ਹਿੰਦੂਤਵ ਹੁਕਮਰਾਨਾਂ ਨੇ 3 ਕਰੋੜ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਪ੍ਰਚਾਰ ਸੁਰੂ ਕੀਤਾ ਹੈ, ਇਹ ਆਉਣ ਵਾਲੀਆ 2024 ਦੀਆਂ ਚੋਣਾਂ ਲਈ ‘ਸਰਜੀਕਲ ਸਟ੍ਰਾਈਕ’ ਦੀ ਤਰ੍ਹਾਂ ਹੀ ਹੈ : ਮਾਨ
ਸਾਨੂੰ ਦੱਸਿਆ ਜਾਵੇ ਕਿ 3 ਕਰੋੜ ਵਿਚੋਂ ਕਿੰਨੇ ਪ੍ਰਤੀਸ਼ਤ ਖ਼ਾਲਿਸਤਾਨੀ ਹਨ ਅਤੇ ਕਿੰਨੇ ਸਿੱਖ ਹਿੰਦੂਤਵ ਸੋਚ ਦੇ ਮਾਲਕ ਹਨ ?
ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਇੰਡੀਆ ਦੀ ਮੋਦੀ ਬੀਜੇਪੀ-ਆਰ.ਐਸ.ਐਸ ਦੀ ਹਕੂਮਤ ਵੱਲੋ ਜੋ ਇਕਦਮ ਸਮੁੱਚੇ ਇੰਡੀਆ ਅਤੇ ਕੌਮਾਂਤਰੀ ਪੱਧਰ ‘ਤੇ ਸਟੇਟਲੈਸ ਘੱਟ ਗਿਣਤੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਗੁੰਮਰਾਹਕੁੰਨ ਨਫਰਤ ਭਰੇ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ, ਇਹ ਕੋਈ ਆਪਣੇ ਆਪ ਵਿਚ ਵਾਪਰੀ ਘਟਨਾ ਨਹੀ, ਬਲਕਿ ਬੀਜੇਪੀ-ਆਰ.ਐਸ.ਐਸ ਦੇ ਸਿੱਖ ਵਿਰੋਧੀ ਦਿਮਾਗਾਂ, ਆਈ.ਬੀ, ਰਾਅ, ਐਨ.ਆਈ.ਏ ਅਤੇ ਇਨ੍ਹਾਂ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਸਾਂਝੀ ਸੋਚੀ ਸਮਝੀ ਵੋਟ ਰਣਨੀਤੀ ਦਾ ਹਿੱਸਾ ਹੈ । ਇਹੀ ਵਜਹ ਹੈ ਕਿ ਬੀਤੇ ਸਮੇ ਵਿਚ ਇਨ੍ਹਾਂ ਹੁਕਮਰਾਨਾਂ ਤੇ ਏਜੰਸੀਆ ਨੇ ਬਾਹਰਲੇ ਮੁਲਕਾਂ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤੇ ਅਤੇ ਹੁਣੇ ਹੀ ਅੱਜ ਦੇ ਅਖਬਾਰਾਂ ਵਿਚ 14 ਸਿੱਖਾਂ ਨੂੰ ਖ਼ਾਲਿਸਤਾਨੀ ਕਰਾਰ ਦੇ ਕੇ ਸਾਨ ਫਰਾਂਸਿਸਕੋ ਦੇ ਇੰਡੀਅਨ ਸਫਾਰਤਖਾਨੇ ਉਤੇ ਹਮਲੇ ਕਰਨ ਦੇ ਦੋਸ਼ੀ ਠਹਿਰਾਕੇ ਉਨ੍ਹਾਂ ਦੀਆਂ ਫੋਟੋਆਂ ਸਮੇਤ ਮੀਡੀਏ ਤੇ ਅਖ਼ਬਾਰਾਂ ਵਿਚ ਜਾਰੀ ਕੀਤੀਆ ਹਨ ਤਾਂ ਕਿ ਸਮੁੱਚੇ ਇੰਡੀਆ ਵਿਚ ਵੱਸਣ ਵਾਲੀ ਬਹੁਗਿਣਤੀ ਹਿੰਦੂ ਕੌਮ ਅਤੇ ਬਾਹਰਲੇ ਮੁਲਕਾਂ ਦੇ ਨਿਵਾਸੀਆ ਦਾ ਧਿਆਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਵੱਲ ਕੇਦਰਿਤ ਕਰਕੇ ਉਨ੍ਹਾਂ ਨੂੰ ਬਦਨਾਮ ਕਰਕੇ ਆਉਣ ਵਾਲੀਆ 2024 ਦੀਆਂ ਚੋਣਾਂ ਵਿਚ ਸਮੁੱਚੇ ਹਿੰਦੂਆਂ ਨੂੰ ਆਪਣੇ ਪੱਖ ਵਿਚ ਭੁਗਤਾਇਆ ਜਾ ਸਕੇ । ਇਹ ਅਮਲ ਉਸੇ ਤਰ੍ਹਾਂ ਦੇ ਬਾਲਾਕੋਟ ਸਰਜੀਕਲ ਸਟ੍ਰਾਈਕ ਵਰਗੇ ਹਨ । ਜਿਸ ਅਧੀਨ ਇਕ ਸਾਜਿਸ ਤਹਿਤ ਬੀਜੇਪੀ-ਆਰ.ਐਸ.ਐਸ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੇ ਉਪਰੋਕਤ ਬਾਲਾਕੋਟ ਸਰਜੀਕਲ ਸਟ੍ਰਾਈਕ ਕਰਕੇ ਸਮੁੱਚੇ ਇੰਡੀਆ ਵਿਚ ਆਪਣੀ ਵਾਹ-ਵਾਹ ਕਰਵਾਉਦੇ ਹੋਏ ਬਹੁਗਿਣਤੀ ਹਿੰਦੂ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਕੇ ਸਿਆਸੀ ਖੇਡ ਨੂੰ ਜਿੱਤਣ ਦਾ ਢੌਗ ਰਚਿਆ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਵੱਲੋ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਵੱਲੋ ਸਮੁੱਚੇ ਸੰਸਾਰ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੇ ਸੱਚ ਨੂੰ ਉਜਾਗਰ ਕਰਨ ਉਪਰੰਤ ਕੌਮਾਂਤਰੀ ਪੱਧਰ ਤੇ ਇੰਡੀਆ ਵਿਰੁੱਧ ਉੱਠ ਰਹੀ ਮਨੁੱਖੀ ਅਧਿਕਾਰਾਂ ਦੇ ਹਨਨ ਦੀ ਆਵਾਜ ਨੂੰ ਮੱਧਮ ਕਰਨ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕੀਤੇ ਜਾ ਰਹੇ ਨਫਰਤ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਬੀਤੇ 76 ਸਾਲਾਂ ਤੋ ਇਥੋ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਇਨਸਾਫ ਨਾ ਦੇਣ ਦੀ ਬਾਦਲੀਲ ਢੰਗ ਨਾਲ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇੰਡੀਆ ਦੇ ਹੁਕਮਰਾਨ, ਉੱਚੀ ਸੁੱਚੀ ਮਨੁੱਖਤਾ ਪੱਖੀ ਸੋਚ ਰੱਖਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਅਤੇ ਉਨ੍ਹਾਂ ਦੇ ਕਾਇਮ ਹੋਣ ਵਾਲੇ ਖ਼ਾਲਿਸਤਾਨ ਸਟੇਟ ਦੇ ਨਾਮ ਨੂੰ ਬਦਨਾਮ ਕਰਨ ਦੀਆਂ ਕਾਰਵਾਈਆ ਕਰਦੇ ਹੋਏ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਸ਼ਰਾਰਤੀ ਅਨਸਰ, ਗਰਮਦਲੀਏ ਨਾਮ ਦੇ ਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਉਹ ਸਾਨੂੰ ਜਨਤਕ ਤੌਰ ਤੇ ਦੱਸਣ ਕਿ ਕੇਵਲ 3 ਕਰੋੜ ਦੀ ਵਸੋ ਵਾਲੀ ਸਿੱਖ ਕੌਮ ਵਿਚ ਕਿੰਨੇ ਪ੍ਰਤੀਸ਼ਤ ਖ਼ਾਲਿਸਤਾਨੀ ਹਨ ਅਤੇ ਕਿੰਨੇ ਹਿੰਦੂਤਵ ਨਫਰਤ ਫੈਲਾਉਣ ਵਾਲੀ ਸੋਚ ਨਾਲ ਚੱਲਣ ਵਾਲੇ?
ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕੀਤੀ ਕਿ ਇਸੇ ਮੰਦਭਾਵਨਾ ਭਰੀ ਸੋਚ ਨੂੰ ਲੈਕੇ ਇੰਡੀਆ ਦੇ ਹੁਕਮਰਾਨਾਂ ਨੇ ਕੈਨੇਡਾ ਨਿਵਾਸੀਆ ਦੇ ਵੀਜੇ ਪ੍ਰਦਾਨ ਕਰਨ ਦੇ ਅਮਲਾਂ ਨੂੰ ਰੱਦ ਕੀਤਾ ਹੈ ਤਾਂ ਕਿ ਇਸ ਸਹੂਲਤ ਨੂੰ ਪ੍ਰਾਪਤ ਕਰਨ ਵਾਲੀ ਜਿਆਦਾ ਪ੍ਰਤੀਸ਼ਤ ਪੰਜਾਬੀ ਅਤੇ ਸਿੱਖ ਹੀ ਹਨ । ਇਹ ਵੀ ਹੁਕਮਰਾਨਾਂ ਨੇ ਜਾਣਬੁੱਝ ਕੇ ਕੈਨੇਡਾ ਵਿਚ ਲੱਖਾਂ ਦੀ ਗਿਣਤੀ ਵਿਚ ਪੜ੍ਹਾਈ ਕਰਨ ਗਏ ਵਿਦਿਆਰਥੀਆ ਅਤੇ ਆਪਣੇ ਰੁਜਗਾਰ ਪ੍ਰਾਪਤੀ ਲਈ ਉਥੇ ਮਿਹਨਤ, ਮੁਸੱਕਤ ਕਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਹੀ ਪੀੜ੍ਹਾ ਦੇਣ ਲਈ ਕੀਤਾ ਹੈ । ਕਿਉਂਕਿ ਕੈਨੇਡਾ ਜਾਂ ਹੋਰ ਮੁਲਕਾਂ ਦੇ ਅੰਗਰੇਜ਼ ਜੋ ਕੈਨੇਡਾ ਵਿਚ ਵੱਸੇ ਹੋਏ ਹਨ, ਉਹ ਤਾਂ ਬਹੁਤ ਹੀ ਘੱਟ ਗਿਣਤੀ ਵਿਚ ਇੰਡੀਆ ਆਉਦੇ ਹਨ । ਜਦੋਕਿ ਪੰਜਾਬੀ ਅਤੇ ਸਿੱਖ ਵਿਦਿਆਰਥੀਆਂ, ਕੈਨੇਡਾ ਵਿਚ ਰੁਜਗਾਰ ਕਰ ਰਹੇ ਪੰਜਾਬੀਆਂ ਤੇ ਸਿੱਖਾਂ ਨੂੰ ਮੁੱਖ ਰੱਖਕੇ ਹੀ ਇਹ ਅਣਮਨੁੱਖੀ ਵਿਤਕਰੇ ਭਰਿਆ ਅਮਲ ਕੀਤਾ ਹੈ । ਜਿਸ ਨੂੰ ਕੋਈ ਵੀ ਜਮਹੂਰੀਅਤ ਅਤੇ ਅਮਨ ਪਸ਼ੰਦ ਮੁਲਕ ਜਾਂ ਉਨ੍ਹਾਂ ਦਾ ਵਿਧਾਨ ਦਰੁਸਤ ਕਰਾਰ ਨਹੀ ਦੇ ਸਕਦਾ । ਕਿਉਂਕਿ ਇਹ ਮੁੱਦਾ ਵੀ ਕੈਨੇਡਾ ਵਿਚ ਗਏ ਪੰਜਾਬੀ ਵਿਦਿਆਰਥੀਆ, ਪੰਜਾਬੀਆਂ ਦੀ ਜਨਮ ਭੂਮੀ ਦੇ ਨਾਲ ਜੁੜੇ ਹੋਣ ਕਾਰਨ, ਉਨ੍ਹਾਂ ਦੇ ਆਉਣ-ਜਾਣ ਦੀ ਸਹੂਲਤ ਨੂੰ ਪ੍ਰਭਾਵਿਤ ਕਰਨ ਦੀ ਮੰਦਭਾਵਨਾ ਅਧੀਨ ਹੀ ਕੀਤਾ ਗਿਆ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇੰਡੀਆ ਦੇ ਹੁਕਮਰਾਨਾਂ ਵੱਲੋ ਕੀਤੇ ਗਏ ਇਸ ਪੰਜਾਬੀ ਤੇ ਸਿੱਖ ਕੌਮ ਵਿਰੋਧੀ ਫੈਸਲੇ ਨੂੰ ਬੇਇਨਸਾਫ਼ੀ ਵਾਲਾ ਕਰਾਰ ਦਿੱਤਾ ਜਾਂਦਾ ਹੈ ।
