ਜੋ ਰੂਸ-ਯੂਕਰੇਨ ਜੰਗਬੰਦੀ ਲਈ ਆਵਾਜ਼ ਉਠਾਉਣ ਲਈ 4 ਮਾਰਚ ਨੂੰ ਪਾਰਟੀ ਵੱਲੋ ਸਰਹੱਦਾਂ ਉਤੇ ਪ੍ਰੋਗਰਾਮ ਐਲਾਨਿਆ ਗਿਆ ਸੀ, ਉਹ ਮੁਲਤਵੀ ਕੀਤਾ ਜਾਂਦਾ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 26 ਫਰਵਰੀ ( ) “ਬੀਤੇ ਕੱਲ੍ਹ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੇ ਸੀਨੀਅਰ ਮੈਬਰਾਂ ਨੇ ਰੂਸ-ਯੂਕਰੇਨ ਦੀ ਸੁਰੂ ਹੋਈ ਜੰਗ ਦੇ ਕੌਮਾਂਤਰੀ ਪੱਧਰ ਦੇ ਮਾਰੂ ਨਤੀਜਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀਆਂ ਚਾਰੇ ਸਰਹੱਦਾਂ ਹੁਸੈਨੀਵਾਲਾ, ਸੁਲੇਮਾਨਕੀ, ਅਟਾਰੀ ਅਤੇ ਡੇਰਾ ਬਾਬਾ ਨਾਨਕ ਵਿਖੇ ਇਸ ਮਨੁੱਖਤਾ ਵਿਰੋਧੀ ਅਮਲ ਵਿਰੁੱਧ ਰੋਸ਼ ਕਰਦੇ ਹੋਏ ਇਨ੍ਹਾਂ ਦੋਵਾਂ ਮੁਲਕਾਂ ਦੇ ਹੁਕਮਰਾਨਾਂ ਅਤੇ ਇੰਡੀਆਂ ਸਥਿਤ ਅੰਬੈਸਡਰਾਂ ਨੂੰ ਇਸ ਲੜਾਈ ਦੀ ਜੰਗਬੰਦੀ ਕਰਨ ਦੇ ਮਕਸਦ ਨੂੰ ਮੁੱਖ ਰੱਖਕੇ ਪ੍ਰੋਗਰਾਮ ਦਿੱਤੇ ਸੀ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿੱਖਾਂ ਦੇ ਕਤਲਾਂ ਦੇ ਇਨਸਾਫ਼ ਲਈ ਬਰਗਾੜੀ ਵਿਖੇ ਚੱਲ ਰਹੇ ਮੋਰਚੇ ਉਤੇ 6 ਮਾਰਚ ਨੂੰ ਸ. ਦੀਪ ਸਿੰਘ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਦਿਹਾੜਾ ਮਨਾਉਣ ਦਾ ਪ੍ਰੋਗਰਾਮ ਪਹਿਲੋ ਹੀ ਉਲੀਕਿਆ ਹੋਇਆ ਹੈ ਅਤੇ ਜਿਸ ਉਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਦੀਆਂ ਭਾਵਨਾਵਾ ਕੇਦਰਿਤ ਹਨ ਅਤੇ ਇਹ ਪ੍ਰੋਗਰਾਮ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ । ਉਸਨੂੰ ਮੁੱਖ ਰੱਖਦੇ ਹੋਏ 4 ਮਾਰਚ ਦੇ ਸਰਹੱਦਾਂ ਉਤੇ ਐਲਾਨੇ ਗਏ ਪਾਰਟੀ ਪ੍ਰੋਗਰਾਮ ਨੂੰ ਕੁਝ ਦਿਨਾਂ ਲਈ ਮੁਲਤਵੀ ਕੀਤਾ ਜਾਂਦਾ ਹੈ । ਜਿਸਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਨੌਜ਼ਵਾਨੀ ਨੂੰ 6 ਮਾਰਚ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 4 ਮਾਰਚ ਨੂੰ ਰੂਸ-ਯੂਕਰੇਨ ਜੰਗਬੰਦੀ ਦੇ ਮਕਸਦ ਨੂੰ ਪੂਰਨ ਕਰਨ ਸੰਬੰਧੀ ਕੌਮਾਂਤਰੀ ਪੱਧਰ ਤੇ ਆਵਾਜ ਉਠਾਉਣ ਹਿੱਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੰਡੀਗੜ੍ਹ ਜਾਂ ਅੰਮ੍ਰਿਤਸਰ ਵਿਖੇ ਕਿਸੇ ਵੀ ਸਥਾਂਨ ਤੇ ਇਸ ਕੌਮਾਂਤਰੀ ਗੰਭੀਰ ਮੁੱਦੇ ਉਤੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੰਦੇਸ਼ ਵੀ ਦੇਣਗੇ ਅਤੇ ਸੰਬੰਧਤ ਦੋਵੇ ਰੂਸ ਅਤੇ ਯੂਕਰੇਨ ਮੁਲਕਾਂ ਦੇ ਪ੍ਰੈਜੀਡੈਟਾਂ ਨੂੰ ਉਨ੍ਹਾਂ ਦੇ ਇੰਡੀਆ ਸਥਿਤ ਸਫੀਰਾਂ ਰਾਹੀ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਤੋ ਜਾਣੂ ਕਰਵਾਉਦੇ ਹੋਏ ਜੰਗ ਨੂੰ ਬੰਦ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਉਣਗੇ ।