01 ਫਰਵਰੀ ਨੂੰ ਸਮੁੱਚੇ ਪੰਜਾਬੀ ਦੋਹਲਾ ਫਾਟਕ ਧੂਰੀ ਵਿਖੇ ਪਹੁੰਚਕੇ ਭਾਨਾ ਸਿੱਧੂ ਦੀ ਰਿਹਾਈ ਦੇ ਮਿਸ਼ਨ ਵਿਚ ਯੋਗਦਾਨ ਪਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 31 ਜਨਵਰੀ ( ) “ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਆਪਣੀਆਂ ਰਾਜਨੀਤਿਕ, ਸਮਾਜਿਕ ਅਸਫਲਤਾਵਾਂ ਉਤੇ ਪਰਦਾ ਪਾਉਣ ਹਿੱਤ ਹੁਣ ਉਸ ਸਿਰਕੱਢ ਪੰਜਾਬੀ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਉਣਾ ਸੁਰੂ ਕਰ ਦਿੱਤਾ ਹੈ ਜੋ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਲੰਮੇ ਸਮੇ ਤੋਂ ਲਟਕਦੇ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਤੇ ਕਰਵਾਉਣ ਲਈ ਉਤਾਵਲੇ ਹੋ ਚੁੱਕੇ ਹਨ ਅਤੇ ਪੰਜਾਬ ਦੀ ਫਿਜਾ ਨੂੰ ਮਨਮੋਹਕ ਅਤੇ ਇਨਸਾਫ਼ ਪਸ਼ੰਦ ਬਣਾਉਣ ਲਈ ਸੰਜ਼ੀਦਾ ਹਨ । ਇਸ ਲਈ ਹੀ ਜੋ ਸ. ਭਾਨਾ ਸਿੱਧੂ ਸਮਾਜ ਸੇਵੀ ਦੀਆਂ ਸੇਵਾਵਾਂ ਨਿਭਾਉਦੇ ਹੋਏ ਇਨ੍ਹਾਂ ਮਸਲਿਆ ਨੂੰ ਹੱਲ ਕਰਨ ਵੱਲ ਤੁਰੇ ਹੋਏ ਸਨ ਅਤੇ ਜੋ ਦ੍ਰਿੜਤਾ ਨਾਲ ਪੰਜਾਬ ਸਰਕਾਰ ਤੇ ਪੁਲਿਸ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਦੇ ਆ ਰਹੇ ਹਨ, ਉਨ੍ਹਾਂ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਉਤੇ 3-4 ਝੂਠੇ ਕੇਸ ਦਰਜ ਕਰਕੇ ਉਨ੍ਹਾਂ ਦੇ ਮਨੁੱਖਤਾ ਪੱਖੀ ਉੱਦਮਾਂ ਵਿਚ ਰੁਕਾਵਟ ਖੜ੍ਹੀ ਕਰਨਾ ਚਾਹੁੰਦੇ ਹਨ । ਇਸ ਤਹਿਤ ਹੀ ਸ. ਭਾਨਾ ਸਿੱਧੂ ਉਤੇ ਅਣਮਨੁੱਖੀ ਤਸੱਦਦ, ਜੁਲਮ ਢਾਹਿਆ ਜਾ ਰਿਹਾ ਹੈ ਅਤੇ ਨੌਜਵਾਨੀ ਦੇ ਹੌਸਲੇ ਪਸਤ ਕਰਨ ਲਈ ਇਹ ਦੁੱਖਦਾਇਕ ਵਰਤਾਰਾ ਸੁਰੂ ਕੀਤਾ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬੀ ਅਤੇ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ । ਸ. ਭਾਨਾ ਸਿੱਧੂ ਦੀ ਰਿਹਾਈ ਹੋਣ ਤੱਕ ਇਸ ਸੰਘਰਸ਼ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਾਰੀ ਰੱਖਿਆ ਜਾਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਫਰਵਰੀ ਨੂੰ ਦੋਹਲਾ ਫਾਟਕ ਧੂਰੀ ਵਿਖੇ ਕੀਤੇ ਜਾ ਰਹੇ ਵੱਡੇ ਰੋਸ ਇਕੱਠ ਵਿਚ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਸ. ਭਾਨਾ ਸਿੱਧੂ ਨੂੰ ਤੁਰੰਤ ਰਿਹਾਅ ਕਰਨ, ਵਰਨਾ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਭਾਨਾ ਸਿੱਧੂ ਹੀ ਨਹੀ ਇਸ ਤੋ ਪਹਿਲੇ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਨੌਜਵਾਨ ਅਤੇ ਉਨ੍ਹਾਂ ਦੇ ਸਾਥੀਆ ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਸਿੱਖ ਨੌਜਵਾਨੀ ਨੂੰ ਗੁਰੂ ਦੇ ਲੜ ਲਗਾਉਣ, ਨਸਿਆ ਵਿਚ ਗ੍ਰਸਤ ਹੋਈ ਜਵਾਨੀ ਨੂੰ ਇਸ ਵਿਚੋ ਆਪਣੇ ਪ੍ਰਚਾਰ ਰਾਹੀ ਕੱਢਣ ਅਤੇ ਖ਼ਾਲਸਾ ਪੰਥ ਦੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੋਰੀ ਰੱਖਣ ਲਈ ਆਪਣੀਆ ਸੇਵਾਵਾਂ ਦਿੱਤੀਆ, ਉਨ੍ਹਾਂ ਉਤੇ ਝੂਠੇ ਐਨ.ਐਸ.ਏ. ਵਰਗੇ ਜਾਬਰ ਕੇਸ ਦਰਜ ਕਰਕੇ ਪੰਜਾਬ ਤੋ 1000 ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦੀ ਬਣਾ ਦਿੱਤਾ ਗਿਆ ਹੈ । ਅਜਿਹਾ ਅਮਲ ਕਰਕੇ ਸੈਟਰ ਤੇ ਪੰਜਾਬ ਸਰਕਾਰ ਨੇ ਇੰਡੀਅਨ ਵਿਧਾਨ ਦੀਆਂ ਧਰਾਵਾਂ 14, 19, 21 ਰਾਹੀ ਮਿਲੇ ਮੁੱਢਲੇ ਬੁਨਿਆਦੀ ਅਧਿਕਾਰਾਂ ਆਜਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ, ਬਰਾਬਰਤਾ ਅਤੇ ਆਪਣੇ ਜੀਵਨ ਦੀ ਸੁਰੱਖਿਆ ਦੇ ਅਧਿਕਾਰ ਪ੍ਰਦਾਨ ਕਰਦੀਆ ਹਨ । ਉਸਦਾ ਘੋਰ ਉਲੰਘਣ ਕੀਤਾ ਹੈ । ਸਿੱਖ ਕੌਮ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਇਆ ਗਿਆ ਹੈ । ਲੇਕਿਨ ਇਹ ਹੁਕਮਰਾਨ ਭੁੱਲ ਜਾਂਦੇ ਹਨ ਕਿ ਸਿੱਖ ਕੌਮ ਕਿਸੇ ਵੀ ਜ਼ਬਰ ਤੋ ਕਦੀ ਨਾ ਘਬਰਾਉਣ ਵਾਲੀ ਅਤੇ ਹਰ ਜ਼ਬਰ ਜੁਲਮ ਵਿਰੁੱਧ ਡੱਟਕੇ ਸੰਘਰਸ਼ ਕਰਦੀ ਹੋਈ ਫਤਹਿ ਪ੍ਰਾਪਤ ਕਰਨ ਵਾਲੀ ਕੌਮ ਹੈ । ਇਸ ਲਈ ਜਿੰਨੀ ਜਲਦੀ ਹੋ ਸਕੇ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਮੱਦੇਨਜਰ ਰੱਖਦੇ ਹੋਏ, ਕੋਟਦੂਨੇ ਦੇ ਰੋਹ ਭਰੇ ਇਕੱਠ ਨੂੰ ਸਾਹਮਣੇ ਰੱਖਦੇ ਹੋਏ ਜੇਕਰ ਸ. ਭਾਨਾ ਸਿੱਧੂ ਨੂੰ ਤੁਰੰਤ ਬਿਨ੍ਹਾਂ ਸਰਤ ਰਿਹਾਅ ਕਰ ਦੇਵੇ ਤਾਂ ਇਸ ਨਾਲ ਪੰਜਾਬ, ਇੰਡੀਆ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕੇਗਾ । ਵਰਨਾ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਲਈ ਸੈਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਦੀਆਂ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਵਿਰੋਧੀ ਨੀਤੀਆ ਦੇ ਕੀਤੇ ਜਾ ਰਹੇ ਦੁੱਖਦਾਇਕ ਅਮਲ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।

Leave a Reply

Your email address will not be published. Required fields are marked *