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੌਮਾਂਤਰੀ ਪੱਧਰ ਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੀ ਸਮੁੱਚੇ ਮੁਲਕਾਂ ਦੀ ਪ੍ਰਵਾਨਿਤ ਸੰਸਥਾਂ ਯੂ.ਐਸ. ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਵੱਲੋ ਬੀਤੀ 2 ਮਈ ਨੂੰ ਆਪਣੇ ਕੌਮਾਂਤਰੀ ਪੱਧਰ ਦੀ ਮਨੁੱਖੀ ਅਧਿਕਾਰਾਂ ਦੇ ਸੰਸਾਰ ਵਿਚ ਹੋ ਰਹੇ ਉਲੰਘਣ ਦੀ ਵਿਸਥਾਰਿਤ ਰਿਪੋਰਟ ਜਾਰੀ ਕੀਤੀ ਗਈ ਸੀ । ਜਿਸ ਵਿਚ ਇੰਡੀਆ ਪਹਿਲੇ ਚੌਥੇ ਨੰਬਰ ਉਤੇ ਉਲੰਘਣਾ ਕਰਨ ਵਾਲਾ ਮੁਲਕ ਪਾਇਆ ਗਿਆ ਸੀ । ਜਿਸ ਨੂੰ ਇੰਡੀਆ ਦੇ ਹੁਕਮਰਾਨਾਂ ਨੇ ਅਖਬਾਰੀ ਬਿਆਨਬਾਜੀ ਕਰਕੇ ਉਸ ਕੌਮਾਂਤਰੀ ਪੱਧਰ ਦੀ ਨਿਰਪੱਖਤਾ ਵਾਲੀ ਰਿਪੋਰਟ ਨੂੰ ਜਬਰੀ ਰੱਦ ਕਰਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਜਦੋਕਿ ਬੀਤੇ ਕੱਲ੍ਹ ਯੂਨਾਈਟਿਡ ਨੇਸਨ ਨੇ ਮਨੁੱਖੀ ਅਧਿਕਾਰਾਂ ਸੰਬੰਧੀ ਆਪਣੀ ਸਲਾਨਾ ਜਾਰੀ ਕੀਤੀ ਰਿਪੋਰਟ ਵਿਚ ਭਾਰਤ ‘ਚ ਮੁਸਲਮਾਨਾਂ, ਸਿੱਖਾਂ, ਇਸਾਈਆ, ਦਲਿਤਾਂ ਤੇ ਆਦਿਵਾਸੀਆ ਵਿਰੁੱਧ ਜਾਨਲੇਵਾ ਹਮਲੇ ਤੇ ਉਨ੍ਹਾਂ ਨੂੰ ਧਮਕਾਉਣ ਦੀਆਂ ਕਾਰਵਾਈਆ ਸੰਬੰਧੀ ਅਤਿ ਚਿੰਤਾਜਨਕ ਰਿਪੋਰਟ ਜਾਰੀ ਕਰਦੇ ਹੋਏ ਯੂ.ਐਸ. ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਨੂੰ ਜਾਣੂ ਕਰਵਾਇਆ ਹੈ । ਹੁਣ ਇਹ ਦੂਸਰੀ ਵਾਰ ਇੰਡੀਆ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਵੱਡੇ ਉਲੰਘਣ ਸੰਬੰਧੀ ਆਈ ਰਿਪੋਰਟ ਉਪਰੰਤ ਇੰਡੀਆ ਦੇ ਹੁਕਮਰਾਨ ਜਿਨ੍ਹਾਂ ਦੇ ਮੁਖੋਟੇ ਉਤੇ ਜ਼ਬਰ ਜੁਲਮ ਕਰਨ ਦਾ ਕਾਲਾ ਧੱਬਾ ਲੱਗ ਚੁੱਕਾ ਹੈ, ਉਹ ਆਪਣੇ ਆਪ ਨੂੰ ਇਨ੍ਹਾਂ ਕੌਮਾਂਤਰੀ ਪੱਧਰ ਦੀਆਂ ਰਿਪੋਰਟਾਂ ਤੋ ਕਿਸ ਤਰ੍ਹਾਂ ਪਾਸੇ ਕਰ ਸਕਦੇ ਹਨ ਅਤੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ, ਵਿਸੇਸ ਤੌਰ ਤੇ ਸਿੱਖ ਕੌਮ ਉਤੇ ਹੋ ਰਹੇ ਹਕੂਮਤੀ ਜ਼ਬਰ ਨੂੰ ਕਿਵੇ ਝੁਠਲਾਅ ਸਕਦੇ ਹਨ ?