ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਵੱਲੋਂ 25 ਜਨਵਰੀ ਦੇ ਰੋਸ਼ ਮਾਰਚ ਨੂੰ ਲੈਕੇ ਕੀਤੀਆ ਗ੍ਰਿਫਤਾਰੀਆਂ ਅਤੇ ਨਜ਼ਰਬੰਦੀਆਂ ਗੈਰ ਵਿਧਾਨਿਕ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 25 ਜਨਵਰੀ ( ) “ਖ਼ਾਲਸਾ ਰਾਜ ਦੀ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਥਾਪਤੀ ਕਰਨ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਦੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਲੰਮੇ ਸਮੇ ਤੋਂ ਇਸ ਮੁੱਦੇ ਉਤੇ ਕੰਮ ਕਰ ਰਹੀਆ ਹਨ । ਇਸੇ ਸੋਚ ਅਧੀਨ ਦੋਵਾਂ ਜਥੇਬੰਦੀਆਂ ਵੱਲੋ 25 ਜਨਵਰੀ ਨੂੰ ਮਾਲਵਾ, ਦੋਆਬਾ ਅਤੇ ਮਾਝੇ ਵਿਖੇ ਹਰ ਸਾਲ ਦੀ ਤਰ੍ਹਾਂ ਖ਼ਾਲਸਾ ਪੰਥ ਦੀਆਂ ਮੁੱਖ ਮੰਗਾਂ ਬਾਹਰਲੇ ਮੁਲਕਾਂ ਵਿਚ ਹੋ ਰਹੀਆ ਟਾਰਗੇਟ ਕੀਲਿੰਗਜ, ਪੀਲੀਭੀਤ ਵਿਖੇ 3 ਨੌਜਵਾਨਾਂ ਦੇ ਕੀਤੇ ਝੂਠੇ ਪੁਲਿਸ ਮੁਕਾਬਲੇ, ਸਿੱਖਾਂ ਉਤੇ ਜ਼ਬਰੀ ਯੂ.ਏ.ਪੀ.ਏ. ਅਤੇ ਐਨ.ਐਸ.ਏ ਵਰਗੇ ਕਾਲੇ ਕਾਨੂੰਨਾਂ ਤਹਿਤ ਕੀਤੀਆ ਨਜਾਇਜ ਨਜਰਬੰਦੀਆਂ, ਜ਼ਮਹੂਰੀ ਢੰਗ ਨਾਲ ਹੋਣ ਵਾਲੇ ਰੋਸ਼ ਧਰਨਿਆਂ ਤੇ ਪਾਬੰਦੀਆਂ, ਘੱਟ ਗਿਣਤੀਆਂ ਦੇ ਸਵੈ-ਨਿਰਣੇ ਦੇ ਅਧਿਕਾਰ ਤੋਂ ਹੁਕਮਰਾਨਾਂ ਵੱਲੋਂ ਇਨਕਾਰ ਕਰਦੇ ਹੋਏ ਵਿਰੋਧੀ ਅਮਲ ਕਰਨ ਨੂੰ ਮੁੱਖ ਰੱਖਕੇ 25 ਜਨਵਰੀ ਨੂੰ ਮਾਲਵਾ ਦੇ ਮਾਨਸਾ ਵਿਖੇ, ਦੋਆਬੇ ਦੇ ਜਲੰਧਰ ਵਿਖੇ ਅਤੇ ਮਾਝੇ ਦੇ ਗੁਰਦਾਸਪੁਰ ਵਿਖੇ ਰੋਸ਼ ਮਾਰਚ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਸਨ ਜੋ ਕਿ ਸਾਡਾ ਕਾਨੂੰਨੀ ਤੇ ਜਮਹੂਰੀ ਹੱਕ ਹੈ । ਲੇਕਿਨ ਹੁਕਮਰਾਨਾਂ ਨੇ ਕਾਨੂੰਨ ਅਤੇ ਪੁਲਿਸ ਦੀ ਦੁਰਵਰਤੋ ਕਰਦੇ ਹੋਏ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਦਲ ਖ਼ਾਲਸਾ ਨਾਲ ਸੰਬੰਧਤ ਲੀਡਰਸਿਪ ਜਿ਼ਲ੍ਹਾ ਜਥੇਦਾਰਾਂ ਅਤੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਰਾਤੋ ਰਾਤ ਕੀਤੀਆ ਗ੍ਰਿਫਤਾਰੀਆਂ ਜਾਂ ਨਜਰਬੰਦੀਆਂ ਦੇ ਕੀਤੇ ਗਏ ਦੁੱਖਦਾਇਕ ਅਮਲ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਤੇ ਘੱਟ ਗਿਣਤੀਆ ਨਾਲ ਕੀਤੇ ਜਾ ਰਹੇ ਜ਼ਬਰ ਤੇ ਬੇਇਨਸਾਫ਼ੀਆਂ ਨੂੰ ਅਸਹਿ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਥੇ ਜ਼ਬਰ ਦੇ ਬਾਵਜੂਦ ਵੀ ਉਪਰੋਕਤ ਦੋਵੇ ਸਿੱਖ ਜਥੇਬੰਦੀਆਂ ਨੇ ਮਾਨਸਾ, ਜਲੰਧਰ, ਗੁਰਦਾਸਪੁਰ ਵਿਖੇ ਪੂਰੀ ਕਾਮਯਾਬੀ ਨਾਲ ਆਪਣੇ ਰੋਸ ਮਾਰਚ ਕੀਤੇ ।”
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੀ ਪਾਰਟੀ ਦੇ ਜਰਨਲ ਸਕੱਤਰ ਸ. ਹਰਪਾਲ ਸਿੰਘ ਬਲੇਰ, ਸ. ਹਰਭਜਨ ਸਿੰਘ ਕਸਮੀਰੀ ਪੀ.ਏ.ਸੀ ਮੈਬਰ, ਪਰਮਿੰਦਰ ਸਿੰਘ ਬਾਲਿਆਵਾਲੀ, ਬਲਵੀਰ ਸਿੰਘ ਬੱਛੋਆਣਾ ਜਿ਼ਲ੍ਹਾ ਪ੍ਰਧਾਨ ਮਾਨਸਾ, ਗੁਰਬਚਨ ਸਿੰਘ ਪਵਾਰ ਜਿ਼ਲ੍ਹਾ ਪ੍ਰਧਾਨ ਗੁਰਦਾਸਪੁਰ, ਦਰਸਨ ਸਿੰਘ ਮੰਡੇਰ ਜਿ਼ਲ੍ਹਾ ਪ੍ਰਧਾਨ ਬਰਨਾਲਾ ਅਤੇ ਦਲ ਖ਼ਾਲਸਾ ਦੇ ਵੱਡੀ ਗਿਣਤੀ ਵਿਚ ਮੈਬਰਾਂ ਦੀ ਰਾਤੋ ਰਾਤ ਗ੍ਰਿਫਤਾਰੀ ਕਰਕੇ ਜੋ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕੀਤਾ ਗਿਆ ਹੈ, ਉਸ ਨਾਲ ਹੁਕਮਰਾਨਾਂ ਦੇ ਜ਼ਬਰ ਵਿਰੁੱਧ ਖ਼ਾਲਸਾ ਪੰਥ ਵਿਚ ਹੋਰ ਵਧੇਰੇ ਰੋਹ ਪ੍ਰਫੁੱਲਿਤ ਹੋ ਰਿਹਾ ਹੈ । ਜਦੋਕਿ ਇਹ ਤਿੰਨੇ ਥਾਵਾਂ ਤੇ ਕੀਤੇ ਜਾਣ ਵਾਲੇ ਰੋਸ ਮਾਰਚ ਬਿਲਕੁਲ ਵਿਧਾਨਿਕ ਅਤੇ ਜਮਹੂਰੀ ਅਤੇ ਅਮਨਮਈ ਢੰਗਾਂ ਨਾਲ ਕੀਤੇ ਜਾ ਰਹੇ ਸਨ । ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਜਾਣਬੁੱਝ ਕੇ ਭੜਕਾਊ ਅਮਲ ਕਰਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਭਾਵੇ ਬੀਤੇ 40 ਸਾਲਾਂ ਤੋਂ ਸਿੱਖ ਕੌਮ ਤੇ ਪੰਜਾਬੀਆਂ ਨਾਲ ਸੈਟਰ ਤੇ ਪੰਜਾਬ ਦੇ ਹੁਕਮਰਾਨ ਅਜਿਹੇ ਗੈਰ ਵਿਧਾਨਿਕ ਅਮਲ ਤੇ ਕਾਰਵਾਈਆ ਕਰਦੇ ਆ ਰਹੇ ਹਨ । ਪਰ ਸਿੱਖ ਕੌਮ ਜੋ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਮਨੁੱਖਤਾ ਪੱਖੀ ਸਿਖਿਆਵਾ ਤੇ ਸੰਦੇਸ਼ਾਂ ਉਤੇ ਪਹਿਰਾ ਦਿੰਦੀ ਹੋਈ ਅਡੋਲ ਆਪਣੇ ਮਿਸਨ ਵੱਲ ਵੱਧ ਰਹੀ ਹੈ, ਉਸ ਨੂੰ ਹੁਕਮਰਾਨਾਂ ਦੇ ਅਜਿਹੇ ਹੱਥਕੰਡੇ ਆਪਣੀ ਮੰਜਿਲ ਤੇ ਪਹੁੰਚਣ ਵਿਚ ਕਤਈ ਰੁਕਾਵਟ ਖੜ੍ਹੀ ਨਹੀ ਕਰ ਸਕਣਗੇ । ਬਲਕਿ ਗੁਰਬਾਣੀ ਦੇ ਮਹਾਵਾਕ ਅਨੁਸਾਰ ‘ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ’ ਦੇ ਅਨੁਸਾਰ ਖ਼ਾਲਸਾ ਪੰਥ ਅਜਿਹੇ ਜ਼ਬਰਾਂ ਦਾ ਸਬਰ ਨਾਲ ਟਾਕਰਾ ਕਰਦੇ ਹੋਏ ਪਹਿਲੇ ਨਾਲੋ ਵੀ ਵਧੇਰੇ ਸ਼ਕਤੀ ਪ੍ਰਾਪਤ ਕਰਕੇ ਆਪਣੀ ਮੰਜਿਲ ਵੱਲ ਬੀਤੇ ਸਮੇ ਵਿਚ ਵੱਧਦਾ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਆਪਣੇ ਨਿਸ਼ਾਨੇ ਪ੍ਰਤੀ ਅੱਗੇ ਵੱਧਣ ਤੋ ਕੋਈ ਤਾਕਤ ਨਹੀ ਰੋਕ ਸਕੇਗੀ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਤੇ ਪੰਜਾਬੀਆਂ ਉਤੇ ਜ਼ਬਰ ਢਾਹੁਣ ਦੇ ਅਮਲ ਬੰਦ ਕਰਕੇ ਮੁਲਕ ਦੀ ਵੰਡ ਤੋ ਪਹਿਲੇ ਕੌਮ ਨਾਲ ਕੀਤੇ ਗਏ ਵਾਅਦੇ ਕਿ ‘ਉੱਤਰੀ ਭਾਰਤ ਵਿਚ ਸਿੱਖਾਂ ਨੂੰ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਉਹ ਆਪਣੀ ਆਜਾਦੀ ਦਾ ਨਿੱਘ ਮਾਣ ਸਕਣਗੇ’ ਅਨੁਸਾਰ ਕੌਮਾਂਤਰੀ ਨਿਯਮਾਂ ਤੇ ਕਾਨੂੰਨਾਂ ਅਧੀਨ ਆਜ਼ਾਦ ਬਾਦਸਾਹੀ ਸਿੱਖ ਰਾਜ ਪ੍ਰਦਾਨ ਕਰਕੇ ਇਥੇ ਲੰਮੇ ਸਮੇ ਤੋ ਵੱਧਦੀ ਜਾ ਰਹੀ ਅਰਾਜਕਤਾ ਅਤੇ ਜ਼ਬਰ ਨੂੰ ਠੱਲ੍ਹ ਪਾਉਣ ਦੀ ਜਿੰਮੇਵਾਰੀ ਨਿਭਾਉਣ ਅਤੇ ਸਭਨਾਂ ਨੂੰ ਅਮਨ ਚੈਨ ਨਾਲ ਜਿੰਦਗੀ ਬਸਰ ਕਰਨ ਦਾ ਮਾਹੌਲ ਪੈਦਾ ਕਰਨ ।