ਖ਼ਾਲਸਾ ਪੰਥ ਤੇ ਘੱਟ ਗਿਣਤੀਆ ਉਤੇ ਹੋ ਰਹੇ ਹਕੂਮਤੀ ਜ਼ਬਰ ਜੁਲਮ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਵਾਲੇ ਬਾਦਲ ਦਲ ਦੇ ਬਾਗੀ ਧੜੇ ਮੂੰਹ ਕਿਉਂ ਨਹੀਂ ਖੋਲ੍ਹਦੇ ? : ਮਾਨ
ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਜਦੋਂ ਸੈਟਰ ਦੀ ਮੋਦੀ ਹਕੂਮਤ ਦੇ ਗ੍ਰਹਿ ਵਜੀਰ ਅੰਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਦੇ ਮੁੱਖੀ ਸੰਮਤ ਗੋਇਲ, ਮਿਲਟਰੀ ਇੰਨਟੈਲੀਜੈਸ, ਆਈ.ਬੀ ਵੱਲੋਂ ਸਾਂਝੇ ਤੌਰ ਤੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਿੱਖ ਕੌਮ ਦੀ ਆਜਾਦੀ ਦੀ ਗੱਲ ਕਰਨ ਵਾਲੇ ਸਿੱਖਾਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਨੂੰ ਸਾਜਸੀ ਢੰਗ ਨਾਲ ਮਾਰਨ ਦੇ ਅਮਲ ਹੋ ਰਹੇ ਹਨ । ਜਿਸ ਸੰਬੰਧੀ ਕੈਨੇਡਾ ਦੀ ਪਾਰਲੀਮੈਟ ਵਿਚ ਉਥੋ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਨੇ ਖੁੱਲ੍ਹਕੇ ਕਿਹਾ ਹੈ ਅਤੇ ਕੈਨੇਡਾ ਦੀ ਪਾਰਲੀਮੈਟ ਵਿਚ ਸ. ਹਰਦੀਪ ਸਿੰਘ ਨਿੱਝਰ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਲਈ ਮੋਨ ਧਾਰਿਆ ਗਿਆ । ਇਸੇ ਤਰ੍ਹਾਂ ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚਣ ਵਾਲੇ ਇੰਡੀਅਨ ਏਜੰਸੀਆ ਦੇ ਕਰਿੰਦੇ ਨੂੰ ਗ੍ਰਿਫਤਾਰ ਕਰਕੇ ਸਿੱਖਾਂ ਨੂੰ ਮਾਰਨ ਦੀ ਸਾਜਿਸ ਦਾ ਪਰਦਾਫਾਸ ਕੀਤਾ ਹੈ, ਉਸ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ ਹੋਣ ਵਾਲੇ ਬਾਦਲ ਦਲ ਦੇ ਬਾਗੀ ਧੜੇ ਵੱਲੋ ਇਸ ਜ਼ਬਰ ਵਿਰੁੱਧ ਕਿਉਂ ਨਹੀਂ ਬੋਲਿਆ ਜਾ ਰਿਹਾ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੁਣ ਤੱਕ ਖਾਲਸਾ ਪੰਥ ਤੇ ਪੰਜਾਬ ਵਿਰੋਧੀ ਕੀਤੇ ਗਏ ਅਮਲਾਂ ਅਤੇ ਗੁਸਤਾਖੀਆ ਦੀ ਮੁਆਫ਼ੀ ਮੰਗਣ ਗਏ ਬਾਗੀ ਅਕਾਲੀ ਦਲ ਦੇ ਆਗੂਆ ਜਿਨ੍ਹਾਂ ਵਿਚ ਸ. ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਆਦਿ ਆਗੂਆ ਵੱਲੋ ਸਿੱਖ ਕੌਮ ਤੇ ਸਮੁੱਚੀਆ ਘੱਟ ਗਿਣਤੀਆ ਉਤੇ ਨਿਰੰਤਰ ਹੁੰਦੇ ਆ ਰਹੇ ਜ਼ਬਰ ਜੁਲਮਾਂ ਬਾਰੇ ਚੁੱਪੀ ਧਾਰ ਰੱਖਣ ਉਤੇ ਗਹਿਰਾ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਅਤੇ ਇਸ ਲੀਡਰਸਿਪ ਵੱਲੋ ਆਪਣੇ ਆਪ ਨੂੰ ਪੰਥਕ ਕਹਾਉਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕਹਿ ਰਹੇ ਹਨ ਕਿ ਅਸੀ ਪੰਥ ਦੀ ਸੇਵਾ ਕਰਨੀ ਹੈ । ਲੇਕਿਨ ਪੰਥ ਨਾਲ ਅਤੇ ਪੰਜਾਬ ਸੂਬੇ ਨਾਲ ਜੋ ਕੁਝ ਸੈਟਰ ਦੇ ਹੁਕਮਰਾਨਾਂ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਬੇਇਨਸਾਫ਼ੀ ਵਿਤਕਰੇ ਜ਼ਬਰ ਹੋ ਰਹੇ ਹਨ । ਜੇਕਰ ਇਹ ਲੀਡਰਸਿਪ ਉਸਦੇ ਸੱਚ ਨੂੰ ਸਮਝਕੇ ਪ੍ਰਵਾਨ ਹੀ ਨਹੀ ਕਰੇਗੀ ਫਿਰ ਪੰਥ ਦੀ ਸੇਵਾ ਕਰਨ ਦੀ ਗੱਲ ਵਿਚ ਤਾਂ ਕੋਈ ਵਜਨ ਹੀ ਨਹੀ ਰਹਿ ਜਾਂਦਾ । ਫਿਰ ਇਹ ਪੰਜਾਬ ਤੇ ਪੰਥ ਦੇ ਮਸਲੇ ਕਿਵੇ ਹੱਲ ਹੋ ਸਕਣਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚੋ ਚੋਣਾਂ ਜਿੱਤਕੇ ਲੋਕ ਸਭਾ ਦੀ 18ਵੀਂ ਪਾਰਲੀਮੈਟ ਵਿਚ ਦਾਖਲ ਹੋਣ ਵਾਲਿਆ ਵਿਚ ਕੋਈ ਵੀ ਉਪਰੋਕਤ ਸਿੱਖਾਂ ਨੂੰ ਮਾਰਨ ਦੀ ਨੀਤੀ ਬਾਰੇ ਅਤੇ ਹੁਣ ਤੱਕ ਹੋਣ ਵਾਲੇ ਵਤਕਰਿਆ ਤੇ ਜ਼ਬਰ ਜੁਲਮ ਸੰਬੰਧੀ ਬੋਲਣ ਵਾਲਾ ਕੋਈ ਨਹੀ । ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਗੰਭੀਰ ਮੁੱਦਿਆ ਉਤੇ ਮਜਬੂਤੀ ਨਾਲ ਆਵਾਜ ਉਠਾਉਦਾ ਰਿਹਾ ਹੈ । ਪਰ ਜਦੋ ਪੰਜਾਬੀਆਂ ਤੇ ਸਿੱਖ ਕੌਮ ਨੇ ਸਾਨੂੰ ਹਾਰ ਦੇ ਦਿੱਤੀ ਹੈ, ਫਿਰ ਅਸੀ ਆਪਣੀ ਅਜਿਹੀ ਕੌਮੀ ਜਿੰਮੇਵਾਰੀ ਨੂੰ ਪੂਰਨ ਕਰਨ ਲਈ ਪਾਰਲੀਮੈਟ ਵਿਚ ਕਿਵੇ ਆਵਾਜ ਉਠਾਅ ਸਕਦੇ ਹਾਂ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੋਵੇ ਸਮੇਂ ਅਰਦਾਸ ਵਿਚ ‘ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ’ ਦੇ ਅਨੁਸਾਰ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਦੀ ਗੱਲ ਵੀ ਕਰਦੀ ਹੈ । ਫਿਰ ਅਸੀ ਇਹ ਵੀ ਕਹਿੰਦੇ ਹਾਂ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੰ੍ਰਥ’। ਫਿਰ ਇਹ ਸਮੁੱਚੀ ਅਜੋਕੀ ਤੇ ਪੁਰਾਤਨ ਲੀਡਰਸਿਪ ਆਪਣੇ ਇਸ ਮਿਸਨ ਲਈ ਤਿਆਰੀ ਕਿਉਂ ਨਹੀ ਕਰਦੀ । ਜਦੋਕਿ ਪਾਰਲੀਮੈਟ ਵਿਚ ਬਹੁਗਿਣਤੀ ਵਾਲੇ ਹੁਕਮਰਾਨ ਤੇ 543 ਐਮ.ਪੀ ਸਾਡੀ ਅਰਦਾਸ ਵਿਚ ਪ੍ਰਗਟਾਈਆ ਭਾਵਨਾਵਾ ਨੂੰ ਅਤੇ ਸਾਨੂੰ ਖਾਲਿਸਤਾਨੀ ਕਹਿੰਦੇ ਹਨ ।
