ਮਸ਼ਹੂਰ ਤਬਲਾ ਵਾਦਕ ਉਸਤਾਦ ਜਾਕਿਰ ਹੂਸੈਨ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 17 ਦਸੰਬਰ ( ) “ਇੰਡੀਆ ਦੇ ਮਸ਼ਹੂਰ ਤਬਲਾ ਵਾਦਕ ਜੋ ਆਪਣੇ ਇਸ ਸੌਕ ਵਿਚ ਪੂਰਨ ਨਿਪੁੰਨਤਾ ਅਤੇ ਵਿਦਵਤਾ ਰੱਖਦੇ ਸਨ, ਜਿਨ੍ਹਾਂ ਨੇ ਸੈਕੜਿਆ ਤੇ ਹਜਾਰਾਂ ਦੀ ਗਿਣਤੀ ਵਿਚ ਆਪਣੇ ਸਗਿਰਦਾ ਨੂੰ ਇਹ ਤਬਲਾ ਵਾਦਕ ਦੀ ਵਿਦਵਤਾ ਪ੍ਰਦਾਨ ਕੀਤੀ ਅਤੇ ਜਿਨ੍ਹਾਂ ਨੇ ਜਰਮਨ ਤੋ ਵੀ ਇਸ ਵਿਸੇ ਤੇ ਖਿਤਾਬ ਜਿੱਤੇ, ਇੰਡੀਆ ਵਿਚ ਵੀ ਵੱਡੇ ਮਾਣ-ਸਨਮਾਨ ਪ੍ਰਾਪਤ ਕੀਤੇ । ਉਨ੍ਹਾਂ ਦੇ ਅਚਾਨਕ ਬੀਤੇ ਦਿਨੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਸਤਾਦ ਜਾਕਿਰ ਹੂਸੈਨ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਅਤੇ ਸਮੁੱਚੇ ਤਬਲਾ ਵਾਦਕ ਸਿੱਖਣ ਵਾਲਿਆ ਨੂੰ ਪਹੁੰਚੇ ਗਹਿਰੇ ਦੁੱਖ ਵਿਚ ਸਾਮਿਲ ਹੁੰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਪਵਿੱਤਰ ਨੇਕ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ।”
ਉਨ੍ਹਾਂ ਕਿਹਾ ਕਿ ਜਿਸ ਉਚੇਰੀ ਵਿਦਵਤਾ ਤੇ ਭਰਪੂਰ ਤਬਲੇ ਵਾਦਕ ਦੀ ਜਾਣਕਾਰੀ ਦੇ ਉਹ ਮਾਹਿਰ ਸਨ ਅਤੇ ਆਪਣੇ ਤਬਲੇ ਵਜਾਉਦੇ ਹੋਏ ਸੁਣਨ ਵਾਲੇ ਸਰੋਤਿਆ ਨੂੰ ਆਪਣੀ ਤਬਲੇ ਦੀ ਧੂੰਨ ਨਾਲ ਮੋਹਿਤ ਕਰ ਲੈਦੇ ਸਨ, ਇਹ ਉਨ੍ਹਾਂ ਦੀ ਨਿਪੁੰਨਤਾ ਦਾ ਹੀ ਇਕ ਵੱਡਾ ਹਿੱਸਾ ਸੀ । ਜੋ ਇਸ ਖੇਤਰ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਰੱਖਦੇ ਹੋਏ ਬਤੌਰ ਤਬਲੇ ਵਾਦਕ ਦੇ ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਹਰਮਨ ਪਿਆਰੇ ਹੋਏ । ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਨਾਲ ਸੰਬੰਧਤ ਕੀਰਤਨ ਕਰਨ ਵਾਲੇ ਰਾਗੀ ਜਥਿਆ ਨਾਲ ਤਬਲੇ ਵਜਾਉਣ ਵਾਲਿਆ ਨੂੰ ਇਹ ਅਪੀਲ ਹੈ ਕਿ ਉਹ ਉਸਤਾਦ ਜਾਕਿਰ ਹੂਸੈਨ ਵੱਲੋ ਵਜਾਏ ਜਾਣ ਵਾਲੇ ਤਬਲੇ ਦੀਆਂ ਸੁਰੀਲੀਆ ਮਨਮੋਹਕ ਅਤੇ ਉਸ ਅਕਾਲ ਪੁਰਖ ਨਾਲ ਜੋੜਨ ਵਾਲੀਆ ਧੁੰਨਾ ਨੂੰ ਸੁਣਨ ਅਤੇ ਖੁਦ ਵੀ ਉਨ੍ਹਾਂ ਦੀ ਤਰ੍ਹਾਂ ਹਰ ਖੇਤਰ ਵਿਚ ਨਿਪੁੰਨਤਾ ਪ੍ਰਾਪਤ ਕਰਕੇ ਕੀਰਤਨ ਦੀ ਸੇਵਾ ਕਰਦੇ ਹੋਏ ਮਨੁੱਖਤਾ ਨੂੰ ਗੁਰਬਾਣੀ ਰਾਹੀ ਅਤੇ ਰਾਗਾਂ ਰਾਹੀ ਉਸ ਅਕਾਲ ਪੁਰਖ ਨਾਲ ਜੋੜਨ ਦੀ ਸੇਵਾ ਜੇਕਰ ਨਿਭਾਅ ਸਕਣ ਤਾਂ ਇਸ ਨਾਲ ਜਿਥੇ ਸਮਾਜ ਵਿਚ ਵੱਧਦੇ ਜਾ ਰਹੇ ਉਪੱਦਰ ਦੇ ਦੌਰਾਨ ਕੀਰਤਨ ਨਾਲ ਜੁੜਨ ਵਾਲਿਆ ਨੂੰ ਆਤਮਿਕ ਆਨੰਦ ਪ੍ਰਾਪਤ ਹੋਵੇਗਾ, ਉਥੇ ਉਨ੍ਹਾਂ ਦੀ ਤਰ੍ਹਾ ਤਬਲੇ ਦੇ ਡੂੰਘੇ ਭੇਦਾਂ ਨੂੰ ਜਾਨਣ ਵਾਲੇ ਆਪਣੇ ਹੁਨਰ ਨੂੰ ਪ੍ਰਫੁੱਲਿਤ ਕਰਦੇ ਹੋਏ ਇਸ ਤਬਲੇ ਦੇ ਰਾਹੀ ਆਨੰਦਮਈ ਸੇਵਾ ਕਰਨ ਵਿਚ ਯੋਗਦਾਨ ਪਾ ਸਕਣਗੇ ।