ਦੂਸਰੀਆਂ ਪਾਰਟੀਆਂ ਤੋਂ ਆਏ ਬਾਗੀਆ ਵਿਚੋਂ 35 ਨੂੰ ਆਪਣੇ ਉਮੀਦਵਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਸਾਫ਼ ਸੁਥਰੀ ਹਕੂਮਤ ਕਿਵੇਂ ਦੇ ਸਕਦੀ ਹੈ ? : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਸ੍ਰੀ ਕੇਜਰੀਵਾਲ, ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਆਗੂ ਪੰਜਾਬੀਆਂ ਤੇ ਸਿੱਖ ਕੌਮ ਅੱਗੇ ਮੀਡੀਏ ਰਾਹੀ ਇਹ ਜੋਰਦਾਰ ਪ੍ਰਚਾਰ ਕਰ ਰਹੇ ਹਨ ਕਿ ਅਸੀ ਬਹੁਤ ਹੀ ਇਮਾਨਦਾਰ ਹਾਂ । ਸਾਡੇ ਕੋਲ ਪੰਜਾਬ ਦੇ ਮਸਲਿਆ ਨੂੰ ਹੱਲ ਕਰਨ ਲਈ ਜਾਦੂ ਸ਼ਕਤੀ ਹੈ ਅਤੇ ਪੰਜਾਬ ਦੇ ਮਸਲਿਆ ਨੂੰ ਹੱਲ ਕਰਨ ਦੀ ਪੂਰੀ ਸਮਰੱਥਾਂ ਰੱਖਦੇ ਹਾਂ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਨ੍ਹਾਂ ਤੋ ਪੁੱਛਣਾ ਚਾਹੇਗੀ ਕਿ ਜਿਸ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਦੂਸਰੀਆ ਪਾਰਟੀਆ ਵਿਚੋਂ ਬਾਗੀ ਹੋਕੇ ਆਏ ਆਗੂਆਂ ਦੀ ਵੱਡੀ ਗਿਣਤੀ 35 ਨੂੰ ਟਿਕਟਾਂ ਦੇਕੇ ਨਿਵਾਜਿਆ ਹੈ, ਫਿਰ ਅਜਿਹੇ ਆਗੂ ਅਤੇ ਪਾਰਟੀ ਕਿਸ ਤਰ੍ਹਾਂ ਪੰਜਾਬ ਨਿਵਾਸੀਆ ਨੂੰ ਰਿਸਵਤ ਤੋ ਰਹਿਤ ਪਾਰਦਰਸੀ ਵਾਲਾ ਸਾਫ਼ ਸੁਥਰਾ ਪ੍ਰਬੰਧ ਦੇਣ ਦੇ ਸਮਰੱਥ ਹੋ ਸਕਦੀ ਹੈ ? ਦੂਸਰਾ ਸ੍ਰੀ ਕੇਜਰੀਵਾਲ ਦੀ ਦਿੱਲੀ ਸਰਕਾਰ ਵਿਚ ਮੰਤਰੀ ਦੇ ਪੱਦ ਉਤੇ ਕੰਮ ਕਰ ਰਹੇ ਸਤਿੰਦਰ ਜੈਨ ਨੇ ਹੁਣੇ ਹੀ ਕਰੋੜਾਂ ਰੁਪਏ ਦੀ ਘਪਲੇਬਾਜੀ ਕੀਤੀ ਹੈ । ਉਸ ਵਿਰੁੱਧ ਸ੍ਰੀ ਕੇਜਰੀਵਾਲ ਨੇ ਨਾ ਤਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਨਾ ਹੀ ਉਸ ਵਿਰੁੱਧ ਕੁਝ ਬੋਲੇ ਹਨ। ਜਿਸਦਾ ਮਤਲਬ ਸਾਫ ਹੈ ਕਿ ਸ੍ਰੀ ਜੈਨ ਵੱਲੋ ਕੀਤੀ ਗਈ ਵੱਡੀ ਹੇਰਾ ਫੇਰੀ, ਦਾਲ ਵਿਚ ਜ਼ਰੂਰ ਕੁਝ ਕਾਲਾ ਹੈ । ਜਿਸ ਕਰਕੇ ਸ੍ਰੀ ਕੇਜਰੀਵਾਲ ਨੇ ਦਿੱਲੀ ਐਨਾ ਵੱਡਾ ਗਬਨ ਹੋਣ ਤੇ ਵੀ ਇਕ ਵੀ ਸ਼ਬਦ ਨਹੀਂ ਬੋਲਿਆ । ਜੋ ਪੰਜਾਬ ਵਿਚ ਸਤ੍ਹਾ ਪ੍ਰਾਪਤੀ ਦੀ ਲਾਲਸਾ ਅਧੀਨ ਅੱਛਾ ਪ੍ਰਬੰਧ ਦੇਣ ਦੀਆਂ ਡੀਗਾਂ ਮਾਰ ਰਹੇ ਹਨ, ਉਸਦਾ ਖੁਦ-ਬ-ਖੁਦ ਇਨ੍ਹਾਂ ਦੀਆਂ ਕਾਰਵਾਈਆ ਤੋਂ ਪ੍ਰਤੱਖ ਹੋ ਰਿਹਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਫ਼-ਸੁਥਰਾ ਰਿਸਵਤ ਤੋ ਰਹਿਤ ਰਾਜ ਪ੍ਰਬੰਧ ਪੰਜਾਬੀਆ ਨੂੰ ਦੇਣ ਦੀਆਂ ਆਮ ਆਦਮੀ ਪਾਰਟੀ ਵੱਲੋਂ ਮਾਰੀਆ ਜਾ ਰਹੀਆ ਡੀਗਾਂ ਅਤੇ ਥੋਕ ਵਿਚ ਮੁਫਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਐਲਾਨਾਂ ਉਤੇ ਸ੍ਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬੀਆ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਵੋਟਾਂ ਪੈਣ ਤੋ ਪਹਿਲੇ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੀ ਕਾਰਵਾਈ ਕਿ ਜਿਸ ਕਾਤਲ ਅਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੇ ਬੀਤੇ ਸਮੇਂ ਵਿਚ ਆਪਣੇ ਡੇਰੇ ਵਿਚ ਬੀਬੀਆਂ ਨਾਲ ਵੱਡੀ ਗਿਣਤੀ ਵਿਚ ਜ਼ਬਰ-ਜ਼ਨਾਹ ਕੀਤੇ ਅਤੇ ਆਪਣੇ ਕੁਕਰਮਾ ਨੂੰ ਛੁਪਾਉਣ ਲਈ ਡੇਰੇ ਵਿਚ ਹੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰਕੇ ਉਥੇ ਦਬਾਇਆ, ਜਿਨ੍ਹਾਂ ਦੇ ਕੰਕਾਲ ਨਿਕਲ ਰਹੇ ਹਨ ਅਤੇ ਜਿਸਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜਸੀ ਢੰਗਾਂ ਰਾਹੀ ਪੰਜਾਬ ਵਿਚ ਬੇਅਦਬੀਆਂ ਦੇ ਅਮਲ ਕਰਵਾਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਕੇ, ਨਕਲੀ ‘ਅੰਮ੍ਰਿਤ’ ਤਿਆਰ ਕਰਕੇ ਸਿੱਖੀ ਭਾਵਨਾਵਾ ਨੂੰ ਕੁਚਲਿਆ, ਉਸਦੀ ਰਿਹਾਈ ਹੋਣ ਤੇ ਸ੍ਰੀ ਕੇਜਰੀਵਾਲ ਉਸਦਾ ਜੋਰਦਾਰ ਸਵਾਗਤ ਕਰ ਰਹੇ ਹਨ ਅਤੇ ਨਾਲ ਹੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਠੇਸ ਪਹੁੰਚਾਉਦੇ ਹੋਏ ਉਨ੍ਹਾਂ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿਕਣ ਦੀ ਕਾਰਵਾਈ ਵੀ ਕਰ ਰਹੇ ਹਨ । ਹੁਣ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਖੁਦ ਹੀ ਫੈਸਲਾ ਕਰਨ ਕਿ ਅਜਿਹੇ ਗੈਰ-ਸਿਧਾਤਿਕ ਅਤੇ ਸਵਾਰਥੀ ਸੋਚ ਦੇ ਮਾਲਕ ਸ੍ਰੀ ਕੇਜਰੀਵਾਲ ਤੇ ਉਸਦੀ ਆਮ ਆਦਮੀ ਪਾਰਟੀ ਪੰਜਾਬ ਵਿਚ ਕਿਹੜਾ ਕ੍ਰਿਸਮਾ ਕਰ ਸਕੇਗੀ ? ਇਹ ਤਾਂ ਪਹਿਲੇ ਨਾਲੋ ਵੀ ਪੰਜਾਬ ਦੇ ਹਾਲਾਤਾਂ ਨੂੰ ਬਦਤਰ ਅਤੇ ਵਿਸਫੋਟਕ ਬਣਾ ਦੇਣਗੇ । ਇਸ ਲਈ ਪੰਜਾਬ ਨਿਵਾਸੀ ਤੇ ਸਿੱਖ ਕੌਮ 20 ਫਰਵਰੀ ਨੂੰ ਭੁੱਲਕੇ ਵੀ ਕੋਈ ਅਜਿਹੀ ਗੁਸਤਾਖੀ ਨਾ ਕਰਨ ਕਿ ਆਪ ਦੇ ਕਿਸੇ ਉਮੀਦਵਾਰ ਨੂੰ ਵੋਟ ਪਾਉਣ ਦੀ ਸੋਚਣ । ਇਸ ਗੱਲ ਤੋਂ ਪੰਜਾਬ ਨਿਵਾਸੀ ਸਮਝ ਸਕਦੇ ਹਨ ਕਿ ਪੰਜਾਬ ਦੀਆਂ ਚੋਣਾਂ ਨੂੰ ਜਿੱਤਣ ਲਈ ਸ੍ਰੀ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਦੇ ਆਗੂਆ ਦੇ ‘ਹਾਥੀ ਦੇ ਦੰਦ ਖਾਂਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ’ ਦੀ ਗੱਲ ਸਹੀ ਢੁੱਕਦੀ ਹੈ ।