ਕਪੂਰਥਲਾ, ਜਲੰਧਰ ਆਦਿ ਜਿ਼ਲ੍ਹਿਆਂ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ, ਉਸ ਲਈ ਸਟੇਂਟ ਜ਼ਬਰ ਦੇ ਕਾਲੇ ਕਾਨੂੰਨ ਜਿ਼ੰਮੇਵਾਰ : ਮਾਨ

ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਸਾਡੇ ਕੋਲ ਤੱਥਾਂ ਸਹਿਤ ਇਹ ਸੂਚਨਾਂ ਹੈ ਕਿ ਜਲੰਧਰ, ਕਪੂਰਥਲਾ, ਹੁਸਿਆਰਪੁਰ, ਨਵਾਂਸ਼ਹਿਰ ਆਦਿ ਦੋਆਬੇ ਇਲਾਕੇ ਦੇ ਪਿੰਡਾਂ ਦੇ ਪਿੰਡ ਤੇਜ਼ੀ ਨਾਲ ਖਾਲੀ ਹੁੰਦੇ ਜਾ ਰਹੇ ਹਨ । ਕਿਉਂਕਿ ਇਕ ਤਾਂ ਪੰਜਾਬੀ, ਸਿੱਖ ਨੌਜਵਾਨਾਂ ਅਤੇ ਪਰਿਵਾਰਾਂ ਉਤੇ ਸਟੇਂਟ ਜ਼ਬਰ ਵਿਚ ਵੱਡਾ ਵਾਧਾ ਹੋ ਰਿਹਾ ਹੈ, ਦੂਸਰਾ ਸਟੇਂਟ ਦੀ ਅਗਵਾਈ ਕਰਨ ਵਾਲੇ ਸਿਆਸਤਦਾਨਾਂ ਵੱਲੋ ਯੂਨੀਵਰਸਲ ਸਿਵਲ ਕੋਡ, ਸੀ.ਏ.ਏ, ਐਨ.ਆਰ.ਸੀ, ਐਨ.ਪੀ.ਆਰ, ਅਫਸਪਾ, ਯੂਏਪੀਏ, ਐਨ.ਐਸ.ਏ ਆਦਿ ਵਰਗੇ ਕਾਲੇ ਕਾਨੂੰਨਾਂ ਨੂੰ ਸਾਡੇ ਉਤੇ ਜ਼ਬਰੀ ਦੁਰਵਰਤੋ ਕਰਕੇ ਤਸੱਦਦ ਢਾਹਿਆ ਜਾ ਰਿਹਾ ਹੈ । ਫਿਰ ਵੱਡੇ ਪੱਧਰ ਤੇ ਸਿੱਖ ਨੌਜ਼ਵਾਨ ਬੱਚੇ, ਬੱਚੀਆਂ ਵੱਡੀਆ ਡਿਗਰੀਆਂ ਪ੍ਰਾਪਤ ਕਰਨ ਉਪਰੰਤ ਵੀ ਉਨ੍ਹਾਂ ਲਈ ਸਟੇਟ ਵੱਲੋ ਕੋਈ ਰੁਜਗਾਰ ਪ੍ਰਦਾਨ ਕਰਨ ਦਾ ਪ੍ਰਬੰਧ ਹੀ ਨਹੀ ਜੇਕਰ ਬਹੁਤ ਘੱਟ ਪ੍ਰਤੀਸ਼ਤ ਨੌਜਵਾਨਾਂ ਨੂੰ ਕੋਈ ਪ੍ਰਾਈਵੇਟ ਜਾਂ ਸਰਕਾਰੀ ਤੌਰ ਤੇ ਠੇਕੇਦਾਰੀ ਸਿਸਟਮ ਅਧੀਨ ਕੰਮ ਮਿਲਦਾ ਹੈ, ਤਾਂ ਉਹ ਕੇਵਲ 10000, 12000 ਤੱਕ ਦਾ ਮਿਹਨਤਾਨਾ ਹੀ ਦਿੱਤਾ ਜਾਂਦਾ ਹੈ । ਜਿਸ ਨਾਲ ਸੰਬੰਧਤ ਨੌਜਵਾਨ ਦੇ ਆਪਣੇ ਹੀ ਨਿੱਜੀ ਖਰਚ ਪੂਰੇ ਨਹੀ ਹੁੰਦੇ । ਇਹੀ ਵਜਹ ਹੈ ਕਿ ਵੱਡੀ ਗਿਣਤੀ ਵਿਚ ਨੌਜਵਾਨੀ ਵਿਦੇਸ਼ਾਂ ਵਿਚ ਜਾ ਕੇ ਵੱਸ ਰਹੀ ਹੈ । ਇੰਡੀਅਨ ਸਟੇਂਟ ਵੱਲੋ ਉਸੇ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਹੈ ਜਿਵੇਂ 1933 ਵਿਚ ਜਰਮਨ ਵਿਚ ਯਹੂਦੀਆਂ ਉਤੇ ਨਾਜੀਆ ਅਤੇ ਹਿਟਲਰ ਵੱਲੋ ਅਣਮਨੁੱਖੀ, ਗੈਰ-ਇਨਸਾਨੀਅਤ ਢੰਗਾਂ ਰਾਹੀ ਜ਼ਬਰ ਦਾ ਕੁਹਾੜਾ ਚਲਾਇਆ ਗਿਆ ਸੀ। ਜਿਸਦੀ ਬਦੌਲਤ ਸਿਆਣੇ ਅਤੇ ਸੂਝਵਾਨ ਯਹੂਦੀਆਂ ਵੱਲੋ ਜਰਮਨ ਨੂੰ ਛੱਡਕੇ ਵੱਡੀ ਗਿਣਤੀ ਵਿਚ ਵਿਦੇਸ਼ਾਂ ‘ਚ ਹਿਜਰਤ ਕੀਤੀ ਗਈ ਸੀ । ਉਸੇ ਤਰ੍ਹਾਂ ਅੱਜ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਨੌਜਵਾਨ, ਬੱਚੇ-ਬੱਚੀਆਂ ਨਾਲ ਵਰਤਾਰਾ ਵਾਪਰ ਰਿਹਾ ਹੈ । ਜਿਸ ਲਈ ਸਟੇਂਟ ਦੀਆਂ ਜ਼ਾਬਰ ਅਤੇ ਨੌਜਵਾਨੀ ਨੂੰ ਸਹੀ ਸੇਧ ਨਾ ਦੇਣ, ਉਨ੍ਹਾਂ ਲਈ ਸਹੀ ਢੰਗ ਨਾਲ ਰੁਜਗਾਰ ਪੈਦਾ ਨਾ ਕਰਨ ਅਤੇ ਉਚੇਚੇ ਤੌਰ ਤੇ ਉਨ੍ਹਾਂ ਵਿਚ ਡਰ ਅਤੇ ਦਹਿਸਤ ਪੈਦਾ ਕਰਨ ਦੇ ਅਮਲ ਹੀ ਜਿੰਮੇਵਾਰ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੋਆਬੇ ਦੇ ਪਿੰਡਾਂ ਦੇ ਪਿੰਡਾਂ ਵਿਚੋਂ ਬੱਚੇ-ਬੱਚੀਆਂ, ਪਰਿਵਾਰਾਂ ਦਾ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਕੇ ਵੱਸਣ ਅਤੇ ਪਿੰਡਾਂ ਦੇ ਪਿੰਡ ਖਾਲੀ ਹੋ ਜਾਣ ਦੇ ਹੋ ਰਹੇ ਪੰਜਾਬ ਸੂਬੇ ਵਿਰੋਧੀ ਵਰਤਾਰੇ ਲਈ ਇੰਡੀਅਨ ਸਟੇਂਟ ਅਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਜ਼ਾਬਰ ਅਤੇ ਦਿਸ਼ਾਹੀਣ ਨੀਤੀਆ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਨੌਜਵਾਨੀ ਵਿਚ ਡਰ-ਦਹਿਸਤ ਪੈਦਾ ਕਰਨ ਦੀ ਹਕੂਮਤੀ ਸੋਚ ਨੂੰ ਮੁੱਖ ਕਾਰਨ ਗਰਦਾਨਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਜ਼ਬਰ ਦੀ ਇੰਤਹਾ ਉਦੋ ਹੋ ਜਾਂਦੀ ਹੈ ਜਦੋ ਸਾਡੀ ਘੱਟ ਗਿਣਤੀ ਕੌਮ ਦੇ ਸਿੱਖ ਕਾਤਲਾਂ ਨੂੰ ਜੱਜਾਂ, ਵਕੀਲਾਂ, ਅਦਾਲਤਾਂ ਤੇ ਸਿਆਸਤਦਾਨਾਂ ਵੱਲੋ ਕਾਨੂੰਨੀ ਸਜਾਵਾਂ ਦੇਣ ਤੋ ਬਚਾਉਣ ਲਈ ਅਮਲ ਹੁੰਦੇ ਜਾ ਰਹੇ ਹਨ । ਇਥੋ ਤੱਕ ਕਾਨੂੰਨੀ ਤੌਰ ਤੇ ਆਪਣੀਆ ਸਜਾਵਾਂ ਪੂਰੀਆਂ ਕਰ ਚੁੱਕੇ ਉਹ ਸਿੱਖ ਨੌਜਵਾਨ ਜੋ ਅੱਜ 30-30, 35-35 ਸਾਲਾਂ ਤੋ ਜੇਲ੍ਹਾਂ ਵਿਚ ਬੰਦੀ ਹਨ ਉਨ੍ਹਾਂ ਨੂੰ ਵੀ ਰਿਹਾਅ ਕਰਨ ਤੋ ਹੁਕਮਰਾਨਾਂ ਵੱਲੋ ਆਨਾਕਾਨੀ ਕੀਤੀ ਜਾ ਰਹੀ ਹੈ । ਦੂਸਰਾ ਸਿੱਖ ਨੌਜਵਾਨੀ ਉਤੇ, ਜਿਨ੍ਹਾਂ ਨੇ ਆਪਣੇ ਸਿੱਖੀ ਸਰੂਪ ਨੂੰ ਪੰਜਾਂ ਕਕਾਰਾਂ ਰਾਹੀ ਸਹੀ ਰੱਖਿਆ ਹੋਇਆ ਹੈ ਅਤੇ ਆਪਣੇ ਜੀਵਨ ਵਿਚ ਅਮਲੀ ਰੂਪ ਵਿਚ ਗੁਰਸਿੱਖੀ ਜੀਵਨ ਬਤੀਤ ਕਰ ਰਹੇ ਹਨ ਉਨ੍ਹਾਂ ਨੂੰ ਸਟੇਟ ਵੱਲੋ ਨਿਸ਼ਾਨਾਂ ਬਣਾਕੇ ਝੂਠੇ ਕੇਸ ਪਾ ਕੇ ਜੇਲ੍ਹਾਂ ਤੇ ਥਾਣਿਆਂ ਵਿਚ ਬੰਦੀ ਬਣਾਇਆ ਜਾ ਰਿਹਾ ਹੈ । ਫਿਰ ਅਜਿਹੀ ਨੌਜਵਾਨੀ ਨੂੰ ਆਪਣੇ ਸੂਬੇ ਵਿਚ ਰੱਖਣ ਦੀ ਬਜਾਇ ਹਜਾਰ-ਹਜਾਰ ਕਿਲੋਮੀਟਰ ਦੂਰ ਦੂਸਰੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਕੇ ਅਣਮਨੁੱਖੀ ਵਿਵਹਾਰ ਕਰਕੇ ਉਨ੍ਹਾਂ ਦੇ ਮਨ-ਆਤਮਾ ਵਿਚ ਖੁਦ ਹੀ ਬ਼ਗਾਵਤੀ ਸੂਰਾਂ ਪੈਦਾ ਕਰਨ ਦੇ ਅਮਲ ਹੋ ਰਹੇ ਹਨ । ਜਦੋ ਨੌਜਵਾਨੀ ਕਾਨੂੰਨ ਅਨੁਸਾਰ ਆਪਣੇ ਹੱਕ ਮੰਗਦੀ ਹੈ, ਫਿਰ ਉਨ੍ਹਾਂ ਉਤੇ ਗੈਰ ਕਾਨੂੰਨੀ ਢੰਗਾਂ ਰਾਹੀ ਜ਼ਬਰ ਢਾਹਕੇ ਦਹਿਸਤ ਪਾਈ ਜਾ ਰਹੀ ਹੈ । ਇਸ ਦਹਿਸਤ ਦੀ ਬਦੌਲਤ ਹੀ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ । ਜਿਸ ਲਈ ਹੁਕਮਰਾਨ ਅਤੇ ਸਿੱਖ ਵਿਰੋਧੀ ਸਿਆਸਤਦਾਨ ਸਿੱਧੇ ਤੌਰ ਤੇ ਜਿੰਮੇਵਾਰ ਹਨ ।

Leave a Reply

Your email address will not be published. Required fields are marked *