਾਂ ਭਾਬੜ ਮੱਚ ਜਾਵੇਗਾ ਜਿਸ ਉਤੇ ਹੁਕਮਰਾਨ ਕਾਬੂ ਨਹੀ ਪਾ ਸਕਣਗੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਮੀਆ ਅਦਬੁੱਲ ਕੀਊਮ ਉਤੇ ਇਕ ਪੁਰਾਣਾ ਕਤਲ ਕੇਸ ਖੋਲ੍ਹਕੇ ਉਨ੍ਹਾਂ ਨੂੰ ਜ਼ਬਰੀ ਨਿਸ਼ਾਨਾਂ ਬਣਾਇਆ ਗਿਆ ਹੈ । ਫਿਰ ਅਸੀ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਨੂੰ ਪੁੱਛਣਾ ਚਾਹਵਾਂਗੇ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਉਨ੍ਹਾਂ 43 ਸਿੱਖਾਂ ਜਿਨ੍ਹਾਂ ਨੂੰ 2000 ਵਿਚ ਇੰਡੀਅਨ ਫ਼ੌਜ ਨੇ ਇਕ ਲਾਇਨ ਵਿਚ ਖੜ੍ਹਾ ਕਰਕੇ ਚਿੱਠੀਸਿੰਘਪੁਰਾ ਵਿਖੇ ਮਾਰ ਦਿੱਤਾ ਸੀ, ਉਸਦਾ ਇਨਸਾਫ ਸਿੱਖਾਂ ਨੂੰ ਅੱਜ ਤੱਕ ਕਿਉਂ ਨਹੀ ਦਿੱਤਾ ਜਾ ਰਿਹਾ ? ਜਦੋਂਕਿ ਇਸ ਕਤਲੇਆਮ ਵਿਚ ਉਸ ਸਮੇ ਦੀ ਸ੍ਰੀ ਵਾਜਪਾਈ ਹਕੂਮਤ ਅਤੇ ਉਸਦੇ ਗ੍ਰਹਿ ਵਜੀਰ ਅਡਵਾਨੀ ਸਿੱਧੇ ਤੌਰ ਤੇ ਜਿੰਮੇਵਾਰ ਸਨ । ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਕਿ ਸਿੱਖ ਕਤਲੇਆਮ ਉਸ ਸਮੇ ਕੀਤਾ ਗਿਆ ਜਦੋ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਬਿਲ ਕਲਿਟਨ ਆਪਣੀ ਸਟੇਟ ਆਫ ਸੈਕਟਰੀ ਮੈਡੇਲਿਨ ਅਲਬ੍ਰਾਈਟ ਨਾਲ ਇੰਡੀਆ ਦੌਰੇ ਤੇ ਆਏ ਸਨ । ਉਨ੍ਹਾਂ ਕਿਹਾ ਕਿ ਕਸਮੀਰੀਆ ਨਾਲ ਹੁਕਮਰਾਨਾਂ ਵੱਲੋ 2019 ਵਿਚ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਣ ਵਾਲੇ ਵਿਧਾਨ ਦੀ ਧਾਰਾ 35ਏ ਅਤੇ ਆਰਟੀਕਲ 370 ਨੂੰ ਖਤਮ ਕਰਕੇ ਉਨ੍ਹਾਂ ਉਤੇ ਵੱਡਾ ਜ਼ਬਰ ਢਾਹਿਆ ਗਿਆ ਹੈ । ਜਿਸਦਾ ਰੋਹ ਅੱਜ ਵੀ ਕਸਮੀਰੀਆ ਵਿਚ ਉਥੋ ਦੇ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਵਿਚ ਦੇਖਿਆ ਜਾ ਸਕਦਾ ਹੈ । ਫਿਰ ਲਾਹੌਰ ਖ਼ਾਲਸਾ ਰਾਜ ਦਰਬਾਰ ਦੀ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾਈ ਫੌ਼ਜਾਂ ਵੱਲੋ 1819 ਵਿਚ ਜੋ ਅਫਗਾਨੀਸਤਾਨ ਦਾ ਸੂਬਾ ਕਸਮੀਰ ਫਤਹਿ ਕਰਕੇ ਆਪਣੇ ਖਾਲਸਾ ਰਾਜ ਵਿਚ ਸਾਮਿਲ ਕੀਤਾ ਸੀ, ਉਸ ਨੂੰ ਹੁਕਮਰਾਨਾਂ ਨੇ ਚੀਨ ਨੂੰ ਲੁੱਟਾ ਦਿੱਤਾ ਹੈ । ਉਥੇ ਕਸਮੀਰ ਵਿਚ ਪੰਜਾਬੀ ਭਾਸਾ ਤੇ ਬੋਲੀ ਨੂੰ ਵੀ ਜ਼ਬਰੀ ਬੰਦ ਕਰ ਦਿੱਤਾ ਹੈ । ਜਿਸ ਤੋ ਪ੍ਰਤੱਖ ਹੈ ਕਿ ਹੁਕਮਰਾਨ ਕੇਵਲ ਕਸਮੀਰੀਆ, ਪੰਜਾਬੀਆ, ਸਿੱਖਾਂ ਨਾਲ ਹੀ ਨਹੀ ਬਲਕਿ ਸਮੁੱਚੀਆ ਘੱਟ ਗਿਣਤੀਆ ਉਤੇ ਜਬਰ ਜੁਲਮ ਕਰ ਰਹੇ ਹਨ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀ ਹੋਣਗੇ । ਇਸ ਲਈ ਸਾਡੀ ਯੂਨਾਈਟਿਡ ਸਟੇਟ ਅਮਰੀਕਾ ਨੂੰ ਇਹ ਅਪੀਲ ਹੈ ਕਿ ਉਹ ਘੱਟ ਗਿਣਤੀਆ ਦੇ ਹੋ ਰਹੇ ਸਾਜਸੀ ਕਤਲਾਂ ਦੀ ਜਾਂਚ ਕਰਨ । ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਾਕਤ ਨਾਲ ਇਸ ਵਿਸੇ ਉਤੇ ਦਖਲ ਦੇ ਕੇ ਸਿੱਖਾਂ ਦੀ ਅਣਖ ਗੈਰਤ ਦੀ ਰਾਖੀ ਕਰਨ ਵਿਚ ਯੋਗਦਾਨ ਪਾਉਣ ।