ਦਿੱਲੀ ਨਵੀ ਪਾਰਲੀਮੈਂਟ ਦਾ ਉਦਘਾਟਨ ਸਮਾਰੋਹ ਬਿਲਕੁਲ ਫਿੱਕਾ ਅਤੇ ਨਮੋਸ਼ੀ ਵਾਲਾ ਰਿਹਾ : ਮਾਨ

ਫ਼ਤਹਿਗੜ੍ਹ ਸਾਹਿਬ, 29 ਮਈ ( ) “ਜਦੋਂ ਵੀ ਕਿਸੇ ਮੁਲਕ, ਸੂਬੇ ਆਦਿ ਦਾ ਕੋਈ ਵੱਡਾ ਪ੍ਰੋਗਰਾਮ ਹੁੰਦਾ ਹੈ, ਤਾਂ ਉਥੇ ਹਰ ਪੱਖੋ ਚਹਿਲ-ਪਹਿਲ, ਖੁਸ਼ੀਆਂ ਭਰਿਆ ਰੋਣਕ ਵਾਲਾ ਮਾਹੌਲ ਹੁੰਦਾ ਹੈ । ਬਾਜੇ-ਗਾਜੇ, ਢੋਲ-ਢਮੱਕੇ ਦੀ ਖੂਬ ਰੌਣਕ ਹੁੰਦੀ ਹੈ । ਪਰ ਜਦੋਂ ਕੱਲ੍ਹ ਦਿੱਲੀ ਨਵੀ ਪਾਰਲੀਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਮੈਂ ਸ਼ਾਮਿਲ ਹੋਇਆ ਤਾਂ ਉਥੇ ਸਾਮਿਲ ਹੋਣ ਵਾਲਿਆ ਦੇ ਚੇਹਰੇ ਉਤੇ ਨਾ ਤਾਂ ਕੋਈ ਰੌਣਕ ਸੀ ਅਤੇ ਨਾ ਹੀ ਉਥੇ ਮਿਲਟਰੀ ਬੈਡ-ਬਾਜਾ ਅਤੇ ਕਿਸੇ ਤਰ੍ਹਾਂ ਦੀ ਵੀ ਆਓ-ਭਗਤ ਲਈ ਕੋਈ ਚਾਹ-ਪਾਣੀ ਦਾ ਵੀ ਪ੍ਰਬੰਧ ਨਹੀ ਸੀ । ਜਦੋਕਿ ਮੈਂ ਸੁਝਾਅ ਦਿੱਤਾ ਸੀ ਕਿ ਇਸ ਮੌਕੇ ਮਿਲਟਰੀ ਬੈਂਡ ਨੂੰ ਬੁਲਾਇਆ ਜਾਵੇ ਅਤੇ ਦੂਸਰੇ ਸਭ ਕੌਮਾਂ, ਧਰਮਾਂ ਦੀਆਂ ਰਵਾਇਤਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਵਿਰਸੇ-ਵਿਰਾਸਤ ਦੀ ਝਲਕ ਵੀ ਇਸ ਮੌਕੇ ਉਤੇ ਦੁਨੀਆ ਭਰ ਵਿਚ ਪ੍ਰਤੱਖ ਹੋਵੇ । ਜੋ ਉਥੇ ਤਕਰੀਰਾਂ ਹੋਈਆ ਉਸ ਵਿਚ ਸਭ ਨੂੰ ਸਮਝ ਆਉਣ ਵਾਲੀ ਬੋਲੀ ਭਾਸ਼ਾ ਛੱਡਕੇ, ਸੰਸਕ੍ਰਿਤੀ ਅਤੇ ਟੁੱਟੀ-ਫੁੱਟੀ ਹਿੰਦੀ ਦੀ ਵਰਤੋ ਕੀਤੀ ਗਈ ਅਤੇ ਬਹੁਗਿਣਤੀ ਹਿੰਦੂਤਵ ਰਿਵਾਜਾ ਦਾ ਬੋਲਬਾਲਾ ਕਰਦੇ ਹੋਏ ਇਸ ਸਮਾਰੋਹ ਨੂੰ ਕੱਟੜਵਾਦੀ ਹਿੰਦੂਤਵ ਰੂਪ ਹੀ ਦਿੱਤਾ ਗਿਆ ਸੀ । ਜੋ ਅੰਗਰੇਜ਼ੀ ਦੀਆਂ ਤਕਰੀਰਾਂ ਦਾ ਉਲੱਥਾ ਕਰਨ ਵਾਲੇ ਸਨ, ਉਨ੍ਹਾਂ ਦੀ ਵੀ ਭਾਸ਼ਾ-ਬੋਲੀ ਅਜਿਹੀ ਸੀ ਜੋ ਕਿ ਇਥੇ ਸਭ ਵਰਗਾਂ ਦੇ ਨੁਮਾਇੰਦਿਆ ਨੂੰ ਸਮਝ ਨਹੀ ਸੀ ਪੈਦੀ । ਜਿਵੇ ਤਿਰੰਗੇ ਝੰਡੇ ਵਿਚ ਸਿੱਖ ਕੌਮ ਦੀ ਕੋਈ ਯਾਦਗਰ ਨਹੀ ਰੱਖੀ ਗਈ, ਉਸੇ ਤਰ੍ਹਾਂ ਸਿੱਖ ਕੌਮ ਦੀ ਕਿਸੇ ਵੀ ਮਹੱਤਵਪੂਰਨ ਗੱਲ ਨੂੰ ਇਸ ਸਮੇ ਯਾਦ ਨਾ ਕਰਕੇ ਨਜ਼ਰ ਅੰਦਾਜ ਕੀਤਾ ਗਿਆ ਜੋ ਪਾਰਲੀਮੈਂਟ ਉਦਘਾਟਨ ਸਮਾਰੋਹ ਨੂੰ ਖੁਸ਼ੀਆਂ ਵਿਚ ਉਜਾਗਰ ਕਰਨ ਦੀ ਬਜਾਇ ਫਿੱਕਾ ਤੇ ਨਮੋਸ਼ੀ ਭਰਿਆ ਜਾਹਰ ਕਰ ਰਿਹਾ ਸੀ । ਬਲਕਿ ਕਿਸੇ ਤਰ੍ਹਾਂ ਦਾ ਵੀ ਖੁਸ਼ੀ ਚਾਵਾ ਵਾਲਾ ਜਲੌਅ ਨਹੀ ਸੀ । ਜਦੋਕਿ ਇੰਡੀਆ ਦੀ ਇਹ ਰਵਾਇਤ ਰਹੀ ਹੈ ਕਿ ਅਜਿਹੇ ਸਮਿਆ ਤੇ ਪੂਰੇ ਜਲੌਅ, ਖੁਸ਼ੀਆਂ, ਚਾਵਾਂ ਨਾਲ ਅਜਿਹੇ ਸਮਾਗਮਾਂ ਦੀ ਆਰੰਭਤਾ ਅਤੇ ਸੰਪਨ ਹੋਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਨਵੀ ਦਿੱਲੀ ਵਿਖੇ ਨਵੀ ਪਾਰਲੀਮੈਂਟ ਦੇ ਉਦਘਾਟਨ ਸਮਾਰੋਹ ਸਮੇ ਜੋ ਨਮੋਸ਼ੀਜਨਕ ਵਰਤਾਰਾ ਮਹਿਸੂਸ ਕੀਤਾ ਉਸਦਾ ਵਰਣਨ ਕਰਦੇ ਹੋਏ ਅਤੇ ਇਸ ਸਮਾਰੋਹ ਨੂੰ ਨਮੋਸ਼ੀਜਨਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੈਂ ਉਥੇ ਸ. ਸੁਖਬੀਰ ਸਿੰਘ ਦੇ ਸਾਹਮਣੇ ਆਉਣ ਸਮੇ ਉਨ੍ਹਾਂ ਨੂੰ ਫ਼ਤਹਿ ਬੁਲਾਈ ਅਤੇ ਸਾਬਕਾ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੂੰ ਵੀ ਫ਼ਤਹਿ ਬੁਲਾਉਦੇ ਹੋਏ ਕਿਹਾ ਕਿ ਤੁਸੀ ਖ਼ਾਲਸਾ ਪੰਥ ਨੂੰ ਅਲਵਿਦਾ ਕਹਿਕੇ ਕੱਟੜਵਾਦੀ ਫਿਰਕੂ ਜਮਾਤ ਬੀਜੇਪੀ ਵਿਚ ਕਿਉ ਸਾਮਿਲ ਹੋ ਗਏ ਹੋ ? ਉਨ੍ਹਾਂ ਦਾ ਜੁਆਬ ਸੀ ਕਿ ਮੈ ਸਾਰੀ ਉਮਰ ਅਕਾਲੀ ਦਲ ਵਿਚ ਲਗਾ ਦਿੱਤੀ ਲੇਕਿਨ ਮੌਜੂਦਾ ਅਕਾਲੀ ਦਲ ਅਸੂਲਾਂ ਤੇ ਨਿਯਮਾਂ ਤੋ ਡਿੱਗਕੇ ਖੇਰੂ-ਖੇਰੂ ਹੋ ਚੁੱਕਿਆ ਹੈ । ਹੁਣ ਇਸ ਵਿਚ ਰਹਿਣ ਦਾ ਕੋਈ ਮਤਲਬ ਨਹੀ ਰਹਿ ਜਾਂਦਾ । ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੀ ਪਾਰਟੀ ਜੋ ਸਿੱਖ ਕੌਮ ਦੀ ਆਜਾਦੀ ਦਾ ਸੰਘਰਸ਼ ਲੜ ਰਹੀ ਹੈ ਉਸ ਵਿਚ ਆ ਜਾਂਦੇ । ਮੈਂ ਫਿਰ ਕਿਹਾ ਕਿ ਠੀਕ ਹੈ ਤੁਸੀ ਜਿਸ ਪਾਰਟੀ ਵਿਚ ਵੀ ਹੋ, ਪਰ ਹੋ ਤਾਂ ਤੁਸੀ ਜਮਾਦਰੂ ਸਿੱਖ ਅਤੇ ਆਪਣੇ ਮਨ ਵਿਚ ਥੋੜ੍ਹੀ ਥਾਂ ‘ਖ਼ਾਲਿਸਤਾਨ’ ਲਈ ਵੀ ਰੱਖ ਲਿਓ, ਤਾਂ ਕਿ ਕੌਮੀ ਮੰਜਿਲ ਨੂੰ ਵੀ ਕੋਈ ਬਲ ਮਿਲ ਸਕੇ । ਇਸ ਤਰ੍ਹਾਂ ਇਕ-ਦੂਜੇ ਤੋ ਹੱਸਦੇ ਹੋਏ ਵਿਦਾਇਗੀ ਲਈ ਗਈ।

Leave a Reply

Your email address will not be published. Required fields are marked *