ਇੰਡੀਆਂ ਦੇ ਹੁਕਮਰਾਨ ‘ਆ ਬੈਲ ਮੁਝੇ ਮਾਰ’ ਦੀ ਨੀਤੀ ਉਤੇ ਕਿਉਂ ਅਮਲ ਕਰਦੇ ਆ ਰਹੇ ਹਨ, ਸਾਨੂੰ ਵੀ ਸਮਝਾਉਣ ? : ਮਾਨ

ਫ਼ਤਹਿਗੜ੍ਹ ਸਾਹਿਬ, 09 ਜੂਨ ( ) “ਇੰਡੀਆਂ ਦੇ ਹੁਕਮਰਾਨ ਲੰਮੇ ਸਮੇ ਤੋ ਅਜਿਹੀਆ ਨੀਤੀਆ ਅਤੇ ਸੋਚ ਉਤੇ ਅਮਲ ਕਰਦੇ ਆ ਰਹੇ ਹਨ, ਜਿਸ ਨਾਲ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੀ ਅਣਖ਼-ਗੈਰਤ ਨੂੰ ਠੇਸ ਪਹੁੰਚੇ ਅਤੇ ਉਨ੍ਹਾਂ ਉਤੇ ਹੋਣ ਵਾਲੇ ਹਕੂਮਤੀ ਜ਼ਬਰ-ਜੁਲਮ ਵਿਚ ਵਾਧਾ ਹੋਵੇ । ਹੁਣੇ ਹੀ ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਵੀਅਤਨਾਮ ਵਰਗੇ ਉਸ ਮੁਲਕ ਦੇ ਦੌਰੇ ਤੇ ਗਏ ਹਨ ਅਤੇ ਉਨ੍ਹਾਂ ਨਾਲ ਰੱਖਿਆ ਸੰਧੀਆਂ ਤੇ ਸਮਝੋਤੇ ਕਰ ਰਹੇ ਹਨ । ਜਿਸਨੇ 1984 ਵਿਚ ਮਰਹੂਮ ਇੰਦਰਾ ਗਾਂਧੀ ਵਜ਼ੀਰ-ਏ-ਆਜਮ ਹਿੰਦ ਵੱਲੋ ਬਰਤਾਨੀਆ ਅਤੇ ਰੂਸ ਫ਼ੌਜਾਂ ਨਾਲ ਮਿਲਕੇ ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਟੈਕਾਂ, ਤੋਪਾਂ ਨਾਲ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਉਥੇ ਸਰਧਾਪੂਰਵਕ ਦਰਸ਼ਨ ਕਰਨ ਆਏ 25 ਹਜਾਰ ਦੇ ਕਰੀਬ ਨਿਹੱਥੇ ਤੇ ਨਿਰਦੋਸ਼ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਇਸ ਹੋਏ ਹਮਲੇ ਉਤੇ ਇਸ ਵੀਅਤਨਾਮ ਮੁਲਕ ਨੇ ਮਰਹੂਮ ਇੰਦਰਾ ਗਾਂਧੀ ਨੂੰ ਮੁਬਾਰਕਬਾਦ ਦਿੱਤੀ ਸੀ । ਦੂਸਰਾ ਅਜਿਹੇ ਵੀਅਤਨਾਮ ਵਰਗੇ ਮੁਲਕਾਂ ਨਾਲ ਸਾਂਝ ਪਾ ਕੇ ਆਪਣੇ ਗੁਆਂਢੀ ਮੁਲਕ ਚੀਨ ਵਿਰੁੱਧ ਏਸੀਆ ਖਿੱਤੇ ਵਿਚ ਚੀਨ ਵਿਰੋਧੀ ਗਰੁੱਪ ਨੂੰ ਮਜ਼ਬੂਤ ਕਰਨ ਦੀ ਮੰਦਭਾਵਨਾ ਹੈ । ਹੁਣ ਸਵਾਲ ਇਹ ਉੱਠਦਾ ਹੈ ਕਿ ਇੰਡੀਆ ਦੇ ਇਹ ਹੁਕਮਰਾਨ ਬਾਰ-ਬਾਰ ਅਜਿਹੀਆ ‘ਆ ਬੈਲ ਮੁਝੇ ਮਾਰ’ ਵਾਲੀਆ ਕਾਰਵਾਈਆ ਕਿਉਂ ਕਰਦੇ ਆ ਰਹੇ ਹਨ ? ਇਸ ਨਾਲ ਇੰਡੀਆ ਦੇ ਨਿਵਾਸੀਆ ਨੂੰ ਤਾਂ ਕੋਈ ਫਾਇਦਾ ਨਹੀ ਹੋ ਰਿਹਾ, ਫਿਰ ਅਜਿਹਾ ਕਿਸ ਮਕਸਦ ਲਈ ਕੀਤਾ ਜਾ ਰਿਹਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਫਿਰਕੂ ਘੱਟ ਗਿਣਤੀ ਕੌਮਾਂ ਵਿਰੋਧੀ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਦੀਆਂ ਕੁਝ ਸਮੇ ਤੋ ਇੰਡੀਆ ਦੇ ਅਮਨ ਚੈਨ ਅਤੇ ਇਥੋ ਦੇ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਣ ਅਤੇ ਹੁੰਦੇ ਆ ਰਹੇ ਅਮਲਾਂ ਅਤੇ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਥੋ ਦੇ ਹੁਕਮਰਾਨਾਂ ਨੂੰ ਘੱਟ ਗਿਣਤੀ ਕੌਮਾਂ ਦੇ ਏਸੀਆ ਖਿੱਤੇ ਦੇ ਮੁਲਕਾਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੀ ਵਿਤਕਰੇ ਭਰੀ ਅਤੇ ਮੁਸਲਿਮ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ ਕਿ 05 ਅਗਸਤ 2019 ਨੂੰ ਹੁਕਮਰਾਨਾਂ ਨੇ ਕਸ਼ਮੀਰੀਆਂ ਨੂੰ ਵਿਧਾਨ ਦੀ ਧਾਰਾ 35ਏ ਅਤੇ ਆਰਟੀਕਲ 370 ਰਾਹੀ ਮਿਲੇ ਖੁਦਮੁਖਤਿਆਰੀ ਦੇ ਹੱਕ ਨੂੰ ਖਤਮ ਕਰਕੇ ਕਸ਼ਮੀਰੀਆਂ ਦੀ ਆਜਾਦੀ ਨੂੰ ਪੂਰਨ ਰੂਪ ਵਿਚ ਕੁੱਚਲ ਦਿੱਤਾ । ਫਿਰ ਜੰਮੂ-ਕਸ਼ਮੀਰ ਅਤੇ ਲਦਾਖ ਨੂੰ ਵੱਖੋ-ਵੱਖਰੇ ਕਰਕੇ ਇਨ੍ਹਾਂ ਨੂੰ ਯੂਨੀਅਨ ਟੈਰੀਟਰੀ ਐਲਾਨ ਦਿੱਤਾ ਗਿਆ ਅਤੇ ਕਸ਼ਮੀਰ ਸੂਬੇ ਦੇ ਰੁਤਬੇ ਨੂੰ ਖ਼ਤਮ ਕਰ ਦਿੱਤਾ ਗਿਆ । ਫਿਰ ਉਥੇ ਜ਼ਬਰੀ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਨਿਰੰਤਰ ਲੰਮੇ ਸਮੇ ਤੋ ਕਸ਼ਮੀਰੀਆਂ ਉਤੇ ਹਕੂਮਤੀ ਜ਼ਬਰ ਢਾਹਿਆ ਜਾ ਰਿਹਾ ਹੈ । ਉਨ੍ਹਾਂ ਦੀ ਆਵਾਜ ਬੁਲੰਦ ਕਰਨ ਵਾਲੇ ਜਨਾਬ ਯਾਸੀਨ ਮਲਿਕ ਵਰਗੇ ਆਗੂ ਉਤੇ ਝੂਠੇ ਕੇਸ ਦਰਜ ਕਰਕੇ ਬੰਦੀ ਬਣਾ ਦਿੱਤਾ ਗਿਆ ਹੈ । ਫਿਰ ਬਨਾਰਸ ਦੇ ਗਿਆਨਵਾਪੀ ਮੰਦਰ ਵਿਚ ਹਜਾਰਾਂ ਸਾਲਾਂ ਬਾਅਦ ਸਿਵਲਿੰਗ ਹੋਣ ਦਾ ਰੌਲਾ ਪਾ ਕੇ ਇਸਲਾਮਿਕ ਮਸਜਿਦਾਂ, ਧਾਰਮਿਕ ਸਥਾਨਾਂ ਉਤੇ ਜ਼ਬਰੀ ਸਿਵਲਿੰਗ ਦੇ ਮੰਦਰ ਬਣਾਉਣ ਦੀਆਂ ਸਾਜਿ਼ਸਾਂ ਰਚ ਰਹੇ ਹਨ ਅਤੇ ਦੋ ਫਿਰਕਿਆ ਵਿਚ ਨਫਰਤ ਪੈਦਾ ਕਰ ਰਹੇ ਹਨ । ਦਿੱਲੀ ਅਤੇ ਹੋਰ ਸਥਾਨਾਂ ਜਿਥੇ ਮੁਸਲਿਮ ਨਿਵਾਸੀਆ ਦੀ ਵਸੋ ਹੈ, ਉਨ੍ਹਾਂ ਦੇ ਕਾਰੋਬਾਰਾਂ ਅਤੇ ਰਿਹਾਇਸ਼ਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬੁਲਡੋਜਰਾਂ ਰਾਹੀ ਜ਼ਬਰੀ ਤਬਾਹ ਕੀਤਾ ਜਾ ਰਿਹਾ ਹੈ । ਅਜਮੇਰ ਦੀ ਦਰਗਾਹ, ਮਥੂਰਾ, ਤਾਜ ਮਹਿਲ, ਕੁਤਬਮਿਨਾਰ, ਆਗਰਾ, ਮੁਜੱਫਰਨਗਰ ਆਦਿ ਸਥਾਨਾਂ ਤੇ ਮਸਜਿਦਾਂ ਨੂੰ ਨਿਸ਼ਾਨਾਂ ਬਣਾਕੇ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਅਮਨ ਚੈਨ ਲਈ ਖ਼ਤਰਾਂ ਪੈਦਾ ਕੀਤਾ ਜਾ ਰਿਹਾ ਹੈ ।  

ਇਸੇ ਤਰ੍ਹਾਂ ਛੱਤੀਸਗੜ੍ਹ, ਝਾਂਰਖੰਡ, ਅਸਾਮ, ਬਿਹਾਰ, ਉੜੀਸਾ, ਮਹਾਰਾਸਟਰਾਂ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਵੱਸਣ ਵਾਲੇ ਆਦਿਵਾਸੀਆ ਨੂੰ ਮਾਓਵਾਦੀ, ਨਕਸਲਾਈਟ ਐਲਾਨਕੇ ਉਨ੍ਹਾਂ ਉਤੇ ਫ਼ੌਜ, ਅਰਧ ਸੈਨਿਕ ਬਲਾਂ, ਪੁਲਿਸ ਦੁਆਰਾ ਕਤਲੇਆਮ ਤੇ ਜ਼ਬਰ ਕਰਵਾਇਆ ਜਾ ਰਿਹਾ ਹੈ । ਫਿਰ ਬੀਜੇਪੀ ਦੀ ਆਗੂ ਬੀਬੀ ਨੁਪੂਰ ਸਰਮਾ ਅਤੇ ਇਕ ਬੁਲਾਰੇ ਵੱਲੋ ਮੁਸਲਿਮ ਕੌਮ ਦੇ ਰਹਿਬਰ ਹਜਰਤ ਮੁਹੰਮਦ ਸਾਹਿਬ ਲਈ ਅਪਮਾਨਜਨਕ ਸ਼ਬਦਾਂ ਦੀ ਬਿਆਨਬਾਜੀ ਕਰਕੇ ਕੇਵਲ ਇੰਡੀਆ ਦੇ ਹੀ ਨਹੀ ਬਲਕਿ ਸਮੁੱਚੇ ਸੰਸਾਰ ਦੇ ਮੁਸਲਮਾਨਾਂ ਦੀਆਂ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਵੱਡੀ ਪੀੜ੍ਹਾ ਦਿੱਤੀ ਜਾ ਰਹੀ ਹੈ । ਅਫਗਾਨੀਸਤਾਨ ਵਿਚ ਆਪਣੀ ਬਾਹਰੀ ਨੀਤੀ ਦਾ ਸਹੀ ਮੁਲਾਕਨ ਨਾ ਕਰਕੇ ਉਥੇ ਇੰਡੀਆ ਵਿਰੋਧੀ ਮਾਹੌਲ ਬਣਾਉਣ ਵਿਚ ਕੀ ਦਲੀਲ ਹੈ ? ਅੱਜ ਅਫਗਾਨੀਸਤਾਨ ਸੰਸਾਰ ਦੇ ਆਧੁਨਿਕ ਹਥਿਆਰਾਂ ਦਾ ਮਾਲਕ ਹੈ, ਲੇਕਿਨ ਇੰਡੀਆ ਦੀ ਆਰਮੀ, ਨੇਵੀ, ਹਵਾਈ ਫ਼ੌਜ ਵਿਚ ਪੁਰਾਤਨ ਹਥਿਆਰ ਅਤੇ ਉਪਕਰਨ ਹੀ ਹਨ । ਫਿਰ ਇੰਡੀਆ ਦੀ ਸਰਹੱਦ ਉਤੇ 1962, 65, 71 ਦੀਆਂ ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੀ, ਅੰਗਰੇਜ਼ਾਂ ਤੋ ਆਜਾਦ ਕਰਵਾਉਣ ਵਾਲੇ ਸੰਗਰਾਮ ਵਿਚ 90% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਹਰ ਖੇਤਰ ਵਿਚ ਪਿੱਛੇ ਰੱਖਣ ਦੇ ਸਾਜ਼ਸੀ ਅਮਲ ਹੋ ਰਹੇ ਹਨ । ਅੱਜ ਨਾ ਹੀ ਇੰਡੀਅਨ ਆਰਮੀ, ਨੇਵੀ, ਏਅਰ ਫੋਰਸ ਦੇ ਜਰਨੈਲਾਂ ਵਿਚੋ ਕੋਈ ਸਿੱਖ ਹੈ, ਨਾ ਹੀ ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਹਾਈਕੋਰਟਾਂ ਦੇ ਮੁੱਖ ਜੱਜਾਂ ਵਿਚੋ ਕੋਈ ਜੱਜ ਸਿੱਖ ਹੈ, ਨਾ ਹੀ ਸੂਬਿਆਂ ਦੇ ਗਵਰਨਰਾਂ ਵਿਚ ਕੋਈ ਸਿੱਖ ਹੈ, ਨਾ ਹੀ ਮੁੱਖ ਚੋਣ ਕਮਿਸਨਰ ਵਿਚ ਕੋਈ ਸਿੱਖ ਹੈ, ਨਾ ਹੀ ਸਫਾਰਤਖਾਨਿਆ ਦੇ ਸਫੀਰਾਂ ਵਿਚੋ ਕੋਈ ਸਿੱਖ ਹੈ, ਨਾ ਹੀ ਇੰਡੀਅਨ ਕੈਬਨਿਟ ਵਿਚ ਕੋਈ ਸਿੱਖ ਹੈ । ਫਿਰ ਪੰਜਾਬ ਸੂਬੇ ਦੇ ਪਾਣੀਆਂ ਅਤੇ ਬਿਜਲੀ ਜ਼ਬਰੀ ਖੌਹੇ ਜਾ ਰਹੇ ਹਨ । ਫ਼ੌਜ ਵਿਚ ਸਿੱਖਾਂ ਦੀ ਭਰਤੀ ਜੋ 33% ਸੀ, ਉਹ ਘਟਾਕੇ 2% ਕਰ ਦਿੱਤੀ ਗਈ ਹੈ । ਜਦੋ ਤੋ ਕੋਵਿਡ ਦੀ ਬਿਮਾਰੀ ਚੱਲੀ ਹੈ ਇਹ ਭਰਤੀ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਹੈ । ਕਹਿਣ ਤੋ ਭਾਵ ਹੈ ਕਿ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਵੱਲੋ ਨਿਰੰਤਰ ਘੋਰ ਵਿਤਕਰੇ, ਜ਼ਬਰ ਜੁਲਮ ਕੀਤੇ ਜਾਂਦੇ ਆ ਰਹੇ ਹਨ । ਜਿਸ ਨਾਲ ਇੰਡੀਆ ਦੀ ਜਮਹੂਰੀਅਤ ਅਤੇ ਇਥੋ ਦੇ ਅਮਨ-ਚੈਨ ਨੂੰ ਹੁਕਮਰਾਨ ਖੁਦ ਖ਼ਤਰੇ ਵੱਲ ਧਕੇਲ ਰਹੇ ਹਨ ਅਤੇ ਮਾਹੌਲ ਨੂੰ ਵਿਸਫੋਟਕ ਬਣਾ ਰਹੇ ਹਨ । ਅਮਰੀਕਾ ਦੇ ਸਟੇਟ ਸੈਕਟਰੀ ਸ੍ਰੀ ਬਲਿਕਨ ਵੱਲੋ ਹੁਣੇ ਹੀ ਯੂ.ਐਸ. ਕਮਿਸ਼ਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਦੀ ਜਾਰੀ ਰਿਪੋਰਟ ਵਿਚ ਸਪੱਸਟ ਕੀਤਾ ਗਿਆ ਹੈ ਕਿ ਇੰਡੀਆਂ ਵਿਚ ਧਾਰਮਿਕ ਆਜਾਦੀ ਕੁੱਚਲ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੀ ਅਸੈਬਲੀ ਨੂੰ ਭੰਗ ਕਰਨ ਦੇ ਨਾਲ-ਨਾਲ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਚੋਣ ਬੀਤੇ 11 ਸਾਲਾਂ ਤੋ ਚੋਣ ਹੀ ਨਹੀ ਕਰਵਾਈ ਜਾ ਰਹੀ ਜਦੋਕਿ ਇਹ ਚੋਣ ਹਰ 5 ਸਾਲ ਬਾਅਦ ਹੋਣੀ ਜ਼ਰੂਰੀ ਹੁੰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਆ ਦੇ ਹੁਕਮਰਾਨਾਂ ਤੋ ਪੁੱਛਣਾ ਚਾਹੇਗਾ ਕਿ ਅਜਿਹੇ ਵਿਤਕਰੇ ਭਰੇ, ਜ਼ਬਰ ਜੁਲਮ, ਬੇਇਨਸਾਫ਼ੀਆਂ ਕਰਕੇ ਬਾਹਰੀ ਅਤੇ ਅੰਦਰੂਨੀ ਖਤਰਿਆ ਨੂੰ ਸੱਦਾ ਦੇ ਕੇ ਹੁਕਮਰਾਨ ‘ਆ ਬੈਲ ਮੁਝੇ ਮਾਰ’ ਦੀ ਘਾਤਕ ਨੀਤੀ ਉਤੇ ਕਿਉਂ ਅਮਲ ਕਰਦੇ ਆ ਰਹੇ ਹਨ ? ਇਹ ਸਾਨੂੰ ਸਮਝਾਇਆ ਜਾਵੇ ।

Leave a Reply

Your email address will not be published. Required fields are marked *