ਇਸ ਵਿਸੇ ਤੇ ਨਾ ਤਾਂ ਸਿੱਖ ਲੀਡਰਸਿਪ ਸੁਹਿਰਦ ਹੁੰਦੀ ਹੈ ਅਤੇ ਨਾ ਹੀ ਆਪਣੇ ਆਜਾਦ ਬਾਦਸਾਹੀ ਸਿੱਖ ਰਾਜ ਦੇ ਮਕਸਦ ਦੀ ਪ੍ਰਾਪਤੀ ਲਈ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਹਿੰਦੂਤਵ ਰਾਸਟਰ ਨੂੰ ਸਾਡੇ ਉਤੇ ਥੋਪਣ ਦੀ ਤਿਆਰੀ ਕਰਨ ਵਾਲਿਆ ਨੂੰ ਮਜਬੂਤੀ ਨਾਲ ਚੁਣੋਤੀ ਦੇਣ ਦੇ ਫਰਜ ਪੂਰੇ ਕਰਦੀ ਹੈ । ਇਨ੍ਹਾਂ ਵਿਚ ਐਸ.ਜੀ.ਪੀ.ਸੀ ਦੇ ਮੌਜੂਦਾ ਪ੍ਰਧਾਨ, ਐਗਜੈਕਟਿਵ ਮੈਬਰ, ਬਾਦਲ ਦਲੀਆ ਦੇ ਆਗੂ ਅਤੇ ਬਾਗੀ ਹੋਏ ਆਗੂ ਕੁਝ ਨਹੀ ਬੋਲ ਰਹੇ । ਜਦੋਂਕਿ 14 ਸਾਲਾਂ ਤੋਂ ਸਾਡੀ ਸਿੱਖ ਪਾਰਲੀਮੈਟ ਦੇ ਚੋਣ ਪ੍ਰਤੀ ਜਮਹੂਰੀ ਹੱਕ ਨੂੰ ਜਬਰੀ ਕੁੱਚਲਿਆ ਗਿਆ ਹੈ । ਜਿਸ ਵਿਚ ਸੈਟਰ ਦੇ ਹੁਕਮਰਾਨਾਂ ਨਾਲ ਇਹ ਉਪਰੋਕਤ ਸਿੱਖ ਲੀਡਰਸਿਪ ਵੀ ਭਾਈਵਾਲ ਹੈ । ਇਥੋ ਤੱਕ ਹਰਿਆਣਾ ਦੀ ਐਸ.ਜੀ.ਪੀ.ਸੀ ਵਿਚ ਵੀ ਹੁਕਮਰਾਨਾਂ ਨੇ ਆਪਣੇ ਚੇਹਤਿਆ ਨੂੰ ਨਾਮਜਦ ਕਰਕੇ ਸਾਡੀ ਐਸ.ਜੀ.ਪੀ.ਸੀ ਨੂੰ ਹਿੰਦੂਤਵ ਰੂਪ ਦੇਣ ਦੇ ਅਮਲ ਕੀਤੇ ਜਾ ਰਹੇ ਹਨ । ਇਥੇ ਹੀ ਬਸ ਨਹੀ ਸਾਡੇ ਤਖਤ ਸ੍ਰੀ ਹਜੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆ ਵਿਚ ਜਿਥੇ ਸਿੱਖਾਂ ਦੀ ਬਹੁਗਿਣਤੀ ਰਹੀ ਹੈ, ਉਸਨੂੰ ਘਟਾਕੇ ਹਿੰਦੂਤਵ ਸੋਚ ਵਾਲਿਆ ਨੂੰ ਪ੍ਰਬੰਧ ਸੌਪਣ ਦੇ ਅਤੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਹੋ ਰਹੀਆ ਹਨ । ਬੇਸੱਕ ਅਸੀ ਚੋਣਾਂ ਵਿਚ ਹਾਰ ਗਏ ਹਾਂ ਪਰ ਅਸੀ ਆਪਣੇ ਕੌਮੀ ਫਰਜਾਂ ਨੂੰ ਪੂਰਨ ਕਰਨ ਅਤੇ ਹਰ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਣ ਵਿਰੁੱਧ ਅੱਜ ਵੀ ਆਪਣੇ ਫਰਜ ਪੂਰੇ ਕਰ ਰਹੇ ਹਾਂ । ਜੇਕਰ ਸਿੱਖ ਲੀਡਰਸਿਪ ਨੇ ਸਿੱਖ ਕੌਮ ਤੇ ਪੰਜਾਬੀਆਂ ਦੇ ਅਸਲ ਦੁੱਖ ਅਤੇ ਤਕਲੀਫ ਨੂੰ ਸਮਝਦੇ ਹੋਏ ਆਪਣੇ ਆਜਾਦੀ ਦੇ ਮਿਸਨ ਨੂੰ ਇਮਾਨਦਾਰੀ ਨਾਲ ਸਹਿਯੋਗ ਨਾ ਕੀਤਾ, ਫਿਰ ਇਹ ਲੋਕ ਤਾਂ ਹਿੰਦੂਤਵ ਹੁਕਮਰਾਨਾਂ ਨਾਲ ਮਿਲਕੇ ਸਿੱਖ ਸਿਧਾਤਾਂ, ਸੋਚ, ਨਿਯਮਾਂ, ਅਸੂਲਾਂ, ਸਿੱਖੀ ਦੇ ਬੋਲਬਾਲੇ ਦੇ ਮਿਸਨ ਨੂੰ ਖੁਦ ਹੀ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਨਹੀ ਕਰ ਰਹੇ ?