ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਅਧੀਨ ਕਰਨ ਵਿਰੁੱਧ ਵਿਦਿਆਰਥੀਆਂ ਵੱਲੋਂ ਕੀਤੇ ਰੋਸ਼ ਮਾਰਚ ਉਤੇ ਬੇਰਹਿੰਮੀ ਨਾਲ ਕੀਤਾ ਲਾਠੀਚਾਰਜ ਅਤਿ ਨਿੰਦਣਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 10 ਜੂਨ ( ) “ਸੈਂਟਰ ਦੇ ਹੁਕਮਰਾਨ ਕਿਸ ਤਰ੍ਹਾਂ ਪੰਜਾਬ ਸੂਬੇ ਦੀਆਂ ਸੰਸਥਾਵਾਂ ਅਤੇ ਵੱਡੇ ਅਦਾਰਿਆ ਨੂੰ ਇਕ-ਇਕ ਕਰਕੇ ਸੈਂਟਰ ਦੇ ਅਧੀਨ ਕਰਨ ਦੀ ਸਾਜਿ਼ਸ ਉਤੇ ਕੰਮ ਕਰ ਰਹੇ ਹਨ, ਉਹ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਪਹਿਲੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਸਥਾਪਨਾ ਸਮੇਂ ਤੋਂ ਬਣੇ ਭਰਤੀ ਦੇ ਨਿਯਮਾਂ ਨੂੰ ਤੋੜਕੇ ਇਸ ਸੰਸਥਾਂ ਵਿਚ ਪੰਜਾਬ ਦੇ ਹਿੱਸੇ ਦੀ ਭਰਤੀ ਨੂੰ ਵੀ ਖਤਮ ਕਰਨ ਦੀਆਂ ਕੋਸਿ਼ਸ਼ਾਂ ਕੀਤੀਆ ਗਈਆ ਅਤੇ ਇਸਦੀ ਮੈਨੇਜਮੈਟ ਉਤੇ ਪੰਜਾਬ ਦੇ ਹੱਕ ਨੂੰ ਖਤਮ ਕਰਕੇ ਸੈਂਟਰ ਅਤੇ ਹਰਿਆਣੇ ਦੀ ਸੂਪਰਮੇਸੀ ਰੱਖਣ ਦੀ ਕੋਸਿ਼ਸ਼ ਕੀਤੀ ਗਈ । ਦੂਸਰਾ ਪੰਜਾਬੀਆਂ ਨੂੰ ਉਜਾੜਕੇ ਬਣਾਏ ਗਏ ਚੰਡੀਗੜ੍ਹ ਉਤੇ ਮੰਦਭਾਵਨਾ ਅਧੀਨ ਉਸਨੂੰ ਪੰਜਾਬ ਨੂੰ ਦੇਣ ਦੀ ਬਜਾਇ ਯੂ.ਟੀ. ਬਣਾਇਆ ਗਿਆ । ਇਥੋ ਤੱਕ ਸਾਡੀ ਇਸ ਰਾਜਧਾਨੀ ਦੇ ਵਿਧਾਨਿਕ ਹੱਕ ਨੂੰ ਵੀ ਖੋਹਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ । ਫਿਰ ਪੰਜਾਬ ਦੇ ਕੀਮਤੀ ਪਾਣੀਆ ਅਤੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਉਤੇ ਵੀ ਸੈਟਰ ਵੱਲੋਂ ਲੰਮੇ ਸਮੇ ਤੋ ਜ਼ਬਰੀ ਗੈਰ ਕਾਨੂੰਨੀ ਤੌਰ ਤੇ ਡਾਕਾ ਮਾਰਿਆ ਹੋਇਆ ਹੈ । ਪੰਜਾਬ ਸੂਬੇ ਨੂੰ ਅਤੇ ਪੰਜਾਬੀਆਂ ਨੂੰ ਕੰਗਾਲ ਤੇ ਗੁਲਾਮ ਬਣਾਉਣ ਦੀ ਸਾਜਿ਼ਸ ਅਧੀਨ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੰਜਾਬ ਯੂਨੀਵਰਸਿਟੀ ਦਾ ਅਦਾਰਾ ਜਿਸਦੀ ਸਥਾਪਨਾ ਪੰਜਾਬ, ਪੰਜਾਬੀਆਂ, ਪੰਜਾਬੀਅਤ ਅਤੇ ਇਥੋ ਦੇ ਵਿਰਸੇ-ਵਿਰਾਸਤ, ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਇਸ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸੰਸਾਰ ਪੱਧਰ ਦੇ ਮੁਕਾਬਲਿਆ ਦੇ ਯੋਗ ਬਣਾਉਣ ਲਈ ਹੋਈ ਸੀ, ਉਸਨੂੰ ਹੁਣ ਪੂਰਨ ਰੂਪ ਵਿਚ ਕੇਦਰੀ ਯੂਨੀਵਰਸਿਟੀ ਬਣਾਉਣ ਦੇ ਘਿਣੋਨੇ ਅਮਲ ਹੋ ਰਹੇ ਹਨ । ਇਸਦਾ ਵਿਰੋਧ ਕਰਦੇ ਹੋਏ ਜੋ ਚੰਡੀਗੜ੍ਹ ਤੇ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਨੇ ਬੀਤੇ ਕੱਲ੍ਹ ਗੁਰਦੁਆਰਾ ਅੰਬ ਸਾਹਿਬ ਤੋ ਰੋਸ ਮਾਰਚ ਆਰੰਭ ਕੀਤਾ, ਉਸ ਅਮਨਮਈ ਪੰਜਾਬ ਪੱਖੀ ਹੱਕੀ ਮਾਰਚ ਕਰਨ ਵਾਲੇ ਵਿਦਿਆਰਥੀਆ ਉਤੇ ਬਿਨ੍ਹਾਂ ਵਜਹ ਚੰਡੀਗੜ੍ਹ ਪੁਲਿਸ ਵੱਲੋ ਲਾਠੀਚਾਰਜ ਕਰਕੇ ਸਾਡੀਆ ਬੱਚੀਆਂ ਅਤੇ ਬੱਚਿਆਂ ਨੂੰ ਜਖ਼ਮੀ ਕਰਨ ਅਤੇ ਉਨ੍ਹਾਂ ਨਾਲ ਨੀਵੇ ਦਰਜੇ ਦਾ ਵਿਵਹਾਰ ਕਰਨ ਦੇ ਅਮਲ ਅਤਿ ਸ਼ਰਮਨਾਕ ਅਤੇ ਨਿੰਦਣਯੋਗ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦਾ ਹੋਇਆ ਵਿਦਿਆਰਥੀਆਂ ਵੱਲੋ ਕੀਤੇ ਪੰਜਾਬ ਪੱਖੀ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਲੋਕ ਸਭਾ ਚੋਣ ਦੇ ਅਖਾੜੇ ਵਿਚ ਜੂਝਦੇ ਹੋਏ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਲੋ ਵਿਦਿਆਰਥੀ ਜਥੇਬੰਦੀਆਂ ਦੇ ਆਗੂਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਉਥੇ ਤਾਲੀਮ ਹਾਸਿਲ ਕਰਨ ਵਾਲੇ ਵਿਦਿਆਰਥੀਆ ਉਤੇ ਗੈਰ ਵਿਧਾਨਿਕ ਢੰਗ ਰਾਹੀ ਅੰਨ੍ਹੇਵਾਹ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਰੋਸ ਮਾਰਚ ਦੇ ਵੱਡੇ ਮਕਸਦ ਦੀ ਪੂਰਨ ਹਮਾਇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਸ਼ਰਮ ਅਤੇ ਸਰਕਾਰ ਲਈ ਘਿਣੋਨੀ ਕਾਰਵਾਈ ਹੈ ਕਿ ਪੁਲਿਸ ਨੇ ਸਾਡੀਆ ਪੜ੍ਹਨ ਵਾਲੀਆ ਵਿਦਿਆਰਥਣਾਂ ਅਤੇ ਬੱਚੀਆ ਨੂੰ ਵੀ ਅੰਨ੍ਹੇਵਾਹ ਲਾਠੀਚਾਰਜ ਕਰਕੇ ਜਖ਼ਮੀ ਕੀਤਾ ਹੈ । ਜਦੋਕਿ ਵਿਦਿਆਰਥੀ ਯੂਨੀਅਨ ਪੁਰ ਅਮਨ ਢੰਗ ਨਾਲ ਆਪਣੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਦਰ ਦੇ ਅਧੀਨ ਕਰਨ ਵਿਰੁੱਧ ਦਲੀਲ ਸਹਿਤ ਮਾਰਚ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਭਗਵਾਕਰਨ ਅਤੇ ਕੇਦਰੀਕਰਨ ਦੀ ਨੀਤੀ ਵਿਰੁੱਧ ਰੋਸ਼ ਕਰਕੇ ਵਿਦਿਆਰਥੀਆ ਨੇ ਆਪਣੀ ਮਾਤਭੂਮੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਹੁਕਮਰਾਨਾਂ ਵੱਲੋ ਜ਼ਬਰੀ ਇਸ ਵਿਦਿਅਕ ਅਦਾਰੇ ਨੂੰ ਸੈਟਰ ਦੇ ਅਧੀਨ ਕਰਨ ਦਾ ਵਿਰੋਧ ਕਰਕੇ ਅਤੇ ਸੈਟਰ ਸਰਕਾਰ ਨੂੰ ਚੁਣੋਤੀ ਦੇ ਕੇ ਆਪਣੇ ਸੂਬੇ ਪ੍ਰਤੀ ਅਤੇ ਆਪਣੀ ਪੰਜਾਬ ਯੂਨੀਵਰਸਿਟੀ ਪ੍ਰਤੀ ਫਰਜਾਂ ਦੀ ਪੂਰਤੀ ਕੀਤੀ ਹੈ, ਕਿਸੇ ਤਰ੍ਹਾਂ ਦਾ ਕੋਈ ਅਪਰਾਧ ਨਹੀ ਕੀਤਾ। ਇਹ ਕੇਵਲ ਪੰਜਾਬ ਯੂਨੀਵਰਸਿਟੀ ਨੂੰ ਹੀ ਨਿਸ਼ਾਨਾਂ ਨਹੀ ਬਣਾਇਆ ਜਾ ਰਿਹਾ ਬਲਕਿ ਉਸਦੇ ਅਧੀਨ ਪੰਜਾਬ ਵਿਚ ਆਉਦੇ 200 ਕਾਲਜਾਂ ਉਤੇ ਵੀ ਇਹ ਹਿੰਦੂਤਵ ਦਾ ਕੁਹਾੜਾ ਚਲਾਉਣ ਦੀ ਸਾਜਿਸ ਹੈ । ਸ. ਮਾਨ ਨੇ ਸਮੁੱਚੀਆ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਅਤੇ ਮੈਬਰਾਂ ਵੱਲੋ ਪੰਜਾਬ ਦੇ ਹੱਕ ਵਿਚ ਦ੍ਰਿੜਤਾ ਪੂਰਵਕ ਲਏ ਸਟੈਂਡ ਦੀ ਜਿਥੇ ਖੁੱਲ੍ਹੇ ਰੂਪ ਵਿਚ ਪ੍ਰਸ਼ੰਸ਼ਾਂ ਕੀਤੀ, ਉਥੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਚੰਡੀਗੜ੍ਹ ਵਿਚ ਅਤੇ ਪੰਜਾਬ ਵਿਚ ਵੱਸਣ ਵਾਲੇ ਪੰਜਾਬੀ ਪ੍ਰੇਮੀਆ ਨੂੰ ਵਿਦਿਆਰਥੀਆ ਦਾ ਅੱਗੇ ਹੋ ਕੇ ਸਾਥ ਦੇਣ ਦੀ ਜਿਥੇ ਅਪੀਲ ਕੀਤੀ, ਉਥੇ ਸੈਂਟਰ ਦੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਵਰਗੀਆ ਫਿਰਕੂ ਜਮਾਤਾਂ ਨੂੰ ਵੀ ਖ਼ਬਰਦਾਰ ਕੀਤਾ ਕਿ ਉਹ ਪੰਜਾਬ ਦੇ ਵੱਡੇ ਇਨ੍ਹਾਂ ਵਿਦਿਅਕ ਅਦਾਰਿਆ ਅਤੇ ਹੋਰ ਸੰਸਥਾਵਾ ਨੂੰ ਮੰਦਭਾਵਨਾ ਅਧੀਨ ਸੈਟਰ ਦੇ ਕਬਜੇ ਹੇਠ ਕਰਨ ਦੀ ਸਾਜਿਸ ਤੋ ਤੋਬਾ ਕਰ ਲੈਣ ਵਰਨਾ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੋਦੀ ਹਕੂਮਤ ਅਤੇ ਫਿਰਕੂ ਜਮਾਤਾਂ ਮਾਹੌਲ ਨੂੰ ਵਿਸਫੋਟਕ ਬਣਾਉਣ ਲਈ ਜਿ਼ੰਮੇਵਾਰ ਹੋਣਗੀਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੇ ਪੰਜਾਬੀ, ਪੰਜਾਬ ਦੀ ਨੌਜ਼ਵਾਨੀ ਸੈਟਰ ਨੂੰ ਅਜਿਹਾ ਕਰਨ ਦੀ ਕਦਾਚਿਤ ਇਜਾਜਤ ਨਹੀ ਦੇਵੇਗੀ ।

Leave a Reply

Your email address will not be published. Required fields are marked *