ਹਿਮਾਚਲ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚੋ ਹਿੱਸਾ ਮੰਗਣਾ ਹਾਸੋਹੀਣੀ, ਇਸ ਮਨਸੂਬੇ ਨੂੰ ਸਫ਼ਲ ਨਹੀ ਹੋਣ ਦੇਵਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ, 03 ਜੁਲਾਈ ( ) “ਜਦੋਂ ਮੁਲਕ ਦੀ ਵੰਡ ਤੋ ਪਹਿਲੇ ਮੌਜੂਦਾ ਪਾਕਿਸਤਾਨ ਤੇ ਇੰਡੀਆ ਇਕ ਸੀ, ਤਾਂ ਉਸ ਸਮੇਂ ਪੰਜਾਬ ਸੂਬਾ ਹਿਮਾਚਲ, ਹਰਿਆਣਾ, ਰਾਜਸਥਾਂਨ, ਦਿੱਲੀ, ਜੰਮੂ ਤੱਕ ਇਕ ਸੀ । 1864 ਵਿਚ ਅੰਗਰੇਜ਼ ਹਕੂਮਤ ਵੱਲੋਂ ਇੰਡੀਆ ਤੇ ਪੰਜਾਬ ਸੂਬੇ ਦਾ ਹੈੱਡਕੁਆਰਟਰ ਸਿਮਲਾ ਹੁੰਦਾ ਸੀ ਅਤੇ ਗਰਮੀਆਂ ਵਿਚ ਸਭ ਹਕੂਮਤੀ ਕਾਰਵਾਈਆ ਸਿਮਲੇ ਤੋ ਹੀ ਹੁੰਦੀਆ ਰਹੀਆ ਹਨ । ਇਸ ਲਈ ਕੇਵਲ ਸਿਮਲੇ ਤੇ ਹੀ ਨਹੀ ਬਲਕਿ 1966 ਤੋਂ ਬਾਅਦ ਪੰਜਾਬ ਦੀ ਬਦਨੀਤੀ ਨਾਲ ਕੀਤੀ ਗਈ ਵੰਡ ਅਧੀਨ ਬਣੇ ਹਿਮਾਚਲ ਜਾਂ ਹਰਿਆਣੇ ਉਤੇ ਵੀ ਪੰਜਾਬ ਦਾ ਹੀ ਅਸਲੀ ਹੱਕ ਹੈ । ਜਦੋਂਕਿ ਕਾਂਗੜਾ, ਚੰਬਾ, ਊਨਾ, ਧਰਮਸਾਲਾਂ, ਨਾਲਾਗੜ੍ਹ, ਕਸੌਲੀ, ਹਮੀਰਪੁਰ ਆਦਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੀ ਅਧਿਕਾਰ ਖੇਤਰ ਦਾ ਹਿੱਸਾ ਹਨ । ਇਸ ਸਮੇ ਜਦੋ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਨਾਲ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਇਲਾਕਾਈ, ਪਾਣੀ, ਬਿਜਲੀ, ਕੁਦਰਤੀ ਸਾਧਨਾਂ ਦੇ ਮਲਕੀਅਤ ਨਿਯਮਾਂ ਨੂੰ ਨਜਰ ਅੰਦਾਜ ਕਰਕੇ ਪੰਜਾਬ ਵਿਚੋਂ ਇਹ ਸਾਡੇ ਹੱਕ ਜ਼ਬਰੀ ਖੋਹਕੇ ਹਿਮਾਚਲ ਤੇ ਹਰਿਆਣੇ ਨਾਲ ਜੋੜੇ ਗਏ ਹਨ ਇਹ ਅਸਲੀਅਤ ਵਿਚ ਪੰਜਾਬ ਸੂਬੇ, ਪੰਜਾਬੀਆਂ ਦੀ ਮਲਕੀਅਤ ਹੈ । ਇਹ ਤਾਂ ਉਸ ਸਮੇ ਦੇ ਵਜੀਰ-ਏ-ਆਜਮ ਮਰਹੂਮ ਇੰਦਰਾ ਗਾਂਧੀ ਨੇ ਤਾਕਤ ਦੇ ਨਸ਼ੇ ਵਿਚ ਪੰਜਾਬੀਆਂ ਅਤੇ ਉਨ੍ਹਾਂ ਦੇ ਸਭ ਕੀਮਤੀ ਸਾਧਨਾਂ ਅਤੇ ਮਲਕੀਅਤਾਂ ਨੂੰ ਲੁੱਟਕੇ ਗੈਰ-ਰੀਪੇਰੀਅਨ ਸੂਬਿਆਂ ਨੂੰ ਜ਼ਬਰੀ ਦਰਿਆਵਾ ਅਤੇ ਨਹਿਰਾਂ ਦਾ ਪਾਣੀ ਦੇ ਕੇ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਕੱਢਕੇ ਅਤੇ ਸਾਡੇ ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਨੂੰ ਗੈਰ ਕਾਨੂੰਨੀ ਢੰਗ ਨਾਲ ਖੋਹਕੇ ਸਾਡੇ ਨਾਲ ਧ੍ਰੋਹ ਕਮਾਇਆ ਹੈ । ਜੋ ਅੱਜ ਵੀ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਵਿਚ ਇਕ ਨਾਸੂਰ ਦੀ ਤਰ੍ਹਾਂ ਰੜਕਦਾ ਹੈ ਅਤੇ ਇਸ ਦਰਦ ਨੂੰ ਪੰਜਾਬੀ ਹਰ ਕੀਮਤ ਤੇ ਖਤਮ ਕਰਨ ਲਈ ਦ੍ਰਿੜ ਹਨ । ਹਿਮਾਚਲ ਦੇ ਮੁੱਖ ਮੰਤਰੀ ਸ੍ਰੀ ਸੁਖਵਿੰਦਰ ਸੁੱਖੂ ਵੱਲੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਗੈਰ ਕਾਨੂੰਨੀ ਢੰਗ ਨਾਲ ਦਾਅਵਾ ਜਿਤਾਕੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੇ ਅਮਲ ਅਤਿ ਖ਼ਤਰਨਾਕ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਦੇ ਮੁੱਖ ਮੰਤਰੀ ਵੱਲੋ ਪੰਜਾਬ ਦੀ ਮਲਕੀਅਤ ਜਮੀਨ ਉਤੇ ਉਸਾਰੇ ਗਏ ਚੰਡੀਗੜ੍ਹ ਅਤੇ ਸ੍ਰੀ ਸੁੱਖੂ ਵੱਲੋ ਦਾਅਵਾ ਜਿਤਾਕੇ ਪੰਜਾਬ ਤੇ ਇੰਡੀਆ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਕਾਂਗੜਾ, ਚੰਬਾ, ਊਨਾ, ਧਰਮਸਾਲਾਂ, ਨਾਲਾਗੜ੍ਹ, ਕਸੌਲੀ, ਹਮੀਰਪੁਰ ਆਦਿ ਜੋ ਪੰਜਾਬੀ ਬੋਲਦੇ ਇਲਾਕੇ ਹਨ ਉਹ ਤੁਰੰਤ ਪੰਜਾਬ ਨੂੰ ਦੇਣ ਦੀ ਬਾਦਲੀਲ ਢੰਗ ਨਾਲ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਾਡੇ ਕੀਮਤੀ ਪਾਣੀਆ ਨੂੰ ਜ਼ਬਰੀ ਖੋਹਿਆ ਗਿਆ ਹੈ, ਜਿਸਦੀ ਬਦੌਲਤ ਢਾਈ ਦਹਾਕੇ ਤੱਕ ਇਥੋ ਦੀ ਸਥਿਤੀ ਖ਼ਤਰਨਾਕ ਦੌਰ ਵਿਚੋ ਗੁਜਰੀ ਹੈ, ਉਸਨੂੰ ਮੁੱਖ ਰੱਖਦੇ ਹੋਏ ਹਿਮਾਚਲ ਦੇ ਮੁੱਖ ਮੰਤਰੀ ਜਾਂ ਹਰਿਆਣੇ ਦੇ ਮੁੱਖ ਮੰਤਰੀ ਪੰਜਾਬ ਸੂਬੇ ਦੇ ਮਲਕੀਅਤ ਹੱਕਾਂ ਉਤੇ ਲਾਲਸਾਈ ਨਜਰ ਰੱਖਣੀ ਬੰਦ ਕਰਨ ਤਾਂ ਇਹ ਇਨ੍ਹਾਂ ਸੂਬਿਆਂ ਤੇ ਸਮੁੱਚੇ ਮੁਲਕ ਦੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਬਿਹਤਰ ਹੋਵੇਗਾ । ਵਰਨਾ ਅਜਿਹੇ ਦਿਸ਼ਾਹੀਣ ਸਿਆਸਤਦਾਨ ਅਤੇ ਮੁਤੱਸਵੀ ਲੋਕ ਮਾੜੇ ਨਤੀਜਿਆ ਲਈ ਜਿੰਮੇਵਾਰ ਹੋਣਗੇ ਅਤੇ ਅਸੀ ਅਜਿਹੇ ਮਨਸੂਬਿਆ ਨੂੰ ਕਦੀ ਵੀ ਸਫਲ ਨਹੀ ਹੋਣ ਦੇਵਾਂਗੇ ।

Leave a Reply

Your email address will not be published. Required fields are marked *