ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌ਼ਜਾਂ ਜਿੱਤਕੇ ਅੰਤ ਨੂੰ ਹਾਰੀਆ ਨੇ : ਮਾਨ
ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਅੱਜ ਜਦੋਂ ਸਮੁੱਚੇ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਬਹੁਤ ਹੀ ਮੁਸਕਿਲ ਅਤੇ ਸੰਜ਼ੀਦਾ ਸਮੇ ਵਿਚੋਂ ਗੁਜਰ ਰਹੇ ਹਨ, ਤਾਂ ਹਰ ਪੰਜਾਬੀ ਤੇ ਸਿੱਖ ਆਪਣੇ ਪੁਰਾਤਨ ਖ਼ਾਲਸਾ ਰਾਜ ਜਿਸਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ, ਉਸਦੀਆਂ ਖੂਬੀਆ, ਪ੍ਰਬੰਧ, ਇਨਸਾਫ ਦਾ ਰਾਜ, ਬਰਾਬਰਤਾ ਦੀ ਸੋਚ ਨੂੰ ਅੱਜ ਯਾਦ ਕਰ ਰਹੇ ਹਨ ਕਿ ਉਸ ਖਾਲਸਾ ਰਾਜ ਭਾਗ ਵਿਚ ਉਸਦੇ ਹਰ ਧਰਮ, ਕੌਮ ਦੇ ਨਿਵਾਸੀਆ ਨੂੰ ਆਪੋ ਆਪਣੀ ਇੱਛਾ ਅਨੁਸਾਰ ਆਪਣੇ ਧਰਮ ਵਿਚ ਵਿਸਵਾਸ ਕਰਨ ਤੇ ਉਸਦੀ ਮਰਿਯਾਦਾ ਅਨੁਸਾਰ ਜਿੰਦਗੀ ਜਿਊਣ ਦੀ ਜਿਥੇ ਖੁੱਲ੍ਹੀ ਆਜਾਦੀ ਸੀ, ਉਥੇ ਮਹਾਰਾਜਾ ਰਣਜੀਤ ਸਿੰਘ ਸਭ ਧਰਮਾਂ ਦੇ ਧਾਰਮਿਕ ਸਥਾਂਨ ਭਾਵੇ ਉਹ ਮੰਦਰ, ਮਸਜਿਦ, ਗੁਰੂਘਰ, ਚਰਚ ਹੋਣ ਸਭ ਨੂੰ ਆਪਣੇ ਖਜਾਨੇ ਵਿਚੋ ਬਰਾਬਰਤਾ ਦੇ ਆਧਾਰ ਤੇ ਦਾਨ ਵੀ ਕਰਦੇ ਸਨ ਅਤੇ ਉਨ੍ਹਾਂ ਦੇ ਧਰਮੀ ਕੰਮਾਂ ਵਿਚ ਹਿੱਸਾ ਵੀ ਪਾਉਦੇ ਸਨ । ਇਹੀ ਵਜਹ ਹੈ ਕਿ ਉਸ ਰਾਜ ਦਾ ਹਰ ਨਿਵਾਸੀ ਅੱਜ ਵੀ ਉਸ ਰਾਜ ਪ੍ਰਬੰਧ ਨੂੰ ਯਾਦ ਕਰ ਰਿਹਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ ਪੰਜਾਬ ਸੂਬਾ ਜੋ ਖੇਤੀ ਪ੍ਰਧਾਨ ਸੂਬਾ ਹੈ ਅਤੇ ਜਿਸਦੀ ਮਾਲੀ ਅਤੇ ਸਮਾਜਿਕ ਹਾਲਾਤਾਂ ਦੀ ਮਜਬੂਤੀ ਖੇਤੀ ਉਤੇ ਨਿਰਭਰ ਹੈ ਅਤੇ ਜਿਨ੍ਹਾਂ ਨੂੰ ਖੇਤੀ ਜਿਨਸਾਂ ਦੀ ਸਹੀ ਕੀਮਤ ਤੇ ਖਰੀਦੋ ਫਰੋਖਤ, ਕੌਮਾਂਤਰੀ ਬਾਜਾਰ, ਐਮ.ਐਸ.ਪੀ, ਸੁਆਮੀਨਾਥਨ ਰਿਪੋਰਟ, ਕਿਸਾਨੀ ਕਰਜਿਆ ਨੂੰ ਖਤਮ ਕਰਨ, ਵਿਚ ਹਕੂਮਤੀ ਮੁਸਕਿਲਾਂ ਅਤੇ ਵਿਤਕਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਕਿਸਾਨੀ ਮਸਲਿਆ ਨੁੰ ਹੱਲ ਕਰਵਾਉਣ ਲਈ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਬੀਤੇ 31 ਦਿਨਾਂ ਤੋ ਨਿਰੰਤਰ ਮਰਨ ਵਰਤ ਤੇ ਬੈਠੇ ਹੋਏ ਆਪਣੇ ਲੋਕਾਂ ਤੇ ਨਿਵਾਸੀਆ ਦੀ ਬਿਹਤਰੀ ਲਈ ਆਪਣੀ ਜਿੰਦਗੀ ਦੀ ਵੀ ਜੋ ਪ੍ਰਵਾਹ ਨਹੀ ਕਰ ਰਹੇ, ਉਨ੍ਹਾਂ ਦੇ ਲੋਕ ਪੱਖੀ ਸੰਘਰਸ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਸਾਡੇ ਪੰਜਾਬ ਦੇ 13 ਐਮ.ਪੀ ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ, ਚਰਨਜੀਤ ਸਿੰਘ ਚੰਨੀ, ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ ਕੰਗ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਮਰ ਸਿੰਘ, ਸਰਬਜੀਤ ਸਿੰਘ ਖਾਲਸਾ, ਸੇਰ ਸਿੰਘ ਘੁਬਾਇਆ, ਹਰਸਿਮਰਤ ਕੌਰ ਬਾਦਲ, ਗੁਰਮੀਤ ਸਿੰਘ ਮੀਤ ਹੇਅਰ, ਧਰਮਵੀਰ ਗਾਂਧੀ ਅਤੇ ਚੰਡੀਗੜ੍ਹ ਦੇ ਐਮ.ਪੀ ਸ੍ਰੀ ਮੁਨੀਸ ਤਿਵਾੜੀ ਆਪਣੇ ਇਸ ਅਤਿ ਗੰਭੀਰ ਮੁੱਦੇ ਉਤੇ ਚੁੱਪ ਧਾਰੀ ਬੈਠੇ ਹਨ । ਜੋ ਨਾ ਤਾਂ ਸ. ਡੱਲੇਵਾਲ ਦੀ ਕੀਮਤੀ ਜਾਨ ਨੂੰ ਬਚਾਉਣ ਲਈ ਅਤੇ ਨਾ ਹੀ ਕਿਸਾਨੀ ਮੰਗਾਂ ਦੀ ਪੂਰਤੀ ਕਰਵਾਉਣ ਲਈ ਕੋਈ ਉਦਮ ਕਰ ਰਹੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਵੱਲੋ ਕਿਸਾਨਾਂ ਦੀਆਂ ਜਾਇਜ ਮੰਗਾਂ ਦੀ ਪੂਰਤੀ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਵਾਉਣ ਹਿੱਤ ਬੀਤੇ 31 ਦਿਨਾਂ ਤੋ ਬੈਠੇ ਮਰਨ ਵਰਤ ਉਤੇ ਪੰਜਾਬ ਦੇ 13 ਅਤੇ ਚੰਡੀਗੜ੍ਹ ਦੇ 1 ਐਮ.ਪੀ ਵੱਲੋ ਇਸ ਗੰਭੀਰ ਵਿਸੇ ਤੇ ਇਕ ਵੀ ਸ਼ਬਦ ਨਾ ਕਹਿਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਸੁੱਤੇ ਪਏ ਐਮ.ਪੀਜ ਦੀਆਂ ਜਮੀਰਾਂ ਨੂੰ ਝਿੰਜੋੜਦੇ ਹੋਏ ਅਤੇ ਉਸ ਗੱਲ ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋ, ਫ਼ੌਜਾਂ ਜਿੱਤਕੇ ਅੰਤ ਨੂੰ ਹਾਰੀਆ ਨੇ’ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਜੋ ਬੀਤੇ ਸਮੇ ਵਿਚ ਸਰਕਾਰਾਂ ਨਾਲ ਮਿਲੀਭੁਗਤ ਕਰਕੇ ਆਪਣੇ ਹੀ ਲੋਕਾਂ ਉਤੇ ਜ਼ਬਰ ਜੁਲਮ ਕਰਵਾਉਣ ਵਾਲਿਆ ਪ੍ਰਤੀ ਇਹ ਕਹਾਵਤ ਪ੍ਰਚੱਲਿਤ ਹੋਈ ਸੀ ‘ਪਹਾੜਾਂ ਸਿੰਘ ਸੀ ਯਾਰ ਫਰੰਗੀਆ ਦਾ’ ਇਹ ਇਨ੍ਹਾਂ ਜਮੀਰ ਰਹਿਤ ਹੋਏ ਐਮ.ਪੀਜ ਉਤੇ ਪੂਰਨ ਰੂਪ ਵਿਚ ਢੁੱਕਦੀ ਹੈ ਜੋ ਜਿੱਤਕੇ ਤਾਂ ਪੰਜਾਬ ਸੂਬੇ ਤੋ ਗਏ ਹਨ, ਲੇਕਿਨ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਨਾਲ ਹੋ ਰਹੀਆ ਬੇਇਨਸਾਫ਼ੀਆਂ ਪ੍ਰਤੀ ਆਵਾਜ ਬੁਲੰਦ ਨਾ ਕਰਕੇ ਆਪਣੇ ਆਪ ਨੂੰ ਖੁਦ ਹੀ ਮਿੱਟੀ ਦੇ ਮਾਧੋ ਸਾਬਤ ਕਰ ਚੁੱਕੇ ਹਨ ।
ਉਨ੍ਹਾਂ ਇਸ ਗੱਲ ਦੀ ਤਸੱਲੀ ਤੇ ਖੁਸੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਰੀ-ਪੀਰੀ ਕਾਨਫਰੰਸ ਫਤਹਿਗੜ੍ਹ ਸਾਹਿਬ ਦੀ ਸਾਂਝੀ ਸਟੇਜ ਤੇ ਪੁੱਜੀਆ ਸਖਸੀਅਤਾਂ ਜਿਨ੍ਹਾਂ ਵਿਚ ਜਥੇਦਾਰ ਜਸਵੀਰ ਸਿੰਘ ਰੋਡੇ, ਬਾਪੂ ਗੁਰਚਰਨ ਸਿੰਘ ਇਨਸਾਫ ਮੋਰਚਾ ਮੋਹਾਲੀ, ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਮੰਡ, ਕੰਵਰਪਾਲ ਸਿੰਘ ਬਿੱਟੂ (ਦਲ ਖਾਲਸਾ), ਸ. ਲੱਖਾ ਸਿਧਾਣਾ ਆਦਿ ਸਭ ਸਖਸ਼ੀਅਤਾਂ ਨੇ ਸਾਂਝੇ ਤੌਰ ਤੇ ਆਉਣ ਵਾਲੇ ਕੱਲ੍ਹ 28 ਦਸੰਬਰ ਨੂੰ ਸ. ਜਗਜੀਤ ਸਿੰਘ ਡੱਲੇਵਾਲ ਵੱਲੋ ਕੀਤੇ ਜਾ ਰਹੇ ਸੰਘਰਸ ਵਿਚ ਸਰੀਰਕ ਤੋਰ ਤੇ ਅਤੇ ਜਥੇਬੰਦਕ ਤੌਰ ਤੇ ਪਹੁੰਚਣ ਲਈ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਤੋ ਕਾਫਲਾ ਸਵੇਰੇ 10 ਵਜੇ ਚੱਲਕੇ ਖਨੌਰੀ ਸਰਹੱਦ ਉਤੇ ਪਹੁੰਚੇਗਾ ਅਤੇ ਇਸ ਕਿਸਾਨ ਸੰਘਰਸ ਨੂੰ ਹਰ ਖੇਤਰ ਵਿਚ ਕਾਮਯਾਬ ਕਰਨ ਲਈ ਅਤੇ ਸ. ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਾਨ ਨੂੰ ਬਚਾਉਣ ਲਈ ਸਮੂਹਿਕ ਤੌਰ ਤੇ ਅਗਲੇਰੇ ਕਦਮ ਉਠਾਉਣ ਵਿਚ ਕਦਮ ਉਠਾਉਣਗੇ। ਸੋ ਜਿਨ੍ਹਾਂ ਵੀ ਆਗੂਆ ਤੇ ਸੰਗਤਾਂ ਨੇ ਸ. ਡੱਲੇਵਾਲ ਦੇ ਕੌਮੀ, ਪੰਜਾਬ ਪੱਖੀ ਕਿਸਾਨੀ ਮਿਸਨ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਉਣਾ ਹੈ ਉਹ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸਮੇ ਨਾਲ ਪਹੁੰਚਣ ਅਤੇ ਜੋ ਉਥੇ ਨਾ ਪਹੁੰਚ ਸਕਦੇ ਹੋਏ ਉਹ ਸਿੱਧੇ ਕਾਫਲੇ ਵਿਚ ਸਮੂਲੀਅਤ ਕਰਨ